ਸਿੱਖਾਂ ਦੀ ਸ਼ਕਤੀ ਅਤੇ ਊਰਜਾ ਦਾ ਸਰੋਤ, ਜਾਣੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇਤਿਹਾਸ ਬਾਰੇ
sri akal takhat sahib history ਪੰਚਮ ਪਾਤਸ਼ਾਹ ਦੀ ਸ਼ਹਾਦਤ ਮਗਰੋਂ ਸਿੱਖ ਸੰਗਤਾਂ ਵਿੱਚ ਗੁੱਸਾ ਸੀ ਜਿਸ ਲਈ ਉਹਨਾਂ ਨੇ ਹੁਣ ਸਿੱਖਾਂ ਮੁਗਲ ਹਕੂਮਤ ਨਾਲ ਮੱਥਾ ਲਾਉਣ ਸੋਚ ਲਿਆ ਸੀ। ਜਿਸ ਲਈ ਸਿੱਖਾਂ ਨੇ ਫੌਜ, ਹਥਿਆਰ ਅਤੇ ਘੋੜੇ ਜ਼ਮ੍ਹਾਂ ਕਰਨੇ ਸ਼ੁਰੂ ਕੀਤੇ। ਸ੍ਰੀ ਹਰਗੋਬਿੰਦ ਸਾਹਿਬ ਨੇ ਇੱਕ ਤਖ਼ਤ ਦਾ ਨਿਰਮਾਣ ਕਰਵਾਇਆ ਜਿਸ ਉੱਪਰ ਬੈਠਕੇ ਉਹ ਉਹਨਾਂ ਕੋਲ ਆਏ ਲੋਕਾਂ ਦੀਆਂ ਤਕਲੀਫਾਂ ਸੁਣਿਆ ਕਰਦੇ ਸਨ ਅਤੇ ਉਹਨਾਂ ਨੂੰ ਇਨਸਾਫ਼ ਦਵਾਇਆ ਕਰਦੇ ਸਨ।

ਸ੍ਰੀ ਅਕਾਲ ਤਖ਼ਤ ਸਾਹਿਬ ਦਿੱਲੀ ਦੇ ਤਖ਼ਤ ਤੋਂ ਉੱਚਾ ਹੈ ਜੋ ਸੰਕੇਤ ਹੈ ਕਿ ਪੰਥ ਕਿਸੇ ਦੀ ਅਧੀਨਗੀ ਕਬੂਲ ਨਹੀਂ ਕਰਦਾ ਸਗੋਂ ਖਾਲਸਾ ਆਪਣਾ ਰਾਜ ਅਤੇ ਫੈਸਲੇ ਖੁਦ ਕਰਦਾ ਹੈ। ਪੰਜ ਸਿੰਘ ਸਹਿਬਾਨਾਂ ਵੱਲੋਂ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੁਕਮਨਾਮਾ ਹਰ ਸਿੱਖ ਲਈ ਸਿਰਮੱਥੇ ਹੁੰਦਾ ਹੈ। ਇੱਕ ਖਾਸ ਗੱਲ ਇਹ ਹੈ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼੍ਰੀ ਹਰਿਮੰਦਰ ਸਾਹਿਬ ਦੇ ਸਾਹਮਣਿਓ ਦਰਸ਼ਨ ਹੁੰਦੇ ਹਨ। ਪਰ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠੇ ਸਿੰਘ (ਪਾਠੀ) ਨੂੰ ਅਕਾਲ ਤਖ਼ਤ ਸਾਹਿਬ ਦਿਖਾਈ ਨਹੀਂ ਦਿੰਦਾ।
ਇਸ ਦਾ ਮਤਲਬ ਇਹ ਹੈ ਕਿ ਸਿਆਸੀ ਵਿਅਕਤੀ ਨੂੰ ਹਮੇਸ਼ਾ ਰੱਬ ਯਾਦ ਰਹਿਣਾ ਚਾਹੀਦਾ ਹੈ ਪਰ ਅਧਿਆਤਮਕ ਰੂਹ ਨੂੰ ਕਦੇ ਸਿਆਸਤ ਦਿਖਾਈ ਨਹੀਂ ਦਿੰਦੀ। ਉਸ ਦਾ ਸਿਆਸਤ ਨਾਲ ਕੋਈ ਵਾਹ ਵਾਸਤਾ ਹੀ ਨਹੀਂ ਹੁੰਦਾ। ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਅਧਿਆਤਮਕ ਅਸਥਾਨ ਹੈ ਜਦੋਂਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖਾਂ ਦਾ ਰਾਜਸੀ ਸਥਾਨ ਹੈ। ਇੱਥੋਂ ਸਿੱਖਾਂ ਨੂੰ ਸਿਆਸੀ ਤਾਕਤ ਮਿਲਦੀ ਹੈ ਅਤੇ ਸਿੱਖ ਕਿਤੇ ਵੀ ਆਪਣਾ ਰਾਜ ਕਾਇਮ ਕਰ ਸਕਦੇ ਹਨ।
ਜਦੋਂ ਵੀ ਪੰਜ ਸਿੰਘ ਕੋਈ ਹੁਕਮਨਾਮਾ ਜਾਰੀ ਕਰਦੇ ਹਨ ਤਾਂ ਉਹਨਾਂ ਦੇ ਸਾਹਮਣੇ ਸ਼੍ਰੀ ਹਰਿਮੰਦਰ ਸਾਹਿਬ ਹੁੰਦਾ ਹੈ। ਸਿੰਘ ਪ੍ਰਮਾਤਮਾ ਨੂੰ ਸ਼ਾਕਸੀ ਮੰਨਦੇ ਹੋਏ ਹੁਕਮਨਾਮਾ ਪੜ੍ਹਦੇ ਹਨ। ਇਹ ਹੁਕਮਨਾਮੇ ਸਮੇਂ ਸਮੇਂ ਤੇ ਕੌਮ ਦੇ ਨਾਮ ਜਾਰੀ ਕੀਤੇ ਜਾਂਦੇ ਹਨ। ਜਿਵੇਂਕਿ ਬੰਦੀ ਛੋੜ ਦਿਹਾੜੇ (ਦੀਵਾਲੀ) ਮੌਕੇ।
ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਇਤਿਹਾਸ
ਸਿੱਖਾਂ ਦੀ ਵਧਦੀ ਸ਼ਕਤੀ ਅਤੇ ਸੰਗਤਾਂ ਦੇ ਪਿਆਰ ਨੂੰ ਸਿੱਖ ਪੰਥ ਦੇ ਦੋਖੀ ਸਹਾਰ ਨਾ ਸਕੇ ਉਹਨਾਂ ਨੇ ਗੁਰੂ ਸਹਿਬਾਨਾਂ ਦੀ ਸ਼ਿਕਾਇਤ ਮੁਗਲ ਹਕੂਮਤ ਕੋਲ ਲਗਾਉਣੀਆਂ ਸ਼ੁਰੂ ਕਰ ਦਿੱਤੀ। ਜਿਨ੍ਹਾਂ ਕਾਰਨ ਗੁਰੂ ਅਰਜਨ ਸਾਹਿਬ ਨੂੰ ਤੱਤੀ ਤਵੀ ਤੇ ਬੈਠਾਇਆ ਗਿਆ। ਉੱਬਲਦੇ ਪਾਣੀ ਵਿੱਚ ਬੈਠਾਇਆ ਗਿਆ। ਸੀਸ ਵਿੱਚ ਤੱਤੀ ਰੇਤ ਪਾਈ ਗਈ। ਹੋਰ ਤਸ਼ੀਹੇ ਦੇਕੇ ਗੁਰੂ ਪਾਤਸ਼ਾਹ ਨੂੰ ਸ਼ਹੀਦ ਕੀਤਾ ਗਿਆ। ਗੁਰੂ ਅਰਜਨ ਦੇਵ ਜੀ ਮਗਰੋਂ ਸ੍ਰੀ ਹਰਗੋਬਿੰਦ ਸਾਹਿਬ ਨੂੰ ਛੇਵੇ ਪਾਤਸ਼ਾਹ ਵਜੋਂ ਰਾਜ-ਤਿਲਕ ਕੀਤਾ ਗਿਆ। ਪਾਤਸ਼ਾਹ ਨੇ 2 ਤਲਵਾਰਾਂ ਪਹਿਨੀਆਂ ਇੱਕ ਮੀਰੀ ਦੀ ਇੱਕ ਪੀਰੀ ਦੀ।
ਸਿੱਖ ਪੰਥ ਦੇ ਪਿਆਰੇ ਕਵੀ ਭਾਈ ਗੁਰਦਾਸ ਜੀ ਲਿਖਦੇ ਹਨ।
ਪੰਜਿ ਪਿਆਲੇ ਪੰਜ ਪੀਰ ਛਠਮੁ ਪੀਰੁ ਬੈਠਾ ਗੁਰੁ ਭਾਰੀ।
ਇਹ ਵੀ ਪੜ੍ਹੋ
ਅਰਜਨ ਕਾਇਆ ਪਲਟਿਕੈ ਮੂਰਤਿ ਹਰਿਗੋਬਿੰਦ ਸਵਾਰੀ।
ਪੰਚਮ ਪਾਤਸ਼ਾਹ ਦੀ ਸ਼ਹਾਦਤ ਮਗਰੋਂ ਸਿੱਖ ਸੰਗਤਾਂ ਵਿੱਚ ਗੁੱਸਾ ਸੀ ਜਿਸ ਲਈ ਉਹਨਾਂ ਨੇ ਹੁਣ ਸਿੱਖਾਂ ਮੁਗਲ ਹਕੂਮਤ ਨਾਲ ਮੱਥਾ ਲਾਉਣ ਸੋਚ ਲਿਆ ਸੀ। ਜਿਸ ਲਈ ਸਿੱਖਾਂ ਨੇ ਫੌਜ, ਹਥਿਆਰ ਅਤੇ ਘੋੜੇ ਜ਼ਮ੍ਹਾਂ ਕਰਨੇ ਸ਼ੁਰੂ ਕੀਤੇ। ਸ੍ਰੀ ਹਰਗੋਬਿੰਦ ਸਾਹਿਬ ਨੇ ਇੱਕ ਤਖ਼ਤ ਦਾ ਨਿਰਮਾਣ ਕਰਵਾਇਆ ਜਿਸ ਉੱਪਰ ਬੈਠਕੇ ਉਹ ਉਹਨਾਂ ਕੋਲ ਆਏ ਲੋਕਾਂ ਦੀਆਂ ਤਕਲੀਫਾਂ ਸੁਣਿਆ ਕਰਦੇ ਸਨ ਅਤੇ ਉਹਨਾਂ ਨੂੰ ਇਨਸਾਫ਼ ਦਵਾਇਆ ਕਰਦੇ ਸਨ। ਉਸ ਲਈ ਚਾਹੇ ਉਹਨਾਂ ਨੂੰ ਫਿਰ ਜੰਗ ਕਿਉਂ ਨਾ ਲੜਣੀ ਪੈਂਦੀ।
ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਨਿਰਮਾਣ 1609 ਵਿੱਚ ਕੀਤਾ ਗਿਆ। ਇਸ ਨੂੰ ਗੁਰੂ ਪਾਤਸ਼ਾਹ ਨੇ ਅਕਾਲ ਦਾ ਤਖ਼ਤ ਕਿਹਾ। ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਹਰ ਸਮੇਂ ਦੀ ਰਾਜ-ਸੱਤਾ ਨੂੰ ਚੁਣੌਤੀ ਦਿੱਤੀ। ਇੱਥੋਂ ਜਾਰੀ ਹੁਕਮਨਾਮੇ ਸਮੇਂ ਦੀਆਂ ਸਰਕਾਰਾਂ ਨੂੰ ਬਗਾਵਤੀ ਲੱਗੇ।
ਦਿੱਲੀ ਦੇ ਤਖ਼ਤ ਤੋਂ ਉੱਚਾ ਅਕਾਲ ਤਖ਼ਤ
ਜਦੋਂ ਛੇਵੇਂ ਪਾਤਸ਼ਾਹ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਨਿਰਮਾਣ ਕਰਵਾਇਆ ਉਸ ਸਮੇਂ ਇਸ ਨੂੰ ਦਿੱਲੀ ਦੇ ਲਾਲ ਕਿਲ੍ਹੇ ਵਿੱਚ ਸਥਿਤ ਮੁਗਲ ਬਾਦਸ਼ਾਹ ਦੇ ਤਖ਼ਤ ਤੋਂ ਉੱਚਾ ਬਣਾਇਆ ਗਿਆ। ਕਿਉਂਕਿ ਉਸ ਸਮੇਂ ਮੁਗਲ ਬਾਦਸ਼ਾਹ ਦੇ ਤਖ਼ਤ ਤੋਂ ਹੋਰ ਉੱਚਾ ਕੋਈ ਤਖ਼ਤ ਨਹੀਂ ਸੀ ਹੋ ਸਕਦਾ। ਇਸ ਕਰਕੇ ਪਾਤਸ਼ਾਹ ਨੇ ਉਸ ਤੋਂ ਉੱਚਾ ਤਖ਼ਤ ਬਣਾਕੇ ਉਸ ਨੂੰ ਅਕਾਲ ਦਾ ਤਖ਼ਤ ਕਿਹਾ। ਇਸ ਤਖ਼ਤ ਨੇ ਦਿੱਲੀ ਦਰਬਾਰ ਦੀ ਪ੍ਰਭੂਸੱਤਾ ਨੂੰ ਸ਼ਰੇਆਮ ਰੱਦ ਕਰ ਦਿੱਤਾ। ਇਸ ਦਾ ਮਤਲਬ ਇਹ ਸੀ ਕਿ ਸਿੱਖ ਆਪਣੇ ਫੈਸਲੇ ਲੈਣ ਲਈ ਅਜ਼ਾਦ ਹਨ।
ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ ਤਾਂ ਉਸਨੂੰ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਮੰਨਣੇ ਪਏ। ਉਸ ਸਮੇਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਅਕਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਸਜ਼ਾ ਸੁਣਾਈ ਸੀ ਜਿਸ ਕਾਰਨ ਮਾਹਾਰਾਜਾ ਨੂੰ ਵੀ ਸ਼੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਣਾ ਪਿਆ ਸੀ। ਅੱਜ ਵੀ ਜਦੋਂ ਪੰਥ ਸਾਹਮਣੇ ਕੋਈ ਸਮੱਸਿਆ ਆਉਂਦੀ ਹੈ ਤਾਂ ਪੰਜਾਂ ਤਖ਼ਤਾਂ ਦੇ ਸਿੰਘ ਸਾਹਿਬ ਇਕੱਠੇ ਹੋਕੇ ਉਹਨਾਂ ਸਮੱਸਿਆਵਾਂ ਤੇ ਚਰਚਾ ਕਰਦੇ ਹਨ ਅਤੇ ਉਸ ਦਾ ਹੱਲ ਕੱਢਕੇ ਕੌਮ ਨੂੰ ਦੱਸਦੇ ਹਨ। ਇਸ ਤਖ਼ਤ ਨੂੰ ਪਹਿਲਾਂ ਹੁਕਮਨਾਮਾ ਸਾਹਿਬ ਸ੍ਰੀ ਹਰਿਗੋਬਿੰਦ ਜੀ ਨੇ ਜਾਰੀ ਕੀਤਾ ਸੀ।
ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਹਮਲਾ
ਸ਼੍ਰੀ ਅਕਾਲ ਤਖ਼ਤ ਸਾਹਿਬ ਸਿੱਖਾਂ ਦਾ ਜਿੱਥੇ ਸਿਰਮੌਰ ਤਖ਼ਤ ਹੈ ਤਾਂ ਉੱਥੇ ਹੀ ਉਹ ਉਹਨਾਂ ਦੀ ਊਰਜਾ ਦਾ ਸਰੋਤ ਵੀ ਹੈ। ਇਸ ਕਰਕੇ ਹਰ ਸਮੇਂ ਦੀਆਂ ਹਕੂਮਤਾਂ ਦੇ ਅੱਖਾਂ ਵਿੱਚ ਉਹ ਰੜਕਦਾ ਰਿਹਾ ਹੈ। ਚਾਹੇ ਉਹ ਔਰੰਗਜੇਬ ਹੋਵੇ ਜਾਂ ਫਿਰ ਅਬਦਾਲੀ ਜਾਂ ਜ਼ਕਰੀਆ… ਸਮੇਂ ਸਮੇਂ ਦੇ ਹਾਕਮਾਂ ਨੇ ਅਕਾਲ ਤਖ਼ਤ ਨੂੰ ਆਪਣਾ ਦੁਸ਼ਮਣ ਮੰਨਿਆ। ਅਜ਼ਾਦੀ ਤੋਂ ਬਾਅਦ ਸਾਲ 1984 ਵਿੱਚ ਭਾਰਤੀ ਫੌਜ ਵੱਲੋਂ ਤੋਪਾਂ ਅਤੇ ਟੈਂਕਾਂ ਨਾਲ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਹਮਲਾ ਕੀਤਾ ਗਿਆ। 1 ਜੂਨ ਤੋਂ 5 ਜੂਨ ਤੱਕ ਫੌਜ ਦੀ ਇਹ ਕਾਰਵਾਈ ਚੱਲੀ। ਫੌਜ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਬਹੁਤ ਨੁਕਸਾਨ ਪਹੁੰਚਾਇਆ ਅਤੇ ਬੇਅਦਬੀ ਕੀਤੀ। ਇਸ ਵਿੱਚ ਸੈਂਕੜੇ ਹੀ ਬੇਦੋਸ਼ੇ ਸਿੰਘ ਮਾਰੇ ਗਏ।
ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਮੁੜ ਉਸਾਰੀ
ਹਮਲੇ ਤੋਂ ਬਾਅਦ ਸਿੱਖ ਪੰਥ ਅੰਦਰ ਰੋਹ ਦੀ ਭਾਵਨਾ ਪੈਦਾ ਹੋ ਗਈ। ਹਮਲੇ ਤੋਂ ਕੁੱਝ ਦਿਨਾਂ ਬਾਅਦ ਦੇਸ਼ ਦੀ ਪ੍ਰਧਾਨਮੰਤਰੀ ਇੰਦਰਾ ਗਾਂਧੀ ਜਾਇਜ਼ਾ ਲੈਣ ਪਹੁੰਚੀ। ਇੰਦਰਾ ਗਾਂਧੀ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਕੁੱਝ ਬਾਬਿਆਂ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਮੁੜ ਉਸਾਰੀ ਕਰਵਾਉਣ ਦਾ ਜ਼ਿੰਮਾ ਸੌਂਪਿਆ। ਜਿਸ ਤੋਂ ਬਾਅਦ ਇਸ ਲਈ ਕੰਮ ਸ਼ੁਰੂ ਹੋ ਗਿਆ।
ਜਿਸ ਦੇ ਵਿਰੋਧ ਵਿੱਚ ਪੰਥ ਵੱਲੋਂ ਸਰਬੱਤ ਖਾਲਸਾ ਸੱਦਿਆ ਗਿਆ ਜਿਸ ਵਿੱਚ ਫੈਸਲਾ ਹੋਇਆ ਕਿ ਕਿਸੇ ਸਰਕਾਰ ਦੇ ਪੈਸੇ ਨਾਲ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਉਸਾਰੀ ਨਹੀਂ ਕੀਤੀ ਜਾਵੇਗੀ। ਜਿਸ ਤੋਂ ਬਾਅਦ ਨਵੀਂ ਕੀਤੀ ਗਈ ਉਸਾਰੀ ਨੂੰ ਢਾਹ ਦਿੱਤਾ ਗਿਆ ਅਤੇ ਸੰਗਤਾਂ ਵੱਲੋਂ ਖੁਦ ਸੇਵਾ ਕਰਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਮੁੜ ਉਸਾਰੀ ਕੀਤੀ ਗਈ।
ਇਸ ਸਮੇਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਵਜੋਂ ਭਾਈ ਰਘਵੀਰ ਸਿੰਘ ਜੀ ਸੇਵਾਵਾਂ ਨਿਭਾਅ ਰਹੇ ਹਨ।