IPL 2026: ਚੌਥਾ ਅੰਪਾਇਰ ਬਣਿਆ ਦਿੱਲੀ ਦੀ ਹਾਰ ਦੀ ਵਜ੍ਹਾ? ਚੇਨਈ ਦੀ ਜਿੱਤ, ਅੰਪਾਇਰ ਨਾਲ ਤਿੱਖੀ ਬਹਿਸ
IPL 2026: ਐਮਏ ਚਿਦੰਬਰਮ ਸਟੇਡੀਅਮ ਵਿੱਚ ਸ਼ਨੀਵਾਰ ਨੂੰ ਖੇਡੇ ਗਏ ਆਈਪੀਐਲ 2026 ਦੇ 18ਵੇਂ ਮੁਕਾਬਲੇ ਵਿੱਚ ਚੇਨਈ ਸੁਪਰ ਕਿੰਗਜ਼ (CSK) ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦਿੱਲੀ ਕੈਪੀਟਲਜ਼ ਨੂੰ 23 ਦੌੜਾਂ ਨਾਲ ਹਰਾ ਦਿੱਤਾ। ਇਸ ਜਿੱਤ ਦੇ ਨਾਲ ਹੀ ਚੇਨਈ ਨੇ ਇਸ ਸੀਜ਼ਨ ਵਿੱਚ ਆਪਣੀ ਜਿੱਤ ਦਾ ਖਾਤਾ ਖੋਲ੍ਹ ਲਿਆ ਹੈ।
Photo: (PTI)
ਐਮਏ ਚਿਦੰਬਰਮ ਸਟੇਡੀਅਮ ਵਿੱਚ ਸ਼ਨੀਵਾਰ ਨੂੰ ਖੇਡੇ ਗਏ ਆਈਪੀਐਲ 2026 ਦੇ 18ਵੇਂ ਮੁਕਾਬਲੇ ਵਿੱਚ ਚੇਨਈ ਸੁਪਰ ਕਿੰਗਜ਼ (CSK) ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦਿੱਲੀ ਕੈਪੀਟਲਜ਼ ਨੂੰ 23 ਦੌੜਾਂ ਨਾਲ ਹਰਾ ਦਿੱਤਾ। ਇਸ ਜਿੱਤ ਦੇ ਨਾਲ ਹੀ ਚੇਨਈ ਨੇ ਇਸ ਸੀਜ਼ਨ ਵਿੱਚ ਆਪਣੀ ਜਿੱਤ ਦਾ ਖਾਤਾ ਖੋਲ੍ਹ ਲਿਆ ਹੈ। ਚੇਨਈ ਦੀ ਇਸ ਜਿੱਤ ਵਿੱਚ ਜਿੱਥੇ ਬੱਲੇਬਾਜ਼ਾਂ ਨੇ ਦੌੜਾਂ ਦੀ ਬਾਰਿਸ਼ ਕੀਤੀ, ਉੱਥੇ ਹੀ ਗੇਂਦਬਾਜ਼ਾਂ ਨੇ ਵੀ ਆਪਣਾ ਜੌਹਰ ਦਿਖਾਇਆ। ਹਾਲਾਂਕਿ, ਮੈਚ ਦੇ ਅੰਤਿਮ ਪਲਾਂ ਵਿੱਚ ਚੌਥੇ ਅੰਪਾਇਰ ਦੇ ਇੱਕ ਫੈਸਲੇ ਨੇ ਖੂਬ ਸੁਰਖੀਆਂ ਬਟੋਰੀਆਂ।
ਸੰਜੂ ਸੈਮਸਨ ਦੀ ਯਾਦਗਾਰ ਪਾਰੀ
ਟੌਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਚੇਨਈ ਸੁਪਰ ਕਿੰਗਜ਼ ਨੇ ਨਿਰਧਾਰਤ 20 ਓਵਰਾਂ ਵਿੱਚ ਸਿਰਫ਼ 2 ਵਿਕਟਾਂ ਗੁਆ ਕੇ 212 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ। ਚੇਨਈ ਵੱਲੋਂ ਸੰਜੂ ਸੈਮਸਨ ਨੇ ਕਪਤਾਨੀ ਪਾਰੀ ਖੇਡਦਿਆਂ ਮੈਦਾਨ ਦੇ ਚਾਰੇ ਪਾਸੇ ਚੌਕੇ-ਛੱਕਿਆਂ ਦੀ ਬਾਰਿਸ਼ ਕੀਤੀ। ਸੈਮਸਨ ਨੇ ਮਹਿਜ਼ 56 ਗੇਂਦਾਂ ਵਿੱਚ 15 ਚੌਕਿਆਂ ਅਤੇ 4 ਛੱਕਿਆਂ ਦੀ ਮਦਦ ਨਾਲ ਨਾਬਾਦ 115 ਦੌੜਾਂ ਬਣਾਈਆਂ।
ਉਨ੍ਹਾਂ ਦਾ ਸਾਥ ਨੌਜਵਾਨ ਬੱਲੇਬਾਜ਼ ਆਯੁਸ਼ ਮਹਾਤਰੇ ਨੇ ਬਾਖੂਬੀ ਨਿਭਾਇਆ, ਜਿਸ ਨੇ 36 ਗੇਂਦਾਂ ਵਿੱਚ 59 ਦੌੜਾਂ ਦੀ ਤੇਜ਼ ਪਾਰੀ ਖੇਡੀ। ਦੋਵਾਂ ਵਿਚਾਲੇ ਹੋਈ 100 ਤੋਂ ਵੱਧ ਦੌੜਾਂ ਦੀ ਸਾਂਝੇਦਾਰੀ ਨੇ ਦਿੱਲੀ ਦੇ ਗੇਂਦਬਾਜ਼ਾਂ ਨੂੰ ਗੋਡੇ ਟੇਕਣ ਲਈ ਮਜਬੂਰ ਕਰ ਦਿੱਤਾ। ਅੰਤ ਵਿੱਚ ਸ਼ਿਵਮ ਦੂਬੇ ਨੇ ਵੀ 10 ਗੇਂਦਾਂ ਵਿੱਚ ਨਾਬਾਦ 20 ਦੌੜਾਂ ਦਾ ਯੋਗਦਾਨ ਪਾਇਆ। ਦਿੱਲੀ ਵੱਲੋਂ ਸਿਰਫ਼ ਅਕਸ਼ਰ ਪਟੇਲ ਹੀ ਇੱਕ ਵਿਕਟ ਲੈਣ ਵਿੱਚ ਕਾਮਯਾਬ ਰਿਹਾ।
ਦਿੱਲੀ ਦੀ ਬੱਲੇਬਾਜ਼ੀ ਰਹੀ ਫੇਲ, ਓਵਰਟਨ ਨੇ ਲਈਆਂ 4 ਵਿਕਟਾਂ
213 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਨ ਉਤਰੀ ਦਿੱਲੀ ਕੈਪੀਟਲਜ਼ ਦੀ ਸ਼ੁਰੂਆਤ ਤਾਂ ਚੰਗੀ ਰਹੀ, ਪਰ ਚੇਨਈ ਦੀ ਘਾਤਕ ਗੇਂਦਬਾਜ਼ੀ ਅੱਗੇ ਉਨ੍ਹਾਂ ਦਾ ਮੱਧਕ੍ਰਮ ਲੜਖੜਾ ਗਿਆ। ਦਿੱਲੀ ਦੀ ਪੂਰੀ ਟੀਮ 20 ਓਵਰਾਂ ਵਿੱਚ 189 ਦੌੜਾਂ ਹੀ ਬਣਾ ਸਕੀ। ਟ੍ਰਿਸਟਨ ਸਟੱਬਸ ਨੇ 38 ਗੇਂਦਾਂ ਵਿੱਚ 60 ਦੌੜਾਂ ਬਣਾ ਕੇ ਇਕੱਲੇ ਸੰਘਰਸ਼ ਕੀਤਾ, ਪਰ ਦੂਜੇ ਪਾਸੇ ਤੋਂ ਕਿਸੇ ਵੀ ਬੱਲੇਬਾਜ਼ ਦਾ ਸਾਥ ਨਾ ਮਿਲਣ ਕਾਰਨ ਟੀਮ ਹਾਰ ਗਈ। ਚੇਨਈ ਲਈ ਜੇਮੀ ਓਵਰਟਨ ਸਭ ਤੋਂ ਸਫਲ ਗੇਂਦਬਾਜ਼ ਰਿਹਾ, ਜਿਸ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 4 ਅਹਿਮ ਵਿਕਟਾਂ ਝਟਕਾਈਆਂ।
19ਵੇਂ ਓਵਰ ਵਿੱਚ ਹੋਇਆ ਵਿਵਾਦ
ਮੈਚ ਉਸ ਸਮੇਂ ਵਿਵਾਦਾਂ ਵਿੱਚ ਘਿਰ ਗਿਆ ਜਦੋਂ 19ਵੇਂ ਓਵਰ ਵਿੱਚ ਦਿੱਲੀ ਦੇ ਬੱਲੇਬਾਜ਼ ਟ੍ਰਿਸਟਨ ਸਟੱਬਸ ਆਪਣੇ ਦਸਤਾਨੇ (Gloves) ਬਦਲਣਾ ਚਾਹੁੰਦੇ ਸਨ। ਚੌਥੇ ਅੰਪਾਇਰ ਨੇ ਉਨ੍ਹਾਂ ਨੂੰ ਦਸਤਾਨੇ ਬਦਲਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ। ਸਟੱਬਸ ਨੂੰ ਬਿਨਾਂ ਦਸਤਾਨੇ ਬਦਲੇ ਖੇਡਣਾ ਪਿਆ ਅਤੇ ਉਸੇ ਓਵਰ ਵਿੱਚ ਉਹ ਕੈਚ ਆਊਟ ਹੋ ਗਏ।
ਇਹ ਵੀ ਪੜ੍ਹੋ
ਇਹ ਮੈਚ ਦਾ ਇੱਕ ਅਹਿਮ ਮੋੜ ਸੀ ਕਿਉਂਕਿ ਦਿੱਲੀ ਨੂੰ ਜਿੱਤ ਲਈ ਤੇਜ਼ ਦੌੜਾਂ ਦੀ ਲੋੜ ਸੀ। ਸਟੱਬਸ ਦੇ ਆਊਟ ਹੋਣ ਨਾਲ ਦਿੱਲੀ ਦੀਆਂ ਜਿੱਤ ਦੀਆਂ ਉਮੀਦਾਂ ਪੂਰੀ ਤਰ੍ਹਾਂ ਖ਼ਤਮ ਹੋ ਗਈਆਂ। ਇਸ ਦੌਰਾਨ ਦਿੱਲੀ ਦੇ ਖਿਡਾਰੀ ਅਤੇ ਕੋਚ ਫੋਰਥ ਅੰਪਾਇਰ ਨਾਲ ਬਹਿਸ ਕਰਦੇ ਹੋਏ ਵੀ ਨਜ਼ਰ ਆਏ, ਜਿਸ ਨਾਲ ਮੈਦਾਨ ‘ਤੇ ਮਾਹੌਲ ਕਾਫੀ ਗਰਮਾ ਗਿਆ।
