ਗਲਾਸਗੋ ਨੂੰ ਅਲਵਿਦਾ, ਹੁਣ ਅਹਿਮਦਾਬਾਦ ਦੀ ਤਿਆਰੀ… 39 ਤਗਮਿਆਂ ਨਾਲ ਚੌਥੇ ਸਥਾਨ ‘ਤੇ ਰਿਹਾ ਭਾਰਤ, ਇਨ੍ਹਾਂ 6 ਖੇਡਾਂ ਤੋਂ ਬਿਨਾਂ ਕਿਵੇਂ ਹੋਇਆ ਇਹ ਕਮਾਲ

Published: 

03 Aug 2026 12:37 PM IST

Commonwealth Games 2026: 2 ਅਗਸਤ ਨੂੰ ਕਾਮਨਵੈਲਥ ਖੇਡਾਂ 2026 ਦਾ ਸਮਾਪਨ ਹੋ ਗਿਆ। ਹੁਣ ਅਗਲੀ ਮੇਜ਼ਬਾਨੀ ਅਹਿਮਦਾਬਾਦ ਕਰੇਗਾ। ਗਲਾਸਗੋ ਵਿੱਚ ਹੋਈਆਂ 23ਵੀਆਂ ਕਾਮਨਵੈਲਥ ਖੇਡਾਂ ਭਾਰਤ ਲਈ ਕਈ ਮਾਇਨਿਆਂ ਵਿੱਚ ਖਾਸ ਰਹੀਆਂ। ਸਭ ਤੋਂ ਵੱਡੀ ਗੱਲ ਇਹ ਰਹੀ ਕਿ ਭਾਰਤ ਨੇ ਉਨ੍ਹਾਂ 6 ਖੇਡਾਂ ਦੇ ਬਿਨਾਂ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਨ੍ਹਾਂ ਨੂੰ ਉਸ ਲਈ ਮੈਡਲ ਦੀ ਗਾਰੰਟੀ ਮੰਨਿਆ ਜਾਂਦਾ ਸੀ। ਆਓ ਜਾਣਦੇ ਹਾਂ ਕਿ ਭਾਰਤ ਨੇ ਇਹ ਕਮਾਲ ਕਿਵੇਂ ਕਰ ਦਿਖਾਇਆ।

ਗਲਾਸਗੋ ਨੂੰ ਅਲਵਿਦਾ, ਹੁਣ ਅਹਿਮਦਾਬਾਦ ਦੀ ਤਿਆਰੀ... 39 ਤਗਮਿਆਂ ਨਾਲ ਚੌਥੇ ਸਥਾਨ ਤੇ ਰਿਹਾ ਭਾਰਤ, ਇਨ੍ਹਾਂ 6 ਖੇਡਾਂ ਤੋਂ ਬਿਨਾਂ ਕਿਵੇਂ ਹੋਇਆ ਇਹ ਕਮਾਲ

ਹੁਣ ਅਹਿਮਦਾਬਾਦ ਦੀ ਵਾਰੀ

ਗਲਾਸਗੋ ਵਿੱਚ ਹੋਈਆਂ 23ਵੀਆਂ ਕਾਮਨਵੈਲਥ ਖੇਡਾਂ ਦਾ ਸਮਾਪਨ ਹੋ ਚੁੱਕਾ ਹੈ। ਇਹ ਖੇਡਾਂ 23 ਜੁਲਾਈ ਤੋਂ 2 ਅਗਸਤ ਤੱਕ ਚੱਲੀਆਂ, ਜਿਨ੍ਹਾਂ ਵਿੱਚ ਕੁੱਲ 13 ਖੇਡਾਂ ਦਾ ਆਯੋਜਨ ਕੀਤਾ ਗਿਆ ਅਤੇ 74 ਦੇਸ਼ਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ। ਭਾਰਤ ਨੇ ਗਲਾਸਗੋ ਕਾਮਨਵੈਲਥ ਖੇਡਾਂ ਵਿੱਚ ਆਪਣਾ ਸਫ਼ਰ 39 ਮੈਡਲਾਂ ਨਾਲ ਸਮਾਪਤ ਕੀਤਾ। ਇਨ੍ਹਾਂ ਵਿੱਚ 13 ਸੋਨ, 17 ਚਾਂਦੀ ਅਤੇ 9 ਕਾਂਸੀ ਦੇ ਤਮਗੇ ਸ਼ਾਮਲ ਹਨ। ਇਸ ਸ਼ਾਨਦਾਰ ਪ੍ਰਦਰਸ਼ਨ ਨਾਲ ਭਾਰਤ ਕਾਮਨਵੈਲਥ ਖੇਡਾਂ 2026 ਦੀ ਮੈਡਲ ਸੂਚੀ ਵਿੱਚ ਚੌਥੇ ਸਥਾਨ ‘ਤੇ ਰਿਹਾ।

ਭਾਰਤ ਦੀ ਇਹ ਕਾਮਯਾਬੀ ਇਸ ਲਈ ਵੀ ਖ਼ਾਸ ਹੈ ਕਿਉਂਕਿ ਇਸ ਵਾਰ ਕਾਮਨਵੈਲਥ ਖੇਡਾਂ ਵਿੱਚ ਉਹ 6 ਖੇਡਾਂ ਸ਼ਾਮਲ ਹੀ ਨਹੀਂ ਸਨ, ਜਿਨ੍ਹਾਂ ਵਿੱਚ ਬਰਮਿੰਘਮ ਵਿੱਚ ਹੋਈਆਂ ਪਿਛਲੀਆਂ ਕਾਮਨਵੈਲਥ ਖੇਡਾਂ ਦੌਰਾਨ ਭਾਰਤ ਨੇ 30 ਤਮਗੇ ਜਿੱਤੇ ਸਨ। ਅਜਿਹੇ ਵਿੱਚ ਸਵਾਲ ਇਹ ਹੈ ਕਿ ਆਖ਼ਿਰ ਭਾਰਤ ਨੇ ਗਲਾਸਗੋ ਵਿੱਚ 39 ਤਮਗੇ ਜਿੱਤਣ ਦਾ ਇਹ ਕਮਾਲ ਕਿਵੇਂ ਕਰ ਦਿਖਾਇਆ?

ਨਹੀਂ ਸਨ ਇਹ 6 ਖੇਡਾਂ, ਫਿਰ ਵੀ ਭਾਰਤ ਨੇ ਜਿੱਤੇ 39 ਮੈਡਲ

ਕ੍ਰਿਕਟ, ਟੇਬਲ ਟੈਨਿਸ, ਕੁਸ਼ਤੀ, ਹਾਕੀ, ਬੈਡਮਿੰਟਨ ਅਤੇ ਸਕੁਐਸ਼ ਇਹ ਉਹ 6 ਖੇਡਾਂ ਸਨ, ਜਿਨ੍ਹਾਂ ਵਿੱਚ 2022 ਦੀਆਂ ਪਿਛਲੀਆਂ ਕਾਮਨਵੈਲਥ ਖੇਡਾਂ ਦੌਰਾਨ ਭਾਰਤ ਨੇ 30 ਮੈਡਲ ਜਿੱਤੇ ਸਨ। ਪਰ ਗਲਾਸਗੋ 2026 ਕਾਮਨਵੈਲਥ ਖੇਡਾਂ ਵਿੱਚ ਇਹ ਸਾਰੀਆਂ ਖੇਡਾਂ ਸ਼ਾਮਲ ਹੀ ਨਹੀਂ ਸਨ। ਇਸ ਦੇ ਬਾਵਜੂਦ ਭਾਰਤ ਨੇ 13 ਸੋਨ ਤਮਗਿਆਂ ਸਮੇਤ ਕੁੱਲ 39 ਮੈਡਲ ਜਿੱਤ ਕੇ ਅਜਿਹਾ ਕਾਰਨਾਮਾ ਕਰ ਦਿਖਾਇਆ, ਜੋ ਕਿਸੇ ਚਮਤਕਾਰ ਤੋਂ ਘੱਟ ਨਹੀਂ।

ਭਾਰਤੀ ਮੁੱਕੇਬਾਜ਼ਾਂ ਦੀ ਕਾਮਯਾਬੀ ਨੇ ਸਭ ਨੂੰ ਕੀਤਾ ਹੈਰਾਨ

ਭਾਰਤ ਦੀ ਇਸ ਸ਼ਾਨਦਾਰ ਸਫ਼ਲਤਾ ਵਿੱਚ ਸਭ ਤੋਂ ਵੱਡਾ ਯੋਗਦਾਨ ਮੁੱਕੇਬਾਜ਼ਾਂ ਦਾ ਰਿਹਾ। ਭਾਰਤੀ ਮੁੱਕੇਬਾਜ਼ਾਂ ਨੇ 7 ਸੋਨ ਮੈਡਲਾਂ ਸਮੇਤ ਕੁੱਲ 10 ਮੈਡਲ ਜਿੱਤੇ। ਜੇਕਰ ਪਿਛਲੀਆਂ ਕਾਮਨਵੈਲਥ ਖੇਡਾਂ ਨਾਲ ਤੁਲਨਾ ਕਰੀਏ ਤਾਂ ਇਸ ਵਾਰ ਭਾਰਤੀ ਮੁੱਕੇਬਾਜ਼ਾਂ ਨੇ 3 ਮੈਡਲ ਵੱਧ ਜਿੱਤੇ ਹਨ। ਬਰਮਿੰਘਮ 2022 ਵਿੱਚ ਭਾਰਤ ਨੇ ਮੁੱਕੇਬਾਜ਼ੀ ਵਿੱਚ 3 ਸੋਨ, 1 ਚਾਂਦੀ ਅਤੇ 3 ਕਾਂਸੀ ਦੇ ਤਮਗਿਆਂ ਨਾਲ ਕੁੱਲ 7 ਤਮਗੇ ਜਿੱਤੇ ਸਨ।

ਐਥਲੈਟਿਕਸ ਵਿੱਚ ਮੈਡਲਾਂ ਦੀ ਗਿਣਤੀ ਹੋਈ ਦੁੱਗਣੀ

ਐਥਲੈਟਿਕਸ ਵਿੱਚ ਭਾਰਤ ਦਾ ਪ੍ਰਦਰਸ਼ਨ ਇਸ ਵਾਰ ਸ਼ਾਨਦਾਰ ਰਿਹਾ। ਗਲਾਸਗੋ 2026 ਵਿੱਚ ਭਾਰਤ ਨੇ 3 ਸੋਨ, 7 ਚਾਂਦੀ ਅਤੇ 6 ਕਾਂਸੀ ਦੇ ਤਮਗਿਆਂ ਸਮੇਤ ਕੁੱਲ 16 ਤਮਗੇ ਜਿੱਤੇ, ਜੋ ਬਰਮਿੰਘਮ 2022 ਦੇ ਮੁਕਾਬਲੇ ਸਿੱਧੇ ਦੁੱਗਣੇ ਹਨ। ਪਿਛਲੀਆਂ ਕਾਮਨਵੈਲਥ ਖੇਡਾਂ ਵਿੱਚ ਭਾਰਤ ਨੇ ਐਥਲੈਟਿਕਸ ਵਿੱਚ 1 ਸੋਨ, 4 ਚਾਂਦੀ ਅਤੇ 3 ਕਾਂਸੀ ਦੇ ਤਮਗਿਆਂ ਨਾਲ ਕੁੱਲ 8 ਤਮਗੇ ਜਿੱਤੇ ਸਨ।

ਜੂਡੋ ਵਿੱਚ ਵੀ ਵਧੀ ਤਮਗਿਆਂ ਦੀ ਗਿਣਤੀ

ਗਲਾਸਗੋ ਵਿੱਚ ਭਾਰਤੀ ਜੂਡੋਕਿਆਂ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਭਾਰਤ ਨੇ ਜੂਡੋ ਵਿੱਚ ਕੁੱਲ 4 ਤਮਗੇ ਜਿੱਤੇ, ਜਿਨ੍ਹਾਂ ਵਿੱਚ 2 ਸੋਨ, 1 ਚਾਂਦੀ ਅਤੇ 1 ਕਾਂਸੀ ਦਾ ਤਮਗਾ ਸ਼ਾਮਲ ਹੈ। ਜਦਕਿ ਬਰਮਿੰਘਮ 2022 ਵਿੱਚ ਭਾਰਤ ਨੂੰ ਜੂਡੋ ਵਿੱਚ ਸਿਰਫ਼ 3 ਤਮਗੇ ਮਿਲੇ ਸਨ, ਜਿਨ੍ਹਾਂ ਵਿੱਚ 2 ਚਾਂਦੀ ਅਤੇ 1 ਕਾਂਸੀ ਦਾ ਤਮਗਾ ਸੀ।

ਵੇਟਲਿਫਟਿੰਗ ਅਤੇ ਪੈਰਾ ਪਾਵਰਲਿਫਟਿੰਗ ਵਿੱਚ ਭਾਰਤ ਦੇ ਤਮਗਿਆਂ ਦੀ ਗਿਣਤੀ ਗਲਾਸਗੋ ਵਿੱਚ ਬਰਮਿੰਘਮ ਦੇ ਮੁਕਾਬਲੇ ਕੁਝ ਘੱਟ ਰਹੀ। ਪਰ ਮੁੱਕੇਬਾਜ਼ੀ, ਐਥਲੈਟਿਕਸ ਅਤੇ ਜੂਡੋ ਵਿੱਚ ਮਿਲੀ ਸ਼ਾਨਦਾਰ ਸਫ਼ਲਤਾ ਦੀ ਬਦੌਲਤ ਭਾਰਤ ਕੁੱਲ 39 ਤਮਗੇ ਜਿੱਤਣ ਵਿੱਚ ਕਾਮਯਾਬ ਰਿਹਾ।

ਖਿਡਾਰੀਆਂ ‘ਤੇ ਖਰਚੇ 53.09 ਕਰੋੜ ਰੁਪਏ ਦਾ ਨਤੀਜਾ ਹਨ 39 ਤਗਮੇ

ਹੁਣ ਸਵਾਲ ਇਹ ਹੈ ਕਿ ਗਲਾਸਗੋ 2026 ਵਿੱਚ ਭਾਰਤ ਬਾਕਸਿੰਗ, ਐਥਲੈਟਿਕਸ ਅਤੇ ਜੂਡੋ ਵਿੱਚ ਇੰਨੇ ਵੱਧ ਤਗਮੇ ਜਿੱਤਣ ਵਿੱਚ ਕਿਵੇਂ ਕਾਮਯਾਬ ਰਿਹਾ? ਕ੍ਰਿਕਟ, ਟੇਬਲ ਟੈਨਿਸ, ਕੁਸ਼ਤੀ, ਹਾਕੀ, ਬੈਡਮਿੰਟਨ ਅਤੇ ਸਕੁਐਸ਼ ਵਰਗੀਆਂ ਖੇਡਾਂ ਗਲਾਸਗੋ ਕਾਮਨਵੈਲਥ ਗੇਮਜ਼ ਦਾ ਹਿੱਸਾ ਨਾ ਹੋਣ ਦੇ ਬਾਵਜੂਦ ਭਾਰਤ ਨੇ 39 ਤਗਮੇ ਆਪਣੇ ਨਾਮ ਕੀਤੇ। ਇਸ ਸਫ਼ਲਤਾ ਦੇ ਪਿੱਛੇ ਖਿਡਾਰੀਆਂ ਦੀ ਸਖ਼ਤ ਮਿਹਨਤ ਤਾਂ ਸੀ ਹੀ, ਪਰ ਉਨ੍ਹਾਂ ਦੀ ਤਿਆਰੀ ‘ਤੇ ਖਰਚੇ ਗਏ 53.09 ਕਰੋੜ ਰੁਪਏ ਦੀ ਵੀ ਉਨ੍ਹੀ ਹੀ ਅਹਿਮ ਭੂਮਿਕਾ ਰਹੀ। ਇਹ ਰਕਮ ACTC (Annual Calendar for Training and Competition) ਅਤੇ TOPS (Target Olympic Podium Scheme) ਤਹਿਤ ਕਾਮਨਵੈਲਥ ਗੇਮਜ਼ ਦੀ ਤਿਆਰੀ ਲਈ ਖਰਚ ਕੀਤੀ ਗਈ ਸੀ।

ਜਿਨ੍ਹਾਂ ‘ਤੇ ਸਭ ਤੋਂ ਵੱਧ ਖਰਚ ਹੋਇਆ, ਉਨ੍ਹਾਂ ਨੇ ਹੀ ਸਭ ਤੋਂ ਵੱਧ ਤਗਮੇ ਜਿੱਤੇ

53.09 ਕਰੋੜ ਰੁਪਏ ਵਿੱਚੋਂ ਸਭ ਤੋਂ ਵੱਡਾ ਹਿੱਸਾ ਐਥਲੈਟਿਕਸ ਫੈਡਰੇਸ਼ਨ ਆਫ਼ ਇੰਡੀਆ (AFI) ਨੂੰ ਦਿੱਤਾ ਗਿਆ। ਗਲਾਸਗੋ 2026 ਲਈ ਖਿਡਾਰੀਆਂ ਦੀ ਤਿਆਰੀ ਵਾਸਤੇ AFI ਨੂੰ 20 ਕਰੋੜ ਰੁਪਏ ਤੋਂ ਵੱਧ ਦੀ ਰਕਮ ਮਿਲੀ। ਇਸ ਤੋਂ ਇਲਾਵਾ ਬਾਕਸਿੰਗ ਫੈਡਰੇਸ਼ਨ ਆਫ਼ ਇੰਡੀਆ ਨੂੰ ਵੀ 10 ਕਰੋੜ ਰੁਪਏ ਤੋਂ ਵੱਧ ਦਿੱਤੇ ਗਏ, ਤਾਂ ਜੋ ਖਿਡਾਰੀਆਂ ਨੂੰ ਬਿਹਤਰ ਟ੍ਰੇਨਿੰਗ ਅਤੇ ਸਾਰੀਆਂ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ।

ਇਸੇ ਤਰ੍ਹਾਂ ਇੰਡੀਅਨ ਵੈਟਲਿਫਟਿੰਗ ਫੈਡਰੇਸ਼ਨ ਨੂੰ 5 ਕਰੋੜ ਤੋਂ 7.5 ਕਰੋੜ ਰੁਪਏ ਦਿੱਤੇ ਗਏ, ਜਦਕਿ ਜਿਮਨਾਸਟਿਕਸ, ਜੂਡੋ, ਸਾਈਕਲਿੰਗ, ਤੈਰਾਕੀ, ਲਾਨ ਬਾਊਲਜ਼ ਅਤੇ ਪੈਰਾ ਐਥਲੈਟਿਕਸ ਨਾਲ ਜੁੜੀਆਂ ਫੈਡਰੇਸ਼ਨਾਂ ਨੂੰ ਮਿਲਾ ਕੇ 15.59 ਕਰੋੜ ਤੋਂ 18.09 ਕਰੋੜ ਰੁਪਏ ਜਾਰੀ ਕੀਤੇ ਗਏ। ਇਸ ਰਕਮ ਦੀ ਵਰਤੋਂ ਖਿਡਾਰੀਆਂ ਨੂੰ ਵਿਦੇਸ਼ ਭੇਜ ਕੇ ਉੱਚ ਪੱਧਰੀ ਟ੍ਰੇਨਿੰਗ ਦਿਵਾਉਣ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਲਈ ਤਿਆਰ ਕਰਨ ‘ਤੇ ਕੀਤੀ ਗਈ।

ਅਲਵਿਦਾ ਗਲਾਸਗੋ, ਹੁਣ ਅਹਿਮਦਾਬਾਦ ਦੀ ਤਿਆਰੀ

ਗਲਾਸਗੋ ਵਿੱਚ ਜਿੱਤੇ 39 ਤਗਮਿਆਂ ਨੇ 53.09 ਕਰੋੜ ਰੁਪਏ ਦੇ ਨਿਵੇਸ਼ ਨੂੰ ਸਫ਼ਲ ਸਾਬਤ ਕਰ ਦਿੱਤਾ। ਹੁਣ ਨਜ਼ਰਾਂ ਚਾਰ ਸਾਲ ਬਾਅਦ ਅਹਿਮਦਾਬਾਦ ਵਿੱਚ ਹੋਣ ਵਾਲੀਆਂ 24ਵੀਆਂ ਕਾਮਨਵੈਲਥ ਗੇਮਜ਼ ‘ਤੇ ਹਨ। ਗਲਾਸਗੋ ਗੇਮਜ਼ ਦੇ ਸਮਾਪਨ ਮੌਕੇ ਕਾਮਨਵੈਲਥ ਸਪੋਰਟਸ ਦਾ ਝੰਡਾ ਭਾਰਤ ਦੇ ਸਟਾਰ ਐਥਲੀਟ ਨੀਰਜ ਚੋਪੜਾ ਨੂੰ ਸੌਂਪਿਆ ਗਿਆ, ਜਿਨ੍ਹਾਂ ਨੇ ਇਸ ਨੂੰ ਭਾਰਤੀ ਓਲੰਪਿਕ ਸੰਘ ਦੀ ਪ੍ਰਧਾਨ ਪੀਟੀ ਊਸ਼ਾ ਅਤੇ ਗੁਜਰਾਤ ਦੇ ਉਪ ਮੁੱਖ ਮੰਤਰੀ ਹਰਸ਼ ਸੰਘਵੀ ਦੇ ਹਵਾਲੇ ਕੀਤਾ।

Source:TV9Hindi.com

Follow Us