ਪੰਜਾਬ ਸਰਕਾਰ ਨੇ ਕੇਂਦਰ ਤੋਂ ਮੰਗਿਆ 1500 ਕਰੋੜ ਦਾ ਮੁਆਵਜਾ, ਹੜ੍ਹਾਂ ਨਾਲ 6 ਲੱਖ ਹੈਕਟੇਅਰ ਫਸਲ ਹੋਈ ਪ੍ਰਭਾਵਿਤ

Updated On: 

30 Jul 2023 08:14 AM

ਮੁੱਖ ਮੰਤਰੀ ਨੇ ਹੜ੍ਹ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ 15 ਅਗਸਤ ਤੱਕ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਦਿੱਤੇ ਹਨ। ਅਨੁਮਾਨ ਦੇ ਆਧਾਰ 'ਤੇ ਪੰਜਾਬ ਸਰਕਾਰ ਨੇ ਕੇਂਦਰ ਤੋਂ 1500 ਕਰੋੜ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ।

ਪੰਜਾਬ ਸਰਕਾਰ ਨੇ ਕੇਂਦਰ ਤੋਂ ਮੰਗਿਆ 1500 ਕਰੋੜ ਦਾ ਮੁਆਵਜਾ, ਹੜ੍ਹਾਂ ਨਾਲ 6 ਲੱਖ ਹੈਕਟੇਅਰ ਫਸਲ ਹੋਈ ਪ੍ਰਭਾਵਿਤ
Follow Us On

ਪੰਜਾਬ ਨਿਊਜ। ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਕਈ ਅਹਿਮ ਫੈਸਲੇ ਲਏ ਗਏ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਹੜ੍ਹ ਕਾਰਨ ਹੋਏ ਨੁਕਸਾਨ ਅਤੇ ਪੀੜਤਾਂ ਨੂੰ ਰਾਹਤ ਦੇਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਮੁੱਖ ਮੰਤਰੀ (Chief Minister) ਨੇ ਹੜ੍ਹ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ 15 ਅਗਸਤ ਤੱਕ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਦਿੱਤੇ ਹਨ। ਅਨੁਮਾਨ ਦੇ ਆਧਾਰ ‘ਤੇ ਪੰਜਾਬ ਸਰਕਾਰ ਨੇ ਕੇਂਦਰ ਤੋਂ 1500 ਕਰੋੜ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ। ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਹੜ੍ਹਾਂ ਨਾਲ ਕਰੀਬ 6 ਲੱਖ ਹੈਕਟੇਅਰ ਰਕਬੇ ਵਿੱਚ ਫਸਲਾਂ ਪ੍ਰਭਾਵਿਤ ਹੋਈਆਂ ਹਨ। ਵਿੱਤ ਮੰਤਰੀ ਨੇ ਮੰਤਰੀ ਮੰਡਲ ਦੀ ਬੈਠਕ ਵਿੱਚ ਹੋਏ ਫੈਸਲਿਆਂ ਦਾ ਵਿਸਥਾਰ ਨਾਲ ਜਾਣਕਾਰੀ ਦਿੱਤੀ।

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ (Harpal Singh Cheema) ਨੇ ਕਿਹਾ ਕਿ ਸਾਲਾਂ ਤੋਂ ਲਟਕ ਰਹੀ ਖੇਡ ਨੀਤੀ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਬੱਚੇ, ਖਿਡਾਰੀ ਪੰਜਾਬ ਤੋਂ ਓਲੰਪਿਕ ਤੱਕ ਦਾ ਸਫ਼ਰ ਕਿਵੇਂ ਪੂਰਾ ਕਰਨਗੇ, ਇਹ ਸਭ ਕੁਝ ਨਵੀਂ ਖੇਡ ਨੀਤੀ ਵਿੱਚ ਵਿਸਥਾਰ ਨਾਲ ਦੱਸਿਆ ਗਿਆ ਹੈ।

ਇਸ ਤੋਂ ਇਲਾਵਾ ਅੰਮ੍ਰਿਤਸਰ ਅਤੇ ਪਟਿਆਲਾ ਦੇ ਦੋਵੇਂ ਪ੍ਰਮੁੱਖ ਸਰਕਾਰੀ ਡੈਂਟਲ ਕਾਲਜਾਂ ਵਿੱਚ ਲੰਬੇ ਸਮੇਂ ਤੋਂ ਖਾਲੀ ਪਈਆਂ 39 ਅਸਾਮੀਆਂ ਨੂੰ ਭਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ। ਲੋਕਾਂ ਦੇ ਘਰਾਂ ਤੱਕ ਆਟਾ ਪਹੁੰਚਾਉਣ ਦੀ ਵੀ ਪ੍ਰਵਾਨਗੀ ਦਿੱਤੀ ਗਈ ਹੈ।

ਹੜ੍ਹਾਂ ਕਾਰਨ ਹੋਇਆ 1500 ਦਾ ਨੁਕਸਾਨ

ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ (Punjab) ਵਿੱਚ ਹੜ੍ਹਾਂ ਦੇ ਕਾਰਨ ਕਰੀਬ 1500 ਕਰੋੜ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਹੋਏ ਹੜ੍ਹਾਂ ਦੇ ਕਾਰਨ ਨੁਕਸਾਨ ਦੀ ਭਰਪਾਈ ਕਰੇ। ਚੀਮਾ ਨੇ ਕਿਹਾ ਕਿ ਸਰਕਾਰੀ ਅਮਲੇ ਨੂੰ 15 ਅਗਸਤ ਤੱਕ ਹੜ੍ਹਾਂ ਦੇ ਕਾਰਨ ਹੋਏ ਨੁਕਸਾਨ ਦੀ ਸਪੈਸ਼ਲ ਗਿਰਦਾਵਰੀ ਕਰਵਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਰਾਜ ਕਾਨੂੰਨੀ ਅਥਾਰਟੀ ਲਈ ਭਰਤੀ ਨੂੰ ਵੀ ਮਨਜੂਰੀ ਦੇ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ 8-9 ਜ਼ਿਲ੍ਹਿਆਂ ਵਿੱਚ ਖਾਲੀ ਪਈਆਂ ਇਹ ਪੋਸਟਾਂ ਜਲਦੀ ਭਰੀਆਂ ਜਾਣਗੀਆਂ।

ਚੀਮਾ ਨੇ ਕਿਹਾ ਕਿ ਸੂਬੇ ਦੀਆਂ 366 ਗਾਊਸ਼ਾਲਾਵਾਂ ਦੇ ਪੈਡਿੰਗ ਪਏ ਬਿਜਲੀ ਦੇ ਬਿੱਲ ਮੁਆਫ ਕਰ ਦਿੱਤੇ ਗਏ ਨੇ। ਇਸ ਤੋਂ ਇਲਾਵਾ ਸਰਕਾਰ ਨੇ ਸਾਕਾ ਨੀਲਾ ਤਾਰਾ ਤੋਂ ਪ੍ਰਭਾਵਿਤ ਹੋਏ ਸੈਨਿਕਾਂ ਦੀ ਸਹਾਇਤਾ ਰਾਸ਼ੀ 10 ਹਜ਼ਾਰ ਤੋਂ ਵਧਾ ਕੇ 12 ਹਜ਼ਾਰ ਕਰਨ ਦਾ ਐਲਾਨ ਕੀਤਾ ਹੈ।

ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਸਰਲ ਬਣਾਈ

ਮੰਤਰੀ ਚੀਮਾ ਨੇ ਕਿਹਾ ਕਿ ਪੰਜਾਬ ਵਿੱਚ ਨਿਰਮਾਣ ਉਸਾਰੀ ਵਿੱਚ ਲੱਗੇ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਪਹਿਲਾਂ ਬਹੁਤ ਗੁੰਝਲਦਾਰ ਹੁੰਦੀ ਸੀ। ਇਸ ਕਾਰਨ ਮਜ਼ਦੂਰਾਂ ਨੂੰ ਰਜਿਸਟਰੇਸ਼ਨ ਕਰਵਾਉਣ ਵਿੱਚ ਦਿੱਕਤ ਆਉਂਦੀ ਸੀ ਅਤੇ ਉਹ ਆਪਣੀ ਰਜਿਸਟ੍ਰੇਸ਼ਨ (Registration) ਨਹੀਂ ਕਰਵਾ ਸਕਦੇ ਸਨ। ਪਰ ਪੰਜਾਬ ਸਰਕਾਰ ਨੇ ਇਸ ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਸਰਲ ਕਰ ਦਿੱਤਾ ਹੈ। ਪਹਿਲਾਂ ਇੱਕ ਮਜ਼ਦੂਰ ਨੂੰ ਮੈਡੀਕਲ ਜਾਂ ਕਿਸੇ ਹੋਰ ਲਾਭ ਲਈ ਅਪਲਾਈ ਕਰਨ ਤੋਂ ਬਾਅਦ 6 ਮਹੀਨੇ ਉਡੀਕ ਕਰਨੀ ਪੈਂਦੀ ਸੀ। ਪਰ ਹੁਣ ਇਹ ਸਮਾਂ ਸੀਮਾ ਆਨਲਾਈਨ ਮਾਧਿਅਮ ਰਾਹੀਂ ਘਟਾ ਦਿੱਤੀ ਗਈ ਹੈ। ਨੇ ਕਿਹਾ ਕਿ ਪੰਜਾਬ ਵਿੱਚ ਜਿੱਥੇ ਵੀ ਮਜ਼ਦੂਰ ਕੰਮ ਕਰਦੇ ਪਾਏ ਜਾਣਗੇ, ਅਧਿਕਾਰੀ ਖੁਦ ਉੱਥੇ ਜਾ ਕੇ ਉਨ੍ਹਾਂ ਦੀ ਰਜਿਸਟਰੇਸ਼ਨ ਕਰਨਗੇ।

ਕਰੱਸ਼ਰ ਪਾਲਿਸੀ ‘ਚ ਵੀ ਕੀਤਾ ਸੁਧਾਰ

ਮੰਤਰੀ ਚੀਮਾ ਨੇ ਕਿਹਾ ਕਿ ਪੰਜਾਬ ਵਿੱਚ ਨਵੀਂ ਕਰੱਸ਼ਰ ਨੀਤੀ ਵਿੱਚ ਬਹੁਤ ਸਾਰੇ ਸੁਧਾਰ ਕੀਤੇ ਗਏ ਹਨ। ਹੁਣ ਕਰੱਸ਼ਰਾਂ ਨੂੰ ਬਿਜਲੀ ਦੀ ਖਪਤ ਨਾਲ ਜੋੜ ਦਿੱਤਾ ਗਿਆ ਹੈ, ਤਾਂ ਜੋ ਨਾਜਾਇਜ਼ ਕੰਮ ਨਾ ਹੋ ਸਕਣ। ਭ੍ਰਿਸ਼ਟਾਚਾਰ ਦੀ ਕੋਈ ਗੁੰਜਾਇਸ਼ ਨਹੀਂ ਛੱਡੀ ਜਾਵੇਗੀ।

ਮਾਰਕਫੈੱਡ 500 ਨਵੇਂ ਡਿਪੂ ਖੋਲੇਗਾ

ਮੰਤਰੀ ਚੀਮਾ ਨੇ ਕਿਹਾ ਕਿ ਚੋਣਾਂ ਸਮੇਂ ਆਪ ਸਰਕਾਰ ਨੇ ਆਟਾ-ਦਾਲ ਸਕੀਮ ਤਹਿਤ ਲੋਕਾਂ ਦੇ ਘਰਾਂ ਤੱਕ ਆਟਾ ਪਹੁੰਚਾਉਣ ਦੀ ਗਰੰਟੀ ਦਿੱਤੀ ਸੀ। ਇਸ ਗਰੰਟੀ ਨੂੰ ਅੱਜ ਦੀ ਮੀਟਿੰਗ ਵਿੱਚ ਪ੍ਰਵਾਨਗੀ ਦਿੱਤੀ ਗਈ। ਜਿਹੜੇ ਲੋਕ ਆਟਾ-ਦਾਲ ਯੋਜਨਾ ਦੇ ਲਾਭਪਾਤਰੀ ਹਨ। ਉਹ ਡਿਪੂ ਤੋਂ ਲਾਭ ਲੈ ਸਕਦੇ ਹਨ। ਅਤੇ ਜੋ ਲੋਕ ਚਾਹੁੰਦੇ ਹਨ ਕਿ ਆਟਾ ਦਾਲ ਉਨਾਂ ਨੂੰ ਘਰ ਵਿਖੇ ਮਿਲੇ ਉਹ ਰਜਿਸਟਰੇਸ਼ਨ ਕਰਵਾਉਣ। ਸਰਕਾਰ ਉਨਾਂ ਦੇ ਘਰ ਤੱਕ ਆਟਾ ਦਾਲ ਪਹੁੰਚਾਏਗੀ। ਇਸ ਦੇ ਲਈ ਮਾਰਕਫੈੱਡ 500 ਹੋਰ ਨਵੇਂ ਡਿਪੂ ਖੋਲ੍ਹੇਗਾ।

ਵਾਹਨ ਸਕਰੈਪ ਨੀਤੀ ਵਿੱਚ ਕੀਤ ਸੋਧ

ਪੁਰਾਣੇ ਵਾਹਨਾਂ ਲਈ ਲਿਆਂਦੀ ਗਈ ਸਕਰੈਪ ਨੀਤੀ ਵਿੱਚ ਸੋਧ ਕੀਤੀ ਗਈ ਹੈ। ਇਸ ਕਾਰਨ ਵਾਹਨ ‘ਤੇ ਟੈਕਸ ਦੀ ਅਦਾਇਗੀ ‘ਚ ਦੇਰੀ ਹੋਣ ‘ਤੇ ਜੁਰਮਾਨੇ ਦੀ ਰਕਮ ਅਤੇ ਵਿਆਜ ਨੂੰ ਮੁਆਫ ਕਰ ਦਿੱਤਾ ਗਿਆ ਹੈ। ਮੰਤਰੀ ਚੀਮਾ ਨੇ ਕਿਹਾ ਕਿ ਪੰਜਾਬ ਵਿੱਚ ਹੜ੍ਹਾਂ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਤਬਾਹ ਹੋ ਗਈਆਂ, ਮਜ਼ਦੂਰ ਮਾਰੇ ਗਏ, ਸੜਕਾਂ ਤੇ ਬੁਨਿਆਦੀ ਢਾਂਚਾ ਤਬਾਹ ਹੋ ਗਿਆ। ਇਸ ਦੇ ਲਈ ਕੇਂਦਰ ਸਰਕਾਰ ਤੋਂ ਲਿਖਤੀ ਰੂਪ ਵਿੱਚ ਫੰਡਾਂ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹੜ੍ਹ ਕਾਰਨ 44 ਲੋਕਾਂ ਦੀ ਜਾਨ ਚਲੀ ਗਈ ਹੈ। ਸੂਬਾ ਸਰਕਾਰ ਨੇ ਉਨ੍ਹਾਂ ਦੇ ਪਰਿਵਾਰਾਂ ਨੂੰ ਐਕਸ-ਗ੍ਰੇਸ਼ੀਆ ਗ੍ਰਾਂਟ ਦੇ ਪੈਸੇ ਦਿੱਤੇ ਹਨ।

ਆਯੁਰਵੈਦਿਕ ਯੂਨੀਵਰਸਿਟੀ ‘ਚ ਬਣਾਈਆਂ ਅਸਾਮੀਆਂ

ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਯੋਗਸ਼ਾਲਾ ਪੰਜਾਬ ਦੀ ਇਕਲੌਤੀ ਹੁਸ਼ਿਆਰਪੁਰ ਸਥਿਤ ਸ੍ਰੀ ਗੁਰੂ ਰਵਿਦਾਸ ਆਯੁਰਵੈਦਿਕ ਯੂਨੀਵਰਸਿਟੀ ਵਿੱਚ ਚਲਦੀ ਹੈ। ਇਸ ਤਹਿਤ ਬਜਟ ਦਾ ਪ੍ਰਬੰਧ ਕਰਕੇ ਨਵੀਆਂ ਅਸਾਮੀਆਂ ਬਣਾਈਆਂ ਗਈਆਂ ਹਨ। ਇਨ੍ਹਾਂ ਵਿੱਚ ਕਰੀਬ 14 ਸੁਪਰਵਾਈਜ਼ਰ ਅਸਾਮੀਆਂ ਅਤੇ 200 ਦੇ ਕਰੀਬ ਯੋਗਾ ਟ੍ਰੇਨਰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਜਾ ਕੇ ਲੋਕਾਂ ਨੂੰ ਸਿਹਤਮੰਦ ਰਹਿਣ ਲਈ ਸਿਖਲਾਈ ਦੇਣਗੇ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ