ਕਰਨਪ੍ਰਯਾਗ ਘਟਨਾ ‘ਤੇ ਭੜਕੇ ਜਥੇਦਾਰ, ਉੱਤਰਾਖੰਡ ਸਰਕਾਰ ਤੇ ਹੇਮਕੁੰਟ ਸਾਹਿਬ ਟ੍ਰਸਟ ਨੂੰ ਦਿੱਤੀ ਸਖ਼ਤ ਚਿਤਾਵਨੀ

Published: 

19 Jun 2026 19:43 PM IST

ਉੱਤਰਾਖੰਡ ਦੇ ਕਰਨਪ੍ਰਯਾਗ ਵਿੱਚ ਸ੍ਰੀ ਹੇਮਕੁੰਟ ਸਾਹਿਬ ਦੀ ਪਵਿੱਤਰ ਯਾਤਰਾ ਤੋਂ ਪਰਤ ਰਹੇ ਸਿੱਖ ਸ਼ਰਧਾਲੂਆਂ 'ਤੇ ਹੋਏ ਹਮਲੇ ਅਤੇ ਉਸ ਤੋਂ ਬਾਅਦ ਉੱਤਰਾਖੰਡ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਦਾ ਗੰਭੀਰ ਨੋਟਿਸ ਲੈਂਦਿਆਂ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਖ਼ਤ ਰੁਖ਼ ਅਖਤਿਆਰ ਕੀਤਾ ਹੈ।

ਕਰਨਪ੍ਰਯਾਗ ਘਟਨਾ ਤੇ ਭੜਕੇ ਜਥੇਦਾਰ, ਉੱਤਰਾਖੰਡ ਸਰਕਾਰ ਤੇ ਹੇਮਕੁੰਟ ਸਾਹਿਬ ਟ੍ਰਸਟ ਨੂੰ ਦਿੱਤੀ ਸਖ਼ਤ ਚਿਤਾਵਨੀ

Photo Credit: @J_Harpreetsingh

ਉੱਤਰਾਖੰਡ ਦੇ ਕਰਨਪ੍ਰਯਾਗ ਵਿੱਚ ਸ੍ਰੀ ਹੇਮਕੁੰਟ ਸਾਹਿਬ ਦੀ ਪਵਿੱਤਰ ਯਾਤਰਾ ਤੋਂ ਪਰਤ ਰਹੇ ਸਿੱਖ ਸ਼ਰਧਾਲੂਆਂ ‘ਤੇ ਹੋਏ ਹਮਲੇ ਅਤੇ ਉਸ ਤੋਂ ਬਾਅਦ ਉੱਤਰਾਖੰਡ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਦਾ ਗੰਭੀਰ ਨੋਟਿਸ ਲੈਂਦਿਆਂ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਖ਼ਤ ਰੁਖ਼ ਅਖਤਿਆਰ ਕੀਤਾ ਹੈ।

ਜਥੇਦਾਰ ਨੇ ਇਸ ਮਾਮਲੇ ਵਿੱਚ ਉੱਤਰਾਖੰਡ ਦੀ ਭਾਜਪਾ ਸਰਕਾਰ ਅਤੇ ਗੁਰਦੁਆਰਾ ਪ੍ਰਬੰਧਕ ਟ੍ਰਸਟ ਦੋਵਾਂ ਦੇ ਖ਼ਿਲਾਫ਼ ਤਿੱਖੀ ਨਰਾਜ਼ਗੀ ਜ਼ਾਹਰ ਕੀਤੀ ਹੈ। ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਉੱਤਰਾਖੰਡ ਪੁਲਿਸ ਦੀ ਭੂਮਿਕਾ ‘ਤੇ ਸਵਾਲ ਚੁੱਕਦਿਆਂ ਇਸ ਕਾਰਵਾਈ ਨੂੰ ਪੂਰੀ ਤਰ੍ਹਾਂ ਇਕਪਾਸੜ ਕਰਾਰ ਦਿੱਤਾ ਹੈ। ਜਥੇਦਾਰ ਨੇ ਸਪੱਸ਼ਟ ਲਹਿਜੇ ਵਿੱਚ ਚਿਤਾਵਨੀ ਦਿੱਤੀ ਹੈ ਕਿ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਸਿੱਖ ਸ਼ਰਧਾਲੂਆਂ ਨਾਲ ਹੋਣ ਵਾਲੀਆਂ ਵਧੇਕੀਆਂ ਅਤੇ ਅਨਿਆਂ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਅਤੇ ਉੱਤਰਾਖੰਡ ਸਰਕਾਰ ਨੂੰ ਤਾਕੀਦ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਅਤੇ ਸੂਬੇ ਦੇ ਉੱਚ ਪੁਲਿਸ ਪ੍ਰਸ਼ਾਸਨ ਨੂੰ ਸਖ਼ਤ ਨਿਰਦੇਸ਼ ਜਾਰੀ ਕੀਤੇ ਹਨ।

ਨਿਰਪੱਖ ਜਾਂਚ ਦੀ ਮੰਗ: ਜਥੇਦਾਰ ਨੇ ਮੰਗ ਕੀਤੀ ਹੈ ਕਿ ਕਰਨਪ੍ਰਯਾਗ ਵਿੱਚ ਵਾਪਰੀ ਇਸ ਮੰਦਭਾਗੀ ਘਟਨਾ ਦੀ ਬਿਨਾਂ ਕਿਸੇ ਪੱਖਪਾਤ ਦੇ ਤੁਰੰਤ ਉੱਚ ਪੱਧਰੀ ਅਤੇ ਨਿਰਪੱਖ ਜਾਂਚ ਕਰਵਾਈ ਜਾਵੇ।

ਇਕਪਾਸੜ ਕਾਰਵਾਈ ‘ਤੇ ਰੋਕ: ਘਟਨਾ ਦੌਰਾਨ ਹੁੱਲੜਬਾਜ਼ੀ ਕਰਨ ਵਾਲੇ ਸਥਾਨਕ ਲੋਕਾਂ ਨੂੰ ਖੁੱਲ੍ਹਾ ਛੱਡ ਕੇ ਸਿਰਫ਼ ਪੰਜਾਬ ਤੋਂ ਗਏ ਸਿੱਖ ਸ਼ਰਧਾਲੂਆਂ ਨੂੰ ਨਿਸ਼ਾਨਾ ਬਣਾ ਕੇ ਕੀਤੀਆਂ ਜਾ ਰਹੀਆਂ ਗ੍ਰਿਫ਼ਤਾਰੀਆਂ ਅਤੇ ਕਾਨੂੰਨੀ ਕਾਰਵਾਈਆਂ ਨੂੰ ਫ਼ੌਰਨ ਬੰਦ ਕੀਤਾ ਜਾਵੇ।

ਸ਼ਰਧਾਲੂਆਂ ਦੀ ਸੁਰੱਖਿਆ ਦੀ ਗਾਰੰਟੀ: ਉੱਤਰਾਖੰਡ ਸਰਕਾਰ ਸੂਬੇ ਦੀ ਹੱਦ ਅੰਦਰ ਸ੍ਰੀ ਹੇਮਕੁੰਟ ਸਾਹਿਬ ਅਤੇ ਹੋਰਨਾਂ ਗੁਰਧਾਮਾਂ ਦੇ ਦਰਸ਼ਨਾਂ ਲਈ ਆਉਣ ਵਾਲੇ ਹਰ ਇੱਕ ਸਿੱਖ ਸ਼ਰਧਾਲੂ ਦੀ ਜਾਨ-ਮਾਲ ਦੀ ਸੁਰੱਖਿਆ ਦੀ ਪੂਰਨ ਜ਼ਿੰਮੇਵਾਰੀ ਖ਼ੁਦ ਲਵੇ।

ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟ੍ਰਸਟ ਨੂੰ ਲਗਾਈ ਫਿਟਕਾਰ

ਸਿਰਫ਼ ਗੋਲਕ ਤੱਕ ਸੀਮਤ ਨਾ ਰਹੇ ਪ੍ਰਬੰਧ: ਜਥੇਦਾਰ ਨੇ ਪ੍ਰਬੰਧਕਾਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਟ੍ਰਸਟ ਦੀ ਜ਼ਿੰਮੇਵਾਰੀ ਸਿਰਫ਼ ਗੁਰਦੁਆਰਾ ਸਾਹਿਬ ਦੇ ਫੰਡਾਂ ਨੂੰ ਇਕੱਠਾ ਕਰਨ ਅਤੇ ਗੋਲਕ ਸਾਂਭਣ ਤੱਕ ਹੀ ਸੀਮਤ ਨਹੀਂ ਹੋਣੀ ਚਾਹੀਦੀ।

ਮੂਕ ਦਰਸ਼ਕ ਬਣਨ ‘ਤੇ ਚੁੱਕੇ ਸਵਾਲ: ਜਦੋਂ ਵੀ ਰਸਤੇ ਵਿੱਚ ਸ਼ਰਧਾਲੂਆਂ ‘ਤੇ ਜਾਨਲੇਵਾ ਹਮਲੇ ਹੁੰਦੇ ਹਨ ਜਾਂ ਪ੍ਰਸ਼ਾਸਨ ਵੱਲੋਂ ਉਨ੍ਹਾਂ ‘ਤੇ ਝੂਠੇ ਮੁਕੱਦਮੇ ਦਰਜ ਕੀਤੇ ਜਾਂਦੇ ਹਨ, ਤਾਂ ਟ੍ਰਸਟ ਦੇ ਨੁਮਾਇੰਦੇ ਚੁੱਪੀ ਧਾਰ ਕੇ ਮੂਕ ਦਰਸ਼ਕ ਕਿਉਂ ਬਣੇ ਰਹਿੰਦੇ ਹਨ?

ਸੰਗਤ ਵੱਲੋਂ ਹਿਸਾਬ ਲੈਣ ਦੀ ਚਿਤਾਵਨੀ: ਜੇਕਰ ਟ੍ਰਸਟ ਨੇ ਸਿਆਸੀ ਦਬਾਅ ਹੇਠ ਆ ਕੇ ਪੀੜਤ ਸਿੱਖ ਸ਼ਰਧਾਲੂਆਂ ਦੀ ਅਦਾਲਤਾਂ ਵਿੱਚ ਕਾਨੂੰਨੀ ਪੈਰਵੀ ਨਾ ਕੀਤੀ, ਤਾਂ ਆਉਣ ਵਾਲੇ ਸਮੇਂ ਵਿੱਚ ਸਿੱਖ ਸੰਗਤ ਟ੍ਰਸਟ ਦੇ ਅਹੁਦੇਦਾਰਾਂ ਤੋਂ ਸਖ਼ਤੀ ਨਾਲ ਹਿਸਾਬ ਮੰਗੇਗੀ। ਜਥੇਦਾਰ ਨੇ ਸਾਫ਼ ਕੀਤਾ ਕਿ ਸੰਗਤ ਦੇ ਹੱਕਾਂ ਦੀ ਰਾਖੀ ਕਰਨਾ ਟ੍ਰਸਟ ਦਾ ਮੁਢਲਾ ਫ਼ਰਜ਼ ਹੈ।

ਕੀ ਸੀ ਕਰਨਪ੍ਰਯਾਗ ਦੀ ਅਸਲ ਘਟਨਾ?

ਜ਼ਿਕਰਯੋਗ ਹੈ ਕਿ ਬੀਤੀ 16 ਜੂਨ 2026 ਨੂੰ ਕਰਨਪ੍ਰਯਾਗ ਬਜ਼ਾਰ ਵਿੱਚ ਸਥਿਤ ਕ੍ਰਿਸ਼ਨਾ ਪੈਲੇਸ ਹੋਟਲ ਦੇ ਸਾਹਮਣੇ ਗੱਡੀ ਖੜ੍ਹੀ ਕਰਨ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਮਾਮੂਲੀ ਤਕਰਾਰ ਹੋਈ ਸੀ। ਇਹ ਬਹਿਸਬਾਜ਼ੀ ਵੇਖਦੇ ਹੀ ਵੇਖਦੇ ਖ਼ੂਨੀ ਸੰਘਰਸ਼ ਵਿੱਚ ਤਬਦੀਲ ਹੋ ਗਈ। ਇਸ ਝੜਪ ਦੌਰਾਨ ਕਥਿਤ ਤੌਰ ‘ਤੇ ਰਵਾਇਤੀ ਸ਼ਸਤਰਾਂ ਦੀ ਵਰਤੋਂ ਹੋਣ ਕਾਰਨ ਹੋਟਲ ਮਾਲਕ ਸਮੇਤ ਕਰੀਬ 4 ਤੋਂ 5 ਸਥਾਨਕ ਲੋਕ ਜ਼ਖਮੀ ਹੋ ਗਏ ਸਨ, ਜਿਨ੍ਹਾਂ ਵਿੱਚੋਂ ਇੱਕ ਵਿਅਕਤੀ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਉਣ ਲਈ ਐੇਅਰਲਿਫਟ ਕਰਨਾ ਪਿਆ।

ਇਸ ਘਟਨਾ ਤੋਂ ਗੁੱਸੇ ਵਿੱਚ ਆਏ ਸਥਾਨਕ ਵਪਾਰੀਆਂ ਅਤੇ ਨਿਵਾਸੀਆਂ ਨੇ ਬਦਰੀਨਾਥ ਰਾਸ਼ਟਰੀ ਸ਼ਾਹਰਾਹ (NH-07) ‘ਤੇ ਕਰੀਬ 4-5 ਘੰਟੇ ਲੰਮਾ ਜਾਮ ਲਗਾ ਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ, ਜਿਸ ਕਾਰਨ ਹੇਮਕੁੰਟ ਸਾਹਿਬ ਦੀ ਯਾਤਰਾ ਪੂਰੀ ਤਰ੍ਹਾਂ ਠੱਪ ਹੋ ਗਈ ਸੀ। ਬਾਅਦ ਵਿੱਚ ਪ੍ਰਸ਼ਾਸਨ ਦੇ ਭਰੋਸੇ ਤੋਂ ਬਾਅਦ ਜਾਮ ਖੋਲ੍ਹਿਆ ਗਿਆ। ਚਮੋਲੀ ਪੁਲਿਸ ਨੇ ਇਸ ਮਾਮਲੇ ਵਿੱਚ ਕਾਰਵਾਈ ਕਰਦਿਆਂ ਪੰਜਾਬ ਦੇ ਮੋਹਾਲੀ ਜ਼ਿਲ੍ਹੇ ਨਾਲ ਸਬੰਧਤ ਚਾਰ ਨਿਹੰਗ ਸਿੱਖ ਸ਼ਰਧਾਲੂਆਂ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸ ਨੂੰ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸਮੂਹ ਸਿੱਖ ਜਥੇਬੰਦੀਆਂ ਨੇ ਇਕਪਾਸੜ ਕਾਰਵਾਈ ਮੰਨਦਿਆਂ ਇਸ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ।

Follow Us