ਸੁਖਬੀਰ ਬਾਦਲ ਦੇ ਗਲ ਵਿੱਚ ਪਾਈ ਗਈ ਤਖ਼ਤੀ, ਧਾਰਮਿਕ ਸਜ਼ਾ ਦਾ ਹੋਇਆ ਐਲਾਨ
Sukhbir Singh Badal: ਅੱਜ ਦਾ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਵਿੱਚ ਅਹਿਮ ਦਿਨ ਹੈ। ਅਕਾਲੀ ਦਲ ਨੂੰ ਲੈਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਰਘਬੀਰ ਸਿੰਘ ਨੇ ਸਖ਼ਤ ਟਿੱਪਣੀ ਕੀਤੀ ਹੈ। ਉਹਨਾਂ ਕਿਹਾ ਕਿ ਇਹ ਸ਼ਰਮ ਦੀ ਗੱਲ ਹੈ ਕਿ ਸਿੱਖਾਂ ਦੇ ਮੁੱਦਿਆਂ ਦੀ ਗੱਲ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਬਣੀ ਪਾਰਟੀ ਆਪਣੇ ਹੀ ਮੁੱਦਿਆਂ ਤੋਂ ਭਟਕ ਗਈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਸਰਕਾਰ ਸਮੇਂ ਹੋਈਆਂ ਸਾਰੀਆਂ ਗਲਤੀਆਂ ਨੂੰ ਕਬੂਲ ਕਰ ਲਿਆ ਹੈ। ਜਿਸ ਤੋਂ ਬਾਅਦ ਸੁਖਬੀਰ ਬਾਦਲ ਸਮੇਤ ਬਾਕੀ ਅਕਾਲੀ ਆਗੂਆਂ ਨੂੰ ਧਾਰਮਿਕ ਸਜ਼ਾ ਦਾ ਐਲਾਨ ਕੀਤਾ ਗਿਆ। ਸੁਖਬੀਰ ਸਿੰਘ ਬਾਦਲ 5 ਗੁਰੂ ਘਰਾਂ ਦੇ ਬਾਹਰ ਹੱਥ ਵਿੱਚ ਬਰਛਾਂ ਫੜਕੇ ਸੇਵਾਦਾਰ ਦੀ ਸੇਵਾ ਕਰਨਗੇ। ਇਹ 9-10 ਵਜੇ ਤੱਕ ਦੀ ਸੇਵਾ ਹੋਵੇਗੀ। ਇਸ ਤੋਂ ਬਾਅਦ ਇੱਕ ਘੰਟਾ ਲੰਗਰ ਵਿੱਚ ਝੂਠੇ ਬਰਤਨਾਂ ਦੀ ਸੇਵਾ ਕਰਨਗੇ।
ਇਸ ਤੋਂ ਇਲਾਵਾ ਸੁਖਬੀਰ ਸਿੰਘ ਬਾਦਲ ਨੂੰ ਕੀਰਤਨ ਸੁਣਨਗੇ ਅਤੇ ਸੁਖਮਨੀ ਸਾਹਿਬ ਦੇ ਪਾਠ ਕਰਨਗੇ।
ਸੁਖਬੀਰ ਸਿੰਘ ਬਾਦਲ ਦੇ ਗੁਨਾਹ
- ਸਰਕਾਰ ਵਿੱਚ ਰਹਿੰਦੇ ਪੰਥਕ ਮੁੱਦਿਆਂ ਤੋਂ ਭਟਕੇ
- ਸਿੱਖ ਨੌਜਵਾਨਾਂ ਤੇ ਜੁਲਮ ਕਰਨ ਵਾਲੇ ਅਫ਼ਸਰਾਂ ਨੂੰ ਤਰੱਕੀਆਂ ਦਿੱਤੀਆਂ
- ਰਾਮ ਰਹੀਮ ਖਿਲਾਫ਼ ਦਰਜ ਕੇਸ ਵਾਪਿਸ ਲਿਆ
- ਬਿਨਾਂ ਮੁਆਫੀ ਮੰਗੇ ਡੇਰਾ ਮੁਖੀ ਰਾਮ ਰਹੀਮ ਨੂੰ ਮੁਆਫੀ ਦਵਾਈ
- ਚੰਡੀਗੜ੍ਹ ਵਿਖੇ ਆਪਣੇ ਰਿਹਾਇਸ਼ ਤੇ ਜੱਥੇਦਾਰਾਂ ਨੂੰ ਬੁਲਾਕੇ ਰਾਮ ਰਹੀਮ ਨੂੰ ਮੁਆਫੀ ਦੇਣ ਬਾਰੇ ਕਿਹਾ
- ਪਾਵਨ ਸਰੂਪਾਂ ਦੀ ਚੋਰੀ ਅਤੇ ਬੇਅਦਬੀ ਮਾਮਲਿਆਂ ਦੀ ਜਾਂਚ ਨਹੀਂ ਕਰਵਾਈ
- ਸੰਗਤ ਉੱਪਰ ਲਾਠੀਚਾਰਜ ਅਤੇ ਗੋਲੀ ਚਲਵਾਈ ਗਈ
- ਨੌਜਵਾਨਾਂ ਤੇ ਹੋਏ ਜੁਲਮਾਂ ਤੇ ਕੋਈ ਕਮੇਟੀ ਬਣਾਕੇ ਜਾਂਚ ਨਹੀਂ ਕਰਵਾਈ
- ਰਾਮ ਰਹੀਮ ਦੀ ਮੁਆਫੀ ਦੇ ਸ਼੍ਰੋਮਣੀ ਕਮੇਟੀ ਤੋਂ ਇਸ਼ਤਿਹਾਰ ਛਪਵਾਏ ਗਏ
ਸੁਖਬੀਰ ਬਾਦਲ ਸਮੇਤ ਆਗੂਆਂ ਤੋਂ ਵਸੂਲੇ ਜਾਣਗੇ ਪੈਸੇ
ਸ਼੍ਰੀ ਅਕਾਲ ਤਖਤ ਸਾਹਿਬ ਨੇ ਆਪਣੇ ਹੁਕਮ ਵਿੱਚ ਕਿਹਾ ਗਿਆ ਹੈ ਕਿ ਰਾਮ ਰਹੀਮ ਨੂੰ ਮੁਆਫ਼ੀ ਦੇਣ ਤੋਂ ਬਾਅਦ ਜੋ ਸ਼੍ਰੋਮਣੀ ਕਮੇਟੀ ਅਤੇ ਗੁਰੂ ਘਰ ਦੀ ਗੋਲਕ ਦੇ ਪੈਸੇ ਨਾਲ ਜੋ ਅਖਬਾਰਾਂ ਵਿੱਚ ਅਖਬਾਰਾਂ ਵਿੱਚ ਇਸ਼ਤਿਹਾਰ ਦਿੱਤੇ ਗਏ ਸਨ। ਉਸ ਦੇ ਲਈ ਸੁਖਬੀਰ ਸਿੰਘ ਬਾਦਲ ਸਮੇਤ ਕਈ ਅਕਾਲੀ ਆਗੂਆਂ ਨੂੰ ਦੋਸ਼ੀ ਪਾਇਆ ਗਿਆ ਹੈ। ਜੱਥੇਦਾਰ ਨੇ ਹੁਕਮ ਦਿੱਤਾ ਹੈ ਕਿ ਜੋ ਪੈਸਾ ਖਰਚ ਕੀਤਾ ਗਿਆ ਸੀ ਉਹ ਇਹਨਾਂ ਆਗੂਆਂ ਕੋਲੋਂ ਵਸੂਲ ਕੀਤਾ ਜਾਵੇ।
ਵਾਪਿਸ ਹੋਇਆ ਫਖਰ ਏ ਕੌਮ ਦਾ ਐਵਾਰਡ
ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਮਹਰੂਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਹੋਇਆ ਫਖ਼ਰ ਏ ਕੌਮ ਦਾ ਐਵਾਰਡ ਵਾਪਿਸ ਲੈ ਲਿਆ ਗਿਆ ਹੈ। ਕਿਉਂਕਿ ਜੋ ਇਹ ਸਾਰੀਆਂ ਗਲਤੀਆਂ ਹੋਈਆਂ ਉਸ ਸਮੇਂ ਉਹ ਸੂਬੇ ਦੇ ਮੁੱਖ ਮੰਤਰੀ ਸਨ।
ਅਕਾਲੀ ਦਲ ਆਪਣੇ ਮੁੱਦਿਆਂ ਤੋਂ ਭਟਕਣਾ ਸ਼ਰਮਨਾਕ- ਜੱਥੇਦਾਰ
ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਬਹੁਤ ਸ਼ਰਮ ਦੀ ਗੱਲ ਹੈ ਕਿ ਸਿੱਖਾਂ ਦੇ ਮੁੱਦਿਆਂ ਦੀ ਗੱਲ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਬਣੀ ਪਾਰਟੀ ਆਪਣੇ ਹੀ ਮੁੱਦਿਆਂ ਤੋਂ ਭਟਕ ਗਈ ਅਤੇ ਅੱਜ ਸਾਹਮਣੇ ਖੜ੍ਹੀ ਹੈ।