Hukamnama Sri Darbar Sahib 10th February 2026: ਹੁਕਮਨਾਮਾ ਸ੍ਰੀ ਦਰਬਾਰ ਸਾਹਿਬ 10 ਫਰਵਰੀ 2026

Published: 

10 Feb 2026 06:41 AM IST

Daily Hukamnama Sri Darbar Sahib: ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਦਾ ਮਤਲਬ ਹੈ ਹਰ ਰੋਜ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਤੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਲਿਆ ਗਿਆ ਪਾਠ (ਉਪਦੇਸ਼/ਫ਼ੁਰਮਾਨ), ਜੋ ਕਿ ਰੋਜ਼ਾਨਾ ਸਾਧ ਸੰਗਤ ਲਈ ਪ੍ਰੇਰਨਾ ਸਰੋਤ ਹੁੰਦਾ ਹੈ ਅਤੇ ਸਾਰੇ ਸਿੱਖਾਂ ਲਈ ਜੀਵਨ ਜੀਉਣ ਦਾ ਮਾਰਗ ਦਰਸਾਉਂਦਾ ਹੈ।

Hukamnama Sri Darbar Sahib 10th February 2026: ਹੁਕਮਨਾਮਾ ਸ੍ਰੀ ਦਰਬਾਰ ਸਾਹਿਬ 10 ਫਰਵਰੀ 2026

ਹੁਕਮਨਾਮਾ ਸ੍ਰੀ ਦਰਬਾਰ ਸਾਹਿਬ 10 ਫਰਵਰੀ 2026

Follow Us On

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ

ਸੋਰਠਿ ਮਹਲਾ ੫ ॥ ਤਾਪੁ ਗਵਾਇਆ ਗੁਰਿ ਪੂਰੇ ॥ ਵਾਜੇ ਅਨਹਦ ਤੂਰੇ ॥ ਸਰਬ ਕਲਿਆਣ ਪ੍ਰਭਿ ਕੀਨੇ ॥ ਕਰਿ ਕਿਰਪਾ ਆਪਿ ਦੀਨੇ ॥੧॥ ਬੇਦਨ ਸਤਿਗੁਰਿ ਆਪਿ ਗਵਾਈ ॥ ਸਿਖ ਸੰਤ ਸਭਿ ਸਰਸੇ ਹੋਏ ਹਰਿ ਹਰਿ ਨਾਮੁ ਧਿਆਈ ॥ ਰਹਾਉ ॥ ਜੋ ਮੰਗਹਿ ਸੋ ਲੇਵਹਿ ॥ ਪ੍ਰਭ ਅਪਣਿਆ ਸੰਤਾ ਦੇਵਹਿ ॥ ਹਰਿ ਗੋਵਿਦੁ ਪ੍ਰਭਿ ਰਾਖਿਆ ॥ ਜਨ ਨਾਨਕ ਸਾਚੁ ਸੁਭਾਖਿਆ ॥੨॥੬॥੭੦॥

ਪਦ ਅਰਥ: ਗੁਰਿ = ਗੁਰੂ ਨੇ। ਤਾਪੁ = ਦੁੱਖ-ਕਲੇਸ਼। ਵਾਜੇ = ਵੱਜ ਪਏ। ਅਨਹਦ = ਇਕ-ਰਸ, ਬਿਨਾ ਵਜਾਏ। ਤੂਰੇ = ਵਾਜੇ। ਕਲਿਆਣ = ਸੁਖ। ਪ੍ਰਭਿ = ਪ੍ਰਭੂ ਨੇ। ਕਰਿ = ਕਰ ਕੇ ॥੧॥ ਬੇਦਨ = ਪੀੜ। ਸਤਿਗੁਰਿ = ਸਤਿਗੁਰੂ ਨੇ। ਸਭਿ = ਸਾਰੇ। ਸਰਸੇ = ਸ-ਰਸ, ਰਸ ਸਹਿਤ, ਆਨੰਦ-ਭਰਪੂਰ। ਧਿਆਈ = ਧਿਆਇ, ਸਿਮਰ ਕੇ ॥ ਮੰਗਹਿ = ਮੰਗਦੇ ਹਨ। ਲੇਵਹਿ = ਹਾਸਲ ਕਰਦੇ ਹਨ। ਪ੍ਰਭ = ਹੇ ਪ੍ਰਭੂ! ਦੇਵਹਿ = ਤੂੰ ਦੇਂਦਾ ਹੈਂ। ਪ੍ਰਭਿ = ਪ੍ਰਭੂ ਨੇ। ਸੁਭਾਖਿਆ = ਉਚਾਰਿਆ ਹੈ ॥੨॥੬॥੭੦॥

ਅਰਥ: ਪੂਰੇ ਗੁਰੂ ਨੇ (ਹਰਿ-ਨਾਮ ਦੀ ਦਵਾਈ ਦੇ ਕੇ ਜਿਸ ਮਨੁੱਖ ਦੇ ਅੰਦਰੋਂ) ਤਾਪ ਦੂਰ ਕਰ ਦਿੱਤਾ, (ਉਸ ਦੇ ਅੰਦਰ ਆਤਮਕ ਆਨੰਦ ਦੇ, ਮਾਨੋ) ਇਕ-ਰਸ ਵਾਜੇ ਵੱਜਣ ਲੱਗ ਪਏ। ਪ੍ਰਭੂ ਨੇ ਸਾਰੇ ਸੁਖ ਆਨੰਦ ਆਨੰਦ ਬਖ਼ਸ਼ ਦਿੱਤੇ। ਉਸ ਨੇ ਕਿਰਪਾ ਕਰ ਕੇ ਆਪ ਹੀ ਇਹ ਸੁਖ ਬਖ਼ਸ਼ ਦਿੱਤੇ ॥੧॥ ਹੇ ਭਾਈ! (ਜਿਸ ਨੇ ਭੀ ਪਰਮਾਤਮਾ ਦਾ ਨਾਮ ਸਿਮਰਿਆ) ਗੁਰੂ ਨੇ ਆਪ (ਉਸ ਦੀ ਹਰੇਕ) ਪੀੜਾ ਦੂਰ ਕਰ ਦਿੱਤੀ। ਸਾਰੇ ਸਿੱਖ ਸੰਤ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਆਨੰਦ-ਭਰਪੂਰ ਹੋਏ ਰਹਿੰਦੇ ਹਨ ॥ ਰਹਾਉ॥ ਹੇ ਪ੍ਰਭੂ! (ਤੇਰੇ ਦਰ ਤੋਂ ਤੇਰੇ ਸੰਤ ਜਨ) ਜੋ ਕੁਝ ਮੰਗਦੇ ਹਨ, ਉਹ ਹਾਸਲ ਕਰ ਲੈਂਦੇ ਹਨ। ਤੂੰ ਆਪਣੇ ਸੰਤਾਂ ਨੂੰ (ਆਪ ਸਭ ਕੁਝ) ਦੇਂਦਾ ਹੈਂ। (ਹੇ ਭਾਈ! ਬਾਲਕ) ਹਰਿ ਗੋਬਿੰਦ ਨੂੰ (ਭੀ) ਪ੍ਰਭੂ ਨੇ (ਆਪ) ਬਚਾਇਆ ਹੈ (ਕਿਸੇ ਦੇਵੀ ਆਦਿਕ ਨੇ ਨਹੀਂ) ਦਾਸ ਨਾਨਕ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਨਾਮ ਹੀ ਉਚਾਰਦਾ ਹੈ ॥੨॥੬॥੭੦॥

ਵਾਹਿਗੁਰੂ ਜੀ ਕਾ ਖਾਲਸਾ !! ਵਾਹਿਗੁਰੂ ਜੀ ਕੀ ਫਤਹਿ !!