ਇਰਾਕ ‘ਚ ਫਸੀਆਂ ਦੋ ਕੁੜੀਆਂ ਪਹੁੰਚੀਆਂ ਘਰ ਵਾਪਸ, ਸੰਤ ਸੀਚੇਵਾਲ ਦੀ ਮਦਦ ਨਾਲ ਮੁਸ਼ਕਿਲਾਂ ਹੋਈਆਂ ਖਤਮ

Published: 

07 Aug 2023 07:29 AM

ਪੰਜਾਬ ਵਿੱਚ ਨਕਲੀ ਟ੍ਰੈਵਲ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਹਾਲੇ ਵੀ ਲੋਕ ਹੋ ਰਹੇ ਨੇ। ਤੇ ਹੁਣ ਕਪੂਰਥਲਾ ਦੀਆਂ ਦੋ ਕੁੜੀਆਂ ਘਰ ਪਹੁੰਚੀਆਂ ਹਨ ਜਿਹੜੀਆਂ ਇਰਾਕ ਵਿੱਚ ਫਸੀਆਂ ਹੋਈਆਂ ਸਨ। ਰਾਜਸਭਾ ਮੈਂਬਰ ਸੀਚੇਵਾਲ ਦੀ ਮਦਦ ਨਾਲ ਇਹਨ੍ਹਾਂ ਦੀ ਘਰ ਵਾਪਸੀ ਸੰਭਵ ਹੋਈ ਹੈ। ਪੀੜਤ ਹੇਮਾ ਦਾ ਦਾਆਵਾ ਹੈ ਕਿ ਇਰਾਕ ਚ ਹਾਲੇ ਵੀ 30 ਤੋਂ 40 ਕੁੜੀਆਂ ਫਸੀਆਂ ਹੋਈਆਂ ਹਨ।

ਇਰਾਕ ਚ ਫਸੀਆਂ ਦੋ ਕੁੜੀਆਂ ਪਹੁੰਚੀਆਂ ਘਰ ਵਾਪਸ, ਸੰਤ ਸੀਚੇਵਾਲ ਦੀ ਮਦਦ ਨਾਲ ਮੁਸ਼ਕਿਲਾਂ ਹੋਈਆਂ ਖਤਮ
Follow Us On

ਕਪੂਰਥਲਾ। ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ (Sant Balbir Singh Seechewal) ਦੇ ਯਤਨਾਂ ਨਾਲ ਪਿਛਲੇ ਦੋ ਮਹੀਨਿਆਂ ਤੋਂ ਇਰਾਕ ਵਿੱਚ ਫਸੀਆਂ ਦੋ ਪੰਜਾਬੀ ਧੀਆਂ ਨੂੰ ਭਾਰਤ ਵਾਪਸ ਲਿਆਂਦਾ ਗਿਆ। ਪੀੜਤ ਲੜਕੀਆਂ ਨੇ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਪਹੁੰਚ ਕੇ ਸੰਤ ਸੀਚੇਵਾਲ ਦਾ ਧੰਨਵਾਦ ਕੀਤਾ। ਉਨਾਂ ਕਿਹਾ ਕਿ ਜੇਕਰ ਭਾਰਤੀ ਦੂਤਾਵਾਸ ਨੇ ਸਾਡੀ ਮਦਦ ਨਾ ਕੀਤੀ ਹੁੰਦੀ ਤਾਂ ਨਰਕ ਭਰੀ ਜ਼ਿੰਦਗੀ ‘ਚੋਂ ਨਿਕਲਣਾ ਅਸੰਭਵ ਸੀ। ਪੀੜਤ ਲੜਕੀਆਂ ਨੇ ਆਪਣੀ ਦੁੱਖ ਭਰੀ ਕਹਾਣੀ ਸੁਣਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੇ ਰਿਸ਼ਤੇਦਾਰਾਂ ਅਤੇ ਟਰੈਵਲ ਏਜੰਟਾਂ ਨੇ ਉਨ੍ਹਾਂ ਨੂੰ ਅਜਿਹੇ ਸੁਪਨੇ ਦਿਖਾਏ ਕਿ ਉਹ ਇਨ੍ਹਾਂ ਠੱਗਾਂ ਦੇ ਜਾਲ ਵਿੱਚ ਫਸ ਗਈਆਂ।

ਵਾਪਸ ਆਈ ਜ਼ਿਲ੍ਹਾ ਕਪੂਰਥਲਾ (Kapurthala) ਦੀ ਵਸਨੀਕ ਸੀਮਾ (ਬਦਲਿਆ ਹੋਇਆ ਨਾਮ) ਨੇ ਦੱਸਿਆ ਕਿ ਉਸ ਦੀ ਰਿਸ਼ਤੇਦਾਰ ਮੀਰਾ ਨਾਂ ਦੀ ਔਰਤ ਨੇ ਉਸ ਨਾਲ ਸੰਪਰਕ ਕੀਤਾ ਸੀ। ਮੀਰਾ ਨੇ ਉਸ ਨੂੰ ਘਰੇਲੂ ਕੰਮ ਦੱਸ ਕੇ ਗ੍ਰੀਸ ਭੇਜਣ ਦਾ ਝਾਂਸਾ ਦਿੱਤਾ ਅਤੇ ਮੋਟੀ ਤਨਖਾਹ ਦਾ ਲਾਲਚ ਵੀ ਦਿੱਤਾ। ਪਰ ਮੀਰਾ ਨੇ ਇਸ ਨੂੰ ਗ੍ਰੀਸ ਭੇਜਣ ਦੀ ਬਜਾਏ ਧੋਖੇ ਨਾਲ ਇਰਾਕ ਭੇਜ ਦਿੱਤਾ। ਉਥੋਂ ਦੀ ਇਕ ਕੰਪਨੀ ਨੂੰ ਵੀ ਵੇਚ ਦਿੱਤਾ। ਉਸ ਦਾ ਪਾਸਪੋਰਟ ਵੀ ਜ਼ਬਤ ਕਰ ਲਿਆ ਗਿਆ।

ਪਿਤਾ ਨੂੰ ਹੋ ਗਿਆ ਸੀ ਅਧਰੰਗ

ਉਨ੍ਹਾਂ ਕਿਹਾ ਕਿ ਜਿੱਥੇ ਉਨ੍ਹਾਂ ਨੂੰ ਰੱਖਿਆ ਗਿਆ ਸੀ, ਉੱਥੇ ਦਫ਼ਤਰ ਸੀ। ਸੀਮਾ ਨੇ ਦੱਸਿਆ ਕਿ ਉਸ ਨੂੰ ਮਾਨਸਿਕ ਅਤੇ ਸਰੀਰਕ ਤੌਰ ‘ਤੇ ਤੰਗ ਕੀਤਾ ਜਾਂਦਾ ਸੀ। ਘਰ ਚਲਾਉਣਾ ਔਖਾ ਹੋ ਗਿਆ ਕਿਉਂਕਿ ਉਸਦੇ ਪਿਤਾ ਨੂੰ ਅਧਰੰਗ ਹੋ ਗਿਆ ਸੀ। ਇਸ ਲਈ ਉਸ ਨੇ ਮੀਰਾ ਦੀ ਗੱਲ ਸੁਣ ਕੇ ਵਿਦੇਸ਼ ਜਾਣ ਦਾ ਫੈਸਲਾ ਕੀਤਾ।

ਹਾਂਗਕਾਂਗ ਭੇਜਣ ਦਾ ਦਿੱਤਾ ਲਾਲਚ

ਉਸ ਦੇ ਨਾਲ ਹੀ ਫਿਰੋਜ਼ਪੁਰ (Ferozepur) ਜ਼ਿਲ੍ਹੇ ਦੀ ਰਹਿਣ ਵਾਲੀ ਲੜਕੀ ਹੇਮਾ (ਬਦਲਿਆ ਹੋਇਆ ਨਾਮ) ਨੇ ਦੱਸਿਆ ਕਿ ਉਸ ਨੂੰ ਵੀ ਮੀਰਾ ਨੇ ਫਸਾ ਲਿਆ ਸੀ। ਮੀਰਾ ਨੇ ਉਸ ਨੂੰ ਹਾਂਗਕਾਂਗ ਭੇਜਣ ਦਾ ਲਾਲਚ ਦਿੱਤਾ ਅਤੇ ਮੋਟੀ ਤਨਖਾਹ ਦਾ ਵੀ ਲਾਲਚ ਦਿੱਤਾ। ਪਰ ਉਸ ਨੂੰ ਇਰਾਕ ਭੇਜ ਦਿੱਤਾ ਗਿਆ ਅਤੇ ਉੱਥੇ ਵੇਚ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜਿਸ ਦਫ਼ਤਰ ਵਿੱਚ ਉਨ੍ਹਾਂ ਨੂੰ ਰੱਖਿਆ ਗਿਆ ਸੀ, ਉੱਥੇ ਉਨ੍ਹਾਂ ਨੇ ਬਹੁਤ ਤਸ਼ੱਦਦ ਕੀਤਾ। ਹੇਮਾ ਨੇ ਦਾਅਵਾ ਕੀਤਾ ਕਿ ਉਸ ਵਰਗੀਆਂ 30 ਤੋਂ 40 ਲੜਕੀਆਂ ਇਰਾਕ ਵਿੱਚ ਫਸੀਆਂ ਹੋਈਆਂ ਹਨ। ਜਿਨ੍ਹਾਂ ਨੂੰ ਗਾਹਕਾਂ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਗਲਤ ਕੰਮ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ।

ਪੀੜਤ ਪਰਿਵਾਰ ਸੀਚੇਵਾਲ ਨੂੰ ਮਿਲੇ ਸਨ

ਦੋਵੇਂ ਲੜਕੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰਾਂ ਨੇ ਕੁਝ ਦਿਨ ਪਹਿਲਾਂ ਵਾਤਾਵਰਣ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਸੰਪਰਕ ਕੀਤਾ ਸੀ। ਉਨ੍ਹਾਂ ਨੇ ਤੁਰੰਤ ਇਹ ਮਾਮਲਾ ਵਿਦੇਸ਼ ਮੰਤਰਾਲੇ ਅਤੇ ਇਰਾਕ ਸਥਿਤ ਭਾਰਤੀ ਦੂਤਾਵਾਸ ਕੋਲ ਉਠਾਇਆ। ਲੜਕੀਆਂ ਨੇ ਦੱਸਿਆ ਕਿ ਸਾਡੇ ਪਰਿਵਾਰ ਨੇ ਰਿਸ਼ਤੇਦਾਰਾਂ ਤੋਂ ਪੈਸੇ ਇਕੱਠੇ ਕਰਕੇ ਉਨ੍ਹਾਂ ਨੂੰ ਭੇਜੇ ਸਨ।

ਟ੍ਰੈਵਲ ਏਜੰਟ ਮੰਗ ਰਿਹਾ ਸੀ 10 ਤੋਂ 12 ਲੱਖ

ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਦੋਵੇਂ ਲੜਕੀਆਂ ਦੇ ਪੀੜਤ ਪਰਿਵਾਰ ਕੁਝ ਦਿਨ ਪਹਿਲਾਂ ਉਨ੍ਹਾਂ ਕੋਲ ਆਏ ਸਨ। ਉਸ ਨੇ ਦੱਸਿਆ ਕਿ ਉਸ ਦੀਆਂ ਧੀਆਂ ਇਰਾਕ ਵਿੱਚ ਫਸੀਆਂ ਹੋਈਆਂ ਹਨ। ਟਰੈਵਲ ਏਜੰਟ ਵੱਲੋਂ ਉਨ੍ਹਾਂ ਨੂੰ ਰਿਹਾਅ ਕਰਨ ਲਈ 10 ਤੋਂ 12 ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ। ਇਸ ਤੋਂ ਤੁਰੰਤ ਬਾਅਦ ਉਨ੍ਹਾਂ ਨੇ ਇੱਕ ਪੱਤਰ ਰਾਹੀਂ ਇਹ ਮਾਮਲਾ ਵਿਦੇਸ਼ ਮੰਤਰਾਲੇ ਦੇ ਧਿਆਨ ਵਿੱਚ ਲਿਆਂਦਾ।

ਭਾਰਤੀ ਅੰਬੈਸੀ ਨੇ ਕੀਤੀ ਤੁਰੰਤ ਕਾਰਵਾਈ

ਜਿਸ ‘ਤੇ ਭਾਰਤੀ ਦੂਤਘਰ ਅਤੇ ਵਿਦੇਸ਼ ਮੰਤਰਾਲੇ ਨੇ ਤੁਰੰਤ ਕਾਰਵਾਈ ਕੀਤੀ ਅਤੇ ਇਹ ਲੜਕੀਆਂ ਕਰੀਬ 20 ਦਿਨਾਂ ‘ਚ ਬਿਨਾਂ ਕੋਈ ਪੈਸੇ ਦਿੱਤੇ ਆਪਣੇ ਘਰਾਂ ਨੂੰ ਪਰਤ ਗਈਆਂ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਮੁੜ ਅਪੀਲ ਕੀਤੀ। ਅਰਬ ਦੇਸ਼ਾਂ ਵਿੱਚ ਟਰੈਵਲ ਏਜੰਟਾਂ ਵੱਲੋਂ ਔਰਤਾਂ ਦਾ ਸ਼ੋਸ਼ਣ ਜਾਰੀ ਹੈ। ਉਨ੍ਹਾਂ ਕਿਹਾ ਕਿ ਉਹ ਆਪਣੀਆਂ ਲੜਕੀਆਂ ਨੂੰ ਬਾਹਰ ਭੇਜਣ ਤੋਂ ਪਹਿਲਾਂ ਏਜੰਟਾਂ ਅਤੇ ਉਥੋਂ ਦੇ ਹਾਲਾਤਾਂ ਬਾਰੇ ਚੰਗੀ ਤਰ੍ਹਾਂ ਜਾਂਚ ਕਰਨ ਤਾਂ ਜੋ ਲੜਕੀਆਂ ਇਸ ਦਾ ਸ਼ਿਕਾਰ ਨਾ ਹੋਣ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ