ਸਰਹੱਦ ਤੇ ਜਵਾਨਾਂ ਨੂੰ ਵਿਦਿਆਰਥਣਾਂ ਨੇ ਬੰਨ੍ਹੀ ਰੱਖੜੀ, ਦੇਸ਼ ਦੀਆਂ ਧੀਆਂ ਨੇ ਦਿੱਤਾ ਭਾਈਚਾਰੇ ਤੇ ਸੁਰੱਖਿਆ ਦਾ ਸੰਦੇਸ਼
ਪ੍ਰੋ. ਚਾਵਲਾ ਨੇ ਕਿਹਾ ਕਿ ਸਮੇਂ ਦੇ ਨਾਲ ਦੇਸ਼ ਦੀ ਸੁਰੱਖਿਆ ਵਿੱਚ ਔਰਤਾਂ ਦੀ ਭੂਮਿਕਾ ਵੀ ਲਗਾਤਾਰ ਵਧੀ ਹੈ। ਅੱਜ ਧੀਆਂ ਅਤੇ ਪੁੱਤਰ ਦੋਵੇਂ ਦੇਸ਼ ਦੀ ਸੇਵਾ ਅਤੇ ਸੁਰੱਖਿਆ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਰੱਖੜੀ ਸਿਰਫ਼ ਭੈਣ-ਭਰਾ ਦੇ ਰਿਸ਼ਤੇ ਦਾ ਤਿਉਹਾਰ ਨਹੀਂ, ਸਗੋਂ ਦੇਸ਼ ਦੀ ਰਾਖੀ ਕਰਨ ਵਾਲੇ ਜਵਾਨਾਂ ਅਤੇ ਦੇਸ਼ ਵਾਸੀਆਂ ਦਰਮਿਆਨ ਪਿਆਰ, ਵਿਸ਼ਵਾਸ ਅਤੇ ਸਤਿਕਾਰ ਦਾ ਪ੍ਰਤੀਕ ਵੀ ਬਣ ਗਿਆ ਹੈ।
ਆਪਣੇ ਘਰ-ਪਰਿਵਾਰ ਤੋਂ ਦੂਰ ਰਹਿ ਕੇ ਦੇਸ਼ ਦੀਆਂ ਸਰਹੱਦਾਂ ਦੀ 24 ਘੰਟੇ ਰਾਖੀ ਕਰਨ ਵਾਲੇ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਦੇ ਜਵਾਨਾਂ ਲਈ ਰੱਖੜੀ ਦਾ ਤਿਉਹਾਰ ਭਾਵੁਕਤਾ ਅਤੇ ਖੁਸ਼ੀ ਭਰਿਆ ਮੌਕਾ ਬਣ ਗਿਆ। ਪੰਜਾਬ ਦੀ ਸਾਬਕਾ ਸਿਹਤ ਮੰਤਰੀ ਪ੍ਰੋ. ਲਕਸ਼ਮੀ ਕਾਂਤਾ ਚਾਵਲਾ ਦੀ ਅਗਵਾਈ ਹੇਠ ਵਿਦਿਆਰਥਣਾਂ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਪਹੁੰਚੀਆਂ ਧੀਆਂ ਨੇ ਅਟਾਰੀ-ਵਾਹਘਾ ਸਰਹੱਦ ਤੇ ਤਾਇਨਾਤ ਬੀਐੱਸਐੱਫ ਜਵਾਨਾਂ ਨੂੰ ਰੱਖੜੀ ਬੰਨ੍ਹ ਕੇ ਭੈਣਾਂ ਦਾ ਪਿਆਰ ਦਿੱਤਾ। ਵਿਦਿਆਰਥਣਾਂ ਨੇ ਇਸ ਮੌਕੇ ਇਹ ਸੰਦੇਸ਼ ਵੀ ਦਿੱਤਾ ਕਿ ਦੇਸ਼ ਦੀ ਰਾਖੀ ਲਈ ਸਰਹੱਦਾਂ ਤੇ ਡਟੇ ਜਵਾਨ ਇਕੱਲੇ ਨਹੀਂ ਹਨ, ਸਗੋਂ ਪੂਰਾ ਦੇਸ਼ ਉਨ੍ਹਾਂ ਦੇ ਨਾਲ ਖੜ੍ਹਾ ਹੈ।
ਪ੍ਰੋ. ਲਕਸ਼ਮੀ ਕਾਂਤਾ ਚਾਵਲਾ ਪਿਛਲੇ 59 ਸਾਲਾਂ ਤੋਂ ਸਰਹੱਦ ਤੇ ਦੇਸ਼ ਦੀ ਰਾਖੀ ਲਈ ਡਿਊਟੀ ਨਿਭਾ ਰਹੇ ਜਵਾਨਾਂ ਨਾਲ ਰੱਖੜੀ ਦਾ ਤਿਉਹਾਰ ਮਨਾਉਂਦੇ ਆ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਵਾਨ ਬਹੁਤ ਮੁਸ਼ਕਲ ਹਾਲਾਤਾਂ ਵਿੱਚ ਆਪਣੇ ਪਰਿਵਾਰਾਂ ਤੋਂ ਦੂਰ ਰਹਿ ਕੇ ਦੇਸ਼ ਦੀ ਸੁਰੱਖਿਆ ਕਰਦੇ ਹਨ। ਅਜਿਹੇ ਵਿੱਚ ਰੱਖੜੀ ਵਾਲੇ ਦਿਨ ਉਨ੍ਹਾਂ ਨੂੰ ਪਰਿਵਾਰ ਅਤੇ ਭੈਣਾਂ ਦੀ ਕਮੀ ਮਹਿਸੂਸ ਨਾ ਹੋਵੇ, ਇਸੇ ਮਕਸਦ ਨਾਲ ਉਹ ਹਰ ਸਾਲ ਸਰਹੱਦ ਤੇ ਪਹੁੰਚ ਕੇ ਜਵਾਨਾਂ ਨੂੰ ਰੱਖੜੀ ਬੰਨ੍ਹਦੇ ਹਨ।
ਇਸ ਮੌਕੇ ਵੱਡੀ ਗਿਣਤੀ ਵਿੱਚ ਵਿਦਿਆਰਥਣਾਂ ਨੇ ਬੀਐੱਸਐੱਫ ਦੇ ਜਵਾਨਾਂ ਦੀਆਂ ਕਲਾਈਆਂ ਤੇ ਰੱਖੜੀਆਂ ਬੰਨ੍ਹੀਆਂ ਅਤੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ। ਵਿਦਿਆਰਥਣਾਂ ਨੇ ਕਿਹਾ ਕਿ ਜਿਸ ਤਰ੍ਹਾਂ ਜਵਾਨ ਦਿਨ-ਰਾਤ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦੇ ਹਨ, ਉਸੇ ਤਰ੍ਹਾਂ ਦੇਸ਼ ਦੀਆਂ ਧੀਆਂ ਵੀ ਉਨ੍ਹਾਂ ਪ੍ਰਤੀ ਆਪਣਾ ਭਾਈਚਾਰਾ, ਸਤਿਕਾਰ ਅਤੇ ਪਿਆਰ ਪ੍ਰਗਟ ਕਰਨ ਲਈ ਸਰਹੱਦ ਤੇ ਪਹੁੰਚੀਆਂ ਹਨ। ਇਸ ਭਾਵੁਕ ਪਹਿਲਕਦਮੀ ਨਾਲ ਬੀਐੱਸਐੱਫ ਦੇ ਅਧਿਕਾਰੀਆਂ ਅਤੇ ਜਵਾਨਾਂ ਵਿੱਚ ਵੀ ਖੁਸ਼ੀ ਦੇਖਣ ਨੂੰ ਮਿਲੀ।
ਸੁਰੱਖਿਆ ਬਲਾਂ ਨਾਲ ਮਨਾਇਆ ਰੱਖੜੀ ਦਾ ਤਿਉਹਾਰ
ਪ੍ਰੋ. ਚਾਵਲਾ ਨੇ ਕਿਹਾ ਕਿ ਸਮੇਂ ਦੇ ਨਾਲ ਦੇਸ਼ ਦੀ ਸੁਰੱਖਿਆ ਵਿੱਚ ਔਰਤਾਂ ਦੀ ਭੂਮਿਕਾ ਵੀ ਲਗਾਤਾਰ ਵਧੀ ਹੈ। ਅੱਜ ਧੀਆਂ ਅਤੇ ਪੁੱਤਰ ਦੋਵੇਂ ਦੇਸ਼ ਦੀ ਸੇਵਾ ਅਤੇ ਸੁਰੱਖਿਆ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਰੱਖੜੀ ਸਿਰਫ਼ ਭੈਣ-ਭਰਾ ਦੇ ਰਿਸ਼ਤੇ ਦਾ ਤਿਉਹਾਰ ਨਹੀਂ, ਸਗੋਂ ਦੇਸ਼ ਦੀ ਰਾਖੀ ਕਰਨ ਵਾਲੇ ਜਵਾਨਾਂ ਅਤੇ ਦੇਸ਼ ਵਾਸੀਆਂ ਦਰਮਿਆਨ ਪਿਆਰ, ਵਿਸ਼ਵਾਸ ਅਤੇ ਸਤਿਕਾਰ ਦਾ ਪ੍ਰਤੀਕ ਵੀ ਬਣ ਗਿਆ ਹੈ।
ਉਨ੍ਹਾਂ ਕਿਹਾ ਕਿ ਜਦੋਂ ਤਿਉਹਾਰਾਂ ਦੇ ਮੌਕੇ ਪੂਰਾ ਦੇਸ਼ ਆਪਣੇ ਪਰਿਵਾਰਾਂ ਨਾਲ ਖੁਸ਼ੀਆਂ ਮਨਾਉਂਦਾ ਹੈ, ਉਸ ਸਮੇਂ ਸਰਹੱਦਾਂ ਤੇ ਤਾਇਨਾਤ ਜਵਾਨ ਆਪਣੀ ਡਿਊਟੀ ਨੂੰ ਸਭ ਤੋਂ ਪਹਿਲਾਂ ਤਰਜੀਹ ਦਿੰਦੇ ਹਨ। ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਈਆਂ ਭੈਣਾਂ ਵੱਲੋਂ ਰੱਖੜੀ ਬੰਨ੍ਹਣ ਨਾਲ ਜਵਾਨਾਂ ਨੂੰ ਪਰਿਵਾਰ ਤੋਂ ਦੂਰ ਹੋਣ ਦੀ ਕਮੀ ਮਹਿਸੂਸ ਨਹੀਂ ਹੁੰਦੀ ਅਤੇ ਉਨ੍ਹਾਂ ਦਾ ਹੌਸਲਾ ਹੋਰ ਵਧਦਾ ਹੈ। ਜਵਾਨਾਂ ਨੇ ਦੇਸ਼ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਬੀਐੱਸਐੱਫ ਪੂਰੀ ਤਰ੍ਹਾਂ ਚੌਕਸ ਹੈ ਅਤੇ ਦੇਸ਼ ਦੀ ਸੁਰੱਖਿਆ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ।
ਇਹ ਵੀ ਪੜ੍ਹੋ
ਮਾਣ ਅਤੇ ਭਾਵੁਕਤਾ ਭਰਿਆ ਪਲ
ਇਸ ਮੌਕੇ ਵਿਦਿਆਰਥਣ ਸ਼ਿਵਾਂਗੀ ਨੇ ਕਿਹਾ ਕਿ ਸਰਹੱਦ ਤੇ ਪਹੁੰਚ ਕੇ ਜਵਾਨਾਂ ਨੂੰ ਰੱਖੜੀ ਬੰਨ੍ਹਣਾ ਉਸ ਲਈ ਮਾਣ ਅਤੇ ਭਾਵੁਕਤਾ ਭਰਿਆ ਪਲ ਹੈ। ਉਨ੍ਹਾਂ ਕਿਹਾ ਕਿ ਇੱਥੇ ਆ ਕੇ ਸਾਰਿਆਂ ਨੂੰ ਇਕਜੁੱਟ ਹੋ ਕੇ ਦੇਸ਼ ਅਤੇ ਸਮਾਜ ਦੀ ਸੇਵਾ ਕਰਨ ਦੀ ਪ੍ਰੇਰਣਾ ਮਿਲਦੀ ਹੈ। ਉਨ੍ਹਾਂ ਇਕ ਭਾਰਤ, ਸ੍ਰੇਸ਼ਠ ਭਾਰਤ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨ ਦਾ ਸੰਦੇਸ਼ ਦਿੱਤਾ।
ਰੱਖੜੀ ਬੰਨ੍ਹਣ ਤੋਂ ਬਾਅਦ ਪ੍ਰੋ. ਲਕਸ਼ਮੀ ਕਾਂਤਾ ਚਾਵਲਾ ਖਾਸਾ ਸਥਿਤ ਆਰਮੀ ਹੈੱਡਕੁਆਰਟਰ ਵੀ ਪਹੁੰਚੇ, ਜਿੱਥੇ ਉਨ੍ਹਾਂ ਨੇ ਭਾਰਤੀ ਫੌਜ ਦੇ ਜਵਾਨਾਂ ਨੂੰ ਰੱਖੜੀਆਂ ਬੰਨ੍ਹ ਕੇ ਭੈਣਾਂ ਦਾ ਪਿਆਰ ਦਿੱਤਾ। ਇਸ ਦੌਰਾਨ ਰੱਖੜੀ ਦਾ ਤਿਉਹਾਰ ਦੇਸ਼ ਦੀਆਂ ਧੀਆਂ, ਫੌਜ ਅਤੇ ਬੀਐੱਸਐੱਫ ਦੇ ਜਵਾਨਾਂ ਦਰਮਿਆਨ ਦੇਸ਼ ਭਗਤੀ, ਸਤਿਕਾਰ ਅਤੇ ਭਾਈਚਾਰੇ ਦੇ ਮਜ਼ਬੂਤ ਰਿਸ਼ਤੇ ਦਾ ਪ੍ਰਤੀਕ ਬਣਿਆ।
