ਗਵਰਨਰ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਦੇ ਪਿੰਡਾਂ ਦਾ ਕਰਨਗੇ ਦੌਰਾ, ਸਰਪੰਚਾਂ ਨੂੰ ਵੀ ਮਿਲਣਗੇ

Published: 

25 Jan 2023 11:27 AM

ਇਸ ਵਾਰ ਰਾਜਪਾਲ ਤਰਨਤਾਰਨ ਨਹੀਂ ਜਾ ਰਹੇ ਹਨ। ਪਰ ਉਥੋਂ ਦੇ ਅਧਿਕਾਰੀਆਂ ਅਤੇ ਨਾਗਰਿਕਾਂ ਨੂੰ ਉਨ੍ਹਾਂ ਨੂੰ ਅੰਮ੍ਰਿਤਸਰ ਵਿੱਚ ਮਿਲਣ ਲਈ ਕਿਹਾ ਗਿਆ ਹੈ।

ਗਵਰਨਰ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਦੇ ਪਿੰਡਾਂ ਦਾ ਕਰਨਗੇ ਦੌਰਾ, ਸਰਪੰਚਾਂ ਨੂੰ ਵੀ ਮਿਲਣਗੇ
Follow Us On

ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ 1 ਅਤੇ 2 ਫਰਵਰੀ ਨੂੰ ਪੰਜਾਬ ਦੇ ਪੰਜ ਜ਼ਿਲ੍ਹਿਆਂ ਦੇ ਸਰਹੱਦੀ ਪਿੰਡਾਂ ਦਾ ਦੌਰਾ ਕਰਨਗੇ। ਇਸ ਦੌਰਾਨ ਉਹ ਪਿੰਡਾਂ ਦੇ ਸਰਪੰਚਾਂ ਨਾਲ ਵੀ ਗੱਲਬਾਤ ਕਰਨਗੇ ਅਤੇ ਮੀਡੀਆ ਦੇ ਵੀ ਮੁਖਾਬਿਤ ਹੋਣਗੇ। ਪੰਜਾਬ ਦੇ ਗਵਰਨਰ ਫਾਜ਼ਿਲਕਾ, ਅੰਮ੍ਰਿਤਸਰ, ਗੁਰਦਾਸਪੁਰ, ਫਿਰੋਜ਼ਪੁਰ ਅਤੇ ਪਠਾਨਕੋਟ ਜ਼ਿਲ੍ਹਿਆਂ ਦਾ ਦੌਰਾ ਕਰਨਗੇ। ਰਾਜ ਸਰਕਾਰ ਤੋਂ ਦੋ ਦਿਨਾਂ ਦੌਰੇ ਲਈ ਆਪਣੇ ਹੈਲੀਕਾਪਟਰ ਦੀ ਮੰਗ ਕੀਤੀ ਹੈ। ਇਸ ਵਾਰ ਰਾਜਪਾਲ ਤਰਨਤਾਰਨ ਨਹੀਂ ਜਾ ਰਹੇ ਹਨ। ਪਰ ਉਥੋਂ ਦੇ ਅਧਿਕਾਰੀਆਂ ਅਤੇ ਨਾਗਰਿਕਾਂ ਨੂੰ ਉਨ੍ਹਾਂ ਨੂੰ ਅੰਮ੍ਰਿਤਸਰ ਵਿੱਚ ਮਿਲਣ ਲਈ ਕਿਹਾ ਗਿਆ ਹੈ।

ਇਹਨਾਂ ਤਿੰਨ ਜ਼ਿਲ੍ਹਿਆਂ ਦਾ ਕਰਨਗੇ ਦੌਰਾ

ਗਵਰਨਰ 1 ਫਰਵਰੀ ਨੂੰ ਤਿੰਨ ਜ਼ਿਲ੍ਹਿਆਂ ਦਾ ਦੌਰਾ ਕਰਨਗੇ। ਉਹ ਸਭ ਤੋਂ ਪਹਿਲਾਂ ਪਠਾਨਕੋਟ ਜ਼ਿਲ੍ਹੇ ‘ਚ ਜਾਣਗੇ ਜਿੱਥੇ ਉਹ ਸਵੇਰੇ 10:20 ਵਜੇ ਪੁੱਜਣਗੇ ਅਤੇ ਜ਼ਿਲ੍ਹੇ ਸਰਪੰਚਾਂ ਅਤੇ ਮੀਡੀਆ ਦੇ ਮੁਖਾਬਿਤ ਹੋ ਕੇ ਦੁਪਿਹਰ ਵੇਲੇ ਕਰੀਬ 1 ਵਜੇ ਗੁਰਦਾਸਪੁਰ ਜ਼ਿਲ੍ਹੇ ‘ਚ ਪੁੱਜਣਗੇ, ਉਸ ਤੋਂ ਬਾਅਦ ਅਖੀਰ ਗਵਰਨਰ ਸ਼ਾਮ ਨੂੰ 4 ਵਜੇ ਦੇ ਕਰੀਬ ਅੰਮ੍ਰਿਤਸਰ ਜ਼ਿਲ੍ਹੇ ਦੇ ਸਰਪੰਚਾਂ ਨਾਲ ਮੁਲਾਕਾਤ ਕਰਨਗੇ। ਰਾਜਪਾਲ 1 ਫਰਵਰੀ ਨੂੰ ਪੰਜਾਬ ਸਰਕਾਰ ਦੇ ਹੈਲੀਕਾਪਟਰ ‘ਤੇ ਚੰਡੀਗੜ੍ਹ ਤੋਂ ਪਠਾਨਕੋਟ ਜਾਣਗੇ। ਜਿੱਥੇ ਇੰਪਰੂਵਮੈਂਟ ਟਰੱਸਟ ਆਡੀਟੋਰੀਅਮ ਵਿੱਚ ਜ਼ਿਲ੍ਹੇ ਦੇ ਸਰਪੰਚਾਂ ਅਤੇ ਸਥਾਨਕ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਮਿਲਣਗੇ।

ਪਿੰਡਾਂ ਦੇ ਸਰਪੰਚਾਂ ਨਾਲ ਕਰਨਗੇ ਮੁਲਾਕਾਤ

ਇਸ ਤੋਂ ਬਾਅਦ ਗਵਰਨਰ ਪੰਜਾਬ 2 ਫਰਵਰੀ ਨੂੰ ਫਿਰੋਜ਼ਪੁਰ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਦੇ ਪਿੰਡਾਂ ਦੇ ਸਰਪੰਚਾਂ ਨਾਲ ਮੁਲਾਕਾਤ ਕਰਨਗੇ। ਉਹ ਇਨ੍ਹਾਂ ਵਿੱਚੋਂ ਹਰੇਕ ਜ਼ਿਲ੍ਹੇ ਵਿੱਚ ਮੀਡੀਆ ਨੂੰ ਵੀ ਸੰਬੋਧਨ ਕਰਨਗੇ। 2 ਫਰਵਰੀ ਨੂੰ ਰਾਜਪਾਲ ਫਾਜ਼ਿਲਕਾ ਦੇ ਐਮਆਰ ਕਾਲਜ ਵਿੱਚ ਸਰਪੰਚਾਂ ਨੂੰ ਮਿਲਣਗੇ ਅਤੇ ਫਿਰ ਫਿਰੋਜ਼ਪੁਰ ਪਹੁੰਚ ਕੇ ਡੈਂਟਲ ਕਾਲਜ ਵਿੱਚ ਸਰਪੰਚਾਂ ਨਾਲ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ। ਫਿਰੋਜ਼ਪੁਰ ਵਿੱਚ ਵੀ ਰਾਜਪਾਲ ਕੇਂਦਰ ਅਤੇ ਸੂਬੇ ਦੇ ਸੁਰੱਖਿਆ ਅਧਿਕਾਰੀਆਂ ਨਾਲ ਮੀਟਿੰਗ ਕਰਨਗੇ।

ਦੱਸ ਮਹੀਨੇ ਵਿੱਚ ਤੀਜਾ ਦੌਰਾ

ਦੱਸ ਮਹੀਨਿਆਂ ‘ਚ ਇਨ੍ਹਾਂ ਖੇਤਰਾਂ ਦਾ ਇਹ ਤੀਜਾ ਦੌਰਾ ਹੈ। ਰਾਜਪਾਲ ਨੇ ਪਿਛਲੇ ਸਾਲ ਅਪ੍ਰੈਲ ਅਤੇ ਸਤੰਬਰ ‘ਚ ਵੀ ਸਰਹੱਦੀ ਜ਼ਿਲਿਆਂ ਦਾ ਦੌਰਾ ਕੀਤਾ ਸੀ ਅਤੇ ਇਸ ਦੌਰਾਨ ਉਨ੍ਹਾਂ ਨੇ ਅਧਿਕਾਰੀਆਂ ਨਾਲ ਰਾਸ਼ਟਰੀ ਸੁਰੱਖਿਆ ਅਤੇ ਪਾਕਿਸਤਾਨ ਤੋਂ ਨਸ਼ਿਆਂ ਅਤੇ ਹਥਿਆਰਾਂ ਦੀ ਸਪਲਾਈ ‘ਤੇ ਪੈਦਾ ਹੁੰਦੇ ਖਤਰੇ ਤੇ ਚਰਚਾ ਕੀਤੀ ਸੀ। ਉਸ ਸਮੇਂ ਵਿਰੋਧੀ ਪਾਰਟੀਆਂ ਨੇ ਵੀ ਰਾਜਪਾਲ ਦੀ ਇਸ ਫੇਰੀ ਨੂੰ ਸੂਬਾ ਸਰਕਾਰ ਦੇ ਕੰਮਕਾਜ ਵਿੱਚ ਸਿੱਧੀ ਦਖਲਅੰਦਾਜ਼ੀ ਕਰਾਰ ਦਿੰਦਿਆਂ ਸੂਬਾ ਸਰਕਾਰ ਦੀ ਆਲੋਚਨਾ ਕੀਤੀ ਸੀ।

ਸਰਹੱਦੀ ਖੇਤਰਾਂ ਵਿੱਚ ਨਸ਼ੇ ਅਤੇ ਖਨਨ ਤੇ ਪ੍ਰਗਟਾਈ ਸੀ ਚਿੰਤਾ

ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਸਰਹੱਦੀ ਖੇਤਰ ਵਿੱਚ ਨਸ਼ੇ ਅਤੇ ਖਨਨ ਤੇ ਚਿੰਦਾ ਪ੍ਰਗਟਾ ਚੁੱਕੇ ਹਨ। ਰਾਜਪਾਲ ਦੇ ਪਿਛਲੇ ਦੌਰਿਆਂ ਦੌਰਾਨ ਜਦੋਂ ਉਨ੍ਹਾਂ ਖਨਨ ਮਾਫੀਆ ਅਤੇ ਨਸ਼ਾ ਤਸਕਰਾਂ ਦੀ ਗਤੀਵਿਧੀਆਂ ਤੇ ਸਵਾਲ ਚੁੱਕੇ ਤਾਂ ਪੰਜਾਬ ਦੀ ਸਿਆਸਤ ਵਿੱਚ ਨਵੀਂ ਚਰਚਾ ਸ਼ੁਰੂ ਹੋ ਗਈ ਸੀ।