ਪੰਜਾਬ ‘ਚ ਨਹੀਂ ਰੁੱਕ ਰਿਹਾ ਪਰਾਲੀ ਸਾੜਣ ਦਾ ਸਿਲਸਿਲਾ, ਹੁਣ ਤੱਕ 116 ਕੇਸ ਦਰਜ
Punjab Stubble Burning: ਪੰਜਾਬ ਵਿੱਚ ਮੌਸਮ ਸਾਫ਼ ਹੁੰਦਿਆਂ ਹੀ ਪਰਾਲੀ ਸਾੜਨ ਦੇ ਮਾਮਲੇ ਮੁੜ ਵਧ ਗਏ ਹਨ। ਹੁਣ ਤੱਕ ਕੁੱਲ 116 ਕੇਸ ਦਰਜ ਹੋਏ ਹਨ, ਜਿਸ ਵਿੱਚ ਅੰਮ੍ਰਿਤਸਰ ਜ਼ਿਲ੍ਹਾ ਸਭ ਤੋਂ ਅੱਗੇ ਹੈ। ਸਰਕਾਰ ਅਤੇ ਪੀਪੀਸੀਬੀ ਵੱਲੋਂ ਪਰਾਲੀ ਸਾੜਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।
ਪੰਜਾਬ ਵਿੱਚ ਮੌਸਮ ਖੁਸ਼ਕ ਹੁੰਦੀਆਂ ਹੀ ਖੇਤਾਂ ਵਿੱਚ ਫਿਰ ਪਰਾਲੀ ਸਾੜਨ ਦਾ ਸਿਲਸਿਲਾ ਮੁੜ ਸ਼ੁਰੂ ਹੋ ਗਿਆ ਹੈ। ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਪਰਾਲੀ ਸਾੜਨ ਦੇ 21 ਮਾਮਲੇ ਸਾਹਮਣੇ ਆਏ ਹਨ। ਜਿਸ ਨਾਲ ਕੁੱਲ ਗਿਣਤੀ 116 ਹੋ ਗਈ। ਅੰਮ੍ਰਿਤਸਰ ਜ਼ਿਲ੍ਹਾ 62 ਮਾਮਲਿਆਂ ਦੇ ਨਾਲ ਪਰਾਲੀ ਸਾੜਨ ਵਿੱਚ ਸਭ ਤੋਂ ਅੱਗੇ ਹੈ। ਪੀਪੀਸੀਬੀ ਅਤੇ ਸਰਕਾਰ ਨੇ ਵੀ ਪਰਾਲੀ ਸਾੜਨ ਵਾਲਿਆਂ ਖਿਲਾਫ ਆਪਣੀ ਕਾਰਵਾਈ ਤੇਜ਼ ਕਰ ਦਿੱਤੀ ਹੈ।
ਇਸ ਸੀਜ਼ਨ ਵਿੱਚ ਹੁਣ ਤੱਕ, 57 ਮਾਮਲਿਆਂ ਵਿੱਚ ਕੁੱਲ 2.75 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਇਸ ਵਿੱਚੋਂ 2.20 ਲੱਖ ਰੁਪਏ ਦੀ ਵਸੂਲੀ ਕੀਤੀ ਗਈ ਹੈ। ਸੀਆਰਪੀਸੀ ਦੀ ਧਾਰਾ 223 ਦੇ ਤਹਿਤ 60 ਮਾਮਲਿਆਂ ਵਿੱਚ ਐਫਆਈਆਰ ਦਰਜ ਕੀਤੀਆਂ ਗਈਆਂ ਹਨ ਅਤੇ 38 ਲਾਲ ਐਂਟਰੀਆਂ ਦਰਜ ਕੀਤੀਆਂ ਗਈਆਂ ਹਨ।
ਪੰਜਾਬ ਵਿੱਚ 30 ਸਤੰਬਰ ਤੋਂ ਲੈ ਕੇ 10 ਦਿਨਾਂ ਤੱਕ ਪਰਾਲੀ ਸਾੜਨ ਦਾ ਇੱਕ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ। ਇਸ ਸਮੇਂ ਦੌਰਾਨ ਕੁਝ ਦਿਨ ਮੀਂਹ ਵੀ ਪਿਆ। ਇਸ ਨਾਲ ਸਰਕਾਰ ਅਤੇ ਪੀਪੀਸੀਬੀ ਨੂੰ ਰਾਹਤ ਮਿਲੀ, ਪਰ ਮੌਸਮ ਸਾਫ਼ ਹੋਣ ਦੇ ਨਾਲ ਪਰਾਲੀ ਸਾੜਨਾ ਦਾ ਮਾਮਲਾ ਦੁਬਾਰਾ ਸ਼ੁਰੂ ਹੋ ਗਿਆ ਹੈ। ਸ਼ੁੱਕਰਵਾਰ ਨੂੰ ਪੰਜਾਬ ਵਿੱਚ ਪਰਾਲੀ ਸਾੜਨ ਦੇ ਸੱਤ ਨਵੇਂ ਮਾਮਲੇ ਸਾਹਮਣੇ ਆਏ ਹਨ ਜਦੋਂ ਕਿ ਸ਼ਨੀਵਾਰ ਨੂੰ, 14 ਮਾਮਲੇ ਸਾਹਮਣੇ ਆਏ।
ਜਾਣੋ ਕਿੱਥੋਂ ਕਿੰਨੇ ਮਾਮਲੇ?
ਅੰਮ੍ਰਿਤਸਰ ਵਿੱਚ ਹੁਣ ਤੱਕ ਸਭ ਤੋਂ ਵੱਧ 62 ਮਾਮਲੇ ਸਾਹਮਣੇ ਆਏ ਹਨ, ਇਸ ਤੋਂ ਬਾਅਦ ਤਰਨਤਾਰਨ ਵਿੱਚ 21, ਪਟਿਆਲਾ ਵਿੱਚ 10, ਬਰਨਾਲਾ ਵਿੱਚ ਤਿੰਨ, ਬਠਿੰਡਾ, ਫਰੀਦਕੋਟ, ਫਾਜ਼ਿਲਕਾ, ਫਿਰੋਜ਼ਪੁਰ ਅਤੇ ਜਲੰਧਰ ਵਿੱਚ ਇੱਕ-ਇੱਕ, ਕਪੂਰਥਲਾ ਵਿੱਚ ਤਿੰਨ, ਮਲੇਰਕੋਟਲਾ ਵਿੱਚ ਚਾਰ, ਹੁਸ਼ਿਆਰਪੁਰ ਵਿੱਚ ਦੋ, ਸੰਗਰੂਰ ਵਿੱਚ ਤਿੰਨ ਅਤੇ ਐਸਏਐਸ ਨਗਰ ਵਿੱਚ ਇੱਕ ਕੇਸ ਸਾਹਮਣੇ ਆਇਆ ਹੈ।
ਪਰਾਲੀ ਨਾ ਸਾੜਨ ਬਾਰੇ ਕੀਤਾ ਜਾ ਰਿਹਾ ਜਾਗਰੂਕ
ਪੀਪੀਸੀਬੀ ਦੇ ਅਧਿਕਾਰੀਆਂ ਅਨੁਸਾਰ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਬਾਰੇ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਦੇ ਬਾਵਜੂਦ, ਪਰਾਲੀ ਸਾੜਨ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਵਾਰ ਪੂਰੇ ਸੀਜ਼ਨ ਦੌਰਾਨ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਪਿਛਲੇ ਸਾਲਾਂ ਦੇ ਮੁਕਾਬਲੇ ਕਾਫ਼ੀ ਕਮੀ ਆ ਸਕਦੀ ਹੈ।
