ਬਾਬਰ ਆਜ਼ਮ ਨੇ ਛੱਡੀ ਪਾਕਿਸਤਾਨ ਦੀ ਕਪਤਾਨੀ, ਵਿਸ਼ਵ ਕੱਪ ‘ਚ ਟੀਮ ਦੇ ਖ਼ਰਾਬ ਪ੍ਰਦਰਸ਼ਨ ਤੋਂ ਬਾਅਦ ਫੈਸਲਾ

Updated On: 

15 Nov 2023 19:38 PM

Babar Azam Resigned: ਬਾਬਰ ਆਜ਼ਮ ਦੀ ਕਪਤਾਨੀ 'ਚ ਪਾਕਿਸਤਾਨੀ ਟੀਮ ਵਿਸ਼ਵ ਕੱਪ 2023 ਦੇ ਲੀਗ ਰਾਊਂਡ 'ਚੋਂ ਹੀ ਬਾਹਰ ਹੋ ਗਈ ਸੀ। ਟੀਮ ਨੇ 9 'ਚੋਂ ਸਿਰਫ 4 ਮੈਚ ਜਿੱਤੇ ਅਤੇ ਪੰਜਵੇਂ ਸਥਾਨ 'ਤੇ ਰਹਿ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਈ। ਬਾਬਰ ਆਜ਼ਮ ਖੁਦ ਬੱਲੇਬਾਜ਼ੀ 'ਚ ਅਸਫਲ ਰਹੇ ਅਤੇ 9 ਮੈਚਾਂ 'ਚ 300 ਤੋਂ ਕੁਝ ਜ਼ਿਆਦਾ ਹੀ ਦੌੜਾਂ ਬਣਾ ਸਕੇ।

ਬਾਬਰ ਆਜ਼ਮ ਨੇ ਛੱਡੀ ਪਾਕਿਸਤਾਨ ਦੀ ਕਪਤਾਨੀ, ਵਿਸ਼ਵ ਕੱਪ ਚ ਟੀਮ ਦੇ ਖ਼ਰਾਬ ਪ੍ਰਦਰਸ਼ਨ ਤੋਂ ਬਾਅਦ ਫੈਸਲਾ
Follow Us On

ਵਿਸ਼ਵ ਕੱਪ 2023 ਵਿੱਚ ਟੀਮ ਦੇ ਖ਼ਰਾਬ ਪ੍ਰਦਰਸ਼ਨ ਤੋਂ ਬਾਅਦ ਬਾਬਰ ਆਜ਼ਮ ਨੇ ਪਾਕਿਸਤਾਨ ਕ੍ਰਿਕਟ ਟੀਮ ਦੀ ਕਪਤਾਨੀ ਛੱਡ ਦਿੱਤੀ ਹੈ। ਬਾਬਰ ਨੇ ਬੁੱਧਵਾਰ 15 ਨਵੰਬਰ ਨੂੰ ਇੱਕ ਬਿਆਨ ਜਾਰੀ ਕਰਕੇ ਸਾਰੇ ਫਾਰਮੈਟਾਂ ਵਿੱਚ ਟੀਮ ਦੀ ਕਪਤਾਨੀ ਛੱਡਣ ਦਾ ਐਲਾਨ ਕੀਤਾ। ਬਾਬਰ ਆਜ਼ਮ ਨੂੰ 2019 ਵਿੱਚ ਪਹਿਲੀ ਵਾਰ ਪਾਕਿਸਤਾਨੀ ਟੀਮ ਦਾ ਕਪਤਾਨ ਬਣਾਇਆ ਗਿਆ ਸੀ ਅਤੇ 2021 ਵਿੱਚ ਉਹ ਤਿੰਨੋਂ ਫਾਰਮੈਟਾਂ ਵਿੱਚ ਕਪਤਾਨ ਬਣੇ ਸਨ।

ਪਾਕਿਸਤਾਨ ਨੇ ਵਿਸ਼ਵ ਕੱਪ 2023 ਵਿਚ ਆਪਣਾ ਆਖਰੀ ਮੈਚ ਸ਼ਨੀਵਾਰ 11 ਨਵੰਬਰ ਨੂੰ ਖੇਡਿਆ ਸੀ, ਜਿਸ ਵਿਚ ਇੰਗਲੈਂਡ ਨੇ ਉਸ ਨੂੰ ਵੱਡੇ ਫਰਕ ਨਾਲ ਹਰਾਇਆ। ਵਿਸ਼ਵ ਕੱਪ ਵਿੱਚ ਪਾਕਿਸਤਾਨ ਦੀ ਇਹ ਪੰਜਵੀਂ ਹਾਰ ਸੀ। ਇਸ ਹਾਰ ਤੋਂ ਬਾਅਦ ਬਾਬਰ ਅਤੇ ਉਨ੍ਹਾਂ ਦੀ ਟੀਮ ਸੋਮਵਾਰ 13 ਨਵੰਬਰ ਨੂੰ ਪਾਕਿਸਤਾਨ ਪਹੁੰਚ ਗਈ। ਬਾਬਰ ਲਾਹੌਰ ਸਥਿਤ ਆਪਣੇ ਘਰ ਪਹੁੰਚ ਪਹੁੰਚੇ ਸਨ, ਉਦੋਂ ਤੋਂ ਹੀ ਸਭ ਦੀਆਂ ਨਜ਼ਰਾਂ ਇਸ ਗੱਲ ‘ਤੇ ਲੱਗੀਆਂ ਹੋਈਆਂ ਸਨ ਕਿ ਬਾਬਰ ਅਤੇ ਪਾਕਿਸਤਾਨ ਕ੍ਰਿਕਟ ਬੋਰਡ ਦੀ ਬੈਠਕ ‘ਚ ਕੀ ਹੋਵੇਗਾ। ਕੀ ਪਾਕਿਸਤਾਨੀ ਬੋਰਡ ਉਨ੍ਹਾਂ ਨੂੰ ਅੱਗੇ ਲਈ ਬਰਕਰਾਰ ਰੱਖੇਗਾ? ਬੁੱਧਵਾਰ ਨੂੰ ਜਵਾਬ ਮਿਲ ਗਿਆ।

ਬੁੱਧਵਾਰ 15 ਨਵੰਬਰ ਨੂੰ ਬਾਬਰ ਨੇ ਲਾਹੌਰ ਵਿੱਚ ਪੀਸੀਬੀ ਦੇ ਮੁਖੀ ਜ਼ਕਾ ਅਸ਼ਰਫ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਦੋਵਾਂ ਵਿਚਾਲੇ ਕਪਤਾਨੀ ਨੂੰ ਲੈ ਕੇ ਚਰਚਾ ਹੋਈ, ਜਿਸ ਤੋਂ ਬਾਅਦ ਬਾਬਰ ਨੇ ਆਪਣੇ ਫੈਸਲੇ ਦਾ ਐਲਾਨ ਕਰ ਦਿੱਤਾ। ਪਾਕਿਸਤਾਨੀ ਮੀਡੀਆ ਰਿਪੋਰਟਾਂ ਮੁਤਾਬਕ ਅਸ਼ਰਫ ਨੇ ਦਸੰਬਰ ‘ਚ ਆਸਟ੍ਰੇਲੀਆ ਦੌਰੇ ਲਈ ਬਾਬਰ ਨੂੰ ਕਪਤਾਨ ਬਣੇ ਰਹਿਣ ਦੀ ਪੇਸ਼ਕਸ਼ ਕੀਤੀ ਸੀ ਪਰ ਬਾਬਰ ਨੇ ਇਸ ਨੂੰ ਠੁਕਰਾ ਦਿੱਤਾ ਅਤੇ ਤਿੰਨਾਂ ਫਾਰਮੈਟਾਂ ‘ਚ ਪਾਕਿਸਤਾਨ ਦੀ ਕਪਤਾਨੀ ਛੱਡ ਦਿੱਤੀ।