ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ‘ਚ AAP ਦੀ ਹੂੰਝਾਂ ਫੇਰ ਜਿੱਤ, ਸੀਐਮ ਮਾਨ ਨੇ ਕੀਤਾ ਲੋਕਾਂ ਦਾ ਧੰਨਵਾਦ

Updated On: 

18 Dec 2025 19:26 PM IST

Zila Parishad-Block Samiti Election Result : ਪੰਜਾਬ 'ਚ 14 ਦਸੰਬਰ ਨੂੰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ 'ਚ 48% ਵੋਟ ਹੋਈ। 347 ਜ਼ਿਲ੍ਹਾਂ ਪ੍ਰੀਸ਼ਦ ਤੇ 2,838 ਬਲਾਕ ਸੰਮਤੀ ਚੁਣਨ ਲਈ ਵੋਟਰਾਂ ਨੇ ਆਪਣੇ ਹੱਕ ਦਾ ਅਧਿਕਾਰ ਕੀਤਾ। ਇਨ੍ਹਾਂ ਚੋਣਾਂ ਨੇ 9,000 ਤੋਂ ਵੱਧ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕੀਤਾ। ਆਮ ਆਦਮੀ ਪਾਰਟੀ (ਆਪ), ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਸਮੇਤ ਸਾਰੀਆਂ ਪ੍ਰਮੁੱਖ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾਂ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਪਾਰਟੀ ਦੇ ਚਿੰਨ੍ਹਾਂ 'ਤੇ ਲੜੀਆਂ।

ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਚ AAP ਦੀ ਹੂੰਝਾਂ ਫੇਰ ਜਿੱਤ, ਸੀਐਮ ਮਾਨ ਨੇ ਕੀਤਾ ਲੋਕਾਂ ਦਾ ਧੰਨਵਾਦ

ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੇ ਨਤੀਜੇ

Follow Us On

ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ‘ਚ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ‘ਚ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਭਾਰੀ ਜਿੱਤ ਨਾਲ, ਆਪ ਇਨ੍ਹਾਂ ਚੋਣਾਂ ‘ਚ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਜਿੱਤ ਦਾ ਸਿਹਰਾ ਸੂਬੇ ਦੀ ਜਨਤਾ ਦੇ ਸਿਰ ਬੰਨ੍ਹਿਆ ਹੈ। ਉਨ੍ਹਾਂ ਨੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਸੂਬੇ ਦੀ ਜਨਤਾ ਜਾਣਦੀ ਹੈ ਕਿ ਆਮ ਆਦਮੀ ਪਾਰਟੀ ਲੋਕਾਂ ਦੀਆਂ ਉਮੀਦਾਂ ਤੇ ਖਰੀ ਉੱਤਰ ਰਹੀ ਹੈ।

ਉੱਧਰ ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸੂਬੇ ਵਿੱਚ ਪੂਰੀ ਤਰ੍ਹਾਂ ਨਾਲ ਸਾਫ਼-ਸੁਥਰੇ ਢੰਗ ਨਾਲ ਅਤੇ ਨਿਰਪੱਖ ਚੋਣਾਂ ਹੋਈਆਂ ਹਨ। ਕਾਂਗਰਸ ਨੇ ਕਈ ਥਾਵਾਂ ‘ਤੇ 3 ਜਾਂ 5 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ। ਉਨ੍ਹਾਂ ਕਿਹਾ ਕਿ ਜੇ ਅਸੀਂ ਚਾਹੁੰਦੇ ਹੁੰਦੇ, ਤਾਂ ਅਸੀਂ ਐਸਡੀਐਮ ਨੂੰ ਕਹਿ ਕੇ ਬਾਜ਼ੀ ਪਲਟ ਸਕਦੇ ਸੀ। ਸਾਫ਼-ਸੁਥਰੇ ਤੇ ਨਿਰਪੱਖ ਚੋਣਾਂ ਦਾ ਇਸ ਤੋਂ ਵਧੀਆ ਸਬੂਤ ਕੀ ਹੋ ਸਕਦਾ ਹੈ?

ਬਲਾਕ ਸੰਮਤੀ ਚੋਣਾਂ ਦੇ ਨਤੀਜੇ

ਸੀਰੀਅਲ ਨੰਬਰ ਪਾਰਟੀ ਕਿੰਨੀਆਂ ਸੀਟਾਂ ਮਿਲੀਆਂ?
1 ਆਮ ਆਦਮੀ ਪਾਰਟੀ 1531
2 ਕਾਂਗਰਸ 612
3 ਸ਼੍ਰੋਮਣੀ ਅਕਾਲੀ ਦਲ 445
4 ਭਾਰਤੀ ਜਨਤਾ ਪਾਰਟੀ 73
5 ਬਹੁਜਨ ਸਮਾਜਵਾਦੀ ਪਾਰਟੀ 28
6 ਹੋਰ 144

ਜਿਲ੍ਹਾ ਪ੍ਰੀਸ਼ਦ ਚੋਣਾਂ ਦੇ ਨਤੀਜੇ

ਸੀਰੀਅਲ ਨੰਬਰ ਪਾਰਟੀ ਕਿੰਨੀਆਂ ਸੀਟਾਂ ਮਿਲੀਆਂ?
1 ਆਮ ਆਦਮੀ ਪਾਰਟੀ 218
2 ਕਾਂਗਰਸ 62
3 ਸ਼੍ਰੋਮਣੀ ਅਕਾਲੀ ਦਲ 46
4 ਭਾਰਤੀ ਜਨਤਾ ਪਾਰਟੀ 7
5 ਬਹੁਜਨ ਸਮਾਜਵਾਦੀ ਪਾਰਟੀ 3
6 ਹੋਰ 10

ਸੀਐਮ ਮਾਨ ਨੇ ਕੀਤਾ ਲੋਕਾਂ ਦਾ ਧੰਨਵਾਦ

ਇਨ੍ਹਾਂ ਚੋਣਾਂ ਵਿੱਚ ਮਿਲੀ ਇਸ ਵੱਡੀ ਜਿੱਤ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸੂਬੇ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਜਿੱਤ ਦਿਖਾਉਂਦੀ ਹੈ ਕਿ ਲੋਕ ਉਨ੍ਹਾਂ ਦੀ ਸਰਕਾਰ ਦੇ ਕੰਮਾਂ ਤੋਂ ਖੁਸ਼ ਹਨ। ਉਨ੍ਹਾਂ ਭਰੋਸਾ ਦੁਆਇਆ ਕਿ ਉਹ ਅੱਗੇ ਵੀ ਇਸੇ ਤਰ੍ਹਾਂ ਨਾਲ ਲੋਕ ਭਲਾਈ ਦੇ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਹਮੇਸ਼ਾ ਵਿਕਾਸ ਦੇ ਕੰਮਾਂ ਨੂੰ ਅਧਾਰ ਬਣਾ ਕੇ ਚੋਣਾਂ ਲੜਦੀ ਹੈ, ਇਸ ਕਰਕੇ ਇਹ ਸ਼ਾਨਦਾਰ ਨਤੀਜੇ ਸਾਹਮਣੇ ਆਏ ਹਨ।

ਕਾਂਗਰਸ ਦੀ ਹਾਲਤ ਖਰਾਬ, ਵੜਿੰਗ ਬਣੇ ਖਲਨਾਇਕ!

ਕਾਂਗਰਸ ਦੀ ਗੱਲ ਕਰੀਏ ਤਾਂ ਉਹ ਕਿਧਰੋਂ ਵੀ ਆਮ ਆਦਮੀ ਪਾਰਟੀ ਦਾ ਮੁਕਾਬਲਾ ਕਰਦੀ ਦਿਖਾਈ ਨਹੀਂ ਦੇ ਰਹੀ ਹੈ। ਬਲਾਕ ਕਮੇਟੀ ਵਿੱਚ ਕਾਂਗਰਸ ਲਗਭਗ 612 ਅਤੇ ਜ਼ਿਲ੍ਹਾ ਪ੍ਰੀਸ਼ਦ ਵਿੱਚ ਲਗਭਗ 62 ਰਹਿ ਗਈ ਹੈ। ਜਿਸਤੋਂ ਲੱਗਦਾ ਹੈ ਕਿ ਕਾਂਗਰਸ ਦੇ ਅੰਦਰੂਨੀ ਕਲੇਸ਼ ਦਾ ਅਸਰ ਇਨ੍ਹਾਂ ਚੋਣਾਂ ਵਿੱਚ ਵੀ ਕਿਤੇ ਨਾ ਕਿਤੇ ਦਿਖਾਈ ਦੇ ਰਿਹਾ ਹੈ। ਤਰਨਤਾਰਨ ਉਪ ਚੋਣ ਵਿੱਚ ਕਾਂਗਰਸ ਦੀ ਜ਼ਮਾਨਤ ਜ਼ਬਤ ਕਰਵਾਉਣ ਵਾਲੇ ਪ੍ਰਧਾਨ ਰਾਜਾ ਵੜਿੰਗ ਇੱਕ ਵਾਰ ਫਿਰ ਖਲਨਾਇਕ ਵਜੋਂ ਉਭਰੇ ਹਨ। ਕਾਂਗਰਸ ਆਪਣੇ ਗ੍ਰਹਿ ਜ਼ਿਲ੍ਹੇ ਸ੍ਰੀ ਮੁਕਤਸਰ ਸਾਹਿਬ ਵਿੱਚ ਇੱਕ ਵੀ ਸੀਟ ਜਿੱਤਣ ਵਿੱਚ ਅਸਫਲ ਰਹੀ। ਤਰਨਤਾਰਨ ਦੀ ਹਾਰ ਤੋਂ ਬਾਅਦ ਵੜਿੰਗ ਦੇ ਇੱਥੇ ਜ਼ੋਰਦਾਰ ਪ੍ਰਚਾਰ ਦੇ ਬਾਵਜੂਦ ਇਹ ਹਾਲ ਹੈ। ਮੰਨਿਆ ਜਾ ਰਿਹਾ ਹੈ ਕਾਂਗਰਸ ਹਾਈ ਕਮਾਂਡ ਜ਼ਰੂਰ ਇਸ ‘ਤੇ ਗੰਭੀਰਤਾ ਨਾਲ ਵਿਚਾਰ ਕਰੇਗੀ। ਉਹ ਪਹਿਲਾਂ ਹੀ ਅੰਮ੍ਰਿਤਸਰ ਤੋਂ ਕਾਂਗਰਸ ਨੇਤਾ ਡਾ. ਨਵਜੋਤ ਕੌਰ ਸਿੱਧੂ ਦੇ ਨਿਸ਼ਾਨੇ ‘ਤੇ ਹੈ।

ਇਸ ਨਾਲ ਕਾਂਗਰਸ ਦੀ ਹਾਲਤ ਨੂੰ ਲੈ ਕੇ ਵੜਿੰਗ ਦਾ ਅੰਦਰੂਨੀ ਵਿਰੋਧ ਵਧੇਗਾ। ਇਸ ਦੇ ਨਾਲ ਹੀ, ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਸਮੇਤ ਹੋਰ ਆਗੂਆਂ ਦੀ ਪ੍ਰਧਾਨ ਅਹੁਦੇ ਤੋਂ ਲੈ ਕੇ ਮੁੱਖ ਮੰਤਰੀ ਦੇ ਚਿਹਰੇ ਤੱਕ ਦੇ ਅਹੁਦਿਆਂ ਲਈ ਦਾਅਵੇਦਾਰੀ ਮਜਬੂਤ ਹੋਵੇਗੀ। ਚੰਨੀ ਨੇ ਇਹ ਵੀ ਦਾਅਵਾ ਕੀਤਾ ਕਿ ਕਾਂਗਰਸ ਨੇ ਚਮਕੌਰ ਸਾਹਿਬ ਦੀਆਂ ਸਾਰੀਆਂ 15 ਬਲਾਕ ਕਮੇਟੀ ਸੀਟਾਂ ‘ਤੇ ਕਬਜ਼ਾ ਕਰ ਲਿਆ ਹੈ।

ਹਾਲਾਂਕਿ, ਵੜਿੰਗ ਦਾ ਦਾਅਵਾ ਹੈ ਕਿ ਇਹ ਨਤੀਜੇ ਮਨਘੜਤ ਹਨ। ਇੱਕ ਸਾਲ ਬਾਕੀ ਬੱਚਿਆ ਹੈ, ਲੋਕ ‘ਆਪ’ ਨੂੰ ਸੱਤਾ ਤੋਂ ਬਾਹਰ ਕਰ ਦੇਣਗੇ। ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਉਮੀਦਵਾਰ ਹਾਰ ਗਏ, ਪਰ ਵੜਿੰਗ ਦਾ ਕਹਿਣਾ ਹੈ ਕਿ ਉਹ ਉਨ੍ਹਾਂ ਦੇ ਪ੍ਰਦਰਸ਼ਨ ਤੋਂ ਸੰਤੁਸ਼ਟ ਹਨ।

ਅਕਾਲੀ ਦਲ ਦਾ ਕਮਬੈਕ

ਸਭ ਤੋਂ ਦਿਲਚਸਪ ਅਕਾਲੀ ਦਲ ਦਾ ਪ੍ਰਦਰਸ਼ਨ ਹੈ, ਜਿਸਨੂੰ ਵੋਟਰ 2017 ਤੋਂ ਰੱਦ ਕਰਦੇ ਨਜਰ ਆ ਰਹੇ ਸਨ। ਅਕਾਲੀ ਦਲ ਨੇ ਤਰਨਤਾਰਨ ਉਪ-ਚੋਣ ਵਿੱਚ ‘ਆਪ’ ਨੂੰ ਹਰਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਇਸਨੇ ਹੁਣ 46 ਜ਼ਿਲ੍ਹਾ ਪ੍ਰੀਸ਼ਦ ਸੀਟਾਂ ਅਤੇ 445 ਬਲਾਕ ਕਮੇਟੀ ਸੀਟਾਂ ਜਿੱਤ ਕੇ ਵਾਪਸੀ ਦਾ ਸੰਕੇਤ ਦਿੱਤਾ ਹੈ।

ਪੇਂਡੂ ਖੇਤਰਾਂ ਵਿੱਚ ਅਕਾਲੀ ਦਲ ਦੀਆਂ ਛੋਟੀਆਂ ਜਿੱਤਾਂ ਵੀ ਇੱਕ ਮਹੱਤਵਪੂਰਨ ਰਾਜਨੀਤਿਕ ਸੰਦੇਸ਼ ਦਿੰਦੀਆਂ ਹਨ। ਇਹ ਇਸ ਲਈ ਹੈ ਕਿਉਂਕਿ ਅਕਾਲੀ ਦਲ ਦਾ ਅਧਾਰ ਪਿੰਡਾਂ ਵਿੱਚ ਹੈ। 2007 ਤੋਂ 2017 ਤੱਕ ਉਨ੍ਹਾਂ ਦੀ ਸਰਕਾਰ ਦੌਰਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਗੋਲੀਬਾਰੀ ਦੀ ਘਟਨਾ ਅਤੇ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਦਿੱਤੀ ਗਈ ਮੁਆਫ਼ੀ ਕਾਰਨ ਪੇਂਡੂ ਖੇਤਰਾਂ ਵਿੱਚ ਸਭ ਤੋਂ ਵੱਧ ਨਾਰਾਜ਼ਗੀ ਸੀ।

ਉਨ੍ਹਾਂ ਦੇ ਉਮੀਦਵਾਰਾਂ ਦੀ ਜਿੱਤ ਹੁਣ ਇਹ ਦਰਸਾਉਂਦੀ ਹੈ ਕਿ ਅਕਾਲੀ ਦਲ ਪ੍ਰਤੀ ਜਨਤਕ ਨਾਰਾਜ਼ਗੀ ਘੱਟ ਰਹੀ ਹੈ। ਹਾਲਾਤ ਕੁਝ ਵੀ ਹੋਣ ਪਰ ਹੁਣ ਲਈ, ਅਕਾਲੀ ਦਲ ਕਾਂਗਰਸ ਦੇ ਬਰਾਬਰ ਆਪਣੀ ਮੌਜੂਦਗੀ ਨੂੰ ਜੀਵਨ ਰੇਖਾ ਮੰਨ ਰਿਹਾ ਹੈ।

ਪੇਂਡੂ ਖੇਤਰਾਂ ਵਿੱਚ ਪੂਰੀ ਤਰ੍ਹਾਂ ਫੇਲ ਭਾਜਪਾ

ਪੰਜਾਬ ਦੇ ਪਿੰਡਾਂ ਵਿੱਚ ਆਪਣਾ ਵੋਟ ਬੈਂਕ ਵਧਾਉਣ ਦੀ ਕੋਸ਼ਿਸ਼ ਕਰ ਰਹੀ ਭਾਜਪਾ ਨੂੰ ਵੱਡਾ ਝਟਕਾ ਲੱਗਾ ਹੈ। ਭਾਜਪਾ ਨੇ ਸਿਰਫ਼ 73 ਬਲਾਕ ਕਮੇਟੀ ਸੀਟਾਂ ਅਤੇ 7 ਜ਼ਿਲ੍ਹਾ ਪ੍ਰੀਸ਼ਦ ਸੀਟ ਜਿੱਤੀ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਭਾਜਪਾ ਦਾ ਪੇਂਡੂ ਖੇਤਰਾਂ ਵਿੱਚ ਕੋਈ ਅਧਾਰ ਨਹੀਂ ਹੈ ਅਤੇ ਇਸਨੂੰ ਬਣਾਉਣ ਵਿੱਚ ਬਹੁਤ ਸਮਾਂ ਲੱਗੇਗਾ।

ਜੇਕਰ ਭਾਜਪਾ 2027 ਵਿੱਚ ਆਪਣੀ ਸਥਿਤੀ ਮਜ਼ਬੂਤ ​​ਕਰਨਾ ਚਾਹੁੰਦੀ ਹੈ ਤਾਂ ਉਸਦੀ ਪਾਰਟੀ ਦੇ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਨੁਸਾਰ ਉਸਨੂੰ ਅਕਾਲੀ ਦਲ ਨਾਲ ਗੱਠਜੋੜ ਕਰਨਾ ਪਵੇਗਾ, । ਜੇਕਰ ਅਜਿਹਾ ਨਹੀਂ ਹੁੰਦਾ ਹੈ ਤਾਂ ਸਾਨੂੰ ਸ਼ਹਿਰਾਂ ਵਿੱਚ ਆਪਣਾ ਅਧਾਰ ਹੋਰ ਮਜ਼ਬੂਤ ​​ਕਰਨਾ ਪਵੇਗਾ ਤਾਂ ਜੋ ਭਾਵੇਂ ਅਸੀਂ ਗੱਠਜੋੜ ਬਣਾਈਏ, ਅਸੀਂ ਗੱਲਬਾਤ ਕਰਨ ਦੀ ਸਥਿਤੀ ਵਿੱਚ ਹੋ ਸਕੀਏ।