ਮਕਰ ਸੰਕ੍ਰਾਂਤੀ ਮੌਕੇ ਪੰਜਾਬ ਵਿੱਚ ਪਤੰਗਬਾਜ਼ੀ ‘ਤੇ ਭਾਰੂ ਰਹੀ ਮੌਸਮ ਦੀ ਮਾਰ

Published: 

14 Jan 2023 15:09 PM

ਪੰਜਾਬ ਅੰਦਰ ਅੱਜ ਸਵੇਰੇ ਭਾਵੇਂ ਸੰਘਣੀ ਧੁੰਦ ਸੀ ਪਰ ਦੁਪਹਿਰ 12 ਵਜੇ ਦੇ ਕਰੀਬ ਨਿਕਲੀ ਹਲਕੀ ਧੁੱਪ ਨੇ ਪਤੰਗਬਾਜ਼ੀ ਦੇ ਸ਼ੌਕੀਨਾਂ ਦੇ ਚਿਹਰਿਆਂ ਤੇ ਰੌਣਕਾਂ ਲਿਆਦੀਆਂ ਅਤੇ ਉਨ੍ਹਾਂ ਨੇ ਪਤੰਗ ਉਡਾਏ।

ਮਕਰ ਸੰਕ੍ਰਾਂਤੀ ਮੌਕੇ ਪੰਜਾਬ ਵਿੱਚ ਪਤੰਗਬਾਜ਼ੀ ਤੇ ਭਾਰੂ ਰਹੀ ਮੌਸਮ ਦੀ ਮਾਰ
Follow Us On

ਪੰਜਾਬ ਵਿਚ ਮਾਘੀ ਮੇਲੇ ਮੌਕੇ ਜਿਥੇ ਲੋਕ ਗੁਰੂ ਘਰਾਂ ਵਿਚ ਜਾ ਕੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਨ ਉਥੇ ਹੀ ਪਤੰਗਬਾਜ਼ੀ ਦੇ ਸ਼ੌਕੀਨ ਪਤੰਗ ਉਡਾ ਕੇ ਇਸ ਦਿਨ ਨੂੰ ਬਤੀਤ ਕਰਦੇ ਹਨ। ਪੰਜਾਬ ਅੰਦਰ ਅੱਜ ਸਵੇਰੇ ਭਾਵੇਂ ਸੰਘਣੀ ਧੁੰਦ ਸੀ ਪਰ ਦੁਪਹਿਰ 12 ਵਜੇ ਦੇ ਕਰੀਬ ਨਿਕਲੀ ਹਲਕੀ ਧੁੱਪ ਨੇ ਪਤੰਗਬਾਜ਼ੀ ਦੇ ਸ਼ੌਕੀਨਾਂ ਦੇ ਚਿਹਰਿਆਂ ਤੇ ਰੌਣਕਾਂ ਲਿਆਦੀਆਂ ਅਤੇ ਉਨ੍ਹਾਂ ਨੇ ਪਤੰਗ ਉਡਾਏ। ਪੰਜਾਬ ਵਿੱਚ ਅੱਜ ਦਿਨ ਭਰ ਮੌਸਮ ਬਦਲਦਾ ਰਿਹਾ। ਸੂਬੇ ਦੇ ਕਈ ਸ਼ਹਿਰਾਂ ਵਿੱਚ ਤਾਂ ਦਿਨ ਵੇਲੇ ਹਲਕੀ ਬੂੰਦਾ ਬਾਂਦੀ ਵੀ ਹੋਈ। ਇਸਦੇ ਬਾਵਜੂਦ ਪੰਜਾਬ ਵਿੱਚ ਪੰਤਗਬਾਜਾਂ ਨੇ ਸਾਲਾਂ ਤੋਂ ਚਲੀ ਆ ਰਹੀ ਇਹ ਰਸਮ ਪੂਰੀ ਕੀਤੀ।

ਚਾਈਨਾ ਡੋਰ ਤੇ ਪਾਬੰਦੀ ਲਈ ਜਾਰੀ ਰਹੇ ਪੁਲਿਸ ਦੇ ਛਾਪੇ

ਪੰਜਾਬ ਅੰਦਰ ਜਾਨਲੇਵਾ ਸਿੱਧ ਹੋ ਰਹੀ ਚਾਈਨਾ ਡੋਰ ਦੀ ਵਿਕਰੀ ਤੇ ਮੁਕੰਮਲ ਪਾਬੰਦੀ ਲਈ ਪੰਜਾਬ ਪੁਲਿਸ ਵਲੋਂ ਸਖਤੀ ਕਰਦਿਆਂ ਅੱਜ ਮਾਘੀ ਮੇਲੇ ਮੌਕੇ ਵੱਖ-ਵੱਖ ਥਾਵਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ,ਕਿਉਂਕਿ ਮਾਘੀ ਮੇਲੇ ਮੌਕੇ ਲੋਕ ਵੱਡੀ ਗਿਣਤੀ ਵਿਚ ਪਤੰਗ ਉਡਾਉਦੇ ਹਨ ਅਤੇ ਮਾਰਕੀਟਾਂ ਵਿਚ ਪਤੰਗਾਂ ਅਤੇ ਡੋਰਾਂ ਦੀ ਵਿਕਰੀ ਵੀ ਬਹੁਤ ਹੁੰਦੀ ਹੈ। ਪੰਜਾਬ ਪੁਲਿਸ ਤੇ ਪ੍ਰਸ਼ਾਸਨ ਦੀ ਸਖਤੀ ਦੇ ਬਾਵਜੂਦ ਵੀ ਦੁਕਾਨਦਾਰ ਚੋਰ ਮੋਰੀ ਰਾਹੀਂ ਚਾਈਨਾ ਡੋਰ ਵੇਚ ਰਹੇ ਹਨ ਜਿਸ ਕਾਰਨ ਲੰਘੇ ਕੁੱਝ ਦਿਨਾਂ ਵਿਚ ਹੀ ਬਹੁਤ ਸਾਰੇ ਲੋਕ ਹਾਦਸੇ ਦਾ ਸ਼ਿਕਾਰ ਹੋਏ ਹਨ ਅਤੇ ਇਹ ਡੋਰ ਜਾਨਲੇਵਾ ਵੀ ਸਿੱਧ ਹੋ ਰਹੀ ਹੈ। ਪ੍ਰਸਾਸ਼ਨ ਵਲੋਂ ਲਗਾਤਾਰ ਸਖਤੀ ਕਰਦਿਆਂ ਚਾਈਨਾਂ ਡੋਰ ਤੇ ਮੁਕੰਮਲ ਰੋਕ ਲਗਾਉਣ ਲਈ ਯਤਨ ਕੀਤੇ ਜਾ ਰਹੇ ਹਨ ਪਰ ਫਿਰ ਵੀ ਚਾਈਨਾ ਡੋਰ ਬਾਜ਼ਾਰਾਂ ਵਿਚ ਅੰਦਰ ਖਾਤੇ ਮਿਲ ਰਹੀ ਹੈ।

ਕੁੱਝ ਖੇਤਰਾਂ ਚ ਘਟਿਆ ਪਤੰਗਬਾਜ਼ੀ ਦਾ ਸ਼ੌਕ

ਵੈਸੇ ਤਾਂ ਸਾਰੇ ਪੰਜਾਬ ਵਿਚ ਹੀ ਮਾਘੀ ਅਤੇ ਬਸੰਤ ਪੰਚਮੀ ਮੌਕੇ ਪਤੰਗਬਾਜ਼ੀ ਦਾ ਸ਼ੌਕ ਰੱਖਣ ਵਾਲੇ ਬਹੁਤ ਸਾਰੇ ਲੋਕ ਹਨ। ਪਰ ਇਹ ਸ਼ੌਕ ਸਮੇਂ ਦੇ ਨਾਲ-ਨਾਲ ਕੁੱਝ ਇਲਾਕਿਆਂ ਵਿਚ ਕਾਫੀ ਘੱਟ ਗਿਆ ਹੈ। ਪੰਜਾਬ ਦੇ ਪੜੇ ਲਿਖੇ ਸ਼ਹਿਰ ਮੁਹਾਲੀ ਤੋਂ ਇਲਾਵਾ ਫਤਿਹਗੜ੍ਹ ਸਾਹਿਬ, ਸਨਅਤੀ ਸ਼ਹਿਰ ਲੁਧਿਆਣਾ ਖੇਤਰ ਅੰਦਰ ਵੀ ਕੁੱਝ ਇਲਾਕਿਆਂ ਵਿਚ ਪਤੰਗਬਾਜ਼ੀ ਦਾ ਸ਼ੌਕ ਘਟਿਆ ਹੈ। ਜਿਸਦਾ ਕਾਰਨ ਚਾਈਨਾ ਡੋਰ ਨੂੰ ਵੀ ਮੰਨਿਆ ਜਾ ਰਿਹਾ ਹੈ।

Exit mobile version