ਜਿੱਥੇ ਭਰਥਰੀ ਨੂੰ ਦਿਖਾਇਆ ਸੀ ਸੱਚ ਦਾ ਰਾਹ… ਆਓ ਜਾਣੀਏ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਘਾਟ ਸਾਹਿਬ ਬਾਰੇ
ਮੱਧ ਪ੍ਰਦੇਸ਼ ਦੇ ਸ਼ਹਿਰ ਉਜੈਨ ਨੂੰ ਵੱਡੀ ਗਿਣਤੀ ਵਿੱਚ ਲੋਕ ਜਾਂ ਸ਼ਰਧਾਲੂ ਮਹਾਕਾਲ ਸ਼ਿਵਲਿੰਗ ਕਾਰਨ ਜਾਣਦੇ ਹਨ। ਪਰ ਸਿੱਖ ਇਤਿਹਾਸ ਦੀ ਇਸ ਲੜੀ ਵਿੱਚ ਆਪਣਾ ਉਸ ਅਸਥਾਨ ਬਾਰੇ ਜਾਣਾਂਗੇ ਜਿੱਥੇ ਪਹਿਲੀ ਪਾਤਸ਼ਾਹੀ ਨੇ ਭਰਥਰੀ ਰਿਸ਼ੀ ਨੂੰ ਸੱਚ ਦਾ ਮਾਰਗ ਦਿਖਾਇਆ ਸੀ।
ਉਜੈਨ ਨੂੰ ਅਕਸਰ ਮਹਾਂਕਾਲ ਮੰਦਰ ਲਈ ਜਾਣਿਆ ਜਾਂਦਾ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਸਿੱਖ ਉਜੈਨ ਨੂੰ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਘਾਟ ਸਾਹਿਬ ਕਾਰਨ ਜਾਣਦੇ ਹਨ। ਜੀ ਹਾਂ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੁਨੀਆ ਨੂੰ ਤਾਰਨ ਲਈ ਵੱਖ ਵੱਖ ਇਲਾਕਿਆਂ ਵਿੱਚ ਉਦਾਸੀਆਂ ਤੇ ਗਏ। ਉਸ ਸਮੇਂ ਅਵੰਤੀਪੁਰਾ ਨਾਮ ਦੇ ਸਥਾਨ ਤੇ ਗੁਰੂ ਸਾਹਿਬ ਨੇ ਸੰਗਤਾਂ ਨੂੰ ਦਰਸ਼ਨ ਦਿੱਤੇ।
ਸ਼ਿਪਰਾ ਨਦੀ ਗੁਰਦੁਆਰਾ ਸਾਹਿਬ ਦੇ ਪਿੱਛੇ ਵਗਦੀ ਹੈ ਅਤੇ ਇਸ ਨਦੀ ਦੇ ਘਾਟ ਨੂੰ ਸ੍ਰੀ ਗੁਰੂ ਨਾਨਕ ਘਾਟ ਕਿਹਾ ਜਾਂਦਾ ਹੈ। ਦੇਸ਼ ਵਿਦੇਸ਼ ਦੇ ਲੋਕਾਂ ਦੀ ਸ਼ਰਧਾਂ ਇਸ ਅਸਥਾਨ ਤੇ ਹੈ। ਤੁਹਾਨੂੰ ਦੱਸ ਦੇਈਏ ਕਿ ਗੁਰਦੁਆਰਾ ਸ੍ਰੀ ਗੁਰੂ ਨਾਨਕ ਘਾਟ ਸਾਹਿਬ ਉਜੈਨ ਸ਼ਹਿਰ ਦੇ ਵਿਚਕਾਰੋਂ ਵਹਿਣ ਵਾਲੀ ਸ਼ਿਪਰਾ ਨਦੀ ਨੂੰ ਪਾਰ ਕਰਨ ਤੋਂ ਬਾਅਦ ਆਉਂਦਾ ਹੈ।
ਰਾਜੇ ਭਰਥਰੀ ਨਾਲ ਹੋਈ ਮੁਲਾਕਾਤ
ਜੇਕਰ ਇਤਿਹਾਸਕਾਰਾਂ ਦੀ ਮੰਨੀਏ ਤਾਂ ਉਜੈਨ ਸ਼ਹਿਰ ਦਾ ਪੁਰਾਣਾ ਨਾਂ ਅਵੰਤੀਪੁਰਾ ਸੀ ਜੋ ਕਿ ਅਵੰਤੀ ਨਦੀ ਦੇ ਕੰਢੇ ਸਥਿਤ ਸੀ। ਪਰ ਅੱਜਕੱਲ੍ਹ ਇਸ ਨੂੰ ਸ਼ਿਪਰਾ ਨਦੀ ਵੀ ਕਿਹਾ ਜਾਂਦਾ ਹੈ। ਉਸ ਸਮੇਂ ਵੀ, ਉਜੈਨ ਵਪਾਰ ਦਾ ਇੱਕ ਮਸ਼ਹੂਰ ਸੀ। ਇਸ ਇਲਾਕੇ ਉੱਪਰ ਕਿਸੇ ਸਮੇਂ ਪ੍ਰਸਿੱਧ ਰਾਜਾ ਵਿਕਰਮਾਦਿੱਤਿਆ ਦਾ ਰਾਜ ਸੀ। ਇੱਥੇ ਹੀ ਰਾਜਾ ਭਰਥਰੀ, ਜੋ ਰਾਜ ਛੱਡ ਕੇ ਯੋਗੀ ਬਣ ਕੇ ਸੱਚੇ ਮਾਰਗ ਦੀ ਖੋਜ ਲਈ ਨਿਕਲੇ ਸਨ। ਉਹਨਾਂ ਦੀ ਮੁਲਾਕਾਤ ਗੁਰੂ ਸਾਹਿਬ ਨਾਲ ਹੋਈ। ਗੁਰੂ ਸਾਹਿਬ ਜੀ ਨੇ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਇਲਾਹੀ ਬਾਣੀ ਦਾ ਕੀਰਤਨ ਅਰੰਭ ਕੀਤਾ, ਜਿਸ ਨੂੰ ਸੁਣ ਕੇ ਰਾਜਾ ਭਰਥਰੀ ਬਹੁਤ ਪ੍ਰਭਾਵਿਤ ਹੋਏ। ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਇਸ ਅਸਥਾਨ ਤੇ 3 ਦਿਨ ਠਹਿਰ ਕੇ ਬਾਦਸ਼ਾਹ ਅਤੇ ਸਾਥੀਆਂ ਨੂੰ ਸੱਚ ਦੇ ਮਾਰਗ ਦਾ ਪ੍ਰਚਾਰ ਕੀਤਾ।
ਸੰਗਤਾਂ ਭਾਰਤ ਵਿੱਚੋਂ ਹੀ ਨਹੀਂ ਸਗੋਂ ਵਿਦੇਸ਼ ਵਿੱਚੋਂ ਵੀ ਇਸ ਅਸਥਾਨ ਤੇ ਆਕੇ ਇਸ ਇਤਿਹਾਸਿਕ ਅਸਥਾਨ ਦੇ ਦਰਸ਼ਨ ਕਰਦੀਆਂ ਹਨ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਨੂੰ ਪ੍ਰਾਪਤ ਕਰਦੀਆਂ ਹਨ। ਇਸ ਅਸਥਾਨ ਤੇ ਪਹੁੰਚਣ ਲਈ ਤੁਸੀਂ ਰੇਲ, ਬੱਸ ਅਤੇ ਹਵਾਈ ਸਫ਼ਰ ਵੀ ਕਰ ਸਕਦੇ ਹੋ। ਦੇਸ਼ ਵਿਦੇਸ਼ ਤੋਂ ਆਉਣ ਵਾਲੀਆਂ ਸੰਗਤਾਂ ਲਈ ਰਹਿਣ ਲਈ ਸਰਾਵਾਂ ਅਤੇ ਗੁਰੂ ਕਾ ਲੰਗਰ ਅਟੁੱਟ ਵਰਤਦਾ ਹੈ।