ਅਮਿਤ ਸ਼ਾਹ ਦਾ ਫਿਰੋਜ਼ਪੁਰ ਦੌਰਾ ਰੱਦ: ਸੈਟੇਲਾਈਟ ਸੈਂਟਰ ਦਾ ਉਦਘਾਟਨ ਹੋਣਾ ਸੀ; 26 ਸਤੰਬਰ ਨੂੰ ਅੰਮ੍ਰਿਤਸਰ ਵਿਖੇ ਮੀਟਿੰਗ ਕਰਨਗੇ
Amit Shah Punjab Visit Cancelled:ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪੰਜਾਬ ਫੇਰੀ ਰੱਦ ਕਰ ਦਿੱਤੀ ਗਈ ਹੈ।ਹਾਲਾਂਕਿ ਪਾਰਟੀ ਲੀਡਰਸ਼ਿਪ ਇਸ ਦਾ ਕਾਰਨ ਖ਼ਰਾਬ ਮੌਸਮ ਦੀ ਚੇਤਾਵਨੀ ਦੱਸ ਰਹੀ ਹੈ,ਪਰ ਦੂਜੇ ਪਾਸੇ ਸਿਆਸੀ ਸੂਤਰਾਂ ਦਾ ਕਹਿਣਾ ਹੈ ਕਿ ਇਹ ਸਿਰਫ਼ ਇੱਕ ਬਹਾਨਾ ਹੈ। ਪਾਰਟੀ ਦਾ ਪੂਰਾ ਫੋਕਸ ਪੰਜਾਬ 'ਤੇ ਨਹੀਂ ਹੈ।
ਪੰਜਾਬ ਨਿਊਜ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਦੀ 26 ਸਤੰਬਰ ਦੀ ਫਿਰੋਜ਼ਪੁਰ ਫੇਰੀ ਰੱਦ ਕਰ ਦਿੱਤੀ ਗਈ ਹੈ। ਇੱਥੇ ਉਹ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਸੈਟੇਲਾਈਟ ਸੈਂਟਰ ਦਾ ਉਦਘਾਟਨ ਕਰਨ ਵਾਲੇ ਸਨ। ਦੱਸਿਆ ਗਿਆ ਹੈ ਕਿ ਉਨ੍ਹਾਂ ਦਾ ਦੌਰਾ ਨਿੱਜੀ ਕਾਰਨਾਂ ਕਰਕੇ ਰੱਦ ਕੀਤਾ ਗਿਆ ਹੈ। ਭਾਜਪਾ ਵਰਕਰ ਸ਼ਾਹ ਦੇ ਦੌਰੇ ਦੀਆਂ ਤਿਆਰੀਆਂ ‘ਚ ਰੁੱਝੇ ਹੋਏ ਸਨ, ਹੁਣ ਪੂਰਾ ਪ੍ਰੋਗਰਾਮ ਰੱਦ ਕੀਤਾ ਜਾ ਰਿਹਾ ਹੈ।
26 ਸਤੰਬਰ ਨੂੰ ਅਮਿਤ ਸ਼ਾਹ ਅੰਮ੍ਰਿਤਸਰ ਵਿੱਚ ਉੱਤਰੀ ਜ਼ੋਨ ਕੌਂਸਲ ਦੀ ਮੀਟਿੰਗ ਵਿੱਚ ਸ਼ਾਮਲ ਹੋਣਗੇ। ਮੀਟਿੰਗ ਵਿੱਚ ਉਹ ਜੰਮੂ-ਕਸ਼ਮੀਰ, ਲੱਦਾਖ, ਪੰਜਾਬ, ਹਰਿਆਣਾ, ਰਾਜਸਥਾਨ, ਹਿਮਾਚਲ ਪ੍ਰਦੇਸ਼, ਦਿੱਲੀ, ਚੰਡੀਗੜ੍ਹ ਦੇ ਪ੍ਰਮੁੱਖ ਨੁਮਾਇੰਦਿਆਂ ਨਾਲ ਸਰਹੱਦੀ ਖੇਤਰ ਦੀ ਸੁਰੱਖਿਆ ਅਤੇ ਵਿਕਾਸ ਕਾਰਜਾਂ ਬਾਰੇ ਚਰਚਾ ਕਰਨਗੇ।
ਸੁਨੀਲ ਜਾਖੜ ਨੇ ਦਿੱਤੀ ਸੀ ਅਮਿਤ ਸ਼ਾਹ ਦੇ ਦੌਰੇ ਦੀ ਜਾਣਕਾਰੀ
ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ (Sunil Jakhar) ਨੇ ਪ੍ਰੈੱਸ ਕਾਨਫਰੰਸ ਕਰਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਦੌਰੇ ਦੀ ਜਾਣਕਾਰੀ ਦਿੱਤੀ ਸੀ। ਜਾਖੜ ਨੇ ਦੱਸਿਆ ਸੀ ਕਿ ਅਮਿਤ ਸ਼ਾਹ 26 ਸਤੰਬਰ ਨੂੰ ਅੰਮ੍ਰਿਤਸਰ ਆ ਰਹੇ ਹਨ। ਉਹ ਇੱਥੇ ਉੱਤਰੀ ਜ਼ੋਨਲ ਮੀਟਿੰਗ ਵਿੱਚ ਵੀ ਸ਼ਾਮਲ ਹੋਣਗੇ। ਦੂਜੇ ਪਾਸੇ ਉਮੀਦ ਕੀਤੀ ਜਾ ਰਹੀ ਸੀ ਕਿ ਅਮਿਤ ਸ਼ਾਹ ਪੰਜਾਬ ਦੇ ਲੋਕਾਂ ਲਈ ਕੋਈ ਵੱਡਾ ਐਲਾਨ ਕਰ ਸਕਦੇ ਹਨ। ਸੁਨੀਲ ਜਾਖੜ ਦੇ ਬਿਆਨ ਮੁਤਾਬਕ ਅਮਿਤ ਸ਼ਾਹ ਫਿਰੋਜ਼ਪੁਰ ਪੀਜੀਆਈ ਦਾ ਨੀਂਹ ਪੱਥਰ ਰੱਖਣ ਆਉਣ ਵਾਲੇ ਸਨ ਪਰ ਇਕ ਦਿਨ ਬਾਅਦ ਹੀ ਸ਼ਾਹ ਦਾ ਪੰਜਾਬ ਦੌਰਾ ਰੱਦ ਹੋਣ ‘ਤੇ ਇਹ ਉਮੀਦਾਂ ‘ਤੇ ਪਾਣੀ ਫਿਰਦਾ ਨਜ਼ਰ ਆਇਆ।
ਰੱਖਣਾ ਸੀ ਫ਼ਿਰੋਜ਼ਪੁਰ ਪੀਜੀਆਈ ਦਾ ਨੀਂਹ ਪੱਥਰ
ਪਾਰਟੀ ਦੇ ਸੂਬਾ ਜਨਰਲ ਸਕੱਤਰ ਪਰਮਿੰਦਰ ਬਰਾੜ ਹੁਰਾਂ ਨੇ ਸ਼ਨੀਵਾਰ ਨੂੰ ਫਿਰੋਜ਼ਪੁਰ ‘ਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦਾਅਵਾ ਕੀਤਾ ਕਿ ਮੌਸਮ ਵਿਭਾਗ (Department of Meteorology) ਦੀ ਚਿਤਾਵਨੀ ਅਤੇ ਪੰਜਾਬ ‘ਚ ਮੀਂਹ ਅਤੇ ਖਰਾਬ ਮੌਸਮ ਦੇ ਮੱਦੇਨਜ਼ਰ ਹਾਈਕਮਾਂਡ ਨੇ ਅਮਿਤ ਸ਼ਾਹ ਦਾ ਦੌਰਾ ਰੱਦ ਕਰ ਦਿੱਤਾ ਹੈ। ਇਸੇ ਭੰਬਲਭੂਸੇ ਦੇ ਵਿਚਕਾਰ ਫ਼ਿਰੋਜ਼ਪੁਰ ਪੀਜੀਆਈ ਦਾ ਨੀਂਹ ਪੱਥਰ ਸਮਾਗਮ ਇੱਕ ਵਾਰ ਫਿਰ ਮੁਲਤਵੀ ਕਰ ਦਿੱਤਾ ਗਿਆ।
ਖਰਾਬ ਮੌਸਮ ਦੱਸਿਆ ਜਾ ਰਿਹਾ ਦੌਰਾ ਰੱਦ ਕਰਨ ਦਾ ਕਾਰਨ
ਹਾਲਾਂਕਿ ਅਮਿਤ ਸ਼ਾਹ ਦਾ ਦੌਰਾ ਰੱਦ ਹੋਣ ਦਾ ਕਾਰਨ ਖਰਾਬ ਮੌਸਮ ਦੱਸਿਆ ਜਾ ਰਿਹਾ ਹੈ ਪਰ ਇਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗੱਲਾਂ ਵੀ ਹੋਣ ਲੱਗ ਪਈਆਂ ਹਨ। ਸਿਆਸੀ ਸੂਤਰਾਂ ਦਾ ਤਾਂ ਇੱਥੋਂ ਤੱਕ ਕਹਿਣਾ ਹੈ ਕਿ ਭਾਜਪਾ ਪੰਜਾਬ ਵਿੱਚ ਫਿਲਹਾਲ ਆਪਣਾ ਪੱਤਾ ਨਹੀਂ ਖੇਡਣਾ ਚਾਹੁੰਦੀ ਕਿਉਂਕਿ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਦੀਆਂ ਚੋਣਾਂ ਨੇੜੇ ਹਨ। ਉਥੇ ਹੀ ਪੂਰਾ ਧਿਆਨ ਦਿੱਤਾ ਜਾ ਰਿਹਾ ਹੈ। ਬਾਕੀ ਮਸਲਾ ਇਹ ਹੈ ਕਿ ਫ਼ਿਰੋਜ਼ਪੁਰ ਪੀ.ਜੀ.ਆਈ ਦਾ ਨੀਂਹ ਪੱਥਰ ਰੱਖਣ ਦਾ ਕੰਮ ਮੁਲਤਵੀ ਹੋ ਗਿਆ ਹੈ ਤਾਂ ਇਸ ਦਾ ਕੀ? ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਬੈਠ ਕੇ ਆਨਲਾਈਨ ਨੀਂਹ ਪੱਥਰ ਰੱਖ ਸਕਦੇ ਹਨ।