ਪੁਲਿਸ ਹਿਰਾਸਤ ‘ਚ 20 ਸਾਲਾ ਕੁੜੀ ਨੇ ਲਿਆ ਫਾਹਾ, ਪਰਿਵਾਰ ਨੇ ਟਾਰਚਰ ਕਰਕੇ ਕਤਲ ਦੇ ਲਾਏ ਇਲਜ਼ਾਮ

Published: 

10 Aug 2026 11:56 AM IST

ਐਸਐਚਓ ਹਰਪ੍ਰੀਤ ਸਿੰਘ ਵਿਰਕ ਮੁਤਾਬਕ ਰਾਜਬੀਰ ਕੌਰ ਨੂੰ 9 ਅਗਸਤ ਨੂੰ ਅਦਾਲਤ 'ਚ ਪੇਸ਼ ਕੀਤਾ ਜਾਣਾ ਸੀ। ਇਸ ਤੋਂ ਪਹਿਲਾਂ ਸਵੇਰੇ ਕਰੀਬ 9 ਵਜੇ ਉਸ ਨੇ ਬਾਥਰੂਮ ਜਾਣ ਦੀ ਗੱਲ ਕਹੀ। ਪੁਲਿਸ ਅਨੁਸਾਰ ਲੇਡੀ ਕਾਂਸਟੇਬਲ ਅਰਸ਼ਦੀਪ ਕੌਰ ਉਸ ਨੂੰ ਬਾਥਰੂਮ ਲੈ ਕੇ ਗਈ, ਜਿੱਥੇ ਰਾਜਬੀਰ ਕੌਰ ਨੇ ਆਪਣੀ ਚੁੰਨੀ ਨਾਲ ਫਾਹਾ ਲੈ ਲਿਆ।

ਪੁਲਿਸ ਹਿਰਾਸਤ ਚ 20 ਸਾਲਾ ਕੁੜੀ ਨੇ ਲਿਆ ਫਾਹਾ, ਪਰਿਵਾਰ ਨੇ ਟਾਰਚਰ ਕਰਕੇ ਕਤਲ ਦੇ ਲਾਏ ਇਲਜ਼ਾਮ

ਤਰਨਤਾਰਨ ਦੇ ਭਿੱਖੀਵਿੰਡ ਥਾਣੇ ‘ਚ ਪੁਲਿਸ ਹਿਰਾਸਤ ਦੌਰਾਨ 20 ਸਾਲਾ ਰਾਜਬੀਰ ਕੌਰ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰ ਨੇ ਪੁਲਿਸ ‘ਤੇ ਰਾਜਬੀਰ ਕੌਰ ਨੂੰ ਨਾਜਾਇਜ਼ ਹਿਰਾਸਤ ‘ਚ ਰੱਖ ਕੇ ਟਾਰਚਰ ਕਰਨ ਦਾ ਇਲਜ਼ਾਮ ਲਗਾਏ ਹਨ। ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਆਪਣੀ ਗਲਤੀ ਛੁਪਾਉਣ ਲਈ ਇਸ ਨੂੰ ਖ਼ੁਦਕੁਸ਼ੀ ਦਾ ਮਾਮਲਾ ਦੱਸ ਰਹੀ ਹੈ।

ਜਾਣਕਾਰੀ ਮੁਤਾਬਕ ਤਰਨ ਤਾਰਨ ਦੇ ਕਲਸੀਆ ਕਲਾਂ ਪਿੰਡ ‘ਚ ਕਤਲ ਦੇ ਮਾਮਲੇ ‘ਚ ਰੂਪ ਸਿੰਘ, ਉਸ ਦੇ ਤਿੰਨ ਪੁੱਤਰਾਂ ਤੇ ਧੀ ਰਾਜਬੀਰ ਕੌਰ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਪੁਲਿਸ ਨੇ ਰਾਜਬੀਰ ਕੌਰ ਨੂੰ 8 ਅਗਸਤ ਨੂੰ ਗ੍ਰਿਫ਼ਤਾਰ ਕਰਕੇ ਭਿੱਖੀਵਿੰਡ ਥਾਣੇ ‘ਚ ਰੱਖਿਆ ਸੀ।

ਬਾਥਰੂਮ ਜਾਣ ਦੀ ਗੱਲ ਕਹੀ, ਫਿਰ ਲਿਆ ਫਾਹਾ

ਐਸਐਚਓ ਹਰਪ੍ਰੀਤ ਸਿੰਘ ਵਿਰਕ ਮੁਤਾਬਕ ਰਾਜਬੀਰ ਕੌਰ ਨੂੰ 9 ਅਗਸਤ ਨੂੰ ਅਦਾਲਤ ‘ਚ ਪੇਸ਼ ਕੀਤਾ ਜਾਣਾ ਸੀ। ਇਸ ਤੋਂ ਪਹਿਲਾਂ ਸਵੇਰੇ ਕਰੀਬ 9 ਵਜੇ ਉਸ ਨੇ ਬਾਥਰੂਮ ਜਾਣ ਦੀ ਗੱਲ ਕਹੀ। ਪੁਲਿਸ ਅਨੁਸਾਰ ਲੇਡੀ ਕਾਂਸਟੇਬਲ ਅਰਸ਼ਦੀਪ ਕੌਰ ਉਸ ਨੂੰ ਬਾਥਰੂਮ ਲੈ ਕੇ ਗਈ, ਜਿੱਥੇ ਰਾਜਬੀਰ ਕੌਰ ਨੇ ਆਪਣੀ ਚੁੰਨੀ ਨਾਲ ਫਾਹਾ ਲੈ ਲਿਆ। ਪੁਲਿਸ ਦਾ ਕਹਿਣਾ ਹੈ ਕਿ ਭਿੱਖੀਵਿੰਡ ਥਾਣੇ ‘ਚ ਮਹਿਲਾ ਹਵਾਲਾਤ ਨਾ ਹੋਣ ਕਾਰਨ ਰਾਜਬੀਰ ਕੌਰ ਨੂੰ ਬਾਹਰਲੇ ਕਮਰੇ ‘ਚ ਲੇਡੀ ਕਾਂਸਟੇਬਲ ਦੀ ਨਿਗਰਾਨੀ ਹੇਠ ਰੱਖਿਆ ਗਿਆ ਸੀ। ਪੁਲਿਸ ਮੁਤਾਬਕ ਥਾਣੇ ‘ਚ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ ਤੇ 24 ਘੰਟੇ ਰਿਕਾਰਡਿੰਗ ਹੁੰਦੀ ਰਹਿੰਦੀ ਹੈ।

ਪੁਲਿਸ ਨੇ ਟਾਰਚਰ ਦੇ ਇਲਜ਼ਾਮਾਂ ਨੂੰ ਨਕਾਰਿਆ

ਐਸਐਚਓ ਹਰਪ੍ਰੀਤ ਸਿੰਘ ਨੇ ਕਿਹਾ ਕਿ ਰਾਜਬੀਰ ਕੌਰ ਜਾਂ ਉਸ ਦੇ ਕਿਸੇ ਪਰਿਵਾਰਕ ਮੈਂਬਰ ਨੂੰ ਕਿਸੇ ਵੀ ਤਰ੍ਹਾਂ ਦਾ ਟਾਰਚਰ ਨਹੀਂ ਕੀਤਾ ਗਿਆ। ਉਨ੍ਹਾਂ ਮੁਤਾਬਕ ਸਾਰੇ ਮੁਲਜ਼ਮਾਂ ਨਾਲ ਕਾਨੂੰਨ ਦੇ ਦਾਇਰੇ ‘ਚ ਰਹਿ ਕੇ ਕਾਰਵਾਈ ਕੀਤੀ ਗਈ ਤੇ ਉਨ੍ਹਾਂ ਦੀ ਸਹੀ ਤਰੀਕੇ ਨਾਲ ਦੇਖਭਾਲ ਕੀਤੀ ਗਈ। ਪੁਲਿਸ ਨੇ ਕਿਹਾ ਕਿ ਘਟਨਾ ਤੋਂ ਬਾਅਦ ਨਿਆਂਇਕ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜੇਕਰ ਜਾਂਚ ਦੌਰਾਨ ਕਿਸੇ ਦੀ ਲਾਪਰਵਾਹੀ ਸਾਹਮਣੇ ਆਉਂਦੀ ਹੈ ਤਾਂ ਉਸ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

ਰਾਜਬੀਰ ਨੂੰ ਝੂਠਾ ਫਸਾਇਆ ਗਿਆ

ਦੂਜੇ ਪਾਸੇ, ਮ੍ਰਿਤਕਾ ਦੇ ਪਰਿਵਾਰ ਨੇ ਰਾਜਬੀਰ ਕੌਰ ਨੂੰ ਕਤਲ ਦੇ ਮਾਮਲੇ ‘ਚ ਗਲਤ ਤਰੀਕੇ ਨਾਲ ਫਸਾਉਣ ਦਾ ਇਲਜ਼ਾਮ ਲਗਾਇਆ ਹੈ। ਉਸ ਦੀ ਮਾਂ ਰਾਜ ਕੌਰ ਤੇ ਭਰਾਵਾਂ ਨੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ।

Loading...
Unable to load recommendations.
Follow Us