ਪਹਿਲਾਂ ਚਿਤਕਾਰਾ, ਫਿਰ LPU 24 ਘੰਟਿਆਂ ‘ਚ ਪੰਜਾਬ ਦੀਆਂ 2 ਯੂਨੀਵਰਸਿਟੀਆਂ ‘ਚ ਬਵਾਲ, ਕਿਵੇਂ ਹਨ ਹਾਲਾਤ?
ਚਿਤਕਾਰਾ ਤੇ LPU ਦੀਆਂ ਘਟਨਾਵਾਂ ਦੇ ਕਾਰਨ ਵੱਖ-ਵੱਖ ਹਨ। ਪਰ ਦੋਵਾਂ ਮਾਮਲਿਆਂ 'ਚ ਇੱਕ ਗੱਲ ਸਾਂਝੀ ਨਜ਼ਰ ਆਈ। ਸੋਸ਼ਲ ਮੀਡੀਆ ਰਾਹੀਂ ਤੇਜ਼ੀ ਨਾਲ ਫੈਲੀਆਂ ਜਾਣਕਾਰੀਆਂ ਤੋਂ ਬਾਅਦ ਸਥਿਤੀ ਕੁਝ ਹੀ ਘੰਟਿਆਂ 'ਚ ਵੱਡੇ ਵਿਰੋਧ 'ਚ ਬਦਲ ਗਈ ਤੇ ਵਿਦਿਆਰਥੀ ਪ੍ਰਦਰਸ਼ਨ ਕਰਨ ਲੱਗੇ।
ਪਿਛਲੇ 24 ਘੰਟਿਆਂ ‘ਚ ਪੰਜਾਬ ਦੀਆਂ ਦੋ ਵੱਡੀਆਂ ਯੂਨੀਵਰਸਿਟੀਆਂ ਵਿਦਿਆਰਥੀਆਂ ਦੇ ਦਰਸ਼ਨ ਤੇ ਹਿੰਸਾ ਨੂੰ ਲੈ ਕੇ ਸੁਰਖੀਆਂ ‘ਚ ਆ ਗਈਆਂ ਹਨ। ਪਹਿਲਾਂ ਪਟਿਆਲਾ ਦੇ ਰਾਜਪੁਰਾ ਸਥਿਤ ਚਿਤਕਾਰਾ ਯੂਨੀਵਰਸਿਟੀ ‘ਚ ਸੋਸ਼ਲ ਮੀਡੀਆ ‘ਤੇ ਵਿਦਿਆਰਥਣਾਂ ਦੀ ਮੌਤ ਤੇ ਭੂਤ ਨਾਲ ਜੁੜੀਆਂ ਅਫਵਾਹਾਂ ਨੇ ਤਣਾਅ ਵਧਾਇਆ, ਤਾਂ ਅਗਲੇ ਹੀ ਦਿਨ ਫਗਵਾੜਾ ਦੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ‘ਚ ਇੱਕ ਵਿਦਿਆਰਥਣ ਨਾਲ ਕਥਿਤ ਜਬਰ-ਜਨਾਹ ਦੇ ਦਾਅਵਿਆਂ ਨੇ ਵਿਦਿਆਰਥੀਆਂ ਨੂੰ ਸੜਕਾਂ ‘ਤੇ ਉਤਾਰ ਦਿੱਤਾ। ਦੋਵਾਂ ਘਟਨਾਵਾਂ ‘ਚ ਪੁਲਿਸ ਨਾਲ ਟਕਰਾਅ, ਭੰਨਤੋੜ ਤੇ ਵਾਹਨਾਂ ਨੂੰ ਨੁਕਸਾਨ ਪਹੁੰਚਣ ਤੋਂ ਬਾਅਦ ਹੁਣ ਦੋਵਾਂ ਕੈਂਪਸਾਂ ‘ਚ ਸੁਰੱਖਿਆ ਵਧਾ ਦਿੱਤੀ ਗਈ ਹੈ।
ਪਹਿਲਾਂ ਚਿਤਕਾਰਾ ‘ਚ ਕਿਵੇਂ ਸ਼ੁਰੂ ਹੋਇਆ ਵਿਵਾਦ?
26 ਸਤੰਬਰ ਨੂੰ ਰਾਜਪੁਰਾ ਨੇੜੇ ਚਿਤਕਾਰਾ ਯੂਨੀਵਰਸਿਟੀ ‘ਚ ਦੇਰ ਰਾਤ ਵਿਦਿਆਰਥੀਆਂ ਵਿਚਕਾਰ ਸੋਸ਼ਲ ਮੀਡੀਆ ਤੇ ਮੈਸੇਜਿੰਗ ਗਰੁੱਪਾਂ ਰਾਹੀਂ ਕੁਝ ਦਾਅਵੇ ਤੇਜ਼ੀ ਨਾਲ ਫੈਲੇ। ਇਨ੍ਹਾਂ ‘ਚ ਦੋ ਵਿਦਿਆਰਥਣਾਂ ਦੀ ਮੌਤ ਜਾਂ ਖੁਦਕੁਸ਼ੀ ਤੇ ਹੋਸਟਲ ‘ਚ ਕਿਸੇ ਭੂਤ ਦੇ ਹੋਣ ਵਰਗੀਆਂ ਗੱਲਾਂ ਸ਼ਾਮਲ ਸਨ। ਇਸ ਤੋਂ ਬਾਅਦ ਵੱਡੀ ਗਿਣਤੀ ‘ਚ ਵਿਦਿਆਰਥੀ ਹੋਸਟਲ ਤੋਂ ਬਾਹਰ ਆ ਗਏ ਤੇ ਯੂਨੀਵਰਸਿਟੀ ਪ੍ਰਸ਼ਾਸਨ ਤੋਂ ਪੂਰੇ ਮਾਮਲੇ ਬਾਰੇ ਜਵਾਬ ਮੰਗਣ ਲੱਗੇ। ਪੁਲਿਸ ਤੇ ਯੂਨੀਵਰਸਿਟੀ ਅਧਿਕਾਰੀਆਂ ਨੇ ਇਨ੍ਹਾਂ ਦਾਅਵਿਆਂ ਨੂੰ ਖਾਰਜ ਕਰਦਿਆਂ ਕਿਹਾ ਕਿ ਕੈਂਪਸ ‘ਚ ਅਜਿਹੀ ਕੋਈ ਘਟਨਾ ਨਹੀਂ ਹੋਈ ਸੀ।
ਮਾਮਲਾ ਸਿਰਫ਼ ਨਾਅਰੇਬਾਜ਼ੀ ਤੱਕ ਸੀਮਤ ਨਹੀਂ ਰਿਹਾ। ਪ੍ਰਦਰਸ਼ਨ ਦੌਰਾਨ ਪੁਲਿਸ ਦੇ ਵਾਹਨਾਂ ਤੇ ਯੂਨੀਵਰਸਿਟੀ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ ਗਿਆ ਤੇ ਪੁਲਿਸ ਨਾਲ ਵੀ ਟਕਰਾਅ ਹੋਇਆ। ਅਧਿਕਾਰੀਆਂ ਮੁਤਾਬਕ ਸ਼ੁਰੂ ‘ਚ ਕੁਝ ਵਿਦਿਆਰਥੀਆਂ ਦੀ ਸ਼ਰਾਰਤ ਤੇ ਇਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਫੈਲੀਆਂ ਅਫਵਾਹਾਂ ਕਾਰਨ ਹਾਲਾਤ ਤੇਜ਼ੀ ਨਾਲ ਵਿਗੜ ਗਏ।
ਇਸ ਤੋਂ ਬਾਅਦ ਚਿਤਕਾਰਾ ਯੂਨੀਵਰਸਿਟੀ ਨੇ ਅਕਾਦਮਿਕ ਗਤੀਵਿਧੀਆਂ ਨੂੰ ਅਸਥਾਈ ਤੌਰ ‘ਤੇ ਰੋਕਣ ਦਾ ਫੈਸਲਾ ਲਿਆ। ਯੂਨੀਵਰਸਿਟੀ ਮੁਤਾਬਕ ਨਿਯਮਤ ਕਲਾਸਾਂ 5 ਅਕਤੂਬਰ ਤੋਂ ਮੁੜ ਸ਼ੁਰੂ ਹੋਣਗੀਆਂ, ਜਦਕਿ ਅਧਿਆਪਕ ਅਤੇ ਕਰਮਚਾਰੀ ਪ੍ਰਸ਼ਾਸਨਿਕ ਕੰਮਾਂ ਲਈ ਆਉਂਦੇ ਰਹਿਣਗੇ।
LPU ‘ਚ ਕੀ ਹੋਇਆ?
ਚਿਤਕਾਰਾ ਦੀ ਘਟਨਾ ਤੋਂ ਅਗਲੇ ਹੀ ਦਿਨ ਫਗਵਾੜਾ ਸਥਿਤ LPU ‘ਚ ਵਿਦਿਆਰਥੀਆਂ ਦਾ ਵਿਰੋਧ ਸ਼ੁਰੂ ਹੋ ਗਿਆ। ਇਸ ਵਾਰ ਕਾਰਨ ਇੱਕ ਵਿਦਿਆਰਥਣ ਨਾਲ ਕਥਿਤ ਜਬਰ-ਜਨਾਹ ਦਾ ਦਾਅਵਾ ਸੀ। ਵਿਦਿਆਰਥੀਆਂ ਦਾ ਇਲਜ਼ਾਮ ਸੀ ਕਿ 23 ਸਤੰਬਰ ਨੂੰ ਗਰਲਜ਼ ਹੋਸਟਲ ‘ਚ ਇੱਕ ਵਿਦਿਆਰਥਣ ਨਾਲ ਜਬਰ-ਜਨਾਹ ਹੋਇਆ ਤੇ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਜਾਣਕਾਰੀ ਦਿੱਤੇ ਜਾਣ ਦੇ ਬਾਵਜੂਦ ਤੁਰੰਤ ਕਾਰਵਾਈ ਨਹੀਂ ਕੀਤੀ ਗਈ। ਵਿਦਿਆਰਥੀਆਂ ਦੇ ਬਿਆਨਾਂ ਦੇ ਆਧਾਰ ‘ਤੇ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ FIR ਦਰਜ ਕੀਤੀ ਹੈ। ਇਸ ਮਾਮਲੇ ਦੀ ਜਾਂਚ ਲਈ SIT ਵੀ ਗਠਿਤ ਕੀਤੀ ਗਈ ਹੈ।
ਇਹ ਵੀ ਪੜ੍ਹੋ
ਹਾਲਾਂਕਿ, LPU ਪ੍ਰਸ਼ਾਸਨ ਨੇ ਕੈਂਪਸ ‘ਚ ਜਬਰ-ਜਨਾਹ ਦੀ ਘਟਨਾ ਦੀ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਹੈ ਤੇ ਦੋਸ਼ਾਂ ਨੂੰ ਅਫਵਾਹ ਦੱਸਦਿਆਂ ਕਿਹਾ ਹੈ ਕਿ ਕੁਝ ਲੋਕ ਗਲਤ ਤੇ ਬੇਬੁਨਿਆਦ ਜਾਣਕਾਰੀਆਂ ਫੈਲਾ ਰਹੇ ਹਨ। ਪੁਲਿਸ ਨੇ ਫਿਲਹਾਲ ਕਿਸੇ ਨਤੀਜੇ ‘ਤੇ ਪਹੁੰਚਣ ਦੀ ਬਜਾਏ ਜਾਂਚ ਸ਼ੁਰੂ ਕੀਤੀ ਹੈ। ਅਧਿਕਾਰੀਆਂ ਮੁਤਾਬਕ ਫੋਰੈਂਸਿਕ ਸੈਂਪਲ, CCTV ਫੁਟੇਜ ਤੇ ਕਾਲ ਰਿਕਾਰਡ ਸਮੇਤ ਹੋਰ ਸਬੂਤਾਂ ਦੀ ਜਾਂਚ ਕੀਤੀ ਜਾਵੇਗੀ।
ਪ੍ਰਦਰਸ਼ਨ ਨੇ ਕਦੋਂ ਲਿਆ ਹਿੰਸਕ ਰੂਪ?
LPU ‘ਚ ਵਿਰੋਧ ਐਤਵਾਰ ਤੜਕੇ ਗਰਲਜ਼ ਹੋਸਟਲ ਦੇ ਆਸ-ਪਾਸ ਸ਼ੁਰੂ ਹੋਇਆ ਤੇ ਦੇਖਦੇ ਹੀ ਦੇਖਦੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਇਸ ‘ਚ ਸ਼ਾਮਲ ਹੋ ਗਏ। ਵਿਦਿਆਰਥੀਆਂ ਨੇ ਯੂਨੀਵਰਸਿਟੀ ਕੈਂਪਸ ‘ਚ ਭੰਨਤੋੜ ਕੀਤੀ ਅਤੇ ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇ-44 ਨੂੰ ਜਾਮ ਕਰ ਦਿੱਤਾ। ਇਸ ਕਾਰਨ ਹਾਈਵੇ ‘ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਤੇ ਆਵਾਜਾਈ ਨੂੰ ਬਦਲਵੇਂ ਰਸਤਿਆਂ ਵੱਲ ਮੋੜਨਾ ਪਿਆ।
ਸ਼ਾਮ ਨੂੰ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਹਾਈਵੇ ਖਾਲੀ ਕਰਵਾਉਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਪੁਲਿਸ ਤੇ ਵਿਦਿਆਰਥੀਆਂ ਵਿਚਕਾਰ ਝੜਪ ਹੋਈ। ਪੁਲਿਸ ‘ਤੇ ਪਥਰਾਅ ਕੀਤਾ ਗਿਆ ਤੇ ਕਈ ਪੁਲਿਸ ਵਾਹਨਾਂ ਨੂੰ ਨੁਕਸਾਨ ਪਹੁੰਚਿਆ। ਅਧਿਕਾਰੀਆਂ ਮੁਤਾਬਕ ਕੁਝ ਵਾਹਨਾਂ ਨੂੰ ਅੱਗ ਵੀ ਲਗਾਈ ਗਈ ਤੇ ਕਈ ਪੁਲਿਸ ਮੁਲਾਜ਼ਮ ਜ਼ਖਮੀ ਹੋਏ। ਹਾਲਾਤ ਵਿਗੜਨ ਤੋਂ ਬਾਅਦ ਵਾਧੂ ਪੁਲਿਸ ਬਲ ਬੁਲਾਇਆ ਗਿਆ। ਬਾਅਦ ‘ਚ ADGP ਐੱਮ.ਐੱਫ. ਫਾਰੂਕੀ ਦੀ ਅਗਵਾਈ ‘ਚ ਪੁਲਿਸ ਅਧਿਕਾਰੀਆਂ ਦੀ ਟੀਮ ਕੈਂਪਸ ਪਹੁੰਚੀ ਤੇ ਪੁਲਿਸ ਨੇ ਸਥਿਤੀ ਕਾਬੂ ‘ਚ ਹੋਣ ਦੀ ਗੱਲ ਕਹੀ।
ਹੁਣ ਦੋਵਾਂ ਯੂਨੀਵਰਸਿਟੀਆਂ ‘ਚ ਕੀ ਸਥਿਤੀ ਹੈ?
LPU ‘ਚ ਹਿੰਸਾ ਤੋਂ ਬਾਅਦ ਸੁਰੱਖਿਆ ਪ੍ਰਬੰਧ ਵਧਾ ਦਿੱਤੇ ਗਏ ਹਨ ਤੇ ਪੁਲਿਸ ਬਲ ਤਾਇਨਾਤ ਹੈ। ਪੁਲਿਸ ਵੱਲੋਂ ਫਲੈਗ ਮਾਰਚ ਵੀ ਕੀਤਾ ਜਾ ਰਿਹਾ ਹੈ। ਹਾਈਵੇ ‘ਤੇ ਆਵਾਜਾਈ ਬਹਾਲ ਕਰ ਦਿੱਤੀ ਗਈ ਹੈ। ਯੂਨੀਵਰਸਿਟੀ ਨੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ 28 ਸਤੰਬਰ ਤੋਂ 10 ਦਿਨਾਂ ਲਈ ਨਿਯਮਤ ਕਲਾਸਾਂ ਮੁਅੱਤਲ ਕਰ ਦਿੱਤੀਆਂ ਹਨ। ਮਿਡ-ਟਰਮ ਪ੍ਰੀਖਿਆਵਾਂ ਵੀ ਅਗਲੀ ਸੂਚਨਾ ਤੱਕ ਟਾਲ ਦਿੱਤੀਆਂ ਗਈਆਂ ਹਨ। ਵਿਦਿਆਰਥੀਆਂ ਨੂੰ ਆਪਣੇ ਮਾਪਿਆਂ ਨਾਲ ਸਲਾਹ ਕਰਕੇ ਘਰ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ, ਜਦਕਿ ਕੈਂਪਸ ‘ਚ ਰਹਿਣ ਵਾਲਿਆਂ ਨੂੰ ਹੋਸਟਲ ਜਾਂ ਰਿਹਾਇਸ਼ ‘ਤੇ ਰਹਿਣ ਅਤੇ ਬਿਨਾਂ ਲੋੜ ਵਾਲੀਆਂ ਗਤੀਵਿਧੀਆਂ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ।
ਦੂਜੇ ਪਾਸੇ, ਚਿਤਕਾਰਾ ‘ਚ ਵੀ ਯੂਨੀਵਰਸਿਟੀ ਨੇ ਅਸਥਾਈ ਤੌਰ ‘ਤੇ ਅਕਾਦਮਿਕ ਗਤੀਵਿਧੀਆਂ ਰੋਕ ਦਿੱਤੀਆਂ ਹਨ। ਉੱਥੇ ਪੁਲਿਸ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਦਾ ਜ਼ੋਰ ਇਸ ਗੱਲ ‘ਤੇ ਹੈ ਕਿ ਸੋਸ਼ਲ ਮੀਡੀਆ ‘ਤੇ ਫੈਲਾਏ ਗਏ ਅਪੁਸ਼ਟ ਦਾਅਵਿਆਂ ਕਾਰਨ ਮੁੜ ਤਣਾਅ ਨਾ ਵਧੇ।
