Punjab Congress: ਚੰਨੀ ਨਹੀਂ, ਇਹ ਆਗੂ ਸਨ ਸੀਐਮ ਅਹੁਦੇ ਲਈ ਪਹਿਲੀ ਪਸੰਦ; ਵੜਿੰਗ ਅਤੇ ਰੰਧਾਵਾ ਦੇ ਦਾਅਵਿਆਂ ਨੇ ਮਚਾਈ ਹਲਚਲ

Updated On: 

05 Jan 2026 10:53 AM IST

Punjab Congress CM Face: ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ, ਕਾਂਗਰਸ ਨੇ 20 ਸਤੰਬਰ, 2021 ਨੂੰ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਨਿਯੁਕਤ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਰਾਹੁਲ ਗਾਂਧੀ ਨੇ ਲੁਧਿਆਣਾ-ਫਿਰੋਜ਼ਪੁਰ ਰਾਸ਼ਟਰੀ ਰਾਜਮਾਰਗ 'ਤੇ ਆਯੋਜਿਤ ਇੱਕ ਰੈਲੀ ਵਿੱਚ ਚੰਨੀ ਦੇ ਨਾਮ ਦਾ ਐਲਾਨ ਕੀਤਾ ਤਾਂ ਸਿਆਸੀ ਗਲਿਆਰਿਆਂ ਵਿੱਚ ਹੈਰਾਨੀ ਦੀ ਲਹਿਰ ਦੌੜ ਗਈ।

Punjab Congress: ਚੰਨੀ ਨਹੀਂ, ਇਹ ਆਗੂ ਸਨ ਸੀਐਮ ਅਹੁਦੇ ਲਈ ਪਹਿਲੀ ਪਸੰਦ; ਵੜਿੰਗ ਅਤੇ ਰੰਧਾਵਾ ਦੇ ਦਾਅਵਿਆਂ ਨੇ ਮਚਾਈ ਹਲਚਲ

ਵੜਿੰਗ ਅਤੇ ਰੰਧਾਵਾ ਦੇ ਦਾਅਵਿਆਂ ਨੇ ਮਚਾਈ ਹਲਚਲ

Follow Us On

ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਗੁਰਦਾਸਪੁਰ ਦੇ ਸੰਸਦ ਮੈਂਬਰ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਹਾਲੀਆ ਬਿਆਨਾਂ ਨੇ ਸੂਬੇ ਦੀ ਰਾਜਨੀਤੀ ਵਿੱਚ ਹਲਚਲ ਮਚਾ ਦਿੱਤੀ ਹੈ। ਦੋਵਾਂ ਆਗੂਆਂ ਨੇ ਦਾਅਵਾ ਕੀਤਾ ਹੈ ਕਿ 2021 ਦੇ ਮੁੱਖ ਮੰਤਰੀ ਅਹੁਦੇ ਲਈ ਕਾਂਗਰਸ ਹਾਈਕਮਾਨ ਦੀ ਪਹਿਲੀ ਪਸੰਦ ਚਰਨਜੀਤ ਸਿੰਘ ਚੰਨੀ ਨਹੀਂ, ਸਗੋਂ ਫਤਿਹਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਅਤੇ ਸੇਵਾਮੁਕਤ ਸੀਨੀਅਰ ਆਈਏਐਸ ਅਧਿਕਾਰੀ ਡਾ. ਅਮਰ ਸਿੰਘ ਬੋਪਾਰਾਏ ਸਨ। ਇਸ ਬਿਆਨ ਨੇ ਪੰਜਾਬ ਕਾਂਗਰਸ ਦੇ ਅੰਦਰ ਚਰਚਾ ਅਤੇ ਅਟਕਲਾਂ ਦਾ ਇੱਕ ਨਵਾਂ ਦੌਰ ਸ਼ੁਰੂ ਕਰ ਦਿੱਤਾ ਹੈ।

ਰਾਜਾ ਵੜਿੰਗ ਅਤੇ ਰੰਧਾਵਾ ਦੇ ਅਨੁਸਾਰ, ਚੰਨੀ ਦੇ ਮੁੱਖ ਮੰਤਰੀ ਵਜੋਂ ਐਲਾਨੇ ਜਾਣ ਤੋਂ ਲਗਭਗ ਇੱਕ ਮਹੀਨਾ ਪਹਿਲਾਂ, ਹਾਈਕਮਾਨ ਨੇ ਡਾ. ਅਮਰ ਸਿੰਘ ਬੋਪਾਰਾਏ ਨੂੰ ਦਿੱਲੀ ਬੁਲਾ ਕੇ ਉਨ੍ਹਾਂ ਨੂੰ ਇਹ ਅਹੁਦਾ ਦੇਣ ਦੀ ਪੇਸ਼ਕਸ਼ ਕੀਤੀ ਸੀ। ਹਾਲਾਂਕਿ, ਡਾ. ਬੋਪਾਰਾਏ ਨੇ ਇਹ ਕਹਿੰਦੇ ਹੋਏ ਇਨਕਾਰ ਕਰ ਦਿੱਤਾ ਕਿ ਉਹ ਪਾਰਟੀ ਲਈ ਐਸੇਟੇਸ ਬਣਨਾ ਚਾਹੁੰਦੇ ਹਨ, ਲਾਈਬਿਲਿਟੀ ਨਹੀਂ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਅਗਵਾਈ ਵਿੱਚ, ਪਾਰਟੀ ਚੋਣਾਂ ਹਾਰ ਸਕਦੀ ਹੈ, ਅਤੇ ਇਸ ਲਈ, ਇਹ ਜ਼ਿੰਮੇਵਾਰੀ ਲੈਣਾ ਅਣਉਚਿਤ ਹੋਵੇਗਾ।

ਚੰਨੀ ਨੂੰ ਸੀਐਮ ਬਣਾ ਕੇ ਕਰ ਦਿੱਤਾ ਸੀ ਹੈਰਾਨ

ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਵਜੋਂ ਅਸਤੀਫ਼ਾ ਦੇਣ ਤੋਂ ਬਾਅਦ, ਕਾਂਗਰਸ ਨੇ 20 ਸਤੰਬਰ, 2021 ਨੂੰ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਨਿਯੁਕਤ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਰਾਹੁਲ ਗਾਂਧੀ ਨੇ ਲੁਧਿਆਣਾ-ਫਿਰੋਜ਼ਪੁਰ ਰਾਸ਼ਟਰੀ ਰਾਜਮਾਰਗ ‘ਤੇ ਆਯੋਜਿਤ ਇੱਕ ਰੈਲੀ ਵਿੱਚ ਚੰਨੀ ਦੇ ਨਾਮ ਦਾ ਐਲਾਨ ਕੀਤਾ ਸੀ। ਉਸ ਵੇਲ੍ਹੇ ਸਟੇਜ ‘ਤੇ ਮੌਜੂਦ ਨਵਜੋਤ ਸਿੰਘ ਸਿੱਧੂ ਵੀ ਹੈਰਾਨ ਰਹਿ ਗਏ ਸਨ, ਕਿਉਂਕਿ ਉਨ੍ਹਾਂ ਨੂੰ ਇਸ ਅਹੁਦੇ ਲਈ ਇੱਕ ਪ੍ਰਮੁੱਖ ਦਾਅਵੇਦਾਰ ਮੰਨਿਆ ਜਾ ਰਿਹਾ ਸੀ। ਚੰਨੀ ਦੇ ਰੂਪ ਵਿੱਚ ਕਾਂਗਰਸ ਨੇ ਪੰਜਾਬ ਨੂੰ ਆਪਣਾ ਪਹਿਲਾ ਦਲਿਤ ਮੁੱਖ ਮੰਤਰੀ ਦਿੱਤਾ, ਅਤੇ ਇਸਨੂੰ 2022 ਦੀਆਂ ਚੋਣਾਂ ਲਈ ਇੱਕ ਮਾਸਟਰਸਟ੍ਰੋਕ ਦੱਸਿਆ ਸੀ।

ਗਾਂਧੀ ਪਰਿਵਾਰ ਦੇ ਕਾਫੀ ਕਰੀਬੀ ਹਨ ਡਾ. ਅਮਰ ਸਿੰਘ

ਡਾ. ਅਮਰ ਸਿੰਘ ਬੋਪਾਰਾਏ ਇੱਕ ਸੀਨੀਅਰ ਆਈਏਐਸ ਅਧਿਕਾਰੀ ਸਨ ਅਤੇ ਸੀਨੀਅਰ ਕਾਂਗਰਸੀ ਨੇਤਾ ਦਿਗਵਿਜੈ ਸਿੰਘ ਅਤੇ ਗਾਂਧੀ ਪਰਿਵਾਰ ਦੇ ਨੇੜੇ ਮੰਨੇ ਜਾਂਦੇ ਹਨ। ਉਹ ਮਨਰੇਗਾ ਸਮੇਤ ਕਈ ਮਹੱਤਵਪੂਰਨ ਜਨਤਕ ਭਲਾਈ ਯੋਜਨਾਵਾਂ ਦੇ ਵਿਕਾਸ ਵਿੱਚ ਸ਼ਾਮਲ ਮੁੱਖ ਕਮੇਟੀਆਂ ਦਾ ਹਿੱਸਾ ਰਹੇ ਸਨ। ਰਾਜਨੀਤੀ ਵਿੱਚ ਆਉਣ ਤੋਂ ਬਾਅਦ, ਉਨ੍ਹਾਂ ਅਤੇ ਉਨ੍ਹਾਂ ਦੇ ਪੁੱਤਰ, ਕਾਮਿਲ ਅਮਰ ਸਿੰਘ ਬੋਪਾਰਾਏ ਨੇ ਰਾਏਕੋਟ ਤੋਂ ਵਿਧਾਨ ਸਭਾ ਚੋਣਾਂ ਲੜੀਆਂ, ਪਰ ਨਾਕਾਮਯਾਬ ਰਹੇ। ਬਾਅਦ ਵਿੱਚ, ਕਾਂਗਰਸ ਨੇ ਉਨ੍ਹਾਂ ਨੂੰ ਫਤਿਹਗੜ੍ਹ ਸਾਹਿਬ ਤੋਂ ਲੋਕ ਸਭਾ ਟਿਕਟ ਦਿੱਤੀ, ਜਿੱਥੇ ਉਹ ਸੰਸਦ ਮੈਂਬਰ ਚੁਣੇ ਗਏ।

ਮੁੜ ਮੰਗ ਉਠਾ ਸਕਦੇ ਹਨ ਸਮਰਥਕ

ਰਾਜਾ ਵੜਿੰਗ ਅਤੇ ਰੰਧਾਵਾ ਦੇ ਬਿਆਨਾਂ ਤੋਂ ਬਾਅਦ, ਡਾ. ਬੋਪਾਰਾਏ ਦੇ ਸਮਰਥਕ ਫਤਿਹਗੜ੍ਹ ਸਾਹਿਬ ਅਤੇ ਰਾਏਕੋਟ ਸਮੇਤ ਪੰਜਾਬ ਭਰ ਵਿੱਚ ਸਰਗਰਮ ਹੋ ਗਏ ਹਨ। ਇਹ ਬਿਆਨ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਡਾ. ਅਮਰ ਸਿੰਘ ਬੋਪਾਰਾਏ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਦੀ ਮੰਗ ਤੇਜ਼ ਹੋ ਸਕਦੀ ਹੈ। ਸਮਰਥਕ ਜਲਦੀ ਹੀ ਪਾਰਟੀ ਹਾਈ ਕਮਾਂਡ ਨੂੰ ਇਹ ਮੰਗ ਪੇਸ਼ ਕਰਨ ਦੀ ਯੋਜਨਾ ਬਣਾ ਰਹੇ ਹਨ, ਜਿਸ ਨਾਲ ਕਾਂਗਰਸ ਦੇ ਕਈ ਸੀਨੀਅਰ ਕਾਂਗਰਸੀ ਨੇਤਾਵਾਂ ਦੀ ਰਾਜਨੀਤਿਕ ਸਮੀਕਰਣ ਬਦਲ ਸਕਦਾ ਹੈ।