Kaur Singh Sad Demise: ਨਹੀਂ ਰਹੇ ਪਦਮ ਸ਼੍ਰੀ ਅਰਜੁਨ ਐਵਾਰਡੀ ਮਹਾਨ ਮੁੱਕੇਬਾਜ਼ ਸੂਬੇਦਾਰ ਕੌਰ ਸਿੰਘ
ਸਖ਼ਤ ਮਿਹਨਤ ਅਤੇ ਲਗਨ ਨਾਲ ਕੌਰ ਸਿੰਘ ਨੇ ਨੈਸ਼ਨਲ ਖੇਡਦਿਆਂ ਪਹਿਲੀ ਵਾਰ ਸਿੰਕਦਾਰਾਬਾਦ ਵਿਖੇ ਗੋਲਡ ਮੈਡਲ ਜਿੱਤਿਆ। ਫਿਰ ਉਹ ਇੰਡੀਆ ਕੱਪ ਲਈ ਚੁਣਿਆ ਗਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਕਾਮਨਵੈਲਥ ਖੇਡਾਂ ਅਤੇ ਕਿੰਗ ਕੱਪ ਵਿੱਚ ਖੇਡਦਿਆਂ ਵੀ ਕਈ ਗੋਲਡ ਮੈਡਲ ਜਿੱਤੇ ।
ਸੰਗਰੂਰ ਨਿਊਜ਼: ਜ਼ਿਲ੍ਹਾ ਸੰਗਰੂਰ ਦੇ ਪਿੰਡ ਛੋਟੀ ਖਨਾਲ ਵਿੱਚ ਰਹਿੰਦੇ ਸੂਬੇਦਾਰ ਕੌਰ ਸਿੰਘ (Subedar Kaur Singh) ਦਾ ਵੀਰਵਾਰ ਨੂੰ ਦੇਹਾਂਤ ਹੋ ਗਿਆ। 74 ਸਾਲ ਦੇ ਕੌਰ ਸਿੰਘ ਉਮਰ ਨਾਲ ਸਬੰਧਿਤ ਬਿਮਾਰੀਆਂ ਨਾਲ ਪੀੜਤ ਸਨ। ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਕਈ ਧਾਰਮਿਕ ਸੰਸਥਾਵਾਂ ਦੇ ਆਗੂ, ਰਾਜਨੀਤੀਕ ਆਗੂਆਂ ਤੋਂ ਇਲਾਵਾ ਜਿਲ੍ਹੇ ਦਾ ਪੁਲਿਸ ਪ੍ਰਸਾਸਨ ਅਤੇ ਸਿਵਲ ਪ੍ਰਸ਼ਾਸਨ ਵੀ ਮੌਜੂਦ ਸੀ।
ਕੌਰ ਸਿੰਘ 1970 ਚ ਫ਼ੌਜ ਵਿੱਚ ਭਰਤੀ ਹੋਏ ਸਨ। ਜਿੱਥੇ ਦੇਸ਼ ਦੀ ਸੇਵਾ ਕਰਦਿਆਂ ਉਨ੍ਹਾਂ ਅੰਦਰ ਮੁੱਕੇਬਾਜ਼ੀ ਦੇ ਖੇਤਰ ਵਿੱਚ ਵੱਖਰਾ ਮੁਕਾਮ ਹਾਸਲ ਕਰਨ ਦੀ ਜਗਿਆਸਾ ਪੈਦਾ ਹੋਈ। ਉਨ੍ਹਾਂ ਦੇ ਇਸ ਸ਼ੌਕ ਨੂੰ ਪੂਰਾ ਕਰਨ ਲਈ ਕਰਨਲ ਬਲਜੀਤ ਸਿੰਘ ਜੌਹਲ ਨੇ ਭਰਪੂਰ ਯੋਗਦਾਨ ਪਾਉਂਦਿਆਂ ਪੂਨਾ ਇੰਸਟੀਚਿਊਟ ਵਿੱਚ ਟਰੇਨਿੰਗ ਕੈਂਪ ਲਾਉਣ ਲਈ ਪ੍ਰੇਰਿਤ ਕੀਤਾ। ਜਿੱਥੋਂ ਉਨ੍ਹਾਂ ਨੇ ਮੁੱਕੇਬਾਜ਼ੀ ਦੀ ਸਿਖਲਾਈ ਲੈ ਕੇ ਨਿਪੁੰਨਤਾ ਹਾਸਲ ਕੀਤੀ।
ਅਰਜੁਨ ਐਵਾਰਡ ਨਾਲ ਸਨਮਾਨਤ ਹੋਏ ਕੌਰ ਸਿੰਘ
ਨੌਵੀਂ ਏਸ਼ੀਅਨ ਚੈਂਪੀਅਨਸ਼ਿਪ, ਮੁੰਬਈ ਵਿਖੇ ਗੋਲਡ ਮੈਡਲ ਜਿੱਤਣ ਵਾਲੇ ਉਹ ਇਕੱਲੇ ਖਿਡਾਰੀ ਸੀ। ਉਹ ਵਿਸ਼ਵ ਦੇ ਇੱਕ ਨੰਬਰ ਦੇ ਮੁੱਕੇਬਾਜ਼ ਮੁਹੰਮਦ ਅਲੀ ਨਾਲ ਵੀ ਖੇਡੇ। ਉਨ੍ਹਾਂ ਨੂੰ 1982 ਵਿੱਚ ਅਰਜੁਨ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਫਿਰ 1983 ਵਿੱਚ ਪਦਮ ਸ਼੍ਰੀ ਐਵਾਰਡ ਵੀ ਮਿਲਿਆ। ਉਨ੍ਹਾਂ ਨੇ 1984 ਵਿੱਚ ਅਮਰੀਕਾ ਦੇ ਲਾਸ ਏਂਜਲਸ ਵਿਖੇ ਹੋਈਆਂ ਓਲੰਪਿਕ ਖੇਡਾਂ ਵਿੱਚ ਵੀ ਭਾਗ ਲਿਆ ਜਿੱਥੇ ਹੋਈ ਇੱਕ ਘਟਨਾ ਨੇ ਉਨ੍ਹਾਂ ਦਾ ਮਨ ਖੱਟਾ ਕਰ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਨੇ ਮੁੱਕੇਬਾਜ਼ੀ ਛੱਡ ਦਿੱਤੀ । ਅੱਜ ਉਹ ਇਸ ਫ਼ਾਨੀ ਦੁਨੀਆਂ ਨੂੰ ਛੱਡ ਕੇ ਵਿਦਾ ਹੋ ਗਏ ਹਨ । ਇਸ ਮਹਾਨ ਮੁੱਕੇਬਾਜ਼ ਦਾ ਨਾਮ ਖੇਡ ਜਗਤ ਦੇ ਇਤਿਹਾਸ ਵਿੱਚ ਸੁਨਹਿਰੀ ਪੰਨਿਆਂ ਚ ਲਿਖਿਆ ਰਹੇਗਾ।
ਉਨ੍ਹਾਂ ਦੇ ਦੇਹਾਂਤ ਤੇ ਦੁੱਖ ਪ੍ਰਗਟਾਉਂਦਿਆਂ ਖਜਾਨਾ ਮੰਤਰੀ ਹਰਪਾਲ ਸਿੰਘ ਚੀਮਾ (Harpal Singh Cheema) ਨੇ ਕਿਹਾ ਕਿ ਮੁਕੇਬਾਜ ਕੌਰ ਸਿੰਘ ਦੀ ਬੇਵਕਤੀ ਮੌਤ ਤੇ ਜਿੱਥੇ ਲੋਕਾਂ ਚ ਸ਼ੋਕ ਦੀ ਲਹਿਰ ਹੈ, ਉੱਥੇ ਹੀ ਮਾਨ ਵੀ ਹੂੰਦਾ ਹੈ ਕਿ ਇੱਕ ਛੋਟੇ ਪਿੰਡ ਵਿੱਚ ਰਹਿਕੇ ਬਿਨਾਂ ਸਾਧਨਾਂ ਦੇ ਵੱਡਾ ਮੁਕਾਮ ਹਾਸਲ ਕਰਨਾ ਬਹੁਤ ਵੱਡੀ ਗੱਲ ਹੈ। ਉਨ੍ਹਾਂ ਕਿਹਾ ਕਿ ਪਿੰਡ ਦੀ ਪੰਚਾਇਤ ਅਤੇ ਪਰਿਵਾਰ ਦੀ ਰਾਇ ਨਾਲ ਸਰਕਾਰ ਵੱਲੋਂ ਪਿੰਡ ਅੰਦਰ ਇੱਕ ਕੌਰ ਸਿੰਘ ਦੀ ਯਾਦਗਾਰ ਵੀ ਬਣਾਈ ਜਾਵੇਗੀ। ਚੀਮਾ ਨੇ ਕਿਹਾ ਕਿ ਸਰਕਾਰ ਵੱਲੋਂ ਪਹਿਲਾ ਹੀ ਕੌਰ ਸਿੰਘ ਦੀ ਜੀਵਨੀ ਬਾਰੇ ਸਕੂਲਾਂ ਅੰਦਰ ਬੱਚਿਆਂ ਨੂੰ ਪੜਾਉਣ ਲਈ ਫੈਸਲਾ ਲਿਆ ਹੈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ