ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਜ਼ਾ ਦੌਰਾਨ ਮੇਰੇ ਖਿਲਾਫ਼ ਰਚੀ ਗਈ ਸੀ ਸਾਜ਼ਿਸ਼, ਸੁਖਬੀਰ ਬਾਦਲ ਦਾ ਵੱਡਾ ਇਲਜ਼ਾਮ
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਿਛਲੇ ਇੱਕ ਸਾਲ 'ਚ ਮੇਰੇ 'ਤੇ ਬਹੁਤ ਹਮਲੇ ਹੋਏ। ਮੇਰੇ 'ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਵੀ ਕੀਤੀ ਗਈ। ਕਈ ਆਪਣੇ-ਆਪ ਨੂੰ ਧਾਰਮਿਕ ਲੀਡਰ ਅਖਵਾਉਂਦੇ ਹਨ, ਉਨ੍ਹਾਂ ਦਾ ਮਕਸਦ ਸੀ ਕਿ ਬਾਦਲ ਦਾ ਨਾਮ ਹੀ ਖ਼ਤਮ ਕਰ ਦਿਓ। ਮੈਨੂੰ ਸਿਆਸਤ 'ਚੋਂ ਵੀ ਕੱਢਣਾ ਚਾਹੁੰਦੇ ਸੀ।
ਸੁਖਬੀਰ ਬਾਦਲ (Pic:X/@officeofssbadal)
ਅਗਲੇ ਸਾਲ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਰਾਜਨੀਤੀ ਗਰਮਾਈ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਰਾਜਨੀਤੀ ‘ਚ ਪੂਰੀ ਤਰ੍ਹਾਂ ਐਕਟਿਵ ਨਜ਼ਰ ਆ ਰਹੇ ਹਨ। ਉਹ ‘ਪੰਜਾਬ ਬਚਾਓ ਰੈਲੀ’ ਰਾਹੀਂ ਜਿੱਥੇ ਸੱਤਾਧਾਰੀ ਪਾਰਟੀ ‘ਤੇ ਨਿਸ਼ਾਨਾ ਸਾਧ ਰਹੇ ਹਨ, ਇਸ ਦੇ ਨਾਲ ਹੀ ਉਹ 2027 ਲਈ ਆਪਣਾ ਵਿਜ਼ਨ ਵੀ ਲੋਕਾਂ ਅੱਗੇ ਪੇਸ਼ ਕਰ ਰਹੇ ਹਨ। ਹਾਲਾਂਕਿ, ਬੀਤੇ ਦਿਨ ਸੁਖਬੀਰ ਬਾਦਲ ਨੇ ਸ੍ਰੀ ਮੁਕਤਸਰ ਸਾਹਿਬ ‘ਚ ‘ਪੰਜਾਬ ਬਚਾਓ ਰੈਲੀ’ ਦੌਰਾਨ ਵੱਡੇ ਇਲਜ਼ਾਮ ਲਗਾਏ ਹਨ। ਉਨ੍ਹਾਂ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਦੋਂ ਉਨ੍ਹਾਂ ਨੂੰ ਧਾਰਮਿਕ ਸਜ਼ਾ ਲਗਾਈ ਗਈ ਤਾਂ ਉਸ ਸਮੇਂ ਖ਼ੁਦ ਨੂੰ ਧਾਰਮਿਕ ਲੀਡਰ ਅਖਵਾਉਣ ਵਾਲੇ ਲੋਕਾਂ ਦੀ ਸਾਜ਼ਿਸ਼ ਰਚੀ ਸੀ।
ਦੱਸ ਦੇਈਏ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੁਖਬੀਰ ਬਾਦਲ ਨੂੰ ਅਗਸਤ, 2024 ਨੂੰ ‘ਤਨਖਾਹੀਆ’ ਐਲਾਨਿਆ ਗਿਆ ਸੀ। ਉਸ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਸਨ। ਗਿਆਨੀ ਹਰਪ੍ਰੀਤ ਸਿੰਘ ਵੀ ਉਸ ਸਮੇਂ ਪੰਜ ਸਿੰਘ ਸਾਹਿਬਾਨਾਂ ‘ਚ ਸ਼ਾਮਲ ਸਨ। ਗਿਆਨੀ ਹਰਪ੍ਰੀਤ ਸਿੰਘ ਹੁਣ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ, ਪੁਨਰ ਸੁਰਜੀਤ ਬਣਾ ਚੁੱਕੇ ਹਨ। ਉੱਥੇ ਹੀ, ਬੀਤੀ ਦਿਨੀਂ ਗਿਆਨੀ ਰਘਬੀਰ ਸਿੰਘ ਨੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਕਿਹਾ ਸੀ ਕਿ ਬਾਦਲ ਪਰਿਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਤੇ ਕਾਬਜ਼ ਹਨ।
ਕੀ ਬੋਲੇ ਸੁਖਬੀਰ ਬਾਦਲ?
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਿਛਲੇ ਇੱਕ ਸਾਲ ‘ਚ ਮੇਰੇ ‘ਤੇ ਬਹੁਤ ਹਮਲੇ ਹੋਏ। ਮੇਰੇ ‘ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਵੀ ਕੀਤੀ ਗਈ। ਕਈ ਆਪਣੇ-ਆਪ ਨੂੰ ਧਾਰਮਿਕ ਲੀਡਰ ਅਖਵਾਉਂਦੇ ਹਨ, ਉਨ੍ਹਾਂ ਦਾ ਮਕਸਦ ਸੀ ਕਿ ਬਾਦਲ ਦਾ ਨਾਮ ਹੀ ਖ਼ਤਮ ਕਰ ਦਿਓ। ਮੈਨੂੰ ਸਿਆਸਤ ‘ਚੋਂ ਵੀ ਕੱਢਣਾ ਚਾਹੁੰਦੇ ਸੀ, ਇੱਥੋਂ ਤੱਕ ਸਾਜ਼ਿਸ਼ ਰਚੀ ਗਈ ਕਿ ਮੈਨੂੰ ਦਰਬਾਰ ਸਾਹਿਬ ਦੇ ਬਾਹਰ ਬੈਠਣ ਲਈ ਕਿਹਾ, ਪਰ ਨਾਲ ਸ਼ਰਤ ਲਗਾਈ ਕਿ ਕੋਈ ਸਕਿਓਰਟੀ (ਸੁਰੱਖਿਆ ਕਰਮਚਾਰੀ) ਨਾਲ ਨਹੀਂ ਖੜ੍ਹੇਗੀ। ਇਸ ਦਾ ਮਤਲਬ ਸੀ ਕਿ ਇਸ ‘ਤੇ ਹਮਲਾ ਹੋ ਜਾਵੇ ਤੇ ਇਹ ਖ਼ਤਮ ਹੋ ਜਾਵੇ।
ਸੁਖਬੀਰ ਬਾਦਲ ਨੇ ਅੱਗੇ ਕਿਹਾ ਕਿ ਪਰ ਜਿਸ ‘ਤੇ ਪਰਮਾਤਮਾ ਦਾ ਹੱਥ ਹੋਵੇ, ਉੱਥੇ ਰੱਬ ਦੀ ਕਰਾਮਾਤ ਹੁੰਦੀ ਹੈ। ਉਹ ਖ਼ਤਮ ਮੈਨੂੰ ਕਰਦੇ ਫਿਰਦੇ ਸੀ ਤੇ ਹੁਣ ਆਪ ਰੁਲਦੇ ਫਿਰਦੇ ਹਨ। ਇਸ ਰੱਬ ਦੀ ਕਰਾਮਾਤ ਹੈ।
ਸੁਖਬੀਰ ਬਾਦਲ ਨੇ ਕਿਸ ਘਟਨਾ ਦਾ ਕੀਤਾ ਜ਼ਿਕਰ?
ਦੱਸ ਦੇਈਏ ਕਿ ਸੁਖਬੀਰ ਬਾਦਲ ਨੂੰ ਅਗਸਤ, 2024 ‘ਚ ਧਾਰਮਿਕ ਸਜ਼ਾ ਸੁਣਾਈ ਗਈ ਸੀ ਯਾਨੀ ਕਿ ਤਨਖ਼ਾਹੀਆ ਐਲਾਨਿਆ ਗਿਆ ਸੀ। ਉਨ੍ਹਾਂ ਨੇ ਆਪਣੀਆਂ ਸਾਰੀਆਂ ਗਲਤੀਆਂ ਦਾ ਦੋਸ਼ ਆਪਣੇ ਸਿਰ ਲਿਆ ਸੀ ਤੇ ਕਿਹਾ ਸੀ ਪੰਜ ਸਿੰਘ ਸਾਹਿਬਾਨ ਉਨ੍ਹਾਂ ਨੂੰ ਜੋ ਵੀ ਸਜ਼ਾ ਦੇਣਗੇ, ਉਹ ਖੁਦ ਭੁਗਤਣਗੇ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਦੀ ਡਿਓੜੀ ‘ਤੇ ਪਹਿਰੇਦਾਰ ਵਜੋਂ ਸੇਵਾ ਨਿਭਾਉਣ ਦੀ ਸਜ਼ਾ ਸੁਣਾਈ ਸੀ। ਇਸ ਦੌਰਾਨ ਉਨ੍ਹਾਂ ਨੂੰ ਹੱਥ ‘ਚ ਬਰਛਾ ਤੇ ਗੱਲ ‘ਚ ਤਖ਼ਤੀ ਪਾਉਣ ਲਈ ਵੀ ਕਿਹਾ ਗਿਆ ਸੀ।
ਇਹ ਵੀ ਪੜ੍ਹੋ
ਤਨਖਾਹੀਆ ਐਲਾਨੇ ਜਾਣ ਤੋਂ ਬਾਅਦ ਸੇਵਾ ਨਿਭਾਉਂਦੇ ਸਮੇਂ ਸੁਖਬੀਰ ਬਾਦਲ ‘ਤੇ ਗੋਲੀਬਾਰੀ ਦੀ ਕੋਸ਼ਿਸ਼ ਕੀਤੀ ਗਈ ਸੀ। ਉਨ੍ਹਾਂ ‘ਦੇ ਨਰਾਇਣ ਸਿੰਘ ਚੌੜਾ ਨਾਮ ਦੇ ਸ਼ਖ਼ਸ ਨੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਸੀ। ਇਸ ਦੌਰਾਨ ਪੰਜਾਬ ਪੁਲਿਸ ਦੇ ਏਐਸਆਈ ਜਸਬੀਰ ਸਿੰਘ ਨੇ ਮੁਸਤੈਦੀ ਵਰਤਦੇ ਹੋਏ, ਚੌੜਾ ਦੇ ਹਮਲੇ ਨੂੰ ਨਾਕਾਮ ਕਰ ਦਿੱਤਾ ਸੀ। ਉਨ੍ਹਾਂ ਨੇ ਹਮਲਾਵਰ ਦਾ ਹੱਥ ਦੀ ਦਿਸ਼ਾ ਬਦਲ ਦਿੱਤੀ ਸੀ ਤੇ ਗੋਲੀ ਉੱਪਰ ਨੂੰ ਚੱਲ ਗਈ ਸੀ।
ਦੱਸ ਦੇਈਏ ਕਿ ਪਹਿਰੇਦਾਰ ਸੀ ਸੇਵਾ ਤੋਂ ਇਲਾਵਾ ਸੁਖਬੀਰ ਬਾਦਲ ਨੂੰ ਵਾਸ਼ਰੂਮ ਸਾਫ਼ ਕਰਨ, ਬਰਤਨ ਮਾਂਜਣ, ਲੰਗਰ ਦੀ ਸੇਵਾ, ਕੀਰਤਣ ਸਰਵਣ ਕਰਨ ਤੇ ਸੁਖਮਣੀ ਸਾਹਿਬ ਦੇ ਪਾਠ ਕਰਵਾਉਣ ਤੇ ਦੇਗ ਕਰਵਾਉਣ ਦੀ ਸੇਵਾ ਲਗਾਈ ਗਈ ਸੀ।
ਸੁਖਬੀਰ ਬਾਦਲ ‘ਤੇ ਕੀ ਸਨ ਦੋਸ਼?
ਸੁਖਬੀਰ ਬਾਦਲ ਤੇ ਸਭ ਤੋਂ ਵੱਡਾ ਇਲਜ਼ਾਮ ਇਹ ਸੀ ਕਿ ਉਨ੍ਹਾਂ ਨੇ 2007 ਚ ਸਲਾਬਤਪੁਰਾ ਚ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਖਿਲਾਫ ਦਰਜ ਕੀਤਾ ਕੇਸ ਵਾਪਸ ਲੈ ਲਿਆ ਸੀ। ਉਸ ਸਮੇਂ ਰਾਮ ਰਹੀਮ ਨੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਰੂਪ ਧਾਰਨ ਕਰਕੇ ਲੋਕਾਂ ਨੂੰ ਅੰਮ੍ਰਿਤ ਛਕਾਉਣ ਦਾ ਢੌਂਗ ਕੀਤਾ ਸੀ। ਗੁੱਸੇ ‘ਚ ਆਈ ਸਿੱਖ ਸੰਗਤ ਨੇ ਉਸ ਵਿਰੁੱਧ ਪੁਲਿਸ ਕੇਸ ਦਾਇਰ ਕਰ ਦਿੱਤਾ ਪਰ ਬਾਦਲ ਸਰਕਾਰ ਨੇ ਕੇਸ ਵਾਪਸ ਲੈ ਲਿਆ।
ਸੁਖਬੀਰ ਬਾਦਲ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਨ। ਉਨ੍ਹਾਂ ਨੇ ਰਾਮ ਰਹੀਮ ਨੂੰ ਸਿੰਘ ਸਾਹਿਬਾਨ ਤੋਂ ਮੁਆਫ਼ੀ ਦਿਵਾਉਣ ਲਈ ਆਪਣੀ ਤਾਕਤ ਦੀ ਵਰਤੋਂ ਕੀਤੀ। ਉਨ੍ਹਾਂ ਤੇ ਵੋਟ ਬੈਂਕ ਦੀ ਖ਼ਾਤਰ ਆਪਣੇ ਪੰਥ ਨਾਲ ਵਿਸ਼ਵਾਸਘਾਤ ਕਰਨ ਦਾ ਦੋਸ਼ ਸੀ। ਹਾਲਾਂਕਿ ਪਾਰਟੀ ਆਗੂਆਂ, ਸ਼੍ਰੋਮਣੀ ਕਮੇਟੀ ਤੇ ਸਿੱਖ ਸੰਗਤਾਂ ਦੇ ਗੁੱਸੇ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਫੈਸਲੇ ਤੋਂ ਪਿੱਛੇ ਹਟਣਾ ਪਿਆ। ਪਰ ਲੋਕਾਂ ਦਾ ਗੁੱਸਾ ਘਟਣ ਦੀ ਬਜਾਏ ਵਧਦਾ ਹੀ ਗਿਆ।
ਉਨ੍ਹਾਂ ਤੇ ਇਹ ਵੀ ਦੋਸ਼ ਸੀ ਕਿ ਬਾਦਲ ਸਰਕਾਰ ਵੇਲੇ ਬਰਗਾੜੀ ਬੇਅਦਬੀ ਮਾਮਲੇ ਦੀ ਸਹੀ ਢੰਗ ਨਾਲ ਜਾਂਚ ਨਹੀਂ ਹੋਈ। ਇਸ ਦੇ ਉਲਟ ਡੀਜੀਪੀ ਸੁਮੇਧ ਸੈਣੀ ਨੂੰ ਕੋਟਕਪੂਰਾ ‘ਚ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਸਿੱਖ ਨੌਜਵਾਨਾਂ ਤੇ ਗੋਲੀ ਚਲਾਉਣ ਦੇ ਹੁਕਮ ਦਿੱਤੇ ਗਏ। ਇਸ ਗੋਲੀਬਾਰੀ ‘ਚ ਦੋ ਸਿੱਖ ਨੌਜਵਾਨਾਂ ਦੀ ਵੀ ਮੌਤ ਹੋ ਗਈ ਸੀ।
