What is Beadbi: ਕੀ ਹੁੰਦੀ ਹੈ ਬੇਅਦਬੀ…ਕੀ ਜਾਇਜ਼ ਹੈ ਸਰੇਆਮ ਕਿਸੇ ਦੀ ਜਾਨ ਲੈਣਾ? ਕੀ ਕਹਿੰਦਾ ਹੈ ਕਾਨੂੰਨ..ਜਾਣੋ..

Updated On: 

15 May 2023 15:21 PM

Murder in Gurdwara: ਪੰਜਾਬ ਦੇ ਪਟਿਆਲਾ 'ਚ ਸਥਿਤ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਮਰਿਯਾਦਾ ਭੰਗ ਕਰਨ ਤੇ ਇੱਕ ਮਹਿਲਾ ਨੂੰ ਗੋਲੀ ਮਾਰ ਦਿੱਤੀ ਗਈ। ਮਹਿਲਾ ਤੇ ਗੁਰੂ ਘਰ ਦੀ ਬੇਅਦਬੀ ਕਰਨ ਦੇ ਇਲਜ਼ਾਮ ਸਨ । ਕੀ ਹੁੰਦੀ ਹੈ ਬੇਅਦਬੀ, ਬੇਅਦਬੀ ਦੇ ਮਾਮਲਿਆਂ ਨੂੰ ਲੈ ਕੇ ਬਣਿਆ ਕਾਨੂੰਨ ਕੀ ਕਹਿੰਦਾ ਹੈ... ਦੱਸ ਰਹੀ ਹੈ ਸਾਡੀ ਇਹ ਖ਼ਾਸ ਰਿਪੋਰਟ ।

What is Beadbi:  ਕੀ ਹੁੰਦੀ ਹੈ ਬੇਅਦਬੀ...ਕੀ ਜਾਇਜ਼ ਹੈ ਸਰੇਆਮ ਕਿਸੇ ਦੀ ਜਾਨ ਲੈਣਾ? ਕੀ ਕਹਿੰਦਾ ਹੈ ਕਾਨੂੰਨ..ਜਾਣੋ..
Follow Us On

ਪੰਜਾਬ ਨਿਊਜ। ਪੰਜਾਬ ਦੇ ਪਟਿਆਲਾ (Patiala) ਜਿਲੇ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ। ਇੱਥੋਂ ਦੇ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਇੱਕ ਮਹਿਲਾ ਨੂੰ ਗੋਲੀ ਮਾਰ ਦਿੱਤੀ।

ਇਲਜਾਮ ਸਨ ਕਿ ਉਹ ਮਹਿਲਾ ਗੁਰਦੁਆਰਾ ਸਾਹਿਬ ਦੇ ਸਰੋਵਰ ਦੇ ਨਜਦੀਕ ਬੈਠਕੇ ਸ਼ਰਾਬ ਪੀ ਰਹੀ ਸੀ। ਉਸਨੂੰ ਸੇਵਾਦਾਰ ਨੇ ਰੋਕਿਆ, ਪਰ ਉਹ ਸੇਵਾਦਾਰ ਨਾਲ ਉਲਝ ਗਈ ਜਿਸ ਤੋਂ ਬਾਅਦ ਉੱਥੇ ਮੌਜੂਦ ਨਿਰਮਲਜੀਤ ਸਿੰਘ ਨਾਂਅ ਦੇ ਇੱਕ ਵਿਅਕਤੀ ਨੇ ਉਸਨੂੰ ਗੋਲੀ ਮਾਰ ਦਿੱਤੀ।

ਕੀ ਹੁੰਦੀ ਹੈ ਬੇਅਦਬੀ?

ਬੇਅਦਬੀ (Beadabi) ਦਾ ਮਤਲਬ ਹੂੰਦਾ ਹੈ ਅਪਮਾਨ। ਜਦੋਂ ਕਿਸੇ ਧਾਰਮਿਕ ਚਿੰਨ੍ਹ ਜਾਂ ਵਸਤੂ ਦਾ ਅਪਮਾਨ ਕੀਤਾ ਜਾਂਦਾ ਹੈ ਜਾਂ ਉਸ ਨਾਲ ਛੇੜਛਾੜ ਕੀਤੀ ਜਾਂਦੀ ਹੈ, ਤਾਂ ਇਸ ਨੂੰ ਅਪਵਿੱਤਰ ਮੰਨ ਲਿਆ ਜਾਂਦਾ ਹੈ। ਹੁਣ ਤੱਕ ਪੰਜਾਬ ਵਿੱਚ ਬੇਅਦਬੀ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਇਸ ਨੂੰ ਤਿੰਨ ਤਰੀਕਿਆਂ ਨਾਲ ਸਮਝਿਆ ਜਾ ਸਕਦਾ ਹੈ। ਸਿੱਖ ਧਰਮ ਵਿਚ ਤਿੰਨ ਗੱਲਾਂ ਨੂੰ ਅਪਵਿੱਤਰ ਮੰਨਿਆ ਜਾਂਦਾ ਹੈ। ਜਿਵੇਂ- ਸਿੱਖਾਂ ਦੇ ਪਵਿੱਤਰ ਚਿੰਨ੍ਹ ਦਾ ਅਪਮਾਨ ਕਰਨਾ। ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਅਸਥਾਨ ਨੂੰ ਨੁਕਸਾਨ ਪਹੁੰਚਾਉਣਾ। ਸਿੱਖ ਗੁਰੂਆਂ ਵੱਲੋਂ ਦੱਸੇ ਗਏ ਉਪਦੇਸ਼ਾਂ ਜਾਂ ਗਿਆਨ ਨੂੰ ਬਦਲਣ ਜਾਂ ਗਲਤ ਢੰਗ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕਰਨ ਨੂੰ ਵੀ ਬੇਅਦਬੀ ਮੰਨਿਆ ਜਾਂਦਾ ਹੈ। ਪੰਜਾਬ ਵਿੱਚ ਬਅਦਬੀ ਦੇ ਕਈ ਮਾਮਲੇ ਸਮਾਹਣੇ ਆ ਚੁੱਕੇ ਹਨ… ਜਿਸ ਕਾਰਨ ਪੰਜਾਬ ਦੇ ਲੋਕ ਇਸ ਮਾਮਲੇ ਤੇ ਸਖਤ ਕਾਨੂੰਨ ਲਿਆਉਣ ਦੀ ਵੀ ਮੰਗ ਕਰ ਚੁੱਕੇ ਹਨ।

ਬੇਅਦਬੀ ਨੂੰ ਲੈ ਕੇ ਕੀ ਕਹਿਦਾ ਹੈ ਕਾਨੂੰਨ ?

ਪੰਜਾਬ (Punjab) ਵਿੱਚ ਬੇਅਦਬੀ ਦੇ ਮਾਮਲੇ ਤੇ ਫਾਂਸੀ ਦੇਣ ਦੀ ਵੀ ਮੰਗ ਕੀਤੀ ਜਾ ਚੁੱਕੀ ਹੈ। ਪਿਛਲੇ ਕੁੱਝ ਸਾਲਾਂ ਵਿੱਚ ਪੰਜਾਬ ਦੇ ਲੋਕ ਇਸਨੂੰ ਲੈ ਕੇ ਸਖਤ ਕਾਨੂੰਨ ਦੀ ਮੰਗ ਕਰ ਚੁੱਕੇ ਹਨ ਪਰ ਹਾਲੇ ਤੱਕ ਸਖਤ ਕਾਨੂੰਨ ਬਣਿਆ ਨਹੀਂ। ਬੇਅਦਬੀ ਮਾਮਲਿਆਂ ਵਿੱਚ IPC ਦੀ ਧਾਰਾ 295 ਅਤੇ 295A ਦੇ ਤਹਿਤ ਮਾਮਲਾ ਦਰਜ ਕੀਤਾ ਜਾਂਦਾ ਹੈ। ਆਈਪੀਸੀ ਦਾ ਸੈਕਸ਼ਨ 295 ਏ ਕਹਿੰਦਾ ਹੈ ਕਿ ਸ਼੍ਰੀ ਭਾਗਵਤ ਗੀਤਾ, ਪਵਿੱਤਰ ਕੁਰਾਨ, ਬਾਈਬਲ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨਾ ਕਾਨੂੰਨੀ ਅਪਰਾਧ ਮੰਨਿਆ ਜਾਂਦਾ ਹੈ। ਅਜਿਹਾ ਕਰਨ ਤੇ ਮੁਲਜ਼ਮ ਨੂੰ ਤਿੰਨ ਸਾਲ ਦੀ ਸਜਾ ਹੋ ਸਕਦੀ ਹੈ। ਅਤੇ ਜ਼ੁਰਮਾਨਾ ਵੀ ਲਗਾਇਆ ਜਾ ਸਕਦਾ ਹੈ। ਪਰ ਹੁਣ ਤੱਕ ਇਸ ਮਾਮਲੇ ਨੂੰ ਲੈ ਕੇ ਜਿਹੜਾ ਵੀ ਕਾਨੂੰਨ ਹੈ ਉਸ ਅਨੂਸਾਰ ਕਿਸੇ ਵੀ ਬੇਅਦਬੀ ਕਰਨ ਵਾਲੇ ਦਾ ਕਤਲ ਨਹੀਂ ਕੀਤਾ ਜਾ ਸਕਦਾ। ਇਸਦੇ ਬਾਵਜੂਦ ਵੀ ਪਟਿਆਲਾ ਵਿਖੇ ਸਰੇਆਮ ਗੋਲੀ ਮਾਰਕੇ ਕੇ ਮਹਿਲਾ ਦਾ ਕਤਲ ਕਰ ਦਿੱਤਾ ਗਿਆ। ਹਾਲਾਂਕਿ ਉਕਤ ਮਹਿਲਾ ਦਾ ਜੁਰਮ ਵੀ ਬਖਸ਼ਣ ਯੋਗ ਨਹੀਂ ਸੀ, ਪਰ ਕਿਸੇ ਦਾ ਕਤਲ ਕਰਨ ਦੀ ਕਾਨੂੰਨ ਕਦੇ ਵੀ ਇਜ਼ਾਜਤ ਨਹੀਂ ਦਿੰਦਾ।

ਪੰਜਾਬ ਵਿੱਚ ਸਾਹਮਣੇ ਆਏ ਬੇਅਦਬੀ ਦੇ ਜ਼ਿਆਦਾ ਮਾਮਲੇ

NCRB ਦੀ ਇੱਕ ਰਿਪੋਰਟ ਕਹਿੰਦੀ ਹੈ ਕਿ ਪੰਜਾਬ ਵਿੱਚ ਜਿਆਦਾਦਰ ਬੇਅਦਬੀ ਦੇ ਸਾਰੇ ਮਾਮਲੇ ਸਾਹਮਣੇ ਆਏ ਹਨ। ਇਸਦੇ ਬਾਵਜੂਦ ਵੀ ਸਰਕਾਰ ਨੇ ਹੁਣ ਤੱਕ ਇਸਤੇ ਕੋਈ ਸਖਤ ਕਾਨੂੰਨ ਨਹੀਂ ਬਣਾਇਆ ਜਦਕਿ ਪੰਜਾਬ ਦੇ ਲੋਕ ਇਸਨੂੰ ਲੈ ਕੇ ਫਾਂਸੀ ਦੀ ਮੰਗ ਕਰ ਚੁੱਕੇ ਹਨ। ਮੌਜੂਦਾ ਕਾਨੂੰਨ ਅਨੂਸਾਰ, ਬੇਅਦਬੀ ਦੇ ਮਾਮਲੇ ਵਿੱਚ ਆਈਪੀਸੀ ਦੀ ਧਾਰਾ 295-ਏ ਤਹਿਤ ਤਿੰਨ ਸਾਲ ਤੱਕ ਦੀ ਸਜ਼ਾ ਦੀ ਤਜਵੀਜ ਹੈ।
‘ਇੰਡੀਅਨ ਪੀਨਲ ਕੋਡ (ਪੰਜਾਬ ਸੋਧ) ਬਿੱਲ, 2018 ਵਿੱਚ ਬੇਅਦਬੀ ਕਰਨ ਵਾਲੇ ਮੁਲਜ਼ਮ ਲਈ ਉਮਰ ਕੈਦ ਦੀ ਸਜ਼ਾ ਕੀਤੀ ਗਈ ਸੀ। ਜਿਸਦੇ ਤਹਿਤ ਦੋ ਬਿੱਲਾਂ ਬਿੱਲਾਂ ਨੂੰ ਪੰਜਾਬ ਦੇ ਰਾਜਪਾਲ ਵੱਲੋਂ 12 ਅਗਸਤ 2018 ਨੂੰ ਮਨਜ਼ੂਰੀ ਦਿੱਤੀ ਦਿੱਤੀ ਸੀ ਪਰ ਇਹ ਬਿੱਲ ਮਨਜ਼ੂਰੀ ਲਈ ਭਾਰਤ ਦੇ ਰਾਸ਼ਟਰਪਤੀ ਕੋਲ ਅਕਤੂਬਰ, 2018 ਤੋਂ ਪੈਂਡਿੰਗ ਪਏ ਹਨ।

ਪੰਜਾਬ ਦੀਆਂ ਬੇਅਦਬੀ ਦੀਆਂ ਵੱਡੀਆਂ ਘਟਨਾਵਾਂ

  1. 2023 ਦੀ 14 ਮਈ ਜਦੋਂ ਪਟਿਆਲਾ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਇੱਕ ਮਹਿਲਾ ਦਾ ਕਤਲ ਕਰ ਦਿੱਤਾ ਜਾਂਦਾ ਹੈ। ਮਹਿਲਾ ਤੇ ਬੇਅਦਬੀ ਕਰਨ ਦਾ ਇਲਜ਼ਾਮ ਲੱਗਿਆ। ਦਰਅਸਲ ਮੀਡੀਆ ਰਿਪੋਰਟਾਂ ਦੇ ਮੁਤਾਬਿਕ ਪਲਵਿੰਦਰ ਕੌਰ ਨਾਂਅ ਦੀ ਇਹ ਮਹਿਲਾ ਗੁਰਦੁਆਰਾ ਸਾਹਿਬ ਅੰਦਰ ਬਣੇ ਸਰੋਵਰ ਕਿਨਾਰੇ ਸ਼ਰਾਬ ਪੀ ਰਹੀ ਸੀ। ਸੇਵਾਦਾਰ ਮਹਿਲਾ ਤੋਂ ਪੁੱਛਗਿੱਛ ਕਰ ਰਹੇ ਸਨ ਤਾਂ ਉਸੇ ਦੌਰਾਨ ਹੀ ਉੱਥੇ ਮੁਲਜ਼ਮ ਨਿਰਮਲਜੀਤ ਵੀ ਆ ਗਿਆ ਜਿਸਨੇ ਫਾਈਰਿੰਗ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਮੁਲਜ਼ਮ ਨੇ ਤਿੰਨ ਗੋਲੀਆਂ ਮਹਿਲਾ ਨੂੰ ਮਾਰੀਆਂ ਜਿਸਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਇੱਕ ਸੇਵਾਦਾਰ ਗੰਭੀਰ ਜ਼ਖਮੀ ਹੋ ਗਿਆ।
  2. ਇਸੇ ਸਾਲ ਅਪ੍ਰੈਲ ਵਿੱਚ ਪੰਜਾਬ ਦੇ ਰੋਪੜ ਜ਼ਿਲ੍ਹੇ ਦੇ ਮੋਰਿੰਡਾ ਦੇ ਕੋਤਵਾਲੀ ਸਾਹਿਬ ਗੁਰਦੁਆਰੇ ਵਿੱਚ, ਇੱਕ ਕੇਸਧਾਰੀ ਨੌਜਵਾਨ ਨੇ ਅੰਦਰ ਦਾਖਲ ਹੋ ਕੇ ਪਾਠ ਕਰਨ ਵਾਲੇ ਗ੍ਰੰਥੀਆਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਘਟਨਾ ਤੋਂ ਬਾਅਦ ਗੁਰਦੁਰਆਰੇ ਵਿੱਚ ਜਮਾ ਹੋਏ ਲੋਕਾਂ ਨੇ ਮੁਲਜਮ ਨੌਜਵਾਨ ਨੂੰ ਫੜ੍ਹ ਕੇ ਉਸਦਾ ਕੁਟਾਪਾ ਚਾੜ੍ਹਿਆ। ਉਸ ਦੇ ਕੁਝ ਹੀ ਦਿਨਾਂ ਬਾਅਦ ਮੁਲਜ਼ਮ ਦੀ ਜੇਲ੍ਹ ਵਿੱਚ ਮੌਤ ਹੋ ਗਈ।
  3. ਦਸੰਬਰ 2021 ਨੂੰ, ਅੰਮ੍ਰਿਤਸਰ ਵਿੱਚ ਹਰਿਮੰਦਰ ਸਾਹਿਬ ਦੇ ਗੁਰੂਘਰ ਵਿੱਚ, ਇੱਕ ਦੋਸ਼ੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਹੁਤ ਨੇੜੇ ਪਹੁੰਚਿਆ। ਉਸ ਨੇ ਬੇਅਦਬੀ ਦੀ ਕੋਸ਼ਿਸ਼ ਕੀਤੀ ਸੀ। ਸੇਵਾਦਾਰਾਂ ਨੇ ਉਸਨੂੰ ਤੁਰੰਤ ਰੋਕ ਲਿਆ। ਪਰ ਸੰਗਤ ਇਸ ਹੱਦ ਤੱਕ ਨਾਰਾਜ਼ ਹੋ ਗਈ ਕਿ ਕੁੱਟ-ਕੁੱਟਕੇ ਉਸਦੀ ਹੱਤਿਆ ਕਰ ਦਿੱਤੀ।
  4. 2021 ਵਿੱਚ ਜਦੋਂ ਸਿੰਘੂ ਬਾਰਡਰ ਤੇ ਕਿਸਾਨ ਅੰਦੋਲਨ ਚੱਲ ਰਿਹਾ ਸੀ ਤਾਂ ਇੱਕ 35 ਸਾਲਾ ਵਿਅਕਤੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਘਟਨਾ ਦੀ ਨਿਹੰਗ ਸਿੰਘਾਂ ਨੇ ਵੀਡੀਓ ਵੀ ਜਾਰੀ ਕੀਤੀ ਹੈ। ਇਸ ਦੇ ਚਲਦਿਆਂ ਨਿਹੰਗ ਸਿੰਘਾਂ ਨੇ ਬੇਅਦਬੀ ਕਰਨ ਵਾਲੇ ਵਿਅਕਤੀ ਦਾ ਗੁੱਟ ਤੇ ਲੱਤ ਵੱਢ ਦਿੱਤੀ, ਜਿਸ ਤੋਂ ਬਾਅਦ ਵਿਅਕਤੀ ਦੀ ਮੌਤ ਹੋ ਗਈ।
  5. ਏਸੇ ਤਰ੍ਹਾਂ ਬੇਅਦਬੀ ਮਾਮਲੇ ਦੇ ਮੁਲਜ਼ਮ ਅਤੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਪ੍ਰਦੀਪ ਸਿੰਘ ਦੀ ਵੀ ਗੋਲੀ ਮਾਰਕੇ ਹੱਤਿਆ ਕਰ ਦਿੱਤੀ ਸੀ। ਇਹ ਮਾਮਲਾ ਫਰੀਦਕੋਟ ਦਾ ਹੈ ਜਿਸਦੇ ਤਹਿਤ ਪ੍ਰਦੀਪ ਸਿੰਘ 2015 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਹੋਈ ਸੀ ਉਸਦੇ ਮੁੱਖ ਮੁਲਜ਼ਮ ਸਨ।
  6. 2015 ਵਿੱਚ ਫਰੀਦਕੋਟ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ। ਇਹ ਮਾਮਲਾ ਇੰਨਾ ਚਰਚਾ ਵਿੱਚ ਆਇਆ ਸੀ ਕਿ ਲੋਕਾਂ ਵਿੱਚ ਗੁੱਸੇ ਕਾਰਨ ਸੂਬੇ ਵਿੱਚ ਸੱਤਾ ਤਬਦੀਲੀ ਹੋਣ ਦੀ ਮੰਗ ਸ਼ੁਰੂ ਹੋ ਗਈ ਸੀ।
  7. 2007: ਗੁਰਮੀਤ ਰਾਮ ਰਹੀਮ ਨੇ ਗੁਰੂ ਗੋਬਿੰਦ ਸਿੰਘ ਦਾ ਰੂਪ ਧਾਰਿਆ। ਇਸ ਮਾਮਲੇ ਵਿੱਚ ਗੁਰਮੀਤ ਖ਼ਿਲਾਫ਼ ਵੀ ਕੇਸ ਦਰਜ ਕੀਤਾ ਗਿਆ ਸੀ।
  8. 1984: ਬੇਅਦਬੀ ਦੇ ਸਭ ਤੋਂ ਚਰਚਿਤ ਮਾਮਲੇ ਆਪ੍ਰੇਸ਼ਨ ਬਲੂ ਸਟਾਰ ਬਾਰੇ ਹਰ ਕੋਈ ਜਾਣਦਾ ਹੈ। ਆਪਰੇਸ਼ਨ ਬਲੂਸਟਾਰ ਦੇ ਬਾਅਦ ਤਤਕਾਲੀ ਪ੍ਰਧਾਨ ਮੰਤਰੀ ਦਾ ਉਨ੍ਹਾਂ ਦੇ ਹੀ ਇੱਕ ਸਿੱਖ ਸੁਰੱਖਿਆ ਗਾਰਡਾਂ ਨੇ ਗੋਲੀ ਮਾਰਕੇ ਕਤਲ ਕਰ ਦਿੱਤਾ।
  9. 1970 ਵਿੱਚ ਨਿਰੰਕਾਰੀ ਮਿਸ਼ਨ ਦੇ ਪ੍ਰਮੁੱਖ ਬਾਬਾ ਗੁਰਬਚਨ ਸਿੰਘ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਪਰੰਪਰਾ ਬਦਲਣ ਦੀ ਕੋਸ਼ਿਸ਼ ਕੀਤੀ ਸੀ। ਇਸ ਘਟਨਾ ਦੀ ਗਿਣਤੀ ਵੀ ਬੇਅਦਬੀ ਵਿੱਚ ਕੀਤੀ ਗਈ, ਜਿਸ ਕਾਰਨ 1980 ਵਿੱਚ ਬਾਬਾ ਗੁਰਬਚਨ ਸਿੰਘ ਦੀ ਹੱਤਿਆ ਕਰ ਦਿੱਤੀ ਗਈ।

ਪੰਜਾਬ ਸਰਕਾਰ ਨੇ ਲਿਆਂਦਾ ਬਿੱਲ ਕੇਂਦਰ ਨੇ ਮੋੜਿਆ

ਬੇਅਦਬੀ ਮਾਮਲਿਆਂ ਦੇ ਅਕਾਲੀ ਦਲ ਨੇ ਸਾਲ 2016 ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਖਿਲਾਫ ਵਿਧਾਨ ਸਭਾ ਵਿੱਚ ਇੱਕ ਬਿੱਲ ਲਿਆਂਦਾ ਸੀ ਪਰ ਇਹ ਕੇਂਦਰ ਸਰਕਾਰ ਵੱਲੋਂ ਇਸ ਨੂੰ ਵਾਪਿਸ ਕਰ ਦਿੱਤਾ ਗਿਆ। ਸਾਲ 2018 ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਵੀ ਦੋ ਬਿਲ ਵਿਧਾਨ ਸਭਾ ਵਿੱਚ ਪਾਸ ਕੀਤੇ ਸਨ ਅਤੇ ਦੋਸ਼ੀਆਂ ਲਈ ਉਮਰ ਕੈਦ ਦੀ ਸਜ਼ਾ ਦੀ ਵਕਾਲਤ ਕੀਤੀ।

ਮਾਨ ਨੇ ਵੀ ਕੀਤੀ ਸੀ ਗ੍ਰਹਿ ਮੰਤਰੀ ਨਾਲ ਮੁਲਾਕਾਤ

9 ਦਸੰਬਰ, 2022 ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹਨਾਂ ਬਿਲਾਂ ਦੀ ਰਾਸ਼ਟਰਪਤੀ ਤੋਂ ਮਨਜੂਰੀ ਲਈ ਭਾਰਤ ਦੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ। ਮੁੱਖ ਮੰਤਰੀ ਦੇ ਇਹਨਾਂ ਬਿੱਲਾਂ ਦੀ ਮਨਜ਼ੂਰੀ ਲਈ ਕੇਂਦਰ ਦੀ ਮਦਦ ਮੰਗੀ ਸੀ। ਪਰ ਕੋਈ ਹੱਲ ਨਹੀਂ ਨਿਕਲਿਆ।

ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਲਿਖੀ ਸੀ ਚਿੱਠੀ

ਇਸ ਤੋਂ ਇਲਾਵਾ 20 ਦਸੰਬਰ 2021 ਨੂੰ ਪੰਜਾਬ ਦੇ ਤਤਕਾਲੀ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇੱਕ ਚਿੱਠੀ ਲਿਖੀ ਸੀ। ਜਿਸ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿੱਖਾਂ ਵੱਲੋਂ ਇੱਕ ਜੀਵਤ ਗੁਰੂ ਮੰਨਿਆ ਜਾਂਦਾ ਹੈ, ਨਾ ਕਿ ਕੋਈ ਵਸਤੂ, ਜਿਸ ਕਾਰਨ ਇਨ੍ਹਾਂ ਦੀ ਬੇਅਦਬੀ ਕਰਨ ਵਾਲਿਆਂ ਲਈ ਸਖਤ ਸਜਾ ਦੇਣ ਦਾ ਕਾਨੂੰਨ ਬਣਨਾ ਚਾਹੀਦਾ ਹੈ ਪਰ ਸਰਕਾਰ ਨੇ ਇਸ ਵੱਲ ਕੋਈ ਖਾਸ ਧਿਆਨ ਨਹੀਂ ਦਿੱਤਾ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ