ਅਕਾਲੀ- ਭਾਜਪਾ ਗੱਠਜੋੜ ਤੇ ਸਸਪੈਂਸ, ਕਈ ਮੁੱਦਿਆਂ ਤੇ ਨਹੀਂ ਬਣ ਰਹੀ ਸਹਿਮਤੀ-ਸੂਤਰ
Akali Dal BJP Alliance: ਸੂਤਰਾਂ ਮੁਤਾਬਿਕ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਹੋਣ ਵਾਲੇ ਗੱਠਜੋੜ ਸਬੰਧੀ ਗੱਲਬਾਤ ਰੁਕ ਗਈ ਹੈ। ਦਰਅਸਲ ਬੀਤੇ ਦਿਨੀਂ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਬਿਆਨ ਆਇਆ ਸੀ ਜਿਸ ਤੋਂ ਬਾਅਦ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਜਲਦ ਹੀ ਗੱਠਜੋੜ ਸਬੰਧੀ ਕੋਈ ਐਲਾਨ ਕੀਤਾ ਜਾ ਸਕਦਾ ਹੈ। ਪਰ ਹੁਣ ਖ਼ਬਰ ਹੈ ਕਿ ਭਲਕੇ ਸੁਖਬੀਰ ਬਾਦਲ ਦਿੱਲੀ ਆ ਸਕਦੇ ਹਨ।

ਲੋਕ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿੱਚ ਗੱਠਜੋੜ ਸਬੰਧੀ ਚਰਚਾਵਾਂ ਤੇ ਫਿਲਹਾਲ ਸਸਪੈਂਸ ਬਣਿਆ ਹੋਇਆ ਹੈ। ਸੂਤਰਾਂ ਮੁਤਾਬਕ ਸੀਟਾਂ ਦੀ ਵੰਡ ਨੂੰ ਲੈ ਕੇ ਦੋਵਾਂ ਪਾਰਟੀਆਂ ਵਿਚਾਲੇ ਕੋਈ ਸਮਝੌਤਾ ਨਹੀਂ ਹੋਇਆ ਹੈ। ਅਕਾਲੀ ਦਲ ਪਿਛਲੀ ਵਾਰ ਵਾਂਗ ਵੱਡੇ ਭਰਾ ਦੀ ਭੂਮਿਕਾ ਵਿਚ ਰਹਿਣਾ ਚਾਹੁੰਦਾ ਹੈ ਪਰ ਭਾਜਪਾ ਇਸ ਵਾਰ ਵੀ ਵੱਧ ਸੀਟਾਂ ਦੀ ਮੰਗ ਕਰ ਰਹੀ ਹੈ। ਸੂਤਰਾਂ ਅਨੁਸਾਰ ਅਕਾਲੀ ਦਲ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਵਿੱਚੋਂ 8 ਆਪਣੇ ਅਤੇ 5 ਭਾਜਪਾ ਨੂੰ ਦੇਣਾ ਚਾਹੁੰਦਾ ਹੈ। ਹਾਲਾਂਕਿ ਭਾਜਪਾ ਵਧਦੇ ਸਮਰਥਨ ਦਾ ਹਵਾਲਾ ਦਿੰਦੇ ਹੋਏ 6 ਸੀਟਾਂ ਦੀ ਮੰਗ ਕਰ ਰਹੀ ਹੈ।
ਭਾਜਪਾ ਆਗੂ ਹਰਜੀਤ ਗਰੇਵਾਲ ਨੇ ਕਿਹਾ ਕਿ ਪੰਜਾਬ ਪ੍ਰਧਾਨ ਸੁਨੀਲ ਜਾਖੜ ਦਿੱਲੀ ਗਏ ਹੋਏ ਹਨ। ਉਥੇ ਗੱਲਬਾਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਅਕਾਲੀ ਦਲ ਨਾਲੋਂ ਗਠਜੋੜ ਤੋੜ ਕੇ ਹੀ ਸੱਤਾ ਵਿੱਚ ਆਈ ਹੈ।
ਇਸ ਦੌਰਾਨ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਕਲੇਰ ਨੇ ਕਿਹਾ ਕਿ ਸੀਟ ਵੰਡ ਵਰਗਾ ਕੋਈ ਮੁੱਦਾ ਨਹੀਂ ਹੈ। ਅਕਾਲੀ ਦਲ ਦੇ ਬੰਦੀ ਸਿੱਖਾਂ ਦੀ ਰਿਹਾਈ, ਕਿਸਾਨਾਂ ਦੀ ਐਮ.ਐਸ.ਪੀ ਸਮੇਤ ਕਈ ਮੁੱਦੇ ਹਨ, ਜਿਨ੍ਹਾਂ ‘ਤੇ ਸਹਿਮਤੀ ਜ਼ਰੂਰੀ ਹੈ। ਇਸ ਤੋਂ ਪਹਿਲਾਂ ਵੀ ਪੰਜਾਬ ਵਿੱਚ ਅੱਤਵਾਦ ਦੇ ਕਾਲੇ ਦੌਰ ਨੂੰ ਖਤਮ ਕਰਨ ਲਈ ਅਕਾਲੀ ਦਲ ਨੇ ਭਾਜਪਾ ਨਾਲ ਗਠਜੋੜ ਕੀਤਾ ਸੀ। ਸੂਤਰਾਂ ਮੁਤਾਬਕ ਗੱਠਜੋੜ ਸਬੰਧੀ ਚਰਚਾ ਲਈ ਸੁਖਬੀਰ ਬਾਦਲ ਭਲਕੇ ਦਿੱਲੀ ਜਾ ਸਕਦੇ ਹਨ। ਫਿਲਹਾਲ ਸੁਖਬੀਰ ਬਾਦਲ ਪੰਜਾਬ ਬਚਾਓ ਯਾਤਰਾ ਕਰ ਰਹੇ ਹਨ।