ਧਰੁਵ ਰਾਠੀ ਦੀ ਨਵੀਂ ਵੀਡੀਓ ‘ਤੇ SGPC ਜਤਾਇਆ ਇਤਰਾਜ਼, ਗੁਰੂ ਸਾਹਿਬ ਦੀਆਂ ਬਣਾਈਆਂ AI ਵੀਡੀਓ
Dhruv Rathee AI Video: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਯੂਟਿਊਬਰ ਧਰੁਵ ਰਾਠੀ ਦੀ AI ਵੀਡੀਓ 'ਤੇ ਇਤਰਾਜ਼ ਜਤਾਇਆ ਹੈ ਜਿਸ ਵਿੱਚ ਸਿੱਖ ਗੁਰੂਆਂ ਨੂੰ ਦਰਸਾਇਆ ਗਿਆ ਹੈ। SGPC ਦਾ ਕਹਿਣਾ ਹੈ ਕਿ ਇਤਿਹਾਸਕ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ ਅਤੇ ਗੁਰੂ ਸਾਹਿਬਾਨ ਦਾ ਅਪਮਾਨ ਕੀਤਾ ਗਿਆ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਹਰਿਆਣਾ ਦੇ ਯੂਟਿਊਬਰ ਧਰੁਵ ਰਾਠੀ ਦੀ ਨਵੀਂ ਵੀਡੀਓ ‘ਤੇ ਇਤਰਾਜ਼ ਜਤਾਇਆ ਹੈ। ਧਰੁਵ ਨੇ ਐਤਵਾਰ ਰਾਤ ਨੂੰ ‘ਬੰਦਾ ਸਿੰਘ ਬਹਾਦਰ ਦੀ ਕਹਾਣੀ’ ‘ਤੇ ਵੀਡੀਓ ਅਪਲੋਡ ਕੀਤਾ। ਇਸ ਵੀਡੀਓ ਵਿੱਚ, ਉਸਨੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੀ ਵਰਤੋਂ ਕਰਦੇ ਹੋਏ ਸਿੱਖ ਗੁਰੂਆਂ, ਸ਼ਹੀਦ ਯੋਧਿਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਐਨੀਮੇਸ਼ਨ ਚਲਾਏ। ਇਸ ਵੀਡੀਓ ਵਿੱਚ ਬੰਦਾ ਸਿੰਘ ਬਹਾਦਰ ਨੂੰ ਰੌਬਿਨ ਹੁੱਡ ਵੀ ਦੱਸਿਆ ਗਿਆ।
ਇਸ ਉੱਪਰ ਇਤਰਾਜ ਜਾਹਿਰ ਕਰਦਿਆ ਐਸਜੀਪੀਸੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਸਿੱਖਾਂ ਨੂੰ ਆਪਣਾ ਇਤਿਹਾਸ ਜਾਣਨ ਲਈ ਧਰੁਵ ਰਾਠੀ ਦੇ ਏਆਈ-ਅਧਾਰਤ ਵੀਡੀਓ ਦੀ ਕੋਈ ਲੋੜ ਨਹੀਂ ਹੈ। ਧਰੁਵ ਰਾਠੀ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਨਾਲ ਸਬੰਧਤ ਕਈ ਮਹੱਤਵਪੂਰਨ ਇਤਿਹਾਸਕ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਹੈ।
ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਦੇ ਨਾਵਾਂ ਦਾ ਜ਼ਿਕਰ ਸਤਿਕਾਰ ਨਾਲ ਨਹੀਂ ਕੀਤਾ ਗਿਆ, ਜੋ ਕਿ ਬਹੁਤ ਹੀ ਇਤਰਾਜ਼ਯੋਗ ਹੈ। ਉਨ੍ਹਾਂ ਨੇ ਸਰਕਾਰ ਨੂੰ ਧਰੁਵ ਰਾਠੀ ਵਿਰੁੱਧ ਢੁਕਵੀਂ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਓਧਰ ਧਰੁਵ ਰਾਠੀ ਨੇ ਵੀ ਵੀਡੀਓ ਜਾਰੀ ਕੀਤੀ ਹੈ ਉਸ ਨੇ ਕਿਹਾ ਕਿ ਸਿੱਖ ਭਾਈਚਾਰੇ ਦੇ ਲੋਕਾਂ ਦਾ ਕਹਿਣਾ ਹੈ ਕਿ ਵੀਡੀਓ ਵਿੱਚ ਸਿੱਖ ਗੁਰੂਆਂ ਨੂੰ ਐਨੀਮੇਸ਼ਨ ਵਿੱਚ ਦਿਖਾਉਣਾ ਗਲਤ ਹੈ। ਲੋਕ ਸੋਸ਼ਲ ਮੀਡੀਆ ‘ਤੇ ਆਪਣੀ ਰਾਏ ਦੇ ਸਕਦੇ ਹਨ। ਇਸ ਤੋਂ ਬਾਅਦ ਮੈਂ ਦੇਖਾਂਗਾ ਕਿ ਵੀਡੀਓ ਡਿਲੀਟ ਕਰਨੀ ਹੈ ਜਾਂ ਕੋਈ ਹੋਰ ਕਾਰਵਾਈ ਕਰਨੀ ਹੈ।