ਕਾਂਗਰਸੀ ਲੀਡਰ ਪ੍ਰਿਅੰਕਾ ਗਾਂਧੀ ਦੇ ਪਤੀ ਰਾਬਰਟ ਵਾਡਰਾ ਸ਼ਨੀਵਾਰ ਸ਼ਾਮ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਪੁੱਜੇ। ਮਾਘੀ ਉਤਸਵ ਮੌਕੇ ਇੱਥੇ ਪੁੱਜੇ ਵਾਡਰਾ ਦੀ ਅਗਵਾਈ ਇਲਾਕੇ ਦੇ ਕਾਂਗਰਸੀ ਆਗੂਆਂ ਨੇ ਕੀਤੀ। ਵਾਡਰਾ ਐਤਵਾਰ ਨੂੰ ਕਾਂਗਰਸੀ ਐਮ.ਪੀ. ਚੌਧਰੀ ਸੰਤੋਖ ਸਿੰਘ ਦੇ ਅੰਤਿਮ ਸੰਸਕਾਰ ਮਗਰੋਂ ਸ਼ੁਰੂ ਹੋਣ ਵਾਲੀ ਭਾਰਤ ਜੋੜੋ ਯਾਤਰਾ ਵਿੱਚ ਸ਼ਾਮਿਲ ਹੋਣਗੇ।
ਦਰਬਾਰ ਸਾਹਿਬ ‘ਚ ਗਾਂਧੀ ਪਰਿਵਾਰ ਦੇ ਕਿਸੇ ਮੈਂਬਰ ਨੂੰ ਵੀ.ਆਈ.ਪੀ. ਵਜੋਂ ਸਨਮਾਨਤ ਨਹੀਂ ਕੀਤਾ ਜਾਂਦਾ
ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਵਾਡਰਾ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਇਸ ਯਾਤਰਾ ਲਈ ਬਹੁਤ ਮਿਹਨਤ ਕੀਤੀ ਹੈ। ਰਾਹੁਲ ਗਾਂਧੀ ਧਰਮ ਅਤੇ ਜਾਤ ਤੋਂ ਉੱਪਰ ਉੱਠ ਕੇ ਦੇਸ਼ ਨੂੰ ਜੋੜਨ ਦੀ ਕੋਸ਼ਿਸ਼ ਕਰ ਰਹੇ ਹਨ। ਵਾਡਰਾ ਨੇ ਕਿਹਾ ਸੰਤੋਖ ਸਿੰਘ ਦੀ ਬੇਵਕਤੀ ਮੌਤ ਨਾਲ ਕਾਂਗਰਸ ਪਾਰਟੀ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਦਰਬਾਰ ਸਾਹਿਬ ਵਿਖੇ ਮੱਥਾ ਟੇਣ ਮਗਰੋਂ ਵਾਡਰਾ ਜਲੰਧਰ ਲਈ ਰਵਾਨਾ ਹੋ ਗਏ। ਉਹ ਰਾਤ ਨੂੰ ਫਗਵਾੜਾ ਵਿਖੇ ਰੁਕਣਗੇ ਅਤੇ ਐਤਵਾਰ ਨੂੰ ਯਾਤਰਾ ਵਿੱਚ ਸ਼ਾਮਿਲ ਹੋਣ ਮਗਰੋਂ ਦਿੱਲੀ ਵਾਪਿਸ ਪਰਤਣਗੇ।
ਕਾਂਗਰਸ ਦੀ ਸਾਬਕਾ ਕੌਮੀ ਪ੍ਰਧਾਨ ਸੋਨੀਆ ਗਾਂਧੀ ਦੇ ਦਮਾਦ ਅੱਜ ਜਦੋਂ ਦਰਬਾਰ ਸਾਹਿਬ ਪੁੱਜੇ ਤਾਂ ਉਨ੍ਹਾਂ ਦਾ ਸੂਚਨਾ ਕੇਂਦਰ ਵਲੋਂ ਸਵਾਗਤ ਨਹੀਂ ਕੀਤਾ ਗਿਆ। ਦਰਬਾਰ ਸਾਹਿਬ ਵਿੱਚ ਗਾਂਧੀ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਵੀ.ਆਈ.ਪੀ. ਵਜੋਂ ਸਨਮਾਨਤ ਨਹੀਂ ਕੀਤਾ ਜਾਂਦਾ ਹੈ। ਵਾਡਰਾ ਆਮ ਵਿਅਕਤੀਆਂ ਵਾਂਗ ਇਥੇ ਪੁੱਜੇ ਅਤੇ ਕਤਾਰ ਵਿੱਚ ਲੱਗ ਕੇ ਮੱਥਾ ਟੇਕਣ ਤੋਂ ਬਾਅਦ ਦਰਬਾਰ ਸਾਹਿਬ ਤੋਂ ਰਵਾਨਾ ਹੋ ਗਏ।