ਸੰਤ ਸੀਚੇਵਾਲ ਦੇ ਯਤਨਾਂ ਨਾਲ ਅਰਬ ਦੇਸ਼ ਵਿੱਚ ਬੰਧਕ ਪੀੜਤਾ ਘਰ ਪਰਤੀ
ਪੀੜਤ ਔਰਤ ਨੇ ਦੱਸਿਆ ਕਿ ਉਸ ਨੂੰ ਅਰਬ ਦੇਸ਼ਾਂ ਵਿਚੋਂ ਵਾਪਿਸ ਮੰਗਵਾਉਣ ਵਿੱਚ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਐਡਵੋਕੇਟ ਗੁਰਭੇਜ ਸਿੰਘ ਦੀ ਟੀਮ ਨੇ ਮੌਹਰੀ ਭੂਮਿਕਾ ਨਿਭਾਈ ਹੈ।
ਚੰਡੀਗੜ੍ਹ। ਦੁਬਈ ਤੇ ਮਸਕਟ ਵਿੱਚ ਚਾਰ ਮਹੀਨੇ ਬੰਧਕ ਬਣਾਈ ਰੱਖਣ ਤੋਂ ਬਾਅਦ ਪੰਜਾਬ ਪਰਤੀ ਮਲੋਟ ਦੀ ਧੀ ਨੇ ਦੱਸਿਆ ਕਿ ਉਸ ਨਾਲ ਜਿਥੇ ਮਹੀਨਿਆਂ ਬੱਧੀ ਕੁਟੱਮਾਰ ਕੀਤੀ ਜਾਂਦੀ ਸੀ ਉਥੇ ਉਸ ਦਾ ਸਰੀਰਕ ਸ਼ੋਸ਼ਣ ਵੀ ਕੀਤਾ ਜਾਂਦਾ ਸੀ। ਪੀੜਤਾ ਨੇ ਦਾਅਵਾ ਕੀਤਾ ਕਿ ਜਿਥੇ ਉਸ ਨੂੰ ਬੰਦਕ ਬਣਾ ਕੇ ਰੱਖਿਆ ਗਿਆ ਸੀ ਉਥੇ 25-30 ਲੜਕੀਆਂ ਹੋਰ ਵੀ ਬੰਧਕ ਬਣਾਈਆਂ ਹੋਈਆਂ ਸਨ।
ਪੀੜਤ ਔਰਤ ਨੇ ਦੱਸ ਹੱਡ ਬੀਤੀ –
ਇਨ੍ਹਾਂ ਵਿੱਚ ਪੰਜਾਬ ਦੀਆਂ ਧੀਆਂ ਵੀ ਸ਼ਾਮਿਲ ਹਨ। ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਪੀੜਤ ਔਰਤ ਨੇ ਦੱਸਿਆ ਕਿ ਉਸ ਨੂੰ ਅਰਬ ਦੇਸ਼ਾਂ ਵਿਚੋਂ ਵਾਪਿਸ ਮੰਗਵਾਉਣ ਵਿੱਚ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਐਡਵੋਕੇਟ ਗੁਰਭੇਜ ਸਿੰਘ ਦੀ ਟੀਮ ਨੇ ਮੌਹਰੀ ਭੂਮਿਕਾ ਨਿਭਾਈ ਹੈ। ਪੀੜਤ ਔਰਤ ਨੇ ਦੱਸਿਆ ਕਿ ਉਸ ਨੂੰ ਨੋਇਡਾ ਦੀ ਇੱਕ ਕੰਪਨੀ ਰਾਹੀਂ ਟਰੈਵਲ ਏਜੰਟ ਨੇ ਟੂਰਿਸਟ ਵੀਜੇ ਤੇ ਡੁਬਈ ਭੇਜਿਆ ਸੀ। ਉਥੋਂ ਉਸ ਨੂੰ ਮਸਕਟ ਭੇਜ ਦਿੱਤਾ ਗਿਆ। ਪੀੜਤਾ ਨੇ ਦੱਸਿਆ ਕਿ ਘਰ ਦੀ ਗਰੀਬੀ ਕਾਰਨ ਕਰਜਾ ਚੁੱਕ ਕੇ ਉਹ ਵਿਦੇਸ਼ ਗਈ ਸੀ। ਉਸ ਨੂੰ ਇਹ ਭਰੋਸਾ ਦਿੱਤਾ ਗਿਆ ਸੀ ਕਿ ਉਹ ਦੁਬਈ ਵਿੱਚ ਘਰ ਦਾ ਕੰਮ ਹੀ ਕਰੇਗੀ ਪਰ ਉਸ ਦਾ ਭੁਲੇਖਾ ਉਦੋਂ ਦੂਰ ਹੋ ਗਿਆ ਜਦੋਂ ਉਸ ਦਾ ਮੋਬਾਇਲ ਫੋਨ ਖੋਹ ਲਿਆ ਗਿਆ ਤੇ ਉਸ ਦੀ ਕੁੱਟਮਾਰ ਕਰਕੇ ਕੱਪੜੇ ਵੀ ਪਾੜ ਦਿੱਤੇ ਗਏ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਐਡਵੋਕੇਟ ਗੁਰਭੇਜ ਸਿੰਘ ਨੇ ਉਨ੍ਹਾਂ ਦੇ ਧਿਆਨ ਵਿੱਚ ਇਸ ਮਾਮਲੇ ਨੂੰ ਲਿਆਂਦਾ ਸੀ ਤੇ ਉਨ੍ਹਾਂ ਨੇ ਬਿੰਨ੍ਹਾਂ ਦੇਰ ਕੀਤਿਆ ਵਿਦੇਸ਼ ਮੰਤਰੀ ਜੈ ਸ਼ੰਕਰ ਨੂੰ ਪੱਤਰ ਲਿਖਿਆ ਸੀ।
ਵਿਦੇਸ਼ ਮੰਤਰੀ ਕੋਲ ਗੰਭੀਰਤਾ ਨਾਲ ਉਠਾਇਆ ਗਿਆ ਸੀ ਮਾਮਲਾ
ਪਾਰਲੀਮੈਂਟ ਦੇ ਸ਼ੈਸ਼ਨ ਦੌਰਾਨ ਉਨ੍ਹਾਂ ਇਹ ਮਸਲਾ ਵਿਦੇਸ਼ ਮੰਤਰੀ ਕੋਲ ਵੀ ਗੰਭੀਰਤਾ ਨਾਲ ਉਠਾਇਆ ਸੀ। ਜਿਸ ਤੇ ਵਿਦੇਸ਼ ਮੰਤਰਾਲਾ ਤੁਰੰਤ ਹਰਕਤ ਵਿੱਚ ਆ ਗਿਆ ਸੀ ਤੇ ਉਨ੍ਹਾਂ ਨੇ ਪੀੜਤ ਲੜਕੀ ਦੀ ਨਿਸ਼ਾਨਦੇਹੀ ਕਰਕੇ ਉਸ ਨੂੰ ਭਾਰਤ ਵਾਪਿਸ ਭੇਜਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਸੰਤ ਸੀਚੇਵਾਲ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਵਿਦੇਸ਼ਾਂ ਨੂੰ ਧੀਆਂ ਭੇਜਣ ਤੋਂ ਪਹਿਲਾਂ ਟਰੈਵਲ ਏਜੰਟਾਂ ਅਤੇ ਉਥੇ ਦੀਆਂ ਵਿਦੇਸ਼ੀ ਕੰਪਨੀਆਂ ਦੀ ਪੂਰੀ ਪੁਣਛਾਣ ਕਰ ਲਿਆ ਕਰਨ। ਨਿਰਮਲ ਕੁਟੀਆ ਵਿਖੇ ਸੰਤ ਸੀਚੇਵਾਲ ਨੇ ਪੀੜਤ ਲੜਕੀ ਦੀ ਮਦਦ ਕਰਨ ਵਿੱਚ ਮੋਹਰੀ ਭੂਮਿਕਾ ਨਿਭਾਉਣ ਵਾਲੀ ਵਕੀਲਾਂ ਦੀ ਟੀਮ ਦਾ ਸਨਮਾਨ ਕੀਤਾ ਗਿਆ।
ਮੁਲਜਮ ਟਰੈਵਲ ਏਜੰਟ ਖਿਲਾਫ ਮਾਮਲਾ ਦਰਜ
ਵਕੀਲਾਂ ਵਿਚ ਮੋਹਰੀ ਭੂਮਿਕਾ ਨਿਭਾਉਣ ਵੱਲੇ ਐਡਵੋਕੇਟ ਗੁਰਭੇਜ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪੰਜਾਬ ਦੇ ਦੋ ਟਰੈਵਲ ਏਜੰਟ ਸ਼ਾਮਿਲ ਸਨ ਜਿੰਨਾਂ ਵਿੱਚ ਇੱਕ ਮਹਿਲਾ ਟਰੈਵਲ ਏਜੰਟ ਕਮਲਜੀਤ ਕੌਰ ਅਤੇ ਉਸ ਦੇ ਸਾਥੀ ਰੇਸ਼ਮ ਸਿੰਘ ਵਿਰੁੱਧ ਜਿਥੇ ਕੇਸ ਦਰਜ ਕਰਵਾਇਆ ਉਥੇ ਮਹਿਲਾ ਟਰੈਵਲ ਏਜੰਟ ਦੀ ਗ੍ਰਿਫਤਾਰੀ ਨੂੰ ਵੀ ਯਕੀਨੀ ਬਣਾਇਆ ਸੀ। ਜਦ ਕੇ ਦੂਜਾ ਟਰੈਵਲ ਏਜੰਟ ਰੇਸ਼ਮ ਸਿੰਘ ਫਰਾਰ ਹੋ ਗਿਆ ਹੈ। ਇਸ ਮੌਕੇ ਪੀੜਤਾ ਦੇ ਪਿੰਡ ਦਾ ਸਰਪੰਚ ਦਲਜੋਤ ਸਿੰਘ ਜੋਤੀ, ਐਡਵੋਕੇਟ ਮਵਪ੍ਰੀਤ ਸਿੰਘ, ਐਡਵੋਕੇਟ ਅਤੁਲ ਪ੍ਰਤਾਪ ਧਨਖੜ, ਗੁਰਜੀਤ ਸਿੰਘ ਅਤੇ ਪੀੜਤਾ ਦੇ ਪਰਿਵਾਰ ਦੇ ਮੈਂਬਰ ਵੀ ਹਾਜ਼ਰ ਸਨ।