ਅਕਾਲੀ ਦਲ ਛੱਡਣ ਤੋਂ ਬਾਅਦ ਰਣਜੀਤ ਸਿੰਘ ਗਿੱਲ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੂੰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪਾਰਟੀ ਚ ਸ਼ਾਮਲ ਕਰਵਾਇਆ ਹੈ। ਰਣਜੀਤ ਸਿੰਘ ਗਿੱਲ ਨੇ 18 ਜੁਲਾਈ ਨੂੰ ਅਕਾਲੀ ਦਲ ਤੋਂ ਅਸਤੀਫਾ ਦੇ ਦਿੱਤਾ ਸੀ। ਉਦੋਂ ਤੋਂ ਉਹ ਲਗਾਤਾਰ ਆਪਣੇ ਸਮਰਥਕਾਂ ਨਾਲ ਮੀਟਿੰਗਾਂ ਕਰ ਰਹੇ ਸਨ। ਉਹ ਅਕਾਲੀ ਦਲ ਦੇ ਹਲਕਾ ਇੰਚਾਰਜ ਸਨ।
ਅਸਤੀਫ਼ੇ ਤੋਂ ਬਾਅਦ ਕੀਤਾ ਸੀ ਪੋਸਟ
ਜਦੋਂ ਰਣਜੀਤ ਸਿੰਘ ਗਿੱਲ ਨੇ ਅਸਤੀਫਾ ਦਿੱਤਾ ਤਾਂ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇੱਕ ਪੋਸਟ ਪਾਈ, ਜਿਸ ਤੋਂ ਸੰਕੇਤ ਮਿਲਿਆ ਕਿ ਉਹ ਭਾਜਪਾ ਵਿੱਚ ਸ਼ਾਮਲ ਹੋ ਸਕਦੇ ਹਨ। ਉਨ੍ਹਾਂ ਨੇ ਆਪਣੀ ਪੋਸਟ ਵਿੱਚ ਲਿਖਿਆ – “ਖਰੜ ਹਲਕੇ ਦੀਆਂ ਭੈਣਾਂ ਅਤੇ ਭਰਾਵਾਂ ਨੂੰ ਗੁਰੂ ਕੀ ਫਤਿਹ। ਹੁਣ ਸਮਾਂ ਆ ਗਿਆ ਹੈ ਕਿ ਮੈਂ ਹਲਕੇ ਦੇ ਵਸਨੀਕਾਂ, ਪੰਜਾਬ, ਪੰਜਾਬੀ ਸੱਭਿਆਚਾਰ ਅਤੇ ਦੇਸ਼ ਲਈ ਜੋ ਵੀ ਢੁਕਵਾਂ ਫੈਸਲਾ ਲੈਣਾ ਹੋਵੇਗਾ, ਉਹ ਲਵਾਂਗਾ।”
ਰਣਜੀਤ ਸਿੰਘ ਗਿੱਲ ਦਾ ਰਾਜਨੀਤਿਕ ਸਫ਼ਰ
ਰਣਜੀਤ ਸਿੰਘ ਗਿੱਲ ਲੰਬੇ ਸਮੇਂ ਤੋਂ ਪਾਰਟੀ ਨਾਲ ਜੁੜੇ ਹੋਏ ਹਨ। ਉਹ ਮੂਲ ਰੂਪ ਵਿੱਚ ਰੋਪੜ ਦੇ ਰਹਿਣ ਵਾਲੇ ਹਨ। ਉਹ ਆਪਣੇ ਪਿੰਡ ਦੇ ਸਰਪੰਚ ਵੀ ਰਹਿ ਚੁੱਕੇ ਹਨ। 2017 ਵਿੱਚ, ਉਨ੍ਹਾਂ ਨੇ ਪਹਿਲੀ ਵਾਰ ਖਰੜ ਵਿਧਾਨ ਸਭਾ ਹਲਕੇ ਤੋਂ ਚੋਣ ਲੜੀ ਸੀ, ਪਰ ਉਸ ਸਮੇਂ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉਸ ਚੋਣ ਵਿੱਚ ਸੀਨੀਅਰ ਪੱਤਰਕਾਰ ਕੰਵਰ ਸੰਧੂ ਜਿੱਤੇ ਸਨ, ਜਦੋਂ ਕਿ ਗਿੱਲ ਦੂਜੇ ਸਥਾਨ ‘ਤੇ ਰਹੇ ਸਨ।
ਇਸੇ ਤਰ੍ਹਾਂ, ਸਾਲ 2022 ਵਿੱਚ, ਉਨ੍ਹਾਂ ਨੇ ਫਿਰ ਅਕਾਲੀ ਦਲ ਦੀ ਟਿਕਟ ‘ਤੇ ਚੋਣ ਲੜੀ, ਪਰ ਉਨ੍ਹਾਂ ਨੂੰ ਗਾਇਕਾ ਅਨਮੋਲ ਗਗਨ ਮਾਨ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਫਿਰ ਵੀ, ਉਹ ਪਾਰਟੀ ਨਾਲ ਜੁੜੇ ਰਹੇ।