ਪੰਜਾਬ ‘ਚ ਰੇਲਵੇ ਟ੍ਰੈਕ ਬਲਾਸਟ ਦੀ ਸਾਜ਼ਿਸ਼ ਰਚਣ ਵਾਲੇ 2 ਖ਼ਾਲਿਸਤਾਨੀ ਅੱਤਵਾਦੀ ਮਲੇਸ਼ੀਆ ਤੋਂ ਡਿਪੋਰਟ, ਦਿੱਲੀ ‘ਚ ਚੜ੍ਹੇ ਪੁਲਿਸ ਹੱਥ
ਪੰਜਾਬ ਪੁਲਿਸ ਨੇ ਇੱਕ ਵੱਡੀ ਅੰਤਰਰਾਸ਼ਟਰੀ ਸਫ਼ਲਤਾ ਹਾਸਲ ਕਰਦਿਆਂ ਕੇਂਦਰੀ ਏਜੰਸੀਆਂ ਅਤੇ ਰਾਇਲ ਮਲੇਸ਼ੀਆ ਪੁਲਿਸ (RMP) ਦੇ ਸਹਿਯੋਗ ਨਾਲ ਪਾਬੰਦੀਸ਼ੁਦਾ ਸੰਗਠਨ 'ਖਾਲਿਸਤਾਨ ਜ਼ਿੰਦਾਬਾਦ ਫੋਰਸ' (KZF) ਨਾਲ ਜੁੜੇ ਦੋ ਖ਼ਤਰਨਾਕ ਅੱਤਵਾਦੀਆਂ ਨੂੰ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ।
ਪੰਜਾਬ ਪੁਲਿਸ ਨੇ ਇੱਕ ਵੱਡੀ ਅੰਤਰਰਾਸ਼ਟਰੀ ਸਫ਼ਲਤਾ ਹਾਸਲ ਕਰਦਿਆਂ ਕੇਂਦਰੀ ਏਜੰਸੀਆਂ ਅਤੇ ਰਾਇਲ ਮਲੇਸ਼ੀਆ ਪੁਲਿਸ (RMP) ਦੇ ਸਹਿਯੋਗ ਨਾਲ ਪਾਬੰਦੀਸ਼ੁਦਾ ਸੰਗਠਨ ‘ਖਾਲਿਸਤਾਨ ਜ਼ਿੰਦਾਬਾਦ ਫੋਰਸ’ (KZF) ਨਾਲ ਜੁੜੇ ਦੋ ਖ਼ਤਰਨਾਕ ਅੱਤਵਾਦੀਆਂ ਨੂੰ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਇੱਕ ਗੁਪਤ ਸੂਚਨਾ ਦੇ ਅਧਾਰ ‘ਤੇ ਚਲਾਏ ਗਏ ਵਿਸ਼ੇਸ਼ ਇੰਟੈਲੀਜੈਂਸ ਆਪ੍ਰੇਸ਼ਨ ਤਹਿਤ ਇਨ੍ਹਾਂ ਦੋਵਾਂ ਨੂੰ ਮਲੇਸ਼ੀਆ ਤੋਂ ਡਿਪੋਰਟ ਕਰਵਾ ਕੇ ਭਾਰਤ ਲਿਆਂਦਾ ਗਿਆ ਹੈ।
ਇਸ ਵੱਡੀ ਕਾਰਵਾਈ ਦੀ ਪੁਸ਼ਟੀ ਕਰਦਿਆਂ ਪੰਜਾਬ ਦੇ ਡੀਜੀਪੀ (DGP) ਗੌਰਵ ਯਾਦਵ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਨੂੰ ਪੰਜਾਬ ਪੁਲਿਸ ਦੀਆਂ ਕੋਸ਼ਿਸ਼ਾਂ ਸਦਕਾ ਮਲੇਸ਼ੀਆ ਸਰਕਾਰ ਵੱਲੋਂ ਭਾਰਤ ਡਿਪੋਰਟ ਕਰਵਾਇਆ ਗਿਆ ਸੀ, ਜਿਸ ਤੋਂ ਤੁਰੰਤ ਬਾਅਦ ਉਨ੍ਹਾਂ ਨੂੰ ਦਿੱਲੀ ਏਅਰਪੋਰਟ ‘ਤੇ ਹਿਰਾਸਤ ਵਿੱਚ ਲੈ ਲਿਆ ਗਿਆ।
ਗ੍ਰਿਫ਼ਤਾਰ ਅੱਤਵਾਦੀਆਂ ਦੀ ਹੋਈ ਪਛਾਣ
ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਦੋਵਾਂ ਅੱਤਵਾਦੀਆਂ ਦੀ ਪਛਾਣ ਅੰਬਾਲਾ ਦੇ ਰਹਿਣ ਵਾਲੇ ਗੁਰਵਿੰਦਰ ਸਿੰਘ ਅਤੇ ਪਟਿਆਲਾ ਦੇ ਰਹਿਣ ਵਾਲੇ ਮਨਜੀਤ ਸਿੰਘ ਵਜੋਂ ਹੋਈ ਹੈ। ਇਹ ਦੋਵੇਂ ਮੁਲਜ਼ਮ ਮਲੇਸ਼ੀਆ ਵਿੱਚ ਬੈਠ ਕੇ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਸਮਰਥਨ ਵਾਲੇ ਅੱਤਵਾਦੀ ਮੋਡੀਊਲ ਦੇ ਮੁੱਖ ਨੈੱਟਵਰਕ ਵਜੋਂ ਸਰਗਰਮ ਸਨ। ਇਹ ਦੋਵੇਂ ਭਾਰਤ ਵਿਰੋਧੀ ਅਤੇ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਫੰਡਿੰਗ ਕਰਨ ਦਾ ਕੰਮ ਕਰ ਰਹੇ ਸਨ।
ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਦੋਵੇਂ ਅੱਤਵਾਦੀ ਪੰਜਾਬ ਵਿੱਚ ਮਹੱਤਵਪੂਰਨ ਰੇਲਵੇ ਬੁਨਿਆਦੀ ਢਾਂਚੇ, ਖ਼ਾਸ ਕਰਕੇ ‘ਡੇਡੀਕੇਟਿਡ ਫ੍ਰੇਟ ਕੋਰੀਡੋਰ’ ਨੂੰ ਨਿਸ਼ਾਨਾ ਬਣਾਉਣ ਦੀ ਇੱਕ ਵੱਡੀ ਸਾਜ਼ਿਸ਼ ਵਿੱਚ ਸ਼ਾਮਲ ਸਨ। ਪੰਜਾਬ ਪੁਲਿਸ ਨੇ ਇਸੇ ਸਾਲ 23 ਜਨਵਰੀ ਨੂੰ ਸਰਹਿੰਦ (ਫ਼ਤਹਿਗੜ੍ਹ ਸਾਹਿਬ) ਦੇ ਨੇੜੇ ਰੇਲਵੇ ਫ੍ਰੇਟ ਕੋਰੀਡੋਰ ਲਾਈਨ ‘ਤੇ ਹੋਏ ਆਈਈਡੀ (IED) ਬਲਾਸਟ ਅਤੇ 27 ਅਪ੍ਰੈਲ ਨੂੰ ਪਟਿਆਲਾ ਦੇ ਸ਼ੰਭੂ ਨੇੜੇ ਇਸੇ ਕੋਰੀਡੋਰ ‘ਤੇ ਧਮਾਕਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਅੱਤਵਾਦੀ ਮੋਡੀਊਲ ਦਾ ਪਰਦਾਫਾਸ਼ ਕੀਤਾ ਸੀ।
ਫ਼ਤਹਿਗੜ੍ਹ ਸਾਹਿਬ ਅਤੇ ਸ਼ੰਭੂ ਬਲਾਸਟ ਮਾਮਲੇ ਵਿੱਚ ਕੀਤੀ ਸੀ ਟੈਰਰ ਫੰਡਿੰਗ
ਫ਼ਤਹਿਗੜ੍ਹ ਸਾਹਿਬ ਅਤੇ ਪਟਿਆਲਾ ਦੇ ਸ਼ੰਭੂ ਵਿਖੇ ਹੋਏ ਬੰਬ ਧਮਾਕਿਆਂ ਦੀ ਬਾਰੀਕੀ ਨਾਲ ਕੀਤੀ ਗਈ ਜਾਂਚ ਦੌਰਾਨ ਪੁਲਿਸ ਨੇ ਪਹਿਲਾਂ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਕੋਲੋਂ ਭਾਰੀ ਮਾਤਰਾ ਵਿੱਚ ਫ਼ੌਜੀ ਹਥਿਆਰ ਅਤੇ ਵਿਸਫੋਟਕ ਸਮੱਗਰੀ ਬਰਾਮਦ ਹੋਈ ਸੀ, ਜਿਸ ਵਿੱਚ ਇੱਕ ਆਰਪੀਜੀ (RPG) ਲਾਂਚਰ, ਇੱਕ ਆਈਈਡੀ (IED), ਆਰਡੀਐਕਸ (RDX), ਹੈਂਡ ਗ੍ਰੇਨੇਡ ਅਤੇ ਜਿਊਂਦੇ ਕਾਰਤੂਸਾਂ ਸਮੇਤ ਕਈ ਆਧੁਨਿਕ ਪਿਸਤੌਲਾਂ ਸ਼ਾਮਲ ਸਨ। ਪੁਲਿਸ ਜਾਂਚ ਮੁਤਾਬਕ ਇਸ ਪੂਰੇ ਘਟਨਾਕ੍ਰਮ ਅਤੇ ਹਥਿਆਰਾਂ ਦੀ ਖ਼ਰੀਦੋ-ਫ਼ਰੋਖ਼ਤ ਲਈ ਮਲੇਸ਼ੀਆ ਤੋਂ ਇਨ੍ਹਾਂ ਹੀ ਦੋਵਾਂ ਅੱਤਵਾਦੀਆਂ (ਗੁਰਵਿੰਦਰ ਅਤੇ ਮਨਜੀਤ) ਨੇ ਫੰਡਿੰਗ ਕੀਤੀ ਸੀ।
ਇਹ ਵੀ ਪੜ੍ਹੋ
ਵਿਦੇਸ਼ੀ ਬੈਂਕ ਖਾਤਿਆਂ ਰਾਹੀਂ ਭੇਜਿਆ ਜਾ ਰਿਹਾ ਸੀ ਪੈਸਾ
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਇਸ ਅੰਤਰਰਾਸ਼ਟਰੀ ਸਾਜ਼ਿਸ਼ ਦੀ ਡੂੰਘਾਈ ਨਾਲ ਜਾਂਚ ਦੌਰਾਨ ਮਲੇਸ਼ੀਆ ਤੋਂ ਸਰਗਰਮ ਕੇਜ਼ੈੱਡਐੱਫ (KZF) ਦੇ ਹੈਂਡਲਰਾਂ ਅਤੇ ਫੰਡ ਮੁਹੱਈਆ ਕਰਵਾਉਣ ਵਾਲਿਆਂ ਦੇ ਆਪਸੀ ਸਬੰਧਾਂ ਦਾ ਖ਼ੁਲਾਸਾ ਹੋਇਆ ਸੀ। ਡਿਪੋਰਟ ਕੀਤੇ ਗਏ ਇਹ ਦੋਵੇਂ ਮੁਲਜ਼ਮ ਵੱਖ-ਵੱਖ ਵਿਦੇਸ਼ੀ ਬੈਂਕ ਖਾਤਿਆਂ ਦੀ ਵਰਤੋਂ ਕਰਕੇ ਪੰਜਾਬ ਵਿੱਚ ਮੌਜੂਦ ਕੇਜ਼ੈੱਡਐੱਫ ਦੇ ਗੁਰਗਿਆਂ ਨੂੰ ਟੈਰਰ ਫੰਡਿੰਗ ਭੇਜਣ ਵਿੱਚ ਮੁੱਖ ਭੂਮਿਕਾ ਨਿਭਾ ਰਹੇ ਸਨ, ਤਾਂ ਜੋ ਸੂਬੇ ਵਿੱਚ ਵੱਡੇ ਅੱਤਵਾਦੀ ਹਮਲਿਆਂ ਨੂੰ ਅੰਜਾਮ ਦੇ ਕੇ ਅਮਨ-ਕਾਨੂੰਨ ਦੀ ਸਥਿਤੀ ਅਤੇ ਭਾਈਚਾਰਕ ਸਾਂਝ ਨੂੰ ਭੰਗ ਕੀਤਾ ਜਾ ਸਕੇ।
ਅਦਾਲਤ ਵੱਲੋਂ ਮਿਲਿਆ ਪੁਲਿਸ ਰਿਮਾਂਡ
ਗ੍ਰਿਫ਼ਤਾਰੀ ਤੋਂ ਬਾਅਦ ਦੋਵਾਂ ਮੁਲਜ਼ਮਾਂ ਨੂੰ ਪਟਿਆਲਾ ਦੀ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਅਦਾਲਤ ਨੇ ਉਨ੍ਹਾਂ ਨੂੰ ਅਗਲੇਰੀ ਪੁੱਛਗਿੱਛ ਲਈ ਪੁਲਿਸ ਹਿਰਾਸਤ (ਰਿਮਾਂਡ) ‘ਤੇ ਭੇਜ ਦਿੱਤਾ ਹੈ। ਪੁਲਿਸ ਮੁਤਾਬਕ ਇਸ ਪੂਰੀ ਦੇਸ਼ ਵਿਰੋਧੀ ਸਾਜ਼ਿਸ਼ ਵਿੱਚ ਸ਼ਾਮਲ ਹੋਰਨਾਂ ਸਥਾਨਕ ਅਤੇ ਵਿਦੇਸ਼ੀ ਲੋਕਾਂ ਦੀ ਪਛਾਣ ਕਰਨ ਅਤੇ ਇਸ ਪੂਰੇ ਅੱਤਵਾਦੀ ਨੈੱਟਵਰਕ ਨੂੰ ਜੜ੍ਹੋਂ ਖ਼ਤਮ ਕਰਨ ਲਈ ਜਾਂਚ ਤੇਜ਼ੀ ਨਾਲ ਚੱਲ ਰਹੀ ਹੈ। ਪੰਜਾਬ ਪੁਲਿਸ ਸੂਬੇ ਵਿੱਚੋਂ ਅੱਤਵਾਦੀ ਤੰਤਰ ਨੂੰ ਖ਼ਤਮ ਕਰਨ, ਟੈਰਰ ਫੰਡਿੰਗ ਦੇ ਸਾਰੇ ਰਸਤੇ ਬੰਦ ਕਰਨ ਅਤੇ ਪੰਜਾਬ ਦੀ ਸ਼ਾਂਤੀ, ਸੁਰੱਖਿਆ ਤੇ ਆਪਸੀ ਭਾਈਚਾਰੇ ਨੂੰ ਬਰਕਰਾਰ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
