ਮੁੜ ਸਰਗਰਮ ਹੋਇਆ ਮਾਨਸੂਨ, ਬਿਆਸ ਨਦੀ ਦਾ ਬੰਨ੍ਹ ਟੁੱਟਣ ਕਰਕੇ ਤਰਨਤਾਰਨ ‘ਚ ਵਧਿਆ ਹੜ੍ਹ ਦਾ ਖ਼ਤਰਾ, ਕਿੰਨਾ ਅਲਰਟ ਪ੍ਰਸ਼ਾਸਨ?

Updated On: 

18 Jul 2023 15:12 PM

ਮੁੜ ਸਰਗਰਮ ਹੋਇਆ ਮਾਨਸੂਨ, ਬਿਆਸ ਨਦੀ ਦਾ ਬੰਨ੍ਹ ਟੁੱਟਣ ਕਰਕੇ ਤਰਨਤਾਰਨ ਚ ਵਧਿਆ ਹੜ੍ਹ ਦਾ ਖ਼ਤਰਾ, ਕਿੰਨਾ ਅਲਰਟ ਪ੍ਰਸ਼ਾਸਨ?
Follow Us On

ਪੰਜਾਬ ਵਿੱਚ ਆਏ ਹੜ੍ਹਾਂ ਤੋਂ ਬਾਅਦ ਹਾਲਾਤ ਹਾਲੇ ਵੀ ਆਮ ਵਾਂਗ ਨਹੀਂ ਹੋਏ ਹਨ। ਉਸ ਤੇ ਮੌਸਮ ਵਿਭਾਗ ਨੇ ਮਾਨਸੂਨ (Monsoon) ਦੇ ਮੁੜ ਸਰਗਰਮ ਹੋਣ ਦੀ ਭਵਿੱਖਵਾਣੀ ਵੀ ਕਰ ਦਿੱਤੀ ਹੈ। ਹੁਣ ਤਰਨਤਾਰਨ ‘ਚ ਹੜ੍ਹ ਦਾ ਖ਼ਤਰਾ ਪੈਦਾ ਹੋ ਗਿਆ ਹੈ। ਇੱਥੇ ਖਡੂਰ ਸਾਹਿਬ ਦੇ ਪਿੰਡ ਮੁੰਡਾਪਿੰਡ ਨੇੜੇ ਬਿਆਸ ਦਰਿਆ ਦੇ ਬੰਨ੍ਹ ਚ ਪਾੜ ਪੈ ਗਿਆ ਹੈ। ਜਿਸ ਕਾਰਨ 3 ਪਿੰਡਾਂ ਦੇ ਡੁੱਬਣ ਦਾ ਖਤਰਾ ਪੈਦਾ ਹੋ ਗਿਆ ਹੈ। ਇੱਥੋਂ ਦੇ ਖੇਤਾਂ ਵਿੱਚ ਕਈ ਏਕੜ ਫ਼ਸਲ ਪਾਣੀ ਵਿੱਚ ਡੁੱਬ ਗਈ ਹੈ। ਪਿੰਡ ਵਾਸੀ ਆਪਣੇ ਪੱਧਰ ਤੇ ਬੰਨ੍ਹ ਨੂੰ ਦੁਬਾਰਾ ਬਣਾਉਣ ਵਿੱਚ ਲੱਗੇ ਹੋਏ ਹਨ।

ਮਾਨਸਾ ‘ਚ ਡੁੱਬਣ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਪਾਣੀ ਭਰੀਆਂ ਥਾਵਾਂ ‘ਤੇ ਸੈਲਫੀ ਲੈਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਮਾਨਸਾ ਦੇ ਜ਼ਿਲ੍ਹਾ ਮੈਜਿਸਟਰੇਟ ਨੇ ਧਾਰਾ 144 ਤਹਿਤ ਇਹ ਪਾਬੰਦੀ ਲਗਾਈ ਹੈ। ਹੁਕਮਾਂ ‘ਚ ਕਿਹਾ ਗਿਆ ਹੈ ਕਿ ਕਿਸੇ ਵੀ ਸੇਮ ਵਾਲੇ ਖੇਤਰ, ਟੁੱਟੇ ਬੰਨ੍ਹ, ਪੁਲ ਅਤੇ ਨਦੀ ਨਾਲਿਆਂ ‘ਤੇ ਮੋਬਾਈਲ ਤੋਂ ਸੈਲਫੀ ਨਹੀਂ ਲਈ ਜਾਵੇਗੀ। ਇਹ ਹੁਕਮ 31 ਜੁਲਾਈ ਤੱਕ ਲਾਗੂ ਰਹਿਣਗੇ।

ਸਰਹੱਦ ਤੇ ਡਟੇ ਬੀਐਸਐਫ ਦੇ ਜਵਾਨ

ਘੱਗਰ ਅਤੇ ਸਤਲੁਜ ਦਾ ਪਾਣੀ ਹਰੀਕੇ ਹੈੱਡ ਤੋਂ ਪਾਕਿਸਤਾਨ ਨੂੰ ਭੇਜਿਆ ਜਾਂਦਾ ਸੀ ਪਰ ਪਾਣੀ ਕਾਰਨ ਫਿਰੋਜ਼ਪੁਰ ਦਾ ਸਰਹੱਦੀ ਇਲਾਕਾ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਗਿਆ ਹੈ। ਇਸ ਸਥਿਤੀ ਵਿੱਚ ਸੀਮਾ ਸੁਰੱਖਿਆ ਬਲ (ਬੀਐਸਐਫ) ਦੇ ਜਵਾਨ ਵੀ ਸਰਹੱਦ ਦੀ ਰਾਖੀ ਵਿੱਚ ਲੱਗੇ ਹੋਏ ਹਨ, ਜਿਸ ਦੀ ਇੱਕ ਤਸਵੀਰ ਬੀਐਸਐਫ ਵੱਲੋਂ ਵੀ ਸਾਂਝੀ ਕੀਤੀ ਗਈ, ਜਿਸ ਵਿੱਚ 3-4 ਫੁੱਟ ਪਾਣੀ ਵਿੱਚ ਵੀ ਜਵਾਨ ਬਾਰਡਰ ‘ਤੇ ਮੁਸਤੈਦ ਹਨ।

ਟੋਰਨੇਡੋ ਦੇਖ ਕੇ ਹੈਰਾਨ ਲੋਕ

ਬੀਤੀ ਸ਼ਾਮ ਫਿਰੋਜ਼ਪੁਰ ਦੇ ਪਿੰਡ ਨੱਥੂਵਾਲਾ ਵਿੱਚ ਟੋਰਨੋਡੋ ਦਾ ਭਿਆਨਕ ਰੂਪ ਵੇਖ ਕੇ ਲੋਕ ਹੈਰਾਨ ਰਹਿ ਗਏ। ਇਸ ਦਾ ਆਕਾਰ ਵੀ ਇੰਨਾ ਜ਼ਿਆਦਾ ਨਹੀਂ ਸੀ, ਪਰ ਫਿਰ ਵੀ ਇਹ ਆਪਣੇ ਅੰਦਰ ਹਲਕੀਆਂ ਚੀਜ਼ਾਂ ਨੂੰ ਆਪਣੇ ਅੰਦਰ ਸਮਾਉਂਦਾ ਦਿਖਾਈ ਦਿੱਤਾ। ਇਸ ਤੂਫਾਨ ਨੂੰ ਕੁਝ ਦੇਰ ਤੱਕ ਵੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਪਰ ਇਸ ਨਾਲ ਕੋਈ ਵੱਡਾ ਨੁਕਸਾਨ ਨਹੀਂ ਹੋਇਆ।

ਮਾਨਸੂਨ ਸਰਗਰਮ, ਪ੍ਰਸ਼ਾਸਨ ਦੀ ਕਿੰਨੀ ਤਿਆਰੀ

ਉੱਧਰ, ਸੂਬੇ ਚ ਮਾਨਸੂਨ ਮੁੜ ਤੋਂ ਸਰਗਰਮ ਹੋ ਗਿਆ ਹੈ। ਪੰਜਾਬ ਦੇ ਕੁਝ ਇਲਾਕਿਆਂ ਚ ਮੀਂਹ ਪੈ ਰਿਹਾ ਹੈ, ਜਦਕਿ ਕਈਆਂ ਇਲਾਕਿਆਂ ਵਿੱਚ ਮੌਸਮ ਵਿਭਾਗ ਨੇ ਮੀਂਹ ਪੈਣ ਦੀ ਭਵਿੱਖਵਾਣੀ ਜਾਰੀ ਕੀਤੀ ਹੈ। ਵਿਭਾਗ ਦੀ ਮੰਨੀਏ ਤਾਂ ਅਗਲੇ 3 -4 ਦਿਨਾਂ ਤੱਕ ਸੂਬੇ ਵਿੱਚ ਮੱਧ ਤੋਂ ਭਾਰੀ ਮੀਂਹ ਪੈ ਸਕਦਾ ਹੈ। ਪਠਾਨਕੋਟ ਅਤੇ ਗੁਰਦਾਸਪੁਰ ਵਿੱਚ ਸਭ ਤੋਂ ਵੱਧ ਮੀਂਹ ਪੈਣ ਦਾ ਅਲਰਟ ਜਾਰੀ ਕੀਤਾ ਗਿਆ ਹੈ। ਜਦਕਿ ਹੋਰਨਾਂ ਪਹਾੜੀ ਇਲਾਕਿਆਂ ਦੇ ਨਾਲ ਲਗਦੇ ਜਿਲ੍ਹਿਆਂ ਵਿੱਚ ਵੀ ਕਾਫੀ ਮੀਂਹ ਪੈ ਸਕਦਾ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Exit mobile version