ਪੰਜਾਬ ‘ਚ ਸੀਤ ਲਹਿਰ ਦਾ ਕਹਿਰ, ਚਾਰ ਦਿਨ ਤੱਕ ਛਾਈ ਰਹੇਗੀ ਸੰਘਣੀ ਧੁੰਦ, ਮੌਸਮ ਵਿਭਾਗ ਵੱਲੋਂ ਅਲਰਟ ਜਾਰੀ
ਪੰਜਾਬ ਵਿੱਚ ਅਗਲੇ ਚਾਰ ਦਿਨਾਂ ਤੱਕ ਠੰਢ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ। ਮੌਸਮ ਵਿਭਾਗ ਵੱਲੋਂ 4 ਦਿਨਾਂ ਲਈ ਸੰਘਣੀ ਧੁੰਦ ਅਤੇ ਕੋਲਡ- ਡੇਅ ਦਾ ਅਲਰਟ ਜਾਰੀ ਕੀਤਾ ਗਿਆ ਹੈ। ਹਾਲਾਂਕਿ ਇਸ ਦੌਰਾਨ ਮੌਸਮ ਖੁਸ਼ਕ ਰਹੇਗਾ। ਦੱਸ ਦਈਏ ਕਿ ਸਭ ਤੋਂ ਘੱਟ ਤਾਪਮਾਨ ਬਠਿੰਡਾ ਵਿੱਚ ਦਰਜ ਕੀਤਾ ਗਿਆ ਹੈ। ਹਰਿਆਣਾ 'ਚ ਵੀ ਸੀਤ ਲਹਿਰ ਜਾਰੀ ਹੈ। ਮੰਗਲਵਾਰ ਨੂੰ ਇੱਥੇ ਧੁੰਦ ਦੀ ਚਾਦਰ ਛਾਈ ਰਹੀ।
ਉੱਤਰੀ ਭਾਰਤ ‘ਚ ਠੰਡ ਦਾ ਕਹਿਰ ਲਗਾਤਾਰ ਵਧ ਰਿਹਾ ਹੈ। ਪੰਜਾਬ ‘ਚ ਸੀਤ ਲਹਿਰ ਅਤੇ ਸੰਘਣੀ ਧੁੰਦ ਕਾਰਨ ਜਨਜੀਵਨ ਪ੍ਰਭਾਵਿਤ ਹੋਣ ਲੱਗਾ ਹੈ। ਪੰਜਾਬ ਵਿੱਚ ਲਗਾਤਾਰ ਤੀਜੇ ਦਿਨ ਸੂਰਜ ਦੇਵਤਾ ਦੇ ਦਰਸ਼ਨ ਨਹੀਂ ਹੋਏ। ਮੌਸਮ ਵਿਭਾਗ ਨੇ ਬੁੱਧਵਾਰ ਤੋਂ 4 ਦਿਨਾਂ ਲਈ ਬੇਹੱਦ ਸੰਘਣੀ ਧੁੰਦ ਅਤੇ ਕੋਲਡ-ਡੇਅ ਦਾ ਅਲਰਟ ਜਾਰੀ ਕੀਤਾ ਗਿਆ ਹੈ। ਹਾਲਾਂਕਿ ਇਸ ਦੌਰਾਨ ਮੌਸਮ ਖੁਸ਼ਕ ਰਹੇਗਾ।
ਮੰਗਲਵਾਰ ਨੂੰ ਵੀ ਪੰਜਾਬ ਵਿੱਚ ਦਿਨ ਦੇ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ। ਇਸ ਕਾਰਨ ਦਿਨ ਦਾ ਤਾਪਮਾਨ ਹੁਣ ਆਮ ਨਾਲੋਂ 7.6 ਡਿਗਰੀ ਸੈਲਸੀਅਸ ਹੇਠਾਂ ਪਹੁੰਚ ਗਿਆ ਹੈ। ਪੰਜਾਬ ਵਿੱਚ ਬਠਿੰਡਾ ਸਭ ਤੋਂ ਠੰਢਾ ਰਿਹਾ। ਇੱਥੇ ਵੱਧ ਤੋਂ ਵੱਧ ਤਾਪਮਾਨ 11.8 ਡਿਗਰੀ ਸੈਲਸੀਅਸ ਰਿਹਾ, ਜੋ ਆਮ ਨਾਲੋਂ 9.1 ਡਿਗਰੀ ਸੈਲਸੀਅਸ ਘੱਟ ਦਰਜ ਕੀਤਾ ਗਿਆ। ਘੱਟੋ-ਘੱਟ ਤਾਪਮਾਨ 7 ਸੈਲਸੀਅਸ ਡਿਗਰੀ ਰਿਹਾ। ਪਟਿਆਲਾ ‘ਚ ਘੱਟੋ-ਘੱਟ ਤਾਪਮਾਨ 7.8 ਡਿਗਰੀ, ਅੰਮ੍ਰਿਤਸਰ ‘ਚ 8.3, ਲੁਧਿਆਣਾ ‘ਚ 8 ਅਤੇ ਫਰੀਦਕੋਟ ‘ਚ 8.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਚੰਡੀਗੜ੍ਹ ਵਿੱਚ ਘੱਟੋ-ਘੱਟ ਤਾਪਮਾਨ 9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਹਰਿਆਣਾ ‘ਚ ਠੰਡ ਹੋਰ ਵਧੇਗੀ
ਹਰਿਆਣਾ ‘ਚ ਸੀਤ ਲਹਿਰ ਜਾਰੀ ਹੈ। ਮੰਗਲਵਾਰ ਨੂੰ ਇੱਥੇ ਧੁੰਦ ਦੀ ਚਾਦਰ ਛਾਈ ਹੋਈ ਸੀ। ਮੌਸਮ ਵਿਭਾਗ ਮੁਤਾਬਕ ਹਿਸਾਰ ‘ਚ ਘੱਟੋ-ਘੱਟ ਤਾਪਮਾਨ 7.2 ਡਿਗਰੀ ਸੈਲਸੀਅਸ, ਕਰਨਾਲ ‘ਚ ਘੱਟੋ-ਘੱਟ ਤਾਪਮਾਨ 8 ਡਿਗਰੀ ਰਿਹਾ। ਜਦੋਂ ਕਿ ਨਾਰਨੌਲ ਅਤੇ ਭਿਵਾਨੀ ਵਿੱਚ ਘੱਟੋ-ਘੱਟ ਤਾਪਮਾਨ 7.5 ਡਿਗਰੀ ਸੈਲਸੀਅਸ ਅਤੇ 7.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਰਿਆਣਾ ‘ਚ ਲੋਕਾਂ ਨੂੰ ਚੌਥੇ ਦਿਨ ਵੀ ਸੂਰਜ ਨਜ਼ਰ ਨਹੀਂ ਆਇਆ, ਠੰਡ ਹੋਰ ਵਧਣ ਦੇ ਆਸਾਰ ਹਨ। 5 ਜਨਵਰੀ ਤੋਂ ਬਾਅਦ ਧੁੱਪ ਨਿਕਲ ਸਕਦੀ ਹੈ।
ਰਾਜਧਾਨੀ ਦਿੱਲੀ ਵਿੱਚ ਸੀਤ ਲਹਿਰ ਦਾ ਕਹਿਰ
ਦਿੱਲੀ ‘ਚ ਮੰਗਲਵਾਰ ਨੂੰ ਦਿੱਲੀ ਵਾਸੀਆਂ ਨੂੰ ਸਵੇਰੇ ਤੇਜ਼ ਹਵਾਵਾਂ ਦਾ ਸਾਹਮਣਾ ਕਰਨਾ ਪਿਆ ਅਤੇ ਘੱਟੋ-ਘੱਟ ਤਾਪਮਾਨ 8.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਇੱਕ ਡਿਗਰੀ ਵੱਧ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ‘ਚ ਸੰਘਣੀ ਤੋਂ ਦਰਮਿਆਨੀ ਧੁੰਦ ਛਾਈ ਰਹੀ। ਦਸੰਬਰ 2023 ਰਾਸ਼ਟਰੀ ਰਾਜਧਾਨੀ ਵਿੱਚ ਛੇ ਸਾਲਾਂ ਵਿੱਚ ਸਭ ਤੋਂ ਗਰਮ ਰਿਹਾ ਹੈ। ਇਸ ਮਹੀਨੇ ਦੌਰਾਨ ਸ਼ਹਿਰ ਵਿੱਚ ਇੱਕ ਵੀ ਕੋਲਡ ਵੇਵ ਡੇਅ ਦਰਜ ਨਹੀਂ ਕੀਤਾ ਗਿਆ।