ਜੇਲ੍ਹਾਂ ਵਿੱਚ ਬੰਦ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈਕੇ ਕੌਮੀ ਇੰਸਾਫ ਮੋਰਚਾ ਵਲੋਂ ਪਿਛਲੇ ਕਰੀਬ ਇੱਕ ਮਹੀਨੇ ਤੋਂ ਅੰਦੋਲਨ ਕੀਤਾ ਜਾ ਰਿਹਾ ਹੈ। ਅੱਜ ਚੰਡੀਗੜ੍ਹ ਕੂਚ ਸਮੇਂ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਚੜਪਾਂ ਹੋ ਗਈਆਂ। ਨੌਜਵਾਨਾਂ ਨੇ ਚੰਡੀਗੜ੍ਹ ਪੁਲਿਸ ਦੇ ਵਾਹਨ ਭੰਨ ਦਿੱਤੇ, ਕਈ ਪੁਲਿਸ ਮੁਲਾਜ਼ਮਾਂ ਸਮੇਤ ਬੀਬੀਆਂ ਜਖਮੀ ਹੋ ਗਈਆਂ।
ਚੰਡੀਗੜ੍ਹ। ਕੌਮੀ ਇਨਸਾਫ ਮੋਰਚੇ ਦੇ ਮੰਚ ਤੋਂ ਅਰਦਾਸ ਉਪਰੰਤ ਅੱਜ ਜਦੋਂ ਤੀਸਰਾ ਜਥਾ ਚੰਡੀਗੜ੍ਹ ਵਿਚਲੀ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਵੱਲ ਰਵਾਨਾ ਹੋਇਆ ਤਾਂ ਰਸਤੇ ਵਿਚ ਚੰਡੀਗੜ੍ਹ ਪੁਲਿਸ ਵਲੋਂ ਲਗਾਈਆਂ ਰੋਕਾਂ ਦੇ ਚਲਦਿਆਂ ਇਹ ਜਥਾ ਮੁਹਾਲੀ ਚੰਡੀਗੜ੍ਹ ਬਾਰਡਰ ਤੇ ਰੋਸ ਪ੍ਰਦਰਸ਼ਨ ਕਰਨ ਲੱਗਾ। ਇਸ ਦੌਰਾਨ ਅਚਾਨਕ ਕਿਸੇ ਪਾਸਿਓ ਪੁਲਿਸ ਤੇ ਪਥਰਾਅ ਹੋ ਗਿਆ ਅਤੇ ਪੁਲਿਸ ਨੇ ਜਵਾਬੀ ਕਾਰਵਾਈ ਕਰਦਿਆਂ ਸਿੰਘਾਂ ਤੇ ਹਲਕਾ ਲਾਠੀਚਾਰਜ ਅਤੇ ਪਾਣੀ ਦੀਆਂ ਬੁਛਾੜਾ ਸ਼ੁਰੂ ਕਰ ਦਿੱਤੀਆਂ। ਜਿਸਤੋਂ ਬਾਅਦ ਗੁੱਸੇ ਵਿਚ ਆਏ ਨੌਜਵਾਨਾਂ ਅਤੇ ਪੁਲਿਸ ਮੁਲਾਜ਼ਮਾਂ ਵਿਚ ਜਬਰਦਸਤ ਝੜਪਾਂ ਹੋਈਆਂ ਉਥੇ ਹੀ ਨੌਜਵਾਨਾਂ ਨੇ ਚੰਡੀਗੜ੍ਹ ਪੁਲਿਸ ਨੇ ਵਾਹਨਾਂ ਨੂੰ ਵੀ ਭੰਨ ਦਿੱਤਾ।
ਕਿਵੇਂ ਹੋਈ ਸਥਿਤੀ ਤਣਾਅਪੂਰਣ
ਪਿਛਲੇ ਲਗਾਤਾਰ ਦੋ ਦਿਨ ਤੋਂ ਰੋਜ਼ਾਨਾ ਇਕ ਜਥਾ ਭਗਵੰਤ ਮਾਨ ਦੀ ਚੰਡੀਗੜ੍ਹ ਵਿਚਲੀ ਰਿਹਾਇਸ਼ ਵੱਲ੍ਹ ਰਵਾਨਾ ਹੁੰਦਾ ਹੈ ਅਤੇ ਉਹ ਜਥਾ ਫਿਰ ਚੰਡੀਗੜ੍ਹ ਪੁਲਿਸ ਨੂੰ ਆਪਣੀਆਂ ਗ੍ਰਿਫ਼ਤਾਰੀ ਦੇ ਦਿੰਦਾ ਹੈ ਪਰ ਅੱਜ ਜਿਵੇਂ ਹੀ ਤੀਸਰਾ ਜਥਾ ਇਥੇ ਪਹੁੰਚਿਆ ਤਾਂ ਸਥਿਤੀ ਉਸ ਸਮੇਂ ਤਣਾਅਪੂਰਣ ਬਣ ਗਈ ਜਦੋਂ ਕਿਸੇ ਸ਼ਰਾਰਤੀ ਅਨਸਰ ਨੇ ਪੁਲਿਸ ਤੇ ਪਥਰਾਅ ਕਰ ਦਿੱਤਾ ਜਿਸਦੀ ਜਵਾਬੀ ਕਾਰਵਾਈ ਵਿਚ ਪੁਲਿਸ ਨੇ ਹਲਕਾ ਲਾਠੀਚਾਰਜ ਕੀਤਾ ਅਤੇ ਵਾਟਰ ਕੈਨਨ ਦੀ ਵਰਤੋਂ ਕੀਤੀ ਤਾਂ ਗੁੱਸੇ ਚ ਆਏ ਨੌਜਵਾਨ ਟਰੈਕਟਰਾਂ ਦੀ ਮਦਦ ਨਾਲ ਪੁਲਿਸ ਵਲੋਂ ਲਗਾਈਆਂ ਰੋਕਾਂ ਨੂੰ ਤੋੜ ਕੇ ਚੰਡੀਗੜ੍ਹ ਵਿਚ ਦਾਖਲ ਹੋ ਗਏ ਅਤੇ ਉਥੇ ਮੌਜੂਦ ਪੁਲਿਸ ਵਾਹਨਾਂ ਨੂੰ ਭੰਨ ਦਿੱਤਾ। ਇਸ ਸਾਰੇ ਘਟਨਾਕ੍ਰਮ ਵਿਚ ਬਹੁਤ ਸਾਰੇ ਪੁਲਿਸ ਮੁਲਾਜ਼ਮਾਂ ਸਮੇਤ ਸਿੰਘ ਵੀ ਜਮਖੀ ਹੋਏ ਹਨ।
ਸ਼ਾਮ ਸਮੇਂ ਚੰਡੀਗੜ੍ਹ ਤੋਂ ਵਾਪਸ ਮੋਰਚੇ ਚ ਪਰਤੇ ਨੌਜਵਾਨ
ਚੰਡੀਗੜ੍ਹ ਪੁਲਿਸ ਦੀਆਂ ਰੋਕਾਂ ਨੂੰ ਤੋੜ ਕੇ ਚੰਡੀਗੜ੍ਹ ਚ ਦਾਖਲ ਹੋਏ ਸਿੰਘਾਂ ਕੋਲ ਕੋਈ ਅਗਲਾ ਰੋਡਮੈਪ ਨਾ ਹੋਣ ਅਤੇ ਕੌਮੀ ਇਨਸਾਫ ਮੋਰਚੇ ਦੇ ਪ੍ਰਮੁੱਖ ਆਗੂਆਂ ਦੀ ਅਪੀਲ ਅਨੁਸਾਰ ਸਾਰੇ ਨੌਜਵਾਨ ਅਤੇ ਹੋਰ ਸੰਗਤ ਸ਼ਾਮ ਨੂੰ ਮੁੜ ਕੌਮੀ ਇਨਸਾਫ ਮੋਰਚੇ ਚ ਵਾਪਸ ਪਰਤ ਆਏ। ਜਿਕਰਯੋਗ ਹੈ ਕਿ ਜਦੋਂ ਇਹ ਹਿੰਸਕ ਝੜਪਾਂ ਹੋਈਆਂ ਤਾਂ ਇਨਸਾਫ ਮੋਰਚੇ ਦੇ ਆਗੂ ਨੌਜਵਾਨਾਂ ਨੂੰ ਇਹ ਸਮਝਾਉਦੇ ਨਜ਼ਰ ਆਏ ਕਿ ਉਹ ਇਸ ਢੰਗ ਨਾਲ ਹਿੰਸਕ ਨਾ ਹੋਣ ਬਲਕਿ ਸ਼ਾਂਤੀਪੂਰਵਕ ਢੰਗ ਨਾਲ ਆਪਣਾ ਰੋਸ ਪ੍ਰਦਰਸ਼ਨ ਪ੍ਰਗਟ ਕਰਨ।