ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਦੇ ਉੜੀ ਤੋਂ ਕਾਬੂ ਕੀਤੇ ਪੰਜ ਤਸਕਰ, 11 ਲੱਖ ਦੀ ਨਕਦੀ ਤੇ ਹਥਿਆਰ ਵੀ ਬਰਾਮਦ
Drug Smuggler Arrestted: ਪੁਲਿਸ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਅਮਰੀਕਾ ਵਿੱਚ ਰਹਿ ਰਹੇ ਇੱਕ ਵਿਅਕਤੀ ਦੇ ਇਸ਼ਾਰੇ 'ਤੇ ਪੰਜਾਬ ਅਤੇ ਜੰਮੂ-ਕਸ਼ਮੀਰ ਵਿੱਚ ਹੈਰੋਇਨ ਅਤੇ ਹਥਿਆਰਾਂ ਦਾ ਨੈੱਟਵਰਕ ਬਣਾਇਆ ਗਿਆ ਹੈ। ਪੁਲਿਸ ਮਾਮਲੇ ਦੀ ਡੁੰਘਾਈ ਨਾਲ ਪੜਤਾਲ ਕਰ ਰਹੀ ਹੈ।
ਗੁਰਦਾਸਪੁਰ ਪੁਲਿਸ ਨੇ ਜੰਮੂ-ਕਸ਼ਮੀਰ ਦੇ ਉੜੀ ਇਲਾਕੇ ‘ਚ ਨਾਰਕੋ ਟੈਰਰ ਨੈੱਟਵਰਕ (Narco Terror Network) ਦਾ ਪਰਦਾਫਾਸ਼ ਕਰਦਿਆਂ ਹੈਰੋਇਨ ਅਤੇ ਹਥਿਆਰ ਸਪਲਾਈ ਕਰਨ ਵਾਲੇ ਪੰਜ ਤਸਕਰ ਵੀ ਕਾਬੂ ਕੀਤੇ ਗਏ ਹਨ। ਪੁਲਿਸ ਨੇ ਤਸਕਰਾਂ ਕੋਲੋਂ 11.20 ਲੱਖ ਰੁਪਏ ਦੀ ਨਕਦੀ, ਇੱਕ ਗਲੋਕ ਪਿਸਤੌਲ, ਦੋ ਮੈਗਜ਼ੀਨ ਅਤੇ 46 ਕਾਰਤੂਸ ਵੀ ਬਰਾਮਦ ਕੀਤੇ ਹਨ। ਪੁਲਿਸ ਨੇ ਇਹ ਕਾਰਵਾਈ 27 ਜੁਲਾਈ ਨੂੰ ਆਈਪੀਐਸ ਅਧਿਕਾਰੀ ਅਤੇ ਦੀਨਾਨਗਰ ਦੇ ਏਐਸਪੀ ਅਦਿੱਤਿਆ ਵਾਰੀਅਰ ਦੀ ਅਗਵਾਈ ਵਿੱਚ 18 ਕਿਲੋ ਹੈਰੋਇਨ ਬਰਾਮਦ ਕਰਨ ਤੋਂ ਬਾਅਦ ਜਾਂਚ ਦੌਰਾਨ ਸਾਹਮਣੇ ਆਈ ਸੂਚਨਾ ਦੇ ਆਧਾਰ ਤੇ ਕੀਤੀ ਹੈ।
ਇਸ ਸਬੰਧੀ ਡੀਆਈਜੀ ਨਰਿੰਦਰ ਭਾਰਗਵ (DIG Narender Bhargav) ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਦੀ ਪਛਾਣ ਰਵੀਲ ਕਟਾਰੀਆ ਵਾਸੀ ਪਿੰਡ ਮਾਰੀਆ ਕਮਾਲਕੋਟ, ਉੜੀ, ਇਮਤਿਆਜ਼ ਅਹਿਮਦ ਵਾਸੀ ਪਿੰਡ ਢਾਣੀ ਸਿਦਾਨ, ਉਸ ਦੇ ਭਰਾ ਮੁਖਤਿਆਰ ਅਹਿਮਦ, ਫਿਆਜ਼ ਅਹਿਮਦ ਅਤੇ ਨਫੀਜ਼ ਅਹਿਮਦ ਮੁਹੰਮਦ ਲਤੀਫ ਵਾਸੀ ਪਿੰਡ ਢਾਣੀ ਵਜੋਂ ਕੀਤੀ ਹੈ। ਡੀਆਈਜੀ ਨਰਿੰਦਰ ਭਾਰਗਵ ਨੇ ਦੱਸਿਆ ਕਿ ਹੈਰੋਇਨ ਅਤੇ ਹਥਿਆਰਾਂ ਦੀ ਖਰੀਦਦਾਰੀ ਕਰਨ ਵਾਲੇ ਗਰੋਹ ਦੇ ਹੋਰ ਮੈਂਬਰਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ। ਪੁਲਿਸ ਨੇ ਇਨ੍ਹਾਂ ਦੀ ਗ੍ਰਿਫ਼ਤਾਰੀ ਵਿੱਚ ਫ਼ੌਜ ਦੀ ਮਦਦ ਵੀ ਲਈ।
ਪੰਜਾਬ ਵਿੱਚ ਸਪਲਾਈ ਕੀਤੀ ਜਾਣੀ ਸੀ ਇਹ ਖੇਪ
ਉਨ੍ਹਾਂ ਦੱਸਿਆ ਕਿ ਗੁਰਦਾਸਪੁਰ ਪੁਲਿਸ ਬੀਤੀ ਨੇ 27 ਜੁਲਾਈ ਨੂੰ ਸੰਦੀਪ ਕੌਰ, ਕੁਲਦੀਪ ਸਿੰਘ ਅਤੇ ਵਿਕਰਮ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 18 ਕਿਲੋ ਹੈਰੋਇਨ ਬਰਾਮਦ ਕੀਤੀ ਸੀ। ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਸੀ ਕਿ ਇਹ ਖੇਪ ਉਨ੍ਹਾਂ ਨੂੰ ਜੰਮੂ-ਕਸ਼ਮੀਰ ਦੇ ਸਮੱਗਲਰਾਂ ਵੱਲੋਂ ਪੰਜਾਬ ਵਿੱਚ ਸਪਲਾਈ ਕਰਨ ਲਈ ਦਿੱਤੀ ਗਈ ਸੀ। ਇਸ ਤੋਂ ਬਾਅਦ ਐਸਐਸਪੀ ਗੁਰਦਾਸਪੁਰ ਹਰੀਸ਼ ਕੁਮਾਰ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਜੰਮੂ-ਕਸ਼ਮੀਰ ਦੇ ਉੜੀ ਇਲਾਕੇ ਵਿੱਚ ਛਾਪੇਮਾਰੀ ਕੀਤੀ।
ਇਹ ਵੀ ਪੜ੍ਹੋ
ਐਸਐਸਪੀ ਨੇ ਕਾਰਵਾਈ ਵਿੱਚ ਫੌਜ ਦੇ ਅਧਿਕਾਰੀਆਂ ਨਾਲ ਗੱਲ ਕਰਕੇ ਫੌਜ ਦੀ ਟੁਕੜੀ ਦਾ ਸਹਿਯੋਗ ਲਿਆ ਅਤੇ ਮੰਗਲਵਾਰ ਸ਼ਾਮ ਤੱਕ ਚਾਰ ਤਸਕਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਕਾਰਵਾਈ ਵਿੱਚ ਰਵੀਲ ਕਟਾਰੀਆ ਵਾਸੀ ਕਮਾਲ ਕੋਟ, ਨਫੀਜ਼, ਮੁਖਤਿਆਰ ਅਹਿਮਦ ਅਤੇ ਫੈਜ਼ ਮੁਹੰਮਦ ਵਾਸੀ ਪਿੰਡ ਢਾਣੀ ਸਯਾਦਨ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਦੋਂਕਿ ਇੱਕ ਹੋਰ ਮੁਲਜ਼ਮ ਇਮਤਿਆਜ਼ ਅਹਿਮਦ ਨੂੰ ਬਾਰਾਮੂਲਾ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ਤੇ ਹਿਰਾਸਤ ਵਿੱਚ ਲਿਆ ਗਿਆ।
ਪਾਕਿਸਤਾਨੀ ਸਮੱਗਲਰਾਂ ਨਾਲ ਸੰਪਰਕ
ਪੰਜੋਂ ਮੁਲਜ਼ਮ ਪਾਕਿਸਤਾਨ ਨਾਲ ਲੱਗਦੇ ਪੰਜਾਬ ਦੇ ਸਰਹੱਦੀ ਪਿੰਡਾਂ ਦੇ ਕਈ ਤਸਕਰਾਂ ਦੇ ਸੰਪਰਕ ਵਿੱਚ ਹਨ। ਉਹ ਪਹਿਲਾਂ ਵੀ ਜੰਮੂ-ਕਸ਼ਮੀਰ ਤੋਂ ਪੰਜਾਬ ਨੂੰ ਹੈਰੋਇਨ ਦੀ ਖੇਪ ਸਪਲਾਈ ਕਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੇ ਮੋਬਾਈਲ ਤੋਂ ਮੋਗਾ ਦੇ ਇੱਕ ਸ਼ੱਕੀ ਵਿਅਕਤੀ ਦਾ ਨੰਬਰ ਵੀ ਮਿਲਿਆ ਹੈ, ਜੋ ਇਸ ਸਮੇਂ ਅਮਰੀਕਾ ਵਿੱਚ ਰਹਿੰਦਾ ਹੈ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ