ਤਰਨਤਾਰਨ ‘ਚ ਦੋਸਤ ਦੇ ਕਤਲ ਤੋਂ ਬਾਅਦ ਖ਼ੂਨੀ ਬਦਲਾ, ਲਵ ਕੋਟ ਦਾ ਵੀ ਕਤਲ; 6 ਸ਼ੱਕੀ ਹਿਰਾਸਤ ‘ਚ ਲਏ
ਤਰਨਤਾਰਨ ਜ਼ਿਲ੍ਹੇ ਅਧੀਨ ਪੈਂਦੇ ਇਲਾਕੇ ਵਿੱਚ ਆਪਸੀ ਰੰਜਿਸ਼ ਅਤੇ ਖ਼ੂਨੀ ਬਦਲੇ ਦੀ ਇੱਕ ਸਨਸਨੀਖੇਜ਼ ਘਟਨਾ ਤੋਂ ਬਾਅਦ ਮਾਹੌਲ ਬੇਹੱਦ ਤਣਾਅਪੂਰਨ ਬਣਿਆ ਹੋਇਆ ਹੈ। ਸ਼ੁੱਕਰਵਾਰ ਨੂੰ ਜਿੱਥੇ ਇੱਕ ਪਾਸੇ ਆਪਣੇ ਹੀ ਜਿਗਰੀ ਦੋਸਤ ਦਾ ਕਤਲ ਕਰਨ ਵਾਲੇ ਲਵਜੀਤ ਸਿੰਘ ਉਰਫ਼ ਲਵ ਕੋਟ ਦੀ ਲਾਸ਼ ਦਾ ਸਿਵਲ ਹਸਪਤਾਲ ਪੱਟੀ ਵਿਖੇ ਪੋਸਟਮਾਰਟਮ ਕੀਤਾ ਜਾ ਰਿਹਾ ਸੀ, ਉੱਥੇ ਹੀ ਦੂਜੇ ਪਾਸੇ ਉਸੇ ਹੱਥੋਂ ਮਾਰੇ ਗਏ ਉਸ ਦੇ ਦੋਸਤ ਸਤਪਾਲ ਸਿੰਘ ਪਾਲਾ ਦੀ ਆਤਮਿਕ ਸ਼ਾਂਤੀ ਲਈ ਰਖਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।
ਤਰਨਤਾਰਨ ਜ਼ਿਲ੍ਹੇ ਅਧੀਨ ਪੈਂਦੇ ਇਲਾਕੇ ਵਿੱਚ ਆਪਸੀ ਰੰਜਿਸ਼ ਅਤੇ ਖ਼ੂਨੀ ਬਦਲੇ ਦੀ ਇੱਕ ਸਨਸਨੀਖੇਜ਼ ਘਟਨਾ ਤੋਂ ਬਾਅਦ ਮਾਹੌਲ ਬੇਹੱਦ ਤਣਾਅਪੂਰਨ ਬਣਿਆ ਹੋਇਆ ਹੈ। ਸ਼ੁੱਕਰਵਾਰ ਨੂੰ ਜਿੱਥੇ ਇੱਕ ਪਾਸੇ ਆਪਣੇ ਹੀ ਜਿਗਰੀ ਦੋਸਤ ਦਾ ਕਤਲ ਕਰਨ ਵਾਲੇ ਲਵਜੀਤ ਸਿੰਘ ਉਰਫ਼ ਲਵ ਕੋਟ ਦੀ ਲਾਸ਼ ਦਾ ਸਿਵਲ ਹਸਪਤਾਲ ਪੱਟੀ ਵਿਖੇ ਪੋਸਟਮਾਰਟਮ ਕੀਤਾ ਜਾ ਰਿਹਾ ਸੀ, ਉੱਥੇ ਹੀ ਦੂਜੇ ਪਾਸੇ ਉਸੇ ਹੱਥੋਂ ਮਾਰੇ ਗਏ ਉਸ ਦੇ ਦੋਸਤ ਸਤਪਾਲ ਸਿੰਘ ਪਾਲਾ ਦੀ ਆਤਮਿਕ ਸ਼ਾਂਤੀ ਲਈ ਰਖਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।
ਹਾਲਾਤ ਇਹ ਸਨ ਕਿ ਪਿੰਡ ਬੂਹ ਹਵੇਲੀਆਂ ਵਿਖੇ ਸਤਪਾਲ ਪਾਲਾ ਦੀ ਅੰਤਿਮ ਅਰਦਾਸ ਮੌਕੇ ਦਹਿਸ਼ਤ ਅਤੇ ਸੋਗ ਕਾਰਨ ਗਿਣਤੀ ਦੇ ਲੋਕ ਹੀ ਮੌਜੂਦ ਸਨ, ਜਦਕਿ ਦੂਜੇ ਪਾਸੇ ਪੋਸਟਮਾਰਟਮ ਹਾਊਸ ਦੇ ਬਾਹਰ ਲਵ ਕੋਟ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਦਾ ਰੋ-ਰੋ ਕੇ ਬੁਰਾ ਹਾਲ ਸੀ। ਵੀਰਵਾਰ ਨੂੰ ਮੋਗਾ ਜ਼ਿਲ੍ਹੇ ਦੇ ਪਿੰਡ ਧਰਮਕੋਟ ਤੋਂ ਲਵਜੀਤ ਨੂੰ ਅਗਵਾ ਕਰਕੇ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰਨ ਵਾਲਾ ਮੁੱਖ ਮੁਲਜ਼ਮ ਸਤਨਾਮ ਸਿੰਘ ਸੱਤਾ ਅਤੇ ਉਸ ਦੇ ਸਾਥੀ ਅਜੇ ਤੱਕ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ।
ਕੈਨੇਡਾ ਤੋਂ ਪਰਤੇ ਦੋਸਤ ਦਾ ਕੀਤਾ ਸੀ ਕਤਲ, ਭਰਾ ਨੇ ਲਿਆ ਖ਼ੂਨੀ ਬਦਲਾ
ਪ੍ਰਾਪਤ ਜਾਣਕਾਰੀ ਅਨੁਸਾਰ ਕੈਨੇਡਾ ਤੋਂ ਵਾਪਸ ਆ ਕੇ ਰੇਤ ਦੇ ਕਾਰੋਬਾਰ ਨਾਲ ਜੁੜੇ ਸਤਪਾਲ ਸਿੰਘ ਪਾਲਾ ਦਾ 12 ਅਗਸਤ ਨੂੰ ਉਸ ਦੇ ਹੀ ਕਰੀਬੀ ਦੋਸਤ ਲਵਜੀਤ ਸਿੰਘ ਲਵ ਕੋਟ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਕਤਲ ਤੋਂ ਬਾਅਦ ਪਾਲਾ ਦੇ ਵੱਡੇ ਭਰਾ ਸਤਨਾਮ ਸਿੰਘ ਸੱਤਾ ਨੇ ਆਪਣੇ ਭਰਾ ਦੇ ਕਾਤਲ ਨੂੰ ਖ਼ੁਦ ਸਬਕ ਸਿਖਾਉਣ ਦੀ ਠਾਣ ਲਈ ਸੀ। ਸੱਤਾ ਨੇ ਸੋਸ਼ਲ ਮੀਡੀਆ ‘ਤੇ ਲਵਜੀਤ ਦੀ ਤਸਵੀਰ ਸਾਂਝੀ ਕਰਦਿਆਂ ਉਸ ਦਾ ਸੁਰਾਗ ਦੇਣ ਵਾਲੇ ਨੂੰ 1 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਵੀ ਕੀਤਾ ਹੋਇਆ ਸੀ, ਪਰ ਪੁਲਿਸ ਪ੍ਰਸ਼ਾਸਨ ਇਸ ਖੁੱਲ੍ਹੇਆਮ ਚੁਣੌਤੀ ਤੋਂ ਬਾਅਦ ਵੀ ਚੌਕਸ ਨਹੀਂ ਹੋ ਸਕਿਆ।
ਪੁਲਿਸ ਨੇ ਖੰਗਾਲੇ 62 ਸੀਸੀਟੀਵੀ ਕੈਮਰੇ, 6 ਵਿਅਕਤੀ ਹਿਰਾਸਤ ‘ਚ ਲਏ
ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਡੀਐੱਸਪੀ ਸ਼ਿਵਦਰਸ਼ਨ ਸਿੰਘ, ਥਾਣਾ ਹਰੀਕੇ ਪੱਤਣ ਦੇ ਮੁਖੀ ਇੰਸਪੈਕਟਰ ਪ੍ਰਭਜੀਤ ਸਿੰਘ ਅਤੇ ਸੀਆਈਏ ਸਟਾਫ਼ ਇੰਚਾਰਜ ਰੁਪਿੰਦਰਪਾਲ ਸਿੰਘ ਦੀ ਅਗਵਾਈ ਹੇਠ ਵਿਸ਼ੇਸ਼ ਟੀਮਾਂ ਗਠਿਤ ਕੀਤੀਆਂ ਗਈਆਂ ਹਨ। ਪੁਲਿਸ ਵੱਲੋਂ ਹਰੀਕੇ ਪੱਤਣ ਤੋਂ ਲੈ ਕੇ ਧਰਮਕੋਟ ਦਰਮਿਆਨ ਪੈਂਦੇ ਦੋ ਟੋਲ ਪਲਾਜ਼ਿਆਂ ਸਮੇਤ ਲਗਭਗ 62 ਸੀਸੀਟੀਵੀ (CCTV) ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਗਈ ਹੈ, ਹਾਲਾਂਕਿ ਫ਼ਿਲਹਾਲ ਕੋਈ ਠੋਸ ਸੁਰਾਗ ਹੱਥ ਨਹੀਂ ਲੱਗਾ। ਸੂਤਰਾਂ ਮੁਤਾਬਕ ਪੁਲਿਸ ਨੇ ਜਾਂਚ ਦੇ ਆਧਾਰ ‘ਤੇ ਕਰੀਬ 6 ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਕਤਲ ਵਿੱਚ ਸ਼ਾਮਲ ਮੁਲਜ਼ਮਾਂ ਤੱਕ ਪਹੁੰਚਿਆ ਜਾ ਸਕੇ।
ਅੰਤਿਮ ਅਰਦਾਸ ‘ਚ ਪਸਰਿਆ ਰਿਹਾ ਸਹਿਮ
ਉੱਧਰ, ਮ੍ਰਿਤਕ ਸਤਪਾਲ ਸਿੰਘ ਪਾਲਾ ਦੀ ਅੰਤਿਮ ਅਰਦਾਸ ਮੌਕੇ ਪਿੰਡ ਅਤੇ ਇਲਾਕੇ ਦੇ ਲੋਕ ਡਰ ਅਤੇ ਸਹਿਮ ਦੇ ਮਾਹੌਲ ਕਾਰਨ ਸ਼ਾਮਲ ਹੋਣ ਤੋਂ ਕੰਨੀ ਕਤਰਾਉਂਦੇ ਨਜ਼ਰ ਆਏ। ਸਿਵਲ ਹਸਪਤਾਲ ਪੱਟੀ ਦੇ ਸੀਨੀਅਰ ਮੈਡੀਕਲ ਅਫ਼ਸਰ (SMO) ਡਾ. ਅਸ਼ੀਸ਼ ਗੁਪਤਾ ਨੇ ਦੱਸਿਆ ਕਿ ਲਵਜੀਤ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਡਾ. ਪ੍ਰਦੁਮਨ ਸਿੰਘ, ਡਾ. ਲਵਿਸ਼ ਕੁਮਾਰ ਅਤੇ ਡਾ. ਹਰਲੀਨ ਕੌਰ ‘ਤੇ ਆਧਾਰਿਤ ਤਿੰਨ ਮੈਂਬਰੀ ਮਾਹਿਰ ਡਾਕਟਰਾਂ ਦੇ ਪੈਨਲ ਵੱਲੋਂ ਮੁਕੰਮਲ ਕੀਤਾ ਗਿਆ ਹੈ।
