ਅਕਾਲੀ-ਭਾਜਪਾ ਗਠਜੋੜ ‘ਤੇ ਖਿੱਚੋਤਾਣ! ਹਰਸਿਮਰਤ ਤੇ ਕੈਪਟਨ ਇੱਕੋ ਰਾਏ, ਪਰ ਭਾਜਪਾ ਲੀਡਰਸ਼ਿਪ ਨਹੀਂ ਸਹਿਮਤ; ਕਾਂਗਰਸ ਨੇ ਦਿਖਾਇਆ ਸ਼ੀਸ਼ਾ

Updated On: 

03 Dec 2025 15:26 PM IST

ਕੈਪਟਨ ਅਮਰਿੰਦਰ ਸਿੰਘ ਦੇ ਬਿਆਨ 'ਤੇ ਸ਼੍ਰੋਮਣੀ ਅਕਾਲੀ ਦਲ ਦੀ ਬਠਿੰਡਾ ਤੋਂ ਸਾਂਸਦ ਹਰਸਿਮਰਤ ਕੌਰ ਬਾਦਲ ਨੇ ਕਿਹਾ ਸੀ ਕਿ ਭਾਜਪਾ ਇਕੱਲੇ ਕਦੇ ਵੀ ਪੰਜਾਬ 'ਚ ਸਰਕਾਰ ਨਹੀਂ ਬਣਾ ਸਕੇਗੀ। ਇਨ੍ਹਾਂ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਤੇ ਕੈਪਟਨ ਅਮਰਿੰਦਰ ਸਿੰਘ ਹੀ ਜ਼ਮੀਨੀ ਸੱਚਾਈ ਜਾਣਦੇ ਹਨ।

ਅਕਾਲੀ-ਭਾਜਪਾ ਗਠਜੋੜ ਤੇ ਖਿੱਚੋਤਾਣ! ਹਰਸਿਮਰਤ ਤੇ ਕੈਪਟਨ ਇੱਕੋ ਰਾਏ, ਪਰ ਭਾਜਪਾ ਲੀਡਰਸ਼ਿਪ ਨਹੀਂ ਸਹਿਮਤ; ਕਾਂਗਰਸ ਨੇ ਦਿਖਾਇਆ ਸ਼ੀਸ਼ਾ
Follow Us On

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਭਾਜਪਾ ਦੇ ਸੀਨੀਅਰ ਆਗੂ ਕੈਪਟਨ ਅਮਰਿੰਦਰ ਸਿੰਘ ਵੱਲੋਂ ਗਠਜੋੜ ਨੂੰ ਜ਼ਰੂਰੀ ਦੱਸਣ ਵਾਲੇ ਬਿਆਨ ਨੂੰ ਪੰਜਾਬ ਭਾਜਪਾ ਨੇ ਨਕਾਰ ਦਿੱਤਾ ਹੈ। ਕੈਪਟਨ ਨੇ ਕੁੱਝ ਦਿਨ ਪਹਿਲਾਂ ਇੱਕ ਪੋਡਕਾਸਟ ਚ ਕਿਹਾ ਸੀ ਕਿ ਭਾਜਪਾ ਪੰਜਾਬ ਚ ਇਕੱਲਿਆਂ ਸਰਕਾਰ ਨਹੀਂ ਬਣਾ ਸਕਦੀ ਹੈ। ਜੇਕਰ ਅਕਾਲੀ ਦਲ ਨਾਲ ਗਠਜੋੜ ਨਾ ਹੋਇਆ ਤਾਂ 2027 ਤਾਂ ਕਿ 2032 ਚ ਵੀ ਸਰਕਾਰ ਬਣਾਉਣ ਦੀ ਗੱਲ ਭੁੱਲ ਜਾਣੀ ਚਾਹੀਦੀ ਹੈ।

ਹਾਲਾਂਕਿ, ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਸੀ। ਉਨ੍ਹਾਂ ਨੇ ਕਿਹਾ ਸੀ ਇਹ ਕੈਪਟਨ ਦਾ ਨਿੱਜੀ ਬਿਆਨ ਹੈ। ਪਾਰਟੀ ਪੰਜਾਬ ਵਿਧਾਨ ਸਭਾ ਦੀਆਂ ਸਾਰੀਆਂ 117 ਸੀਟਾਂ ਤੇ ਇਕੱਲੇ ਹੀ ਲੜਨ ਦੀ ਤਿਆਰੀ ਕਰ ਰਹੀ ਹੈ। ਪਾਰਟੀ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਹੈ। ਪਾਰਟੀ ਸੰਗਠਨ ਤੇ ਅੰਦੋਲਨ ਦੇ ਢੰਗ ਵਾਂਗ ਕੰਮ ਕਰ ਰਹੀ ਹੈ।

ਹਰਸਿਮਰਤ ਨੇ ਜਤਾਈ ਸੀ ਕੈਪਟਨ ਦੇ ਬਿਆਨ ਤੇ ਸਹਿਮਤੀ

ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਤੇ ਸ਼੍ਰੋਮਣੀ ਅਕਾਲੀ ਦਲ ਦੀ ਬਠਿੰਡਾ ਤੋਂ ਸਾਂਸਦ ਹਰਸਿਮਰਤ ਕੌਰ ਬਾਦਲ ਨੇ ਕਿਹਾ ਸੀ ਕਿ ਭਾਜਪਾ ਇਕੱਲੇ ਕਦੇ ਵੀ ਪੰਜਾਬ ਚ ਸਰਕਾਰ ਨਹੀਂ ਬਣਾ ਸਕੇਗੀ। ਇਨ੍ਹਾਂ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਤੇ ਕੈਪਟਨ ਅਮਰਿੰਦਰ ਸਿੰਘ ਹੀ ਜ਼ਮੀਨੀ ਸੱਚਾਈ ਜਾਣਦੇ ਹਨ। ਪਰ ਇਹ ਦਿੱਲੀ ਚ ਬੈਠੇ ਭਾਜਪਾ ਨੂੰ ਸਲਾਹ ਦੇਣ ਵਾਲੇ ਲੋਕ, ਜੋ ਆਪਣੇ ਨਿੱਜੀ ਫਾਇਦੇ ਲਈ ਇਨ੍ਹਾਂ ਦੇ ਮੋਢਿਆਂ ਤੇ ਬੈਠੇ ਹੋਏ ਹਨ, ਉਨ੍ਹਾਂ ਦੀਆਂ ਦੁਕਾਨਾਂ ਬੰਦ ਹੋ ਜਾਣਗੀਆਂ, ਜੇਕਰ ਅਕਾਲੀ ਦਲ ਨਾਲ ਗਠਜੋੜ ਹੋ ਗਿਆ।

ਹਰਸਿਮਰਤ ਕੌਰ ਬਾਦਲ

ਹਰਸਿਮਰਤ ਨੇ ਕਿਹਾ ਕਿ ਕੈਪਟਨ ਦੀ ਗੱਲ ਸਹੀ ਹੈ। ਭਾਜਪਾ 2027 ਤਾਂ ਕਿ 2032 ਚ ਵੀ ਇਕੱਲਿਆਂ ਸਰਕਾਰ ਨਹੀਂ ਬਣਾ ਸਕਦੀ। ਪਰ, ਗਠਜੋੜ ਦੀ ਸਰਕਾਰ ਬਣ ਸਕਦੀ ਹੈ ਤੇ ਗਠਜੋੜ ਓਦੋਂ ਹੀ ਹੋਵੇਗਾ, ਜਦੋਂ ਪੰਜਾਬ ਦੇ ਮੁੱਦਿਆਂ ਨੂੰ ਸੁਣਿਆ ਜਾਵੇਗਾ। ਅਕਾਲੀ ਦਲ ਕਦੇ ਵੀ ਸੱਤਾ ਦੇ ਲਈ ਨਹੀਂ ਬਣੀ। ਇਹ ਪਾਰਟੀ 105 ਸਾਲ ਪਹਿਲਾਂ ਪੰਜਾਬੀਆਂ ਦੇ ਹਿੱਤਾਂ ਦੀ ਰੱਖਿਆ ਕਰਨ ਲਈ ਬਣੀ ਸੀ।

ਹਰਸਿਮਰਤ ਕੋਈ ਜੋਤਸ਼ੀ ਨਹੀਂ: ਅਸ਼ਵਨੀ

ਦੂਜੇ ਪਾਸੇ, ਅਸ਼ਵਨੀ ਸ਼ਰਮਾ ਨੇ ਹਰਸਿਮਰਤ ਦੇ ਇਸ ਬਿਆਨ ਤੇ ਜਵਾਬ ਦਿੰਦੇ ਹੋਏ ਕਿਹਾ ਸੀ ਕਿ ਉਹ ਸਾਡੀ ਵੱਡੀ ਭੈਣ ਹੈ। ਉਹ ਰਾਜ ਨੇਤਾ ਤੋਂ ਜੋਤਸ਼ੀ ਕਦੋਂ ਬਣ ਗਈ ਹੈ। ਰਾਜਨੀਤੀ ਦੇ ਅੰਦਰ ਕਦੋਂ ਕੀ ਹੋਵੇਗਾ, ਕੌਣ ਜਿੱਤੇਗਾ? ਜੋ ਅੱਜ ਸੱਤਾ ਚ ਹਨ ਉਨ੍ਹਾਂ ਬਾਰੇ ਕਦੇ ਕਿਸੇ ਨੇ ਸੋਚਿਆ ਸੀ। ਉਨ੍ਹਾਂ ਨੂੰ ਖੁੱਦ ਵੀ ਉਮੀਦ ਨਹੀਂ ਸੀ। ਰਾਜਨੀਤੀ ਚ ਕੁੱਝ ਵੀ ਹੋ ਸਕਦਾ ਹੈ। ਇਹ ਜਨਤਾ ਤੈਅ ਕਰਦੀ ਹੈ ਕਿ ਕਿਸ ਨੂੰ ਤਾਜ ਦੇਣਾ ਹੈ। ਪੂਰੇ ਦੇਸ਼ ਦੀ ਤਰ੍ਹਾਂ ਪੰਜਾਬ ਵੀ ਭਾਜਪਾ ਨੂੰ ਚਾਹੁੰਦਾ ਹੈ।

ਕੈਪਟਨ ਨੇ ਕੀ ਕਿਹਾ ਸੀ?

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਭਾਜਪਾ ਨੂੰ ਜੇਕਰ ਪੰਜਾਬ ਚ ਸਰਕਾਰ ਬਣਾਉਣੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਕਰ ਲੈਣਾ ਚਾਹੀਦਾ ਹੈ। ਨਹੀਂ ਤਾਂ 2027 ਤਾਂ ਕਿ 2032 ਤੇ 2037 ਵੀ ਭੁੱਲ ਜਾਓ। ਇੱਕ ਮੀਡੀਆ ਹਾਊਸ ਨਾਲ ਪੋਡਕਾਸਟ ਦੌਰਾਨ, ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਭਾਜਪਾ 2027 ਦੀਆਂ ਵਿਧਾਨ ਸਭਾ ਚੋਣਾਂ ਇਕੱਲੇ ਨਹੀਂ ਜਿੱਤ ਸਕਦੀ ਤੇ ਸੱਤਾ ਚ ਵਾਪਸ ਆਉਣ ਲਈ ਅਕਾਲੀ ਦਲ ਨਾਲ ਆਪਣਾ ਗਠਜੋੜ ਮੁੜ ਸੁਰਜੀਤ ਕਰਨਾ ਪਵੇਗਾ।

ਕੈਪਟਨ ਅਮਰਿੰਦਰ ਸਿੰਘ

ਪੰਜਾਬ ਚ ਭਾਜਪਾ ਦੀ ਸਥਿਤੀ ਦੇ ਸਵਾਲ ਤੇ, ਅਮਰਿੰਦਰ ਸਿੰਘ ਨੇ ਕਿਹਾ ਕਿ ਪਾਰਟੀ ਸੂਬੇ ਨੂੰ ਚੰਗੀ ਤਰ੍ਹਾਂ ਨਹੀਂ ਸਮਝਦੀ ਤੇ ਆਪਣੇ ਆਪ ਇੱਕ ਮਜ਼ਬੂਤ ​​ਸੰਗਠਨਾਤਮਕ ਅਧਾਰ ਬਣਾਉਣ ਚ ਅਸਮਰੱਥ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਸਿਰਫ਼ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਹੀ ਜ਼ਰੂਰੀ ਕਾਰਜਬਲ ਤੇ ਜ਼ਮੀਨੀ ਪੱਧਰ ਤੇ ਨੈੱਟਵਰਕ ਪ੍ਰਦਾਨ ਕਰ ਸਕਦਾ ਹੈ, ਨਹੀਂ ਤਾਂ ਭਾਜਪਾ ਨੂੰ ਆਪਣਾ ਅਧਾਰ ਬਣਾਉਣ ਲਈ ਦੋ ਤੋਂ ਤਿੰਨ ਚੋਣਾਂ ਲੱਗਣਗੀਆਂ। ਉਨ੍ਹਾਂ ਜ਼ੋਰ ਦੇ ਕੇ ਕਿਹਾ, ਅਕਾਲੀ ਦਲ ਨਾਲ ਗਠਜੋੜ ਤੋਂ ਬਿਨਾਂ ਸਰਕਾਰ ਬਣਾਉਣ ਦਾ ਕੋਈ ਹੋਰ ਤਰੀਕਾ ਨਹੀਂ ਹੈ।

ਕੈਪਟਨ ਨੂੰ ਦਿਖਾਇਆ ਗਿਆ ਸ਼ੀਸ਼ਾ: ਪਰਗਟ ਸਿੰਘ

ਜਲੰਧਰ ਕੈਂਟ ਤੋਂ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਤੇ ਨਿਸ਼ਾਨਾ ਸਾਧਿਆ ਸੀ। ਉਨ੍ਹਾਂ ਨੇ ਕਿਹਾ ਸੀ ਕਿ ਕੈਪਟਨ ਅਜਿਹੇ ਬਿਆਨ ਦੇ ਰਹੇ ਹਨ, ਕਿਉਂਕਿ ਉਹ ਸੱਟੇਬਾਜ਼ ਬਣਨਾ ਚਾਹੁੰਦੇ ਹਨ। ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਸ਼ੀਸ਼ਾ ਦਿਖਾਇਆ ਗਿਆ ਹੈ ਤੇ ਸਪੱਸ਼ਟ ਕਰ ਦਿੱਤਾ ਹੈ ਕਿ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਤੋਂ ਇਲਾਵਾ ਕਿਸੇ ਦੀ ਵੀ ਗੱਲ ਨਹੀਂ ਸੁਣੀ ਜਾਂਦੀ।

ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਇਹ ਬਿਆਨ ਇਸ ਲਈ ਦੇ ਰਹੇ ਹਨ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਭਾਜਪਾ-ਅਕਾਲੀ ਦਲ ਗਠਜੋੜ ਹੋਵੇਗਾ ਤਾਂ ਹੀ ਉਹ ਪੰਜਾਬ ਵਿੱਚ ਸੱਤਾ ਹਾਸਲ ਕਰ ਸਕਣਗੇ, ਨਹੀਂ ਤਾਂ ਉਹ ਨਹੀਂ ਜਿੱਤ ਸਕਣਗੇ। ਇਸ ਦੌਰਾਨ ਪ੍ਰਗਟ ਸਿੰਘ ਨੇ ਕਿਹਾ ਕਿ ਲੋਕਾਂ ਨੂੰ ਭਾਜਪਾ ਦਾ ਵੱਖ-ਵੱਖ ਪਾਰਟੀਆਂ ਦੇ ਗੱਠਜੋੜ ਦਾ ਪਹਿਲਾਂ ਵੀ ਤਜਰਬਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨਾਲ ਜੋ ਵੀ ਬੇਇਨਸਾਫ਼ੀ ਹੋ ਰਹੀ ਹੈ ਜਾਂ ਕੀਤੀ ਗਈ ਹੈ, ਉਹ ਭਾਜਪਾ ਵੱਲੋਂ ਹੀ ਕੀਤੀ ਗਈ ਹੈ।