ਪੰਜਾਬ ਵਿਧਾਨ ਸਭਾ ਦਾ ਅੱਜ ਵਿਸ਼ੇਸ਼ ਇਜਲਾਸ, ਮਜ਼ਦੂਰਾਂ ਤੇ ਕਿਰਤੀਆਂ ਨੂੰ ਹੋਵੇਗਾ ਸਮਰਪਿਤ
ਪੰਜਾਬ ਸਰਕਾਰ ਨੇ ਅਧਿਕਾਰਤ ਤੌਰ 'ਤੇ ਕਿਹਾ ਹੈ ਕਿ ਅੰਤਰਰਾਸ਼ਟਰੀ ਮਜ਼ਦੂਰ ਦਿਵਸ 'ਤੇ ਮਜ਼ਦੂਰ ਵਰਗ ਦਾ ਸਨਮਾਨ ਕਰਨ ਲਈ ਸੈਸ਼ਨ ਬੁਲਾਇਆ ਜਾ ਰਿਹਾ ਹੈ। ਪਰ, ਪਿਛਲੇ ਦਿਨਾਂ ਦੌਰਾਨ ਰਾਜਨੀਤਿਕ ਘਟਨਾਕ੍ਰਮ ਇੱਕ ਰਣਨੀਤਕ ਉਦੇਸ਼ ਦਾ ਵੀ ਸੰਕੇਤ ਦੇ ਰਹੇ ਹਨ। ਹਾਲ ਹੀ 'ਚ, ਰਾਜ ਸਭਾ 'ਚ ਸੱਤ 'ਆਪ' ਮੈਂਬਰ ਭਾਜਪਾ 'ਚ ਸ਼ਾਮਲ ਹੋਏ, ਜਿਸ ਨਾਲ ਪਾਰਟੀ ਦੇ ਅੰਦਰ ਚਿੰਤਾਵਾਂ ਵਧੀਆਂ ਹਨ।
ਪੰਜਾਬ ਵਿਧਾਨ ਸਭਾ ਦਾ ਅੱਜ ਵਿਸ਼ੇਸ਼ ਇਜਲਾਸ, ਮਜ਼ਦੂਰਾਂ ਤੇ ਕਿਰਤੀਆਂ ਨੂੰ ਹੋਵੇਗਾ ਸਮਰਪਿਤ
ਅੱਜ, 1 ਮਈ ਨੂੰ ਮਜ਼ਦੂਰ ਦਿਵਸ ਮੌਕੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਿਆ ਗਿਆ ਹੈ। ਇਹ ਇੱਕ ਦਿਨਾਂ ਇਜਲਾਸ ਦੇਸ਼ ਦੇ ਸਮਾਜਿਕ ਤੇ ਆਰਥਿਕ ‘ਚ ਵਡਮੁੱਲਾ ਯੋਗਦਾਨ ਪਾਉਣ ਵਾਲੇ ਮਿਹਨਤਕਸ਼ ਮਜ਼ਦੂਰਾਂ ਤੇ ਕਿਰਤੀਆਂ ਨੂੰ ਸਮਰਪਿਤ ਹੋਵੇਗਾ। ਇਸ ਪਹਿਲਕਦਮੀ ਤਹਿਤ ਸਦਨ ‘ਚ ਮਜ਼ਦੂਰ ਯੂਨੀਅਨਾਂ ਦੇ ਨੁਮਾਇੰਦਿਆਂ ਨੂੰ ਵਿਸ਼ੇਸ਼ ਮਹਿਮਾਨ ਵਜੋਂ ਸੱਦਿਆ ਜਾਵੇਗਾ। ਇਸ ਸੈਸ਼ਨ ‘ਚ ਮਨਰੇਗਾ ਸਕੀਮ ‘ਚ ਹੋਏ ਬਦਲਾਵਾਂ ਦੇ ਕਿਰਤੀ ਵਰਗ ਤੇ ਪੈਣ ਵਾਲੇ ਪ੍ਰਭਾਵਾਂ ਸਮੇਤ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੀਆਂ ਚੁਣੌਤੀਆਂ ਤੇ ਗੰਭੀਰ ਚਰਚਾ ਕੀਤੀ ਜਾਵੇਗੀ।
ਸੈਸ਼ਨ ਤੋਂ ਪਹਿਲਾਂ, ਪਾਰਟੀ ਨੇ ਸਾਰੇ ‘ਆਪ’ ਵਿਧਾਇਕਾਂ ਨੂੰ ਵ੍ਹੀਪ ਜਾਰੀ ਕੀਤਾ ਹੈ, ਜਿਸ ‘ਚ ਉਨ੍ਹਾਂ ਨੂੰ ਹਾਜ਼ਰੀ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ ਗਏ ਹਨ। ਵ੍ਹਿਪ ਜਾਰੀ ਕਰਦੇ ਵਿਧਾਇਕਾਂ ਨੂੰ ਪੂਰੇ ਸਮੇਂ ਮੌਜੂਦ ਰਹਿਣ, ਬਹਿਸ ‘ਚ ਹਿੱਸਾ ਲੈਣ ਤੇ ਸੰਭਾਵਿਤ ਵੋਟਿੰਗ ‘ਚ ਹਿੱਸਾ ਲੈਣ ਦੇ ਨਿਰਦੇਸ਼ ਦਿੱਤੇ ਗਏ ਹਨ।
ਜਦੋਂ ਕਿ ਪੰਜਾਬ ਸਰਕਾਰ ਨੇ ਅਧਿਕਾਰਤ ਤੌਰ ‘ਤੇ ਕਿਹਾ ਹੈ ਕਿ ਅੰਤਰਰਾਸ਼ਟਰੀ ਮਜ਼ਦੂਰ ਦਿਵਸ ‘ਤੇ ਮਜ਼ਦੂਰ ਵਰਗ ਦਾ ਸਨਮਾਨ ਕਰਨ ਲਈ ਸੈਸ਼ਨ ਬੁਲਾਇਆ ਜਾ ਰਿਹਾ ਹੈ। ਪਰ, ਪਿਛਲੇ ਦਿਨਾਂ ਦੌਰਾਨ ਰਾਜਨੀਤਿਕ ਘਟਨਾਕ੍ਰਮ ਇੱਕ ਰਣਨੀਤਕ ਉਦੇਸ਼ ਦਾ ਵੀ ਸੰਕੇਤ ਦੇ ਰਹੇ ਹਨ। ਹਾਲ ਹੀ ‘ਚ, ਰਾਜ ਸਭਾ ‘ਚ ਸੱਤ ‘ਆਪ’ ਮੈਂਬਰ ਭਾਜਪਾ ‘ਚ ਸ਼ਾਮਲ ਹੋਏ, ਜਿਸ ਨਾਲ ਪਾਰਟੀ ਦੇ ਅੰਦਰ ਚਿੰਤਾਵਾਂ ਵਧੀਆਂ ਹਨ।
ਜਲੰਧਰ ਵਿਖੇ ਵਿਧਾਇਕਾਂ ਤੇ ਆਬਜ਼ਰਵਰਾਂ ਦੀ ਮੀਟਿੰਗ
ਬੀਤੇ ਦਿਨੀਂ ਆਮ ਆਦਮੀ ਪਾਰਟੀ ਨੇ ਜਲੰਧਰ ‘ਚ ਇੱਕ ਮੀਟਿੰਗ ਕੀਤੀ ਜਿਸ ‘ਚ ਲਗਭਗ 1,000 ਆਬਜ਼ਰਵਰ ਤੇ ਸਾਰੇ ਵਿਧਾਇਕ ਸ਼ਾਮਲ ਹੋਏ। ਜਲੰਧਰ ‘ਚ ਮੀਟਿੰਗ ਦੌਰਾਨ ਕਈ ਵਿਧਾਇਕ ਗੈਰ-ਹਾਜ਼ਰ ਰਹੇ ਸਨ, ਜਿਸ ਤੋਂ ਬਾਅਦ ਵ੍ਹਿਪ ਜਾਰੀ ਕਰਨ ਦੇ ਫੈਸਲੇ ਨੂੰ ਰਣਨੀਤਕ ਉਦੇਸ਼ ਵਜੋਂ ਦੇਖਿਆ ਜਾ ਰਿਹਾ ਹੈ। ਪਾਰਟੀ ਵਿਧਾਇਕਾਂ ‘ਚ ਏਕਤਾ ਨੂੰ ਯਕੀਨੀ ਬਣਾਉਣ ਵਜੋਂ ਵੀ ਇਹ ਸੈਸ਼ਨ ਵਿਸ਼ੇਸ਼ ਮੰਨਿਆ ਜਾ ਰਿਹਾ ਹੈ।
ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸਵੇਰੇ 11 ਵਜੇ ਸ਼ੁਰੂ ਹੋਵੇਗਾ ਤੇ ਵਿਧਾਇਕਾਂ ਨੂੰ ਇੱਕ ਘੰਟਾ ਪਹਿਲਾਂ ਪਹੁੰਚਣ ਦੇ ਨਿਰਦੇਸ਼ ਦਿੱਤੇ ਗਏ ਹਨ। ਵੱਖ-ਵੱਖ ਮਜ਼ਦੂਰ ਯੂਨੀਅਨਾਂ ਦੇ ਪ੍ਰਤੀਨਿਧੀਆਂ ਦੇ ਵੀ ਸੈਸ਼ਨ ‘ਚ ਸ਼ਾਮਲ ਹੋਣ ਦੀ ਉਮੀਦ ਹੈ। ਕਾਰਵਾਈ ਦੌਰਾਨ, ਸੱਤਾਧਾਰੀ ਪਾਰਟੀ ਮਨਰੇਗਾ ਦਾ ਨਾਮ ਬਦਲ ਕੇ ‘ਜੀ ਰਾਮ ਜੀ’ ਯੋਜਨਾ ਰੱਖਣ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾ ਸਕਦੀ ਹੈ।
ਇਹ ਵੀ ਪੜ੍ਹੋ
ਸਰਕਾਰ ਲਿਆ ਸਕਦੀ ਵਿਸ਼ਵਾਸ਼ ਮਤਾ
ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਚ ਸਰਕਾਰ ਵਿਸ਼ਵਾਸ਼ ਮਤਾ ਲਿਆ ਸਕਦੀ ਹੈ, ਜੇਕਰ ਵਿਸ਼ਵਾਸ ਪ੍ਰਸਤਾਵ ਪਾਸ ਹੋ ਜਾਂਦਾ ਹੈ ਤਾਂ ਸਰਕਾਰ ਨੂੰ ਸੈਸ਼ਨ ਦੀ ਮਿਆਦ ਲਈ ਕਿਸੇ ਵੀ ਸੰਭਾਵੀ ਅਵਿਸ਼ਵਾਸ ਪ੍ਰਸਤਾਵ ਤੋਂ ਸੁਰੱਖਿਆ ਮਿਲੇਗੀ। ਵਿਧਾਨ ਸਭਾ ਨਿਯਮਾਂ ਦੇ ਅਨੁਸਾਰ, ਇੱਕ ਵਾਰ ਪ੍ਰਸਤਾਵ ਪੇਸ਼ ਕੀਤੇ ਜਾਣ ਤੋਂ ਬਾਅਦ, ਇਸ ਨੂੰ ਉਸੇ ਸੈਸ਼ਨ ਦੌਰਾਨ ਦੁਬਾਰਾ ਨਹੀਂ ਲਿਆਂਦਾ ਜਾ ਸਕਦਾ।
