ਮਾਂ ਨਾਲ ਕਰ ਰਹੀ ਸੀ ਗੱਲ, ਅਚਾਨਕ ਸੁਣਾਈ ਦਿੱਤੀ ਚੀਕ… ਪੀਯੂ ਵਿਦਿਆਰਥਣ ਦੀ ਮੌਤ ਮਾਮਲੇ ‘ਚ ਖੁਲਾਸੇ
ਜੋਤੀ ਦੇ ਮਾਮਾ ਨੇ ਦੱਸਿਆ ਕਿ ਹਾਦਸੇ ਵੇਲੇ ਜੋਤੀ ਆਪਣੀ ਮਾਂ ਨਾਲ ਫੋਨ 'ਤੇ ਗੱਲ ਕਰ ਰਹੀ ਸੀ। ਉਨ੍ਹਾਂ ਕਿਹਾ ਕਿ ਗੱਲ ਕਰਦੇ-ਕਰਦੇ ਅਚਾਨਕ ਉਸ ਦੀ ਮਾਂ ਨੇ ਜੋਤੀ ਦੀ ਚੀਕ ਸੁਣੀ ਤੇ ਉਸ ਤੋਂ ਤੁਰੰਤ ਬਾਅਦ ਫੋਨ ਕੱਟ ਗਿਆ। ਉਨ੍ਹਾਂ ਯੂਨੀਵਰਸਿਟੀ ਪ੍ਰਸ਼ਾਸਨ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਪਰਿਵਾਰ ਜਾਂਚ 'ਚ ਪੂਰਾ ਸਹਿਯੋਗ ਦੇਵੇਗਾ, ਪਰ ਇਹ ਜਾਣਨਾ ਚਾਹੁੰਦਾ ਹੈ ਕਿ ਆਖ਼ਰ ਉਨ੍ਹਾਂ ਦੀ ਧੀ ਦੀ ਮੌਤ ਕਿਵੇਂ ਹੋਈ।
PU ਵਿਦਿਆਰਥਣ ਦੀ ਮੌਤ ਦਾ ਮਾਮਲਾ
ਪੰਜਾਬ ਯੂਨੀਵਰਸਿਟੀ (ਪੀਯੂ) ‘ਚ ਕਰੰਟ ਲੱਗਣ ਕਾਰਨ ਹਰਿਆਣਾ ਦੇ ਰੇਵਾੜੀ ਜ਼ਿਲ੍ਹੇ ਦੀ ਰਹਿਣ ਵਾਲੀ ਪੀਐੱਚਡੀ ਸਕਾਲਰ ਜੋਤੀ (28) ਦੀ ਮੌਤ ਤੋਂ ਬਾਅਦ ਪਰਿਵਾਰ ਨੇ ਯੂਨੀਵਰਸਿਟੀ ਪ੍ਰਸ਼ਾਸਨ ‘ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜੇ ਤੱਕ ਅਜਿਹਾ ਕੋਈ ਠੋਸ ਸਬੂਤ ਨਹੀਂ ਦਿਖਾਇਆ ਗਿਆ, ਜਿਸ ਨਾਲ ਇਹ ਸਾਬਤ ਹੋ ਸਕੇ ਕਿ ਜੋਤੀ ਦੀ ਮੌਤ ਕਰੰਟ ਲੱਗਣ ਕਾਰਨ ਹੀ ਹੋਈ।
ਮ੍ਰਿਤਕਾ ਦੇ ਚਾਚਾ ਜਤਿੰਦਰ ਨੇ ਦੱਸਿਆ ਕਿ ਹਾਦਸੇ ਵਾਲੇ ਦਿਨ ਸਵੇਰੇ ਕਰੀਬ 10 ਵਜੇ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਜੋਤੀ ਦੇ ਪਿਤਾ ਰਵਿੰਦਰ ਨੂੰ ਫੋਨ ਕਰਕੇ ਦੱਸਿਆ ਗਿਆ ਕਿ ਉਨ੍ਹਾਂ ਦੀ ਧੀ ਨੂੰ ਕਰੰਟ ਲੱਗ ਗਿਆ ਹੈ ਤੇ ਉਸ ਦੀ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਜਦੋਂ ਸਰੀਰ ‘ਤੇ ਕੋਈ ਸਪੱਸ਼ਟ ਨਿਸ਼ਾਨ ਨਹੀਂ ਸਨ ਤਾਂ ਪਰਿਵਾਰ ਨੇ ਸੀਸੀਟੀਵੀ ਫੁਟੇਜ ਜਾਂ ਹੋਰ ਸਬੂਤ ਦਿਖਾਉਣ ਦੀ ਮੰਗ ਕੀਤੀ। ਬੀਤੇ ਦਿਨ ਪਰਿਵਾਰ ਨੇ ਕਿਹਾ ਕਿ ਜਦੋਂ ਤੱਕ ਸਾਰੇ ਸਵਾਲਾਂ ਦੇ ਜਵਾਬ ਨਹੀਂ ਮਿਲਦੇ, ਉਦੋਂ ਤੱਕ ਉਹ ਲਾਸ਼ ਨਹੀਂ ਲੈਣਗੇ।
21 ਲੱਖ ਰੁਪਏ ਮੁਆਵਜ਼ਾ ਤੇ ਭਰਾ ਨੂੰ ਨੌਕਰੀ
ਸੂਤਰਾਂ ਮੁਤਾਬਕ, ਦੇਰ ਰਾਤ ਤੱਕ ਚੱਲੀ ਗੱਲਬਾਤ ਤੋਂ ਬਾਅਦ ਪਰਿਵਾਰ ਤੇ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਵਿਚਕਾਰ ਸਮਝੌਤਾ ਹੋ ਗਿਆ। ਇਸ ਤਹਿਤ ਮ੍ਰਿਤਕਾ ਦੇ ਪਰਿਵਾਰ ਨੂੰ 21 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ ਤੇ ਜੋਤੀ ਦੇ ਭਰਾ ਨੂੰ ਯੂਨੀਵਰਸਿਟੀ ‘ਚ ਇਲੈਕਟ੍ਰੀਸ਼ੀਅਨ ਦੀ ਨੌਕਰੀ ਦਿੱਤੀ ਜਾਵੇਗੀ। ਉਹ 12ਵੀਂ ਦੇ ਨਾਲ ਆਈਟੀਆਈ (ਇਲੈਕਟ੍ਰੀਕਲ) ਕਰ ਚੁੱਕਾ ਹੈ। ਨਿਯੁਕਤੀ ਸਰਕਾਰ ਦੇ ਨਿਯਮਾਂ ਅਨੁਸਾਰ ਕੀਤੀ ਜਾਵੇਗੀ।
ਮਾਂ ਨਾਲ ਫੋਨ ‘ਤੇ ਗੱਲ ਕਰਦਿਆਂ ਵਾਪਰਿਆ ਹਾਦਸਾ
ਜੋਤੀ ਦੇ ਮਾਮਾ ਨੇ ਦੱਸਿਆ ਕਿ ਹਾਦਸੇ ਵੇਲੇ ਜੋਤੀ ਆਪਣੀ ਮਾਂ ਨਾਲ ਫੋਨ ‘ਤੇ ਗੱਲ ਕਰ ਰਹੀ ਸੀ। ਉਨ੍ਹਾਂ ਕਿਹਾ ਕਿ ਗੱਲ ਕਰਦੇ-ਕਰਦੇ ਅਚਾਨਕ ਉਸ ਦੀ ਮਾਂ ਨੇ ਜੋਤੀ ਦੀ ਚੀਕ ਸੁਣੀ ਤੇ ਉਸ ਤੋਂ ਤੁਰੰਤ ਬਾਅਦ ਫੋਨ ਕੱਟ ਗਿਆ। ਉਨ੍ਹਾਂ ਯੂਨੀਵਰਸਿਟੀ ਪ੍ਰਸ਼ਾਸਨ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਪਰਿਵਾਰ ਜਾਂਚ ‘ਚ ਪੂਰਾ ਸਹਿਯੋਗ ਦੇਵੇਗਾ, ਪਰ ਇਹ ਜਾਣਨਾ ਚਾਹੁੰਦਾ ਹੈ ਕਿ ਆਖ਼ਰ ਉਨ੍ਹਾਂ ਦੀ ਧੀ ਦੀ ਮੌਤ ਕਿਵੇਂ ਹੋਈ। ਉਨ੍ਹਾਂ ਪੁੱਛਿਆ ਕਿ ਕੈਂਪਸ ‘ਚ ਸੀਸੀਟੀਵੀ ਕੈਮਰੇ ਕਿਉਂ ਨਹੀਂ ਲੱਗੇ ਹੋਏ ਸਨ ਤੇ ਜੇਕਰ ਕਰੰਟ ਲੱਗਣ ਕਾਰਨ ਇਹ ਹਾਦਸਾ ਵਾਪਰਿਆ ਹੈ ਤਾਂ ਵਿਦਿਆਰਥੀਆਂ ਦੀ ਸੁਰੱਖਿਆ ਲਈ ਪਹਿਲਾਂ ਤੋਂ ਲੋੜੀਂਦੇ ਪ੍ਰਬੰਧ ਕਿਉਂ ਨਹੀਂ ਕੀਤੇ ਗਏ।
ਪਿਤਾ ਬੱਸ ਡਰਾਈਵਰ, ਸਕਾਲਰਸ਼ਿਪ ਦੇ ਸਹਾਰੇ ਕਰ ਰਹੀ ਸੀ ਪੜ੍ਹਾਈ
ਜੋਤੀ ਦੇ ਚਾਚਾ ਜਤਿੰਦਰ ਨੇ ਦੱਸਿਆ ਕਿ ਜੋਤੀ ਬਚਪਨ ਤੋਂ ਹੀ ਪੜ੍ਹਾਈ ‘ਚ ਬਹੁਤ ਹੋਣਹਾਰ ਸੀ। ਉਸ ਦੇ ਪਿਤਾ ਰਵਿੰਦਰ ਇੱਕ ਸਕੂਲ ‘ਚ ਬੱਸ ਡਰਾਈਵਰ ਹਨ ਤੇ ਉਨ੍ਹਾਂ ਨੂੰ ਕਰੀਬ ਸਾਢੇ 12 ਹਜ਼ਾਰ ਰੁਪਏ ਤਨਖਾਹ ਮਿਲਦੀ ਹੈ, ਜਿਸ ਨਾਲ ਘਰ ਦਾ ਗੁਜ਼ਾਰਾ ਵੀ ਮੁਸ਼ਕਲ ਨਾਲ ਚੱਲਦਾ ਸੀ।
ਇਹ ਵੀ ਪੜ੍ਹੋ
ਉਨ੍ਹਾਂ ਦੱਸਿਆ ਕਿ ਜੋਤੀ ਪੰਜਾਬ ਯੂਨੀਵਰਸਿਟੀ ‘ਚ ਪੀਐਚਡੀ ਕਰ ਰਹੀ ਸੀ। ਉਸ ਨੂੰ ਸਕਾਲਰਸ਼ਿਪ ਮਿਲੀ ਹੋਈ ਸੀ, ਜਿਸ ਦੇ ਸਹਾਰੇ ਉਹ ਆਪਣੀ ਪੜ੍ਹਾਈ ਜਾਰੀ ਰੱਖ ਰਹੀ ਸੀ। ਪਰਿਵਾਰ ਨੂੰ ਉਮੀਦ ਸੀ ਕਿ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਉਸ ਨੂੰ ਚੰਗੀ ਨੌਕਰੀ ਮਿਲੇਗੀ ਤੇ ਪਰਿਵਾਰ ਦੀ ਆਰਥਿਕ ਹਾਲਤ ‘ਚ ਸੁਧਾਰ ਆਵੇਗਾ। ਪਰ ਇਸ ਦਰਦਨਾਕ ਹਾਦਸੇ ਨੇ ਪਰਿਵਾਰ ਦੀਆਂ ਸਾਰੀਆਂ ਉਮੀਦਾਂ ਤੋੜ ਦਿੱਤੀਆਂ।
ਕਿਵੇਂ ਵਾਪਰਿਆ ਹਾਦਸਾ?
ਜੋਤੀ ਪੰਜਾਬ ਯੂਨੀਵਰਸਿਟੀ ਦੇ ਮਾਈਕ੍ਰੋਬਾਇਓਲੋਜੀ ਵਿਭਾਗ ‘ਚ ਪੀਐੱਚਡੀ ਕਰ ਰਹੀ ਸੀ ਤੇ ਗਰਲਜ਼ ਹੋਸਟਲ ਨੰਬਰ-10 ‘ਚ ਰਹਿੰਦੀ ਸੀ। ਹਾਦਸੇ ਵਾਲੇ ਦਿਨ ਉਹ ਆਪਣੇ ਵਿਭਾਗ ਵੱਲ ਜਾ ਰਹੀ ਸੀ। ਲਗਾਤਾਰ ਪੈ ਰਹੀ ਬਾਰਿਸ਼ ਕਾਰਨ ਰਸਤੇ ‘ਚ ਪਾਣੀ ਭਰਿਆ ਹੋਇਆ ਸੀ। ਜਾਣਕਾਰੀ ਮੁਤਾਬਕ ਗਰਲਜ਼ ਹੋਸਟਲ ਨੰਬਰ-8 ਦੇ ਨੇੜੇ ਫੁੱਟਪਾਥ ਕੋਲ ਬਿਜਲੀ ਦੀਆਂ ਕੇਬਲਾਂ ਤੇ ਜੰਕਸ਼ਨ ਬਾਕਸ ਲੱਗੇ ਹੋਏ ਸਨ। ਸੂਤਰਾਂ ਅਨੁਸਾਰ ਇੱਕ ਕੇਬਲ ਕੱਟੀ ਹੋਈ ਸੀ, ਜਿਸ ‘ਚ ਬਾਰਿਸ਼ ਕਾਰਨ ਸਪਾਰਕਿੰਗ ਹੋਈ ਤੇ ਪਾਣੀ ‘ਚ ਕਰੰਟ ਫੈਲ ਗਿਆ। ਇਸੇ ਦੌਰਾਨ ਜੋਤੀ ਕਰੰਟ ਦੀ ਚਪੇਟ ‘ਚ ਆ ਗਈ।
ਵਿਦਿਆਰਥੀ ਨੇ ਕੀਤੀ ਮਦਦ
ਘਟਨਾ ਦੇ ਚਸ਼ਮਦੀਦ ਵੰਸ਼ਰਾਜ ਨੇ ਦੱਸਿਆ ਕਿ ਉਸ ਨੇ ਜੋਤੀ ਨੂੰ ਪਾਣੀ ‘ਚ ਡਿੱਗਿਆ ਦੇਖਿਆ। ਪਹਿਲਾਂ ਉਸ ਨੇ ਬੈਗ ਫੜ ਕੇ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਬੈਗ ਦੀ ਤੰਨੀ ਟੁੱਟ ਗਈ। ਇਸ ਤੋਂ ਬਾਅਦ ਉਸ ਨੇ ਇੱਕ ਹੋਰ ਰਸਤੇ ‘ਚੋਂ ਲੰਘ ਰਹੇ ਵਿਦਿਆਰਥੀ ਤੋਂ ਹਾਕੀ ਸਟਿਕ ਲੈ ਕੇ ਜੋਤੀ ਨੂੰ ਪਾਣੀ ‘ਚੋਂ ਬਾਹਰ ਕੱਢਿਆ। ਉਸ ਸਮੇਂ ਤੱਕ ਉਹ ਬੇਹੋਸ਼ ਹੋ ਚੁੱਕੀ ਸੀ। ਬਾਅਦ ‘ਚ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ।
ਵਿਦਿਆਰਥੀਆਂ ਨੇ ਪ੍ਰਸ਼ਾਸਨ ‘ਤੇ ਲਾਏ ਇਲਜ਼ਾਮ
ਘਟਨਾ ਤੋਂ ਬਾਅਦ ਵਿਦਿਆਰਥੀਆਂ ਨੇ ਯੂਨੀਵਰਸਿਟੀ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ ਵਾਈਸ ਚਾਂਸਲਰ ਦੀ ਰਿਹਾਇਸ਼ ਦਾ ਘਿਰਾਓ ਕੀਤਾ। ਵਿਦਿਆਰਥੀਆਂ ਦਾ ਇਲਜ਼ਾਮ ਹੈ ਕਿ ਬਾਰਿਸ਼ ਦੇ ਦਿਨਾਂ ‘ਚ ਕੈਂਪਸ ਅੰਦਰ ਬਿਜਲੀ ਦੇ ਖੰਭਿਆਂ, ਸਟਰੀਟ ਲਾਈਟਾਂ ਤੇ ਖੁੱਲ੍ਹੀਆਂ ਤਾਰਾਂ ਦੀ ਨਿਯਮਿਤ ਜਾਂਚ ਨਹੀਂ ਕੀਤੀ ਜਾਂਦੀ।
ਕੁਝ ਵਿਦਿਆਰਥਣਾਂ ਨੇ ਦਾਅਵਾ ਕੀਤਾ ਕਿ ਕਰੰਟ ਲੱਗਣ ਤੋਂ ਬਾਅਦ ਜੋਤੀ ਕੁਝ ਸਮੇਂ ਤੱਕ ਚੀਕਦੀ ਰਹੀ, ਪਰ ਯੂਨੀਵਰਸਿਟੀ ਦਾ ਕੋਈ ਕਰਮਚਾਰੀ ਤੁਰੰਤ ਮਦਦ ਲਈ ਨਹੀਂ ਪਹੁੰਚਿਆ। ਉਨ੍ਹਾਂ ਇਹ ਵੀ ਕਿਹਾ ਕਿ ਹੋਸਟਲਾਂ ‘ਚ ਲੱਗੇ ਵਾਟਰ ਕੂਲਰਾਂ ‘ਚ ਵੀ ਕਈ ਵਾਰ ਕਰੰਟ ਆਉਣ ਦੀ ਸਮੱਸਿਆ ਰਹਿੰਦੀ ਹੈ, ਜਿਸ ਕਾਰਨ ਕਿਸੇ ਵੱਡੇ ਹਾਦਸੇ ਦਾ ਖ਼ਤਰਾ ਬਣਿਆ ਰਹਿੰਦਾ ਹੈ।
