Mai Bhago Ji: ਭਾਗਭਰੀ ਕਿਵੇਂ ਬਣ ਗਈ ਮਾਈ ਭਾਗੋ, ਜਿਸ ਦੇ ਬੋਲਾਂ ਨੇ ਬਣਾਏ ਚਾਲੀ ਮੁਕਤੇ

Updated On: 

14 Jan 2025 11:02 AM

Mai Bhago Ji History: ਮਾਈ ਭਾਗੋ ਆਪਣੇ ਘਰ ਵਿੱਚ ਸਿੱਖ ਗੁਰੂਆਂ ਦੀਆਂ ਕਹਾਣੀਆਂ ਸੁਣਿਆਂ ਕਰਦੇ ਸਨ। ਐਨਾ ਹੀ ਨਹੀਂ ਉਹਨਾਂ ਨੇ ਆਪਣੇ ਘਰ ਵਿੱਚ ਵੀ ਹਥਿਆਰਾਂ ਦਾ ਅਭਿਆਸ ਕਰਕੇ ਚੰਗੀ ਜੰਗਜੂ ਬਣ ਗਈ ਸੀ। ਸ਼ਾਇਦ ਕੁਦਰਤ ਉਹਨਾਂ ਨੂੰ ਇੱਕ ਭਿਆਨਕ ਜੰਗ ਲਈ ਖੁਦ ਤਿਆਰ ਕਰ ਰਹੀ ਸੀ।

Mai Bhago Ji: ਭਾਗਭਰੀ ਕਿਵੇਂ ਬਣ ਗਈ ਮਾਈ ਭਾਗੋ, ਜਿਸ ਦੇ ਬੋਲਾਂ ਨੇ ਬਣਾਏ ਚਾਲੀ ਮੁਕਤੇ

ਭਾਗਭਰੀ ਕਿਵੇਂ ਬਣ ਗਈ ਮਾਈ ਭਾਗੋ ?

Follow Us On

ਜ਼ਿਲ੍ਹਾ ਅੰਮ੍ਰਿਤਸਰ ਵਿੱਚ ਪਿੰਡ ਪੈਂਦਾ ਹੈ ਝੰਬਾਲ। ਇਤਿਹਾਸਿਕ ਸਰੋਤਾਂ ਅਨੁਸਾਰ ਇਹ ਉਹੀ ਪਿੰਡ ਹੈ ਜਿਸ ਵਿੱਚ ਮਾਈ ਭਾਗੋ ਦਾ ਜਨਮ ਹੋਇਆ ਸੀ। ਝੰਬਾਲ ਪਿੰਡ ਵਿੱਚ ਰਹਿੰਦੇ ਪਾਰੋ ਸ਼ਾਹ ਦੇ ਪੁੱਤਰ ਮਾਲੇ ਸ਼ਾਹ ਦੇ ਘਰ ਬੀਬੀ ਭਾਗ ਕੌਰ ਦਾ ਜਨਮ ਹੋਇਆ। ਉਹ 4 ਭਰਾਵਾਂ ਦੀ ਇਕਲੌਤੀ ਭੈਣ ਸੀ। ਮਾਪਿਆਂ ਨੇ ਮਾਤਾ ਭਾਗੋ ਦਾ ਬਚਪਨ ਦਾ ਭਾਗਭਰੀ ਰੱਖਿਆ।

ਮਾਤਾ ਭਾਗੋ ਜੀ ਦੇ ਵਡੇਰੇ ਸ਼੍ਰੀ ਗੁਰੂ ਅਰਜਨ ਜੀ ਦੇ ਸਿੱਖ ਬਣ ਗਏ ਸਨ। ਜਿਸ ਕਾਰਨ ਮਾਤਾ ਭਾਗੋ ਦੇ ਘਰ ਵਾਲੇ ਅਕਸਰ ਗੁਰੂ ਤੇਗ ਬਹਾਦਰ ਜੀ ਦੇ ਦਰਬਾਰ ਵਿੱਚ ਪਾਵਨ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਦਰਸ਼ਨ ਲਈ ਜਾਇਆ ਕਰਦੇ ਸਨ। ਮੰਨਿਆ ਜਾਂਦਾ ਹੈ ਕਿ ਜਦੋਂ ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ (ਉਸ ਸਮੇਂ ਗੋਬਿੰਦ ਰਾਏ) ਨੂੰ ਗੁਰਗੱਦੀ ਮਿਲੀ ਤਾਂ ਉਸ ਸਮੇਂ ਬੀਬੀ ਭਾਗੋ ਉਸ ਸਮੇਂ ਉੱਥੇ ਮੌਜੂਦ ਸਨ। ਬਚਪਨ ਤੋਂ ਹੀ ਬੀਬੀ ਭਾਗੋ ਜੀ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਕਾਫ਼ੀ ਪ੍ਰਭਾਵ ਸੀ।

ਗੁਰੂ ਦੀਆਂ ਸਿੱਖਿਆਵਾਂ ਦਾ ਅਸਰ

ਮਾਈ ਭਾਗੋ ਆਪਣੇ ਘਰ ਵਿੱਚ ਸਿੱਖ ਗੁਰੂਆਂ ਦੀਆਂ ਕਹਾਣੀਆਂ ਸੁਣਿਆਂ ਕਰਦੇ ਸਨ। ਐਨਾ ਹੀ ਨਹੀਂ ਉਹਨਾਂ ਨੇ ਆਪਣੇ ਘਰ ਵਿੱਚ ਵੀ ਹਥਿਆਰਾਂ ਦਾ ਅਭਿਆਸ ਕਰਕੇ ਚੰਗੀ ਜੰਗਜੂ ਬਣ ਗਈ ਸੀ। ਸ਼ਾਇਦ ਕੁਦਰਤ ਉਹਨਾਂ ਨੂੰ ਇੱਕ ਭਿਆਨਕ ਜੰਗ ਲਈ ਖੁਦ ਤਿਆਰ ਕਰ ਰਹੀ ਸੀ।

ਸਿੱਖਾਂ ਦਾ ਬੇ-ਦਾਅਵਾ

40 ਸਿੱਖ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਬੇ-ਦਾਅਵਾ (ਤੁਸੀਂ ਸਾਡੇ ਗੁਰੂ ਨਹੀਂ, ਅਸੀਂ ਤੁਹਾਡੇ ਸਿੱਖ ਨਹੀਂ) ਲਿਖ ਕੇ ਆਪਣੇ ਘਰਾਂ ਵੱਲ ਨੂੰ ਮਾਝੇ ਇਲਾਕੇ ਵਿੱਚ ਗਏ ਸਨ। ਵਾਪਸ ਆਏ ਸਿੱਖਾਂ ਨੂੰ ਇਹ ਸੀ ਕਿ ਪਰਿਵਾਰ ਅਤੇ ਪਿੰਡ ਵਾਲੇ ਉਹਨਾਂ ਦਾ ਸਵਾਗਤ ਕਰਨਗੇ ਪਰ ਅਜਿਹਾ ਨਹੀਂ ਹੋਇਆ। ਸਗੋਂ ਲੋਕਾਂ ਨੇ ਉਹਨਾਂ ਨੂੰ ਲਾਹਨਤਾਂ ਪਾਈਆਂ ਕਿ ਤੁਸੀਂ ਗੁਰੂ ਤੋਂ ਮੁੱਖ ਮੋੜ ਆਏ ਹੋ।

ਮਾਈ ਭਾਗੋ ਦੀ ਲਲਕਾਰ

ਜਦੋਂ ਪਾਤਸ਼ਾਹ ਮਾਲਵੇ ਇਲਾਕੇ ਵਿੱਚ ਆਏ ਤਾਂ ਉਹਨਾਂ ਦਾ ਪਿੱਛਾ ਮੁਗਲ ਫੌਜ ਵੱਲੋਂ ਕੀਤਾ ਜਾਣ ਲੱਗਾ। ਤਾਂ ਅਜਿਹੀ ਸਥਿਤੀ ਵਿੱਚ ਮਾਈ ਭਾਗੋ ਨੇ ਸਿੱਖਾਂ ਵਾਲਾ ਬਾਣਾ ਪਾਇਆ ਅਤੇ ਉਹਨਾਂ 40 ਸਿੱਖਾਂ ਨੂੰ ਲਾਹਨਤ ਦੇ ਰੂਪ ਵਿੱਚ ਆਪਣੀਆਂ ਚੂੜੀਆਂ ਲਾਹ ਕੇ ਦੇ ਦਿੱਤੀਆਂ। ਨਾਲੇ ਆਖਿਆ ਕਿ ਤੁਸੀਂ ਚੂੜੀਆਂ ਪਾਕੇ ਘਰ ਬੈਠੋ ਅਸੀਂ ਔਰਤਾਂ ਜਾਕੇ ਜੰਗ ਲੜ ਲਵਾਂਗੀਆਂ।

ਖਿਦਰਾਣੇ ਦੀ ਢਾਬ ਤੇ ਹੋਈ ਜੰਗ

ਮਾਈ ਭਾਗੋ ਅਤੇ ਹੋਰ ਪਿੰਡਾਂ ਵਾਲਿਆਂ ਦੀਆਂ ਲਾਹਨਤਾਂ ਤੋਂ ਬਾਅਦ 40 ਸਿੰਘਾਂ ਨੇ ਮੁੜ ਜੰਗ ਲੜਣ ਦਾ ਫੈਸਲਾ ਲਿਆ ਅਤੇ ਮਾਈ ਭਾਗੋ ਜੀ ਦੀ ਅਗਵਾਈ ਵਿੱਚ ਖਿਦਰਾਣੇ ਦੀ ਢਾਬ (ਸ਼੍ਰੀ ਮੁਕਤਸਰ ਸਾਹਿਬ) ਵੱਲ ਚਾਲੇ ਪਾ ਦਿੱਤੇ। ਗੁਰੂ ਸਾਹਿਬ ਵੱਲ ਜਾ ਰਹੇ ਇਸ ਕਾਫ਼ਲੇ ਨੂੰ ਸੂਚਨਾਂ ਮਿਲੀ। ਕਿ ਇਸ ਰਾਹ ਰਾਹੀਂ ਮੁਗਲ ਫੌਜ ਗੁਰੂ ਪਾਤਸ਼ਾਹ ਤੇ ਹਮਲਾ ਕਰੇਗੀ ਤਾਂ ਸਿੰਘਾਂ ਨੇ ਉੱਥੇ ਡੇਰੇ ਲਗਾ ਦਿੱਤੇ।

ਫਿਰ ਇੱਕ ਭਿਆਨਕ ਜੰਗ ਹੋਈ। ਜਿਸ ਨੂੰ ਖਿਦਰਾਣੇ ਦੀ ਜੰਗ ਕਿਹਾ ਜਾਂਦਾ ਹੈ। ਲੜਦੇ ਲੜਦੇ 40 ਸਿੰਘ ਜਖ਼ਮੀ ਹੋ ਗਏ ਅਤੇ ਬਹੁਤ ਹੌਲੀ ਹੌਲੀ ਸ਼ਹੀਦ ਵੀ ਹੋ ਗਏ ਸਨ। ਜਦੋਂ ਪਾਤਸ਼ਾਹ ਇਹਨਾਂ ਸਿੰਘਾਂ ਕੋਲ ਆਏ ਤਾਂ ਇੱਕ ਮਹਾਂ ਸਿੰਘ ਨਾਮ ਦਾ ਸਿੰਘ ਜਖ਼ਮੀ ਪਿਆ ਸੀ। ਜਦੋਂ ਪਾਤਸ਼ਾਹ ਕੋਲ ਆਏ ਤਾਂ ਉਹਨਾਂ ਨੇ ਜਖ਼ਮੀ ਸਿੰਘ ਨੂੰ ਪੁੱਛਿਆ ਕਿ ਕੁੱਝ ਮੰਗਣਾ ਚਾਹੁੰਦੇ ਹੋ। ਤਾਂ ਭਾਈ ਮਹਾਂ ਸਿੰਘ ਨੇ ਕਿਹਾ ਪਾਤਸ਼ਾਹ ਟੁੱਟੀ ਗੰਢ ਲਵੋ, ਬੇ-ਦਾਅਵਾ ਪਾੜ ਦਿਓ।

ਮਹਾਂ ਸਿੰਘ ਦੀ ਬੇਨਤੀ ਸਵੀਕਾਰ ਕਰਦਿਆਂ ਪਾਤਸ਼ਾਹ ਨੇ ਬੇ-ਦਾਅਵਾ ਪਾੜ ਦਿੱਤਾ ਅਤੇ ਸ਼ਹੀਦ ਹੋਏ ਸਿੰਘਾਂ ਦਾ ਆਪਣੇ ਹੱਥੀਂ ਸਸਕਾਰ ਕੀਤਾ। ਇਸ ਜੰਗ ਵਿੱਚ ਮਾਈ ਭਾਗੋ ਜਖ਼ਮੀ ਹੋਈ। ਗੁਰੂ ਸਾਹਿਬ ਦੇ ਆਦੇਸ਼ਾਂ ਤੇ ਉਹਨਾਂ ਦਾ ਇਲਾਜ ਕੀਤਾ। ਇਸ ਜੰਗ ਤੋਂ ਬਾਅਦ ਮਾਈ ਭਾਗੋ ਜੀ ਨੇ ਆਪਣੀ ਜਿੰਦਗੀ ਸਿੱਖ ਪੰਥ ਦੇ ਪ੍ਰਚਾਰ ਵਿੱਚ ਲਗਾ ਦਿੱਤੀ ਅਤੇ ਗੁਰਦੁਆਰਾ ਨਾਨਕ ਝੀਰਾ ਸਾਹਿਬ (ਕਰਨਾਕਟਕ) ਕਰੀਬ 10 ਕਿਲੋਮੀਟਰ ਦੂਰ ਇੱਕ ਸਥਾਨ ਤੇ ਆਪ ਜੀ ਨੇ ਆਖਰੀ ਸਾਹ ਲਏ। ਮਾਤਾ ਭਾਗੋ ਜੀ ਦੀ ਯਾਦ ਵਿੱਚ ਉੱਥੇ ਇੱਕ ਅਸਥਾਨ ਵੀ ਬਣਿਆ ਹੋਇਆ ਹੈ।