ਲੁਧਿਆਣਾ ‘ਚ ਪ੍ਰਸ਼ਾਸਨ ਦੇ ਪੁਖਤਾ ਪ੍ਰਬੰਧ, ਡਿਬੇਟ ਲਈ ਪਹੁੰਚਣਗੇ ਸੁਨੀਲ ਜਾਖੜ ਤੇ ਵੜਿੰਗ ਨੇ ਰੱਖੀ ਸ਼ਰਤ

Updated On: 

31 Oct 2023 21:36 PM

ਪੰਜਾਬ ਐਗਰੀਕਲਚਰ ਯੂਨੀਵਰਸਿਟੀ (ਪੀਏਯੂ) ਵਿਖੇ 'ਮੈਂ ਪੰਜਾਬ ਬੋਲਦਾ ਹਾਂ' ਬਹਿਸ ਬੁੱਧਵਾਰ ਨੂੰ ਹੋਵੇਗੀ। ਪੀਏਯੂ ਵਿੱਚ 2 ਹਜ਼ਾਰ ਦੇ ਕਰੀਬ ਪੁਲਿਸ ਮੁਲਾਜ਼ਮਾਂ ਨੂੰ ਡਿਊਟੀ ਤੇ ਲਗਾਇਆ ਗਿਆ ਹੈ। ਇਸ ਲਈ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਪੂਰੀਆਂ ਤਿਆਰੀਆਂ ਕੀਤੀਆਂ ਗਈਆਂ ਹਨ। ਹੁਣ ਤੱਕ ਸਿਰਫ਼ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਹੀ ਇਸ ਬਹਿਸ ਵਿੱਚ ਹਿੱਸਾ ਲੈਣ ਦੀ ਸੂਚਨਾ ਮਿਲੀ ਹੈ।

ਲੁਧਿਆਣਾ ਚ ਪ੍ਰਸ਼ਾਸਨ ਦੇ ਪੁਖਤਾ ਪ੍ਰਬੰਧ, ਡਿਬੇਟ ਲਈ ਪਹੁੰਚਣਗੇ ਸੁਨੀਲ ਜਾਖੜ ਤੇ ਵੜਿੰਗ ਨੇ ਰੱਖੀ ਸ਼ਰਤ
Follow Us On

ਲੁਧਿਆਣਾ (Ludhiana) ਦੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ (ਪੀਏਯੂ) ਵਿਖੇ ‘ਮੈਂ ਪੰਜਾਬ ਬੋਲਦਾ ਹਾਂ’ ਬਹਿਸ ਬੁੱਧਵਾਰ ਨੂੰ ਹੋਵੇਗੀ। ਇਸ ਸਬੰਧੀ ਤਿਆਰੀਆਂ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਪੁਖਤਾ ਇੰਤਜ਼ਾਮ ਕੀਤੇ ਜਾ ਰਹੇ ਹਨ। ਸੁਰੱਖਿਆ ਦੇ ਮੁੱਦੇ ਨੂੰ ਮੁੱਖ ਰੱਖਦੇ ਹੋਏ ਪੀਏਯੂ ਵਿੱਚ 2 ਹਜ਼ਾਰ ਦੇ ਕਰੀਬ ਪੁਲਿਸ ਮੁਲਾਜ਼ਮਾਂ ਨੂੰ ਡਿਊਟੀ ਤੇ ਲਗਾਇਆ ਗਿਆ ਹੈ। ਨਾਲ ਹੀ 7 ਪੱਧਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਪੁਲਿਸ ਨੇ ਧਰਨੇ ਅਤੇ ਰੋਸ ਪ੍ਰਦਰਸ਼ਨ ਕਰਨ ਵਾਲਿਆਂ ਦੀ ਸੂਚੀ ਵੀ ਬਣਾਈ ਹੈ। ਪੂਰੇ ਸ਼ਹਿਰ ਨੂੰ ਛਾਊਣੀ ‘ਚ ਤਬਦੀਲ ਕਰ ਦਿੱਤਾ ਗਿਆ ਹੈ ਤੇ ਕਰੀਬ 30 ਥਾਵਾਂ ‘ਤੇ ਨਾਕੇਬੰਦੀ ਕੀਤੀ ਗਈ ਹੈ। ਸ਼ਹਿਰ ‘ਚ ਆਉਣ-ਜਾਣ ਵਾਲੇ ਹਰ ਵਿਅਕਤੀ ਦੀ ਤਲਾਸ਼ੀ ਨੂੰ ਯਕੀਨੀ ਬਣਾਇਆ ਗਿਆ ਹੈ।

ਪ੍ਰਸ਼ਾਸਨ ਦੀਆਂ ਤਿਆਰੀਆਂ ਤੋਂ ਨੂੰ ਵੇਖ ਕੇ ਲੱਗ ਰਿਹਾ ਹੈ ਕਿ ਇਸ ਬਹਿਸ ਵਿੱਚ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋ ਸਰਦੇ ਹਨ। ਇਸ ਲਈ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਪੂਰੀਆਂ ਤਿਆਰੀਆਂ ਕੀਤੀਆਂ ਗਈਆਂ ਹਨ। ਪ੍ਰਸ਼ਾਸਨ ਨੇ ਮੌਕੇ ‘ਤੇ ਬੰਬ ਨਿਰੋਧਕ ਦਸਤੇ ਦਾ ਵੀ ਪ੍ਰਬੰਧ ਕੀਤਾ ਹੈ। ਮੰਗਲਵਾਰ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਵਿਚਾਲੇ ਦੋ ਵਾਰ ਮੀਟਿੰਗ ਕੀਤੀ ਗਈ ਹੈ।

ਸੁਨੀਲ ਜਾਖੜ ਦੇ ਆਉਣ ਦੀ ਸੂਚਨਾ

ਆਮ ਆਦਮੀ ਪਾਰਟੀ ਦੇ ਕੌਮੀ ਬੁਲਾਰੇ ਅਹਿਬਾਬ ਗਰੇਵਾਲ ਨੇ ਜਾਣਕਾਰੀ ਦਿੱਤੀ ਹੈ ਕਿ ਸੀਐਮ ਭਗਵੰਤ ਸਿੰਘ ਮਾਨ ਨੇ ਪੰਜਾਬੀਆਂ ਨੂੰ ਇਸ ਬਹਿਸ ਵਿੱਚ ਹਿੱਸਾ ਲੈਣ ਦਾ ਖੁੱਲ੍ਹਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਸਿਰਫ਼ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਹੀ ਇਸ ਬਹਿਸ ਵਿੱਚ ਹਿੱਸਾ ਲੈਣ ਦੀ ਸੂਚਨਾ ਮਿਲੀ ਹੈ। ਉਹ ਇਸ ਬਹਿਸ ਵਿੱਚ ਜਾਖੜ ਦਾ ਸਵਾਗਤ ਕਰਨਗੇ ਅਤੇ ਮੁੱਦਿਆਂ ‘ਤੇ ਆਪਣਾ ਪੱਖ ਪੇਸ਼ ਕਰਨ ਇਸ ਦੀ ਉਮੀਦ ਕੀਤੀ ਜਾ ਰਹੀ ਹੈ।

4 ਗੇਟਾਂ ਰਾਹੀਂ ਡਿਬੇਟ ਸੈਂਟਰ ਵਿੱਚ ਐਂਟਰੀ

ਬਹਿਸ ਕੇਂਦਰ ਵਿੱਚ ਦਾਖਲ ਹੋਣ ਲਈ 4 ਗੇਟਾਂ ‘ਤੇ ਅਧਿਕਾਰੀਆਂ ਦੀ ਤਾਇਨਾਤੀ ਕੀਤੀ ਗਈ ਹੈ। ਯੂਨੀਵਰਸਿਟੀ ਦੇ ਮੇਨ ਗੇਟ ‘ਤੇ ਦੋ ਐਂਟਰੀ ਗੇਟ ਬਣਾਏ ਗਏ ਹਨ। ਇਨ੍ਹਾਂ ਰਾਹੀਂ ਆਮ ਲੋਕ ਆਡੀਟੋਰੀਅਮ ‘ਚ ਦਾਖਲ ਹੋ ਸਕਣਗੇ। ਵੀਆਈਪੀ ਐਂਟਰੀ ਲਈ ਆਡੀਟੋਰੀਅਮ ਦੇ ਪਿਛਲੇ ਪਾਸੇ ਦੋ ਗੇਟ ਬਣਾਏ ਹਨ। ਇਨ੍ਹਾਂ ਵੀਆਈਪੀ ਗੇਟਸ ਤੋਂ ਹੀ ਸੀਐਮ ਭਗਵੰਤ ਮਾਨ ਅਤੇ ਹੋਰ ਵੀਆਈਪੀ ਦਾਖਲ ਹੋਣਗੇ। ਸੀਐਮ ਕਰੀਬ 12 ਵਜੇ ਹੈਲੀਕਾਪਟਰ ਰਾਹੀਂ ਇਸ ਬਹਿਸ ਕੇਂਦਰ ਪਹੁੰਚਣਗੇ।

ਬੈਠਣ ਦੀ ਵਿਵਸਥਾ

ਆਪ ਆਗੂ ਅਹਿਬਾਬ ਗਰੇਵਾਲ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਬਹਿਸ ਵਿੱਚ ਕੋਈ ਵੀ ਹਿੱਸਾ ਲੈ ਸਕਦਾ ਹੈ। ਆਡੀਟੋਰੀਅਮ ਵਿੱਚ ਪਹਿਲਾਂ ਆਓ ਪਹਿਲਾਂ ਪਾਓ ਬੈਠਣ ਦੀ ਵਿਵਸਥਾ ਕੀਤੀ ਗਈ ਹੈ। ਜੋ ਪਹਿਲਾਂ ਆਉਗਾ ਉਹ ਜਲਦੀ ਸੀਟ ‘ਤੇ ਬੈਠ ਸਕਦਾ ਹੈ। ਲੋਕਾਂ ਦੀ ਐਂਟਰੀ ਸਵੇਰੇ 10 ਵਜੇ ਤੋਂ ਸ਼ੁਰੂ ਕੀਤੀ ਜਾ ਸਕਦੀ ਹੈ, ਪਰ ਅਜੇ ਤੱਕ ਇਸਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ।

360 ਡਿਗਰੀ ਸੀਸੀਟੀਵੀ ਬੱਸਾਂ ਤਾਇਨਾਤ

ਸ਼ਹਿਰ ਵਿੱਚ ਤਿਆਰੀਆਂ ਨੂੰ ਲੈ ਕੇ ਜਾਣਕਾਰੀ ਮਿਲ ਰਹੀ ਹੈ ਕਿ ਕਈ ਡਿਜੀਟਲ ਵੈਨਾਂ ਅਤੇ ਬੱਸਾਂ ਤਾਇਨਾਤ ਕੀਤੀਆਂ ਗਈਆਂ ਹਨ। ਇਨ੍ਹਾਂ ਬੱਸਾਂ ‘ਚ 360 ਡਿਗਰੀ ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਇਨ੍ਹਾਂ ਕੈਮਰਿਆਂ ਰਾਹੀਂ ਆਉਣ-ਜਾਣ ਵਾਲੇ ਹਰ ਵਿਅਕਤੀ ‘ਤੇ ਨਜ਼ਰ ਰੱਖੀ ਜਾਵੇਗੀ। ਇਨ੍ਹਾਂ ਕੈਮਰਿਆਂ ਨੂੰ ਪੁਲਿਸ ਕੰਟਰੋਲ ਰੂਮ ਨਾਲ ਵੀ ਜੋੜਿਆ ਗਿਆ ਹੈ। ਇਨ੍ਹਾਂ ਦੀ ਮਦਦ ਨਾਲ ਪੁਲਿਸ ਬਹਿਸ ਕੇਂਦਰ ਦੇ ਅੰਦਰ ਅਤੇ ਬਾਹਰ ਨਜ਼ਰ ਰੱਖ ਸਕੇਗੀ।

ਧਰਨਾ ਦੇਣ ਵਾਲੇ ਗਰੁੱਪਾਂ ‘ਤੇ ਨਜ਼ਰ

ਇਸ ਤੋਂ ਇਲਾਵਾ ਕੁਝ ਧੜਿਆਂ ਨੇ ਐਲਾਨ ਕੀਤਾ ਸੀ ਕਿ ਉਹ ਬਹਿਸ ਦੌਰਾਨ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰਨਗੇ। ਇਸ ਕਾਰਨ ਪੁਲਿਸ ਨੇ ਉਨ੍ਹਾਂ ਧਿਰਾਂ ਦੀ ਸੂਚੀ ਬਣਾ ਲਈ ਹੈ। ਤਾਇਨਾਤ ਅਧਿਕਾਰੀ ਕੱਲ੍ਹ ਸਵੇਰ ਤੋਂ ਹੀ ਇਨ੍ਹਾਂ ਧਿਰਾਂ ਤੇ ਖਾਸ ਨਜ਼ਰ ਰੱਖਣਗੇ। ਜੇਕਰ ਉਨ੍ਹਾਂ ਵੱਲੋਂ ਕਿਸੇ ਵੀ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ ਤਾਂ ਪੁਲਿਸ ਵੱਲੋਂ ਇਨ੍ਹਾਂ ਨੂੰ ਤੁਰੰਤ ਨਜ਼ਰਬੰਦ ਕਰ ਦਿੱਤਾ ਜਾਵੇਗਾ।

ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਇਸ ਮੁੱਦੇ ‘ਤੇ ਇੱਕ ਫੇਸਬੁੱਕ ਲਾਈਵ ਕੀਤਾ ਹੈ ਜਿਸ ‘ਚ ਉਨ੍ਹਾਂ ਨੇ ਸੀਐਮ ਭਗਵੰਤ ਮਾਨ ਦੇ ਸੱਦੇ ‘ਤੇ ਟਿੱਪਣੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਸੱਦੇ ਲਈ ਮੀਡੀਆ ਨੂੰ ਨਹੀਂ ਸੱਦਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਕੁਝ ਜਥੇਬੰਦੀਆਂ ਨੂੰ ਡਿਬੇਟ ਤੋਂ ਪਹਿਲਾਂ ਡੱਕਣ ਦੇ ਇਲਜ਼ਾਮ ਲਗਾਏ ਹਨ। ਉਨ੍ਹਾਂ ਚਾਰ ਮੁੱਦਿਆਂ SYL, ਨਸੇਂ ਦੀ ਸਮੱਸਿਆ, ਕਾਨੂੰਨ ਵਿਵਸਥਾ ਤੇ ਸਿੱਧੂ ਮੂਸੇਵਾਲਾ ਕਤਲ ‘ਤੇ ਡਿਬੇਟ ਕਰਨ ਦੀ ਸ਼ਰਤ ਰੱਖੀ ਹੈ।