ਸ਼ਿਮਲਾ ਦੇ ਮਾਲ ਰੋਡ ‘ਤੇ ਪਤੀ ਨੇ ਪਤਨੀ ਨੂੰ ਸ਼ਰੇਆਮ ਕੁੱਟਿਆ, ਵੀਡੀਓ ਵਾਇਰਲ ਹੋਣ ਮਗਰੋਂ ਮੋਹਾਲੀ ਦੇ ਨੌਜਵਾਨ ਖ਼ਿਲਾਫ਼ ਕੇਸ ਦਰਜ

Published: 

24 Sep 2026 19:03 PM IST

ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਦੇ ਸਭ ਤੋਂ ਮਸ਼ਹੂਰ ਸੈਰ-ਸਪਾਟਾ ਕੇਂਦਰ 'ਮਾਲ ਰੋਡ' ਤੇ ਇੱਕ ਪਤੀ ਵੱਲੋਂ ਆਪਣੀ ਹੀ ਪਤਨੀ ਦੀ ਸ਼ਰੇਆਮ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਸੜਕ ਕਿਨਾਰੇ ਜ਼ਮੀਨ ਤੇ ਪਈ ਪਤਨੀ ਨੂੰ ਪਤੀ ਵੱਲੋਂ ਪਹਿਲਾਂ ਜ਼ੋਰਦਾਰ ਥੱਪੜ ਮਾਰਿਆ ਗਿਆ ਅਤੇ ਫਿਰ ਉਸ ਤੇ ਲੱਤਾਂ ਵਰ੍ਹਾਈਆਂ ਗਈਆਂ।

ਸ਼ਿਮਲਾ ਦੇ ਮਾਲ ਰੋਡ ਤੇ ਪਤੀ ਨੇ ਪਤਨੀ ਨੂੰ ਸ਼ਰੇਆਮ ਕੁੱਟਿਆ, ਵੀਡੀਓ ਵਾਇਰਲ ਹੋਣ ਮਗਰੋਂ ਮੋਹਾਲੀ ਦੇ ਨੌਜਵਾਨ ਖ਼ਿਲਾਫ਼ ਕੇਸ ਦਰਜ

Photo: @iNikhilsaini

ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਦੇ ਸਭ ਤੋਂ ਮਸ਼ਹੂਰ ਸੈਰ-ਸਪਾਟਾ ਕੇਂਦਰ ‘ਮਾਲ ਰੋਡ’ ਤੇ ਇੱਕ ਪਤੀ ਵੱਲੋਂ ਆਪਣੀ ਹੀ ਪਤਨੀ ਦੀ ਸ਼ਰੇਆਮ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਸੜਕ ਕਿਨਾਰੇ ਜ਼ਮੀਨ ਤੇ ਪਈ ਪਤਨੀ ਨੂੰ ਪਤੀ ਵੱਲੋਂ ਪਹਿਲਾਂ ਜ਼ੋਰਦਾਰ ਥੱਪੜ ਮਾਰਿਆ ਗਿਆ ਅਤੇ ਫਿਰ ਉਸ ਤੇ ਲੱਤਾਂ ਵਰ੍ਹਾਈਆਂ ਗਈਆਂ। ਇਸ ਹੰਗਾਮੇ ਦੌਰਾਨ ਪਤਨੀ ਨੇ ਵੀ ਗੁੱਸੇ ਵਿੱਚ ਪਤੀ ਨੂੰ ਗਾਲ੍ਹਾਂ ਕੱਢੀਆਂ ਅਤੇ ਉੱਥੋਂ ਚਲੇ ਜਾਣ ਲਈ ਕਿਹਾ। ਇਸ ਪੂਰੇ ਘਟਨਾਕ੍ਰਮ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਗਈ, ਜਿਸ ਤੋਂ ਬਾਅਦ ਹਰਕਤ ਵਿੱਚ ਆਈ ਪੁਲਿਸ ਨੇ ਜਾਂਚ ਕੀਤੀ ਤਾਂ ਇਹ ਜੋੜਾ ਪੰਜਾਬ ਦੇ ਮੋਹਾਲੀ ਸ਼ਹਿਰ ਦਾ ਨਿਕਲਿਆ।

ਪੁਲਿਸ ਨੇ ਦੋਵਾਂ ਧਿਰਾਂ ਨੂੰ ਸ਼ਿਮਲਾ ਦੇ ਸਦਰ ਥਾਣੇ ਤਲਬ ਕਰਕੇ ਲੰਮੀ ਪੁੱਛਗਿੱਛ ਕੀਤੀ। ਮਹਿਲਾ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਮੋਹਾਲੀ ਦੇ ਵਸਨੀਕ ਅਨਮੋਲ ਖੋਸਲਾ ਖ਼ਿਲਾਫ਼ ਬੁੱਧਵਾਰ ਦੇਰ ਸ਼ਾਮ ਬਣਦੀਆਂ ਕਾਨੂੰਨੀ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੀ ਜਾਂਚ ਤੇ ਕਾਰਵਾਈ ਆਰੰਭ ਦਿੱਤੀ ਹੈ।

ਜ਼ਮੀਨ ਤੇ ਪਈ ਪਤਨੀ ਤੇ ਵਰ੍ਹਾਏ ਲੱਤਾਂ-ਮੁੱਕੇ

ਦਰਅਸਲ, ਪਿਛਲੇ ਦੋ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਇੱਕ ਹੈਰਾਨ ਕਰ ਦੇਣ ਵਾਲੀ ਵੀਡੀਓ ਲਗਾਤਾਰ ਘੁੰਮ ਰਹੀ ਸੀ। ਇਸ ਵੀਡੀਓ ਵਿੱਚ ਮਹਿਲਾ ਮਾਲ ਰੋਡ ਤੇ ਜ਼ਮੀਨ ਤੇ ਲੇਟੀ ਦਿਖਾਈ ਦੇ ਰਹੀ ਸੀ ਅਤੇ ਕੋਲ ਖੜ੍ਹਾ ਉਸ ਦਾ ਪਤੀ ਉਸ ਨੂੰ ਲੱਤਾਂ ਤੇ ਥੱਪੜ ਮਾਰਦਾ ਨਜ਼ਰ ਆ ਰਿਹਾ ਸੀ। ਪਤਨੀ ਵੀ ਜ਼ਮੀਨ ਤੋਂ ਹੀ ਉੱਚੀ-ਉੱਚੀ ਆਵਾਜ਼ ਵਿੱਚ ਉਸ ਨੂੰ ਗਾਲ੍ਹਾਂ ਕੱਢਦੀ ਅਤੇ ਬੁਰਾ-ਭਲਾ ਕਹਿੰਦੀ ਸੁਣਾਈ ਦੇ ਰਹੀ ਸੀ। ਦੋਵਾਂ ਵਿਚਾਲੇ ਕਾਫ਼ੀ ਦੇਰ ਤੱਕ ਚੱਲੀ ਇਸ ਖਿੱਚ-ਧੂਹ ਅਤੇ ਹੰਗਾਮੇ ਕਾਰਨ ਆਲੇ-ਦੁਆਲੇ ਵੱਡੀ ਗਿਣਤੀ ਸੈਲਾਨੀ ਇਕੱਠੇ ਹੋ ਗਏ।

ਵੀਡੀਓ ਸਾਹਮਣੇ ਆਉਣ ਮਗਰੋਂ ਪੁਲਿਸ ਨੇ ਖ਼ੁਦ ਲਿਆ ਨੋਟਿਸ

ਇਸ ਝਗੜੇ ਦੌਰਾਨ ਮੌਕੇ ਤੇ ਮੌਜੂਦ ਕਿਸੇ ਰਾਹਗੀਰ ਨੇ ਮੋਬਾਈਲ ਰਾਹੀਂ ਇਸ ਘਟਨਾ ਦੀ ਵੀਡੀਓ ਰਿਕਾਰਡ ਕਰਕੇ ਸੋਸ਼ਲ ਮੀਡੀਆ ਤੇ ਅੱਪਲੋਡ ਕਰ ਦਿੱਤੀ। ਜਿਉਂ ਹੀ ਇਹ ਵੀਡੀਓ ਵਾਇਰਲ ਹੋ ਕੇ ਚਰਚਾ ਦਾ ਵਿਸ਼ਾ ਬਣੀ ਤਾਂ ਪੁਲਿਸ ਪ੍ਰਸ਼ਾਸਨ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਤੁਰੰਤ ਜਾਂਚ ਸ਼ੁਰੂ ਕੀਤੀ ਅਤੇ ਆਪਸ ਵਿੱਚ ਝਗੜ ਰਹੇ ਇਸ ਸੈਲਾਨੀ ਜੋੜੇ ਦੀ ਭਾਲ ਕੱਢ ਲਈ। ਇਹ ਘਟਨਾ ਸੋਮਵਾਰ ਦੇਰ ਸ਼ਾਮ ਦੀ ਦੱਸੀ ਜਾ ਰਹੀ ਹੈ।

ਮਈ ਮਹੀਨੇ ਹੋਇਆ ਸੀ ਵਿਆਹ

ਸ਼ਿਮਲਾ ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਸ ਜੋੜੇ ਦਾ ਵਿਆਹ ਬੀਤੇ ਮਈ ਮਹੀਨੇ ਹੋਇਆ ਸੀ ਅਤੇ ਦੋਵਾਂ ਦੇ ਵਿਆਹ ਨੂੰ ਮਹਿਜ਼ 4 ਮਹੀਨੇ ਹੀ ਹੋਏ ਸਨ। ਵਿਆਹ ਤੋਂ ਬਾਅਦ ਉਹ ਦੋਵੇਂ ਪਹਿਲੀ ਵਾਰ ਘੁੰਮਣ-ਫਿਰਨ ਲਈ ਸ਼ਿਮਲਾ ਪਹੁੰਚੇ ਸਨ, ਜਿੱਥੇ ਆਪਸੀ ਤਕਰਾਰ ਮਗਰੋਂ ਗੱਲ ਹੱਥੋਪਾਈ ਤੱਕ ਜਾ ਪਹੁੰਚੀ। ਪੁਲਿਸ ਨੇ ਥਾਣੇ ਲਿਆ ਕੇ ਮਹਿਲਾ ਤੋਂ ਇਸ ਪੂਰੀ ਘਟਨਾ ਦੇ ਸਬੰਧ ਵਿੱਚ ਵੱਖਰੇ ਤੌਰ ਤੇ ਪੁੱਛਗਿੱਛ ਕੀਤੀ ਅਤੇ ਉਸ ਦੇ ਵਿਸਥਾਰਤ ਬਿਆਨ ਕਲਮਬੰਦ ਕੀਤੇ।

ਕੋਈ ਸ਼ਿਕਾਇਤ ਨਹੀਂ ਆਈ ਸੀ, ਪੁਲਿਸ ਨੇ ਖ਼ੁਦ ਦਰਜ ਕੀਤੀ FIR

ਇਸ ਮਾਮਲੇ ਵਿੱਚ ਪੀੜਤ ਮਹਿਲਾ ਵੱਲੋਂ ਪਹਿਲਾਂ ਪੁਲਿਸ ਕੋਲ ਕੋਈ ਲਿਖਤੀ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਸੀ। ਪੁਲਿਸ ਨੇ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਖ਼ੁਦ ਹੀ ਕਾਰਵਾਈ ਦੀ ਪਹਿਲ ਕੀਤੀ। ਮਹਿਲਾ ਦੇ ਬਿਆਨ ਦਰਜ ਕਰਨ ਉਪਰੰਤ ਪੁਲਿਸ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (BNSS) ਦੀਆਂ ਧਾਰਾਵਾਂ 74, 79 ਅਤੇ 115(2) ਦੇ ਤਹਿਤ ਮੁਲਜ਼ਮ ਪਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

Loading...
Unable to load recommendations.
Follow Us