ਜਦੋਂ ਅਧਿਕਾਰੀਆਂ ਕੋਲੋਂ ਨਹੀਂ ਮਿਲਿਆ ਇਨਸਾਫ਼ ਤਾਂ ਪਰਿਵਾਰ ਨੇ ਥਾਣੇ ਅੱਗੇ ਲਗਾਇਆ ਧਰਨਾ
ਪੀੜਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੇ ਗਵਾਂਡੀਆਂ ਪਰਿਵਾਰ ਵੱਲੋਂ ਉਨ੍ਹਾਂ ਦੀ ਜ਼ਮੀਨ ਤੇ ਕਬਜ਼ਾ ਕਰਨ ਦੀ ਨੀਅਤ ਨਾਲ ਪਿਛਲੇ ਮਹੀਨੇ ਟਰੈਕਟਰ ਚਲਾ ਕੇ ਉਨ੍ਹਾਂ ਦੀ ਫ਼ਸਲ ਅਤੇ ਦਰਖਤਾਂ ਨੂੰ ਵਾਹ ਕੇ ਨਸ਼ਟ ਕਰ ਦਿੱਤਾ ਗਿਆ ਸੀ। ਜਿਸ ਦੀ ਸ਼ਿਕਾਇਤ ਉਹਨਾਂ ਵੱਲੋਂ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਗਈ। ਜਿਸ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਹੋਈ।
ਤਰਨਤਾਰਨ ਵਿੱਚ ਇੱਕ ਪਰਿਵਾਰ ਵੱਲੋਂ ਇਨਸਾਫ਼ ਲਈ ਪੁਲਿਸ ਥਾਣੇ ਅੱਗੇ ਧਰਨਾ ਲਗਾ ਦਿੱਤਾ ਗਿਆ। ਜਾਣਕਾਰੀ ਅਨੁਸਾਰ ਮਾਮਲਾ ਜ਼ਮੀਨੀ ਵਿਵਾਦ ਨਾਲ ਸਬੰਧਿਤ ਹੈ। ਜਿੱਥੇ ਪੀੜਤ ਪਰਿਵਾਰ ਵੱਲੋਂ ਇਨਸਾਫ਼ ਮਿਲਦਾ ਨਾ ਦੇਖਕੇ ਰੋਸ ਵਜੋਂ ਥਾਣੇ ਅੱਗੇ ਹੀ ਧਰਨਾ ਲਗਾ ਦਿੱਤਾ ਗਿਆ।
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਤਰਨਤਾਰਨ ਦੇ ਪਿੰਡ ਪੰਡੋਰੀ ਰੋਮਾਣਾ ਦੇ ਰਹਿਣ ਵਾਲੇ ਇੱਕ ਪਰਿਵਾਰ ਵੱਲੋਂ ਕਰੀਬ ਇੱਕ ਮਹੀਨੇ ਤੋਂ ਪੁਲਿਸ ਅਧਿਕਾਰੀਆਂ ਕੋਲ ਇਨਸਾਫ਼ ਲਈ ਅਪੀਲ ਕੀਤੀ ਜਾ ਰਹੀ ਸੀ ਪਰ ਉਹਨਾਂ ਨੂੰ ਨਿਰਾਸ਼ਾ ਹੀ ਹੱਥ ਲੱਗੀ। ਜਿਸ ਤੋਂ ਬਾਅਦ ਤੇਜ਼ ਗਰਮੀ ਦੇ ਬਾਵਜੂਦ ਪਰਿਵਾਰ ਧਰਨੇ ਤੇ ਬੈਠ ਗਿਆ।
ਜ਼ਮੀਨੀ ਵਿਵਾਦ ਹੈ ਮਾਮਲਾ
ਪੀੜਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੇ ਗਵਾਂਡੀਆਂ ਪਰਿਵਾਰ ਵੱਲੋਂ ਉਨ੍ਹਾਂ ਦੀ ਜ਼ਮੀਨ ਤੇ ਕਬਜ਼ਾ ਕਰਨ ਦੀ ਨੀਅਤ ਨਾਲ ਪਿਛਲੇ ਮਹੀਨੇ ਟਰੈਕਟਰ ਚਲਾ ਕੇ ਉਨ੍ਹਾਂ ਦੀ ਫ਼ਸਲ ਅਤੇ ਦਰਖਤਾਂ ਨੂੰ ਵਾਹ ਕੇ ਨਸ਼ਟ ਕਰ ਦਿੱਤਾ ਗਿਆ ਸੀ। ਜਿਸ ਦੀ ਸ਼ਿਕਾਇਤ ਉਹਨਾਂ ਵੱਲੋਂ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਗਈ। ਜਿਸ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਹੋਈ।
ਮੁੱਖਮੰਤਰੀ ਤੱਕ ਪਹੁੰਚਿਆ ਮਾਮਲਾ
ਇਨਸਾਫ਼ ਨਾ ਮਿਲਦਾ ਵੇਖ ਪੀੜਤ ਪਰਿਵਾਰ ਨੇ ਮੁੱਖਮੰਤਰੀ ਭਗਵੰਤ ਮਾਨ ਤੱਕ ਪਹੁੰਚ ਕਰਨ ਦੀ ਕੋਸ਼ਿਸ ਕੀਤੀ। ਹਾਲਾਂਕਿ ਉਹਨਾਂ ਦੀ ਮੁਲਾਕਾਤ ਮੁੱਖਮੰਤਰੀ ਨਾਲ ਤਾਂ ਨਹੀਂ ਹੋ ਸਕੀ ਪਰ ਉਹਨਾਂ ਦੀ ਪਤਨੀ ਗੁਰਪ੍ਰੀਤ ਕੌਰ ਨੇ ਉਹਨਾਂ ਨੂੰ ਭਰੋਸਾ ਦਵਾਇਆ ਕਿ ਉਹ ਇਸ ਮਾਮਲੇ ਸਬੰਧੀ ਅਧਿਕਾਰੀਆਂ ਨੂੰ ਕਹਿਣਗੇ।
ਅਧਿਕਾਰੀ ਲਗਵਾ ਰਹੇ ਨੇ ਚੱਕਰ
ਪੀੜਤ ਪਰਿਵਾਰ ਦਾ ਇਲਜ਼ਾਮ ਹੈ ਕਿ ਇਨਸਾਫ਼ ਦਾ ਭਰੋਸਾ ਮਿਲਣ ਤੋਂ ਬਾਅਦ ਉਹ ਫਿਰੋਜ਼ਪੁਰ ਰੇਂਜ DIG ਨੂੰ ਮਿਲੇ। ਉਹਨਾਂ ਨੇ ਡੀ ਐਸ ਪੀ ਸਿਟੀ ਨੂੰ ਹੁਕਮ ਜਾਰੀ ਕਰਦਿਆਂ ਮਾਮਲੇ ਵਿੱਚ ਕਾਰਵਾਈ ਕਰਨ ਲਈ ਕਿਹਾ। ਜਦੋਂ ਪੀੜਤ ਪਰਿਵਾਰ ਡੀ ਐਸ ਪੀ ਕੋਲ ਗਿਆ ਤਾਂ ਉਹਨਾਂ ਨੂੰ ਥਾਣਾ ਝਬਾਲ ਜਾਣ ਲਈ ਕਿਹਾ ਗਿਆ। ਜਦੋਂ ਉਹ ਥਾਣਾ ਝਬਾਲ ਪਹੁੰਚੇ ਉਹਨਾਂ ਨੂੰ ਥਾਣੇ ਵਾਲਿਆਂ ਨੇ ਵਾਪਿਸ ਡੀ ਐਸ ਪੀ ਕੋਲ ਜਾਣ ਲਈ ਕਹਿ ਦਿੱਤਾ। ਪੀੜਤ ਪਰਿਵਾਰ ਨੇ ਦੱਸਿਆ ਕਿ ਉਹਨਾਂ ਨੂੰ ਮਜ਼ਬੂਰ ਹੋਕੇ ਧਰਨਾ ਲਗਾਉਣਾ ਪੈ ਰਿਹਾ ਹੈ।
ਇਹ ਵੀ ਪੜ੍ਹੋ
ਪਰਿਵਾਰ ਨੂੰ ਦਿੱਤਾ ਜਾਵੇਗਾ ਇਨਸਾਫ- ਥਾਣਾ ਮੁਖੀ
ਉਧਰ ਮੀਡੀਆ ਦੇ ਆਉਣ ਦੀ ਭਿਣਕ ਮਿਲਦਿਆਂ ਹੀ ਥਾਣਾ ਮੁਖੀ ਪਰਮਜੀਤ ਸਿੰਘ ਵਿਰਦੀ ਪੀੜਤ ਪਰਿਵਾਰ ਕੋਲ ਪਹੁੰਚੇ ਅਤੇ ਉਨ੍ਹਾਂ ਨੂੰ ਬਿਆਨ ਦਰਜ ਕਰਵਾਉਣ ਲਈ ਕਿਹਾ। ਜਦੋਂ ਪਰਮਜੀਤ ਸਿੰਘ ਵਿਰਦੀ ਨੂੰ ਉਕਤ ਪਰਿਵਾਰ ਵੱਲੋਂ ਲਗਾਏ ਗਏ ਧਰਨੇ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਕਤ ਪਰਿਵਾਰ ਵੱਲੋਂ ਜ਼ਮੀਨ ਦੇ ਚੱਲ ਰਹੇ ਫ਼ੈਸਲੇ ਦੀ ਕਾਪੀ ਉਨ੍ਹਾਂ ਨੂੰ ਹੁਣੇ ਦਿੱਤੀ ਗਈ ਹੈ ਅਫਸਰਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇਗਾ।