ਗੈਂਗਸਟਰ ਆਪਣੇ ਅੰਜ਼ਾਮ ਲਈ ਤਿਆਰ ਰਹਿਣ, ਲੁਧਿਆਣਾ ਤੇ ਅੰਮ੍ਰਿਤਸਰ ਐਨਕਾਊਂਟਰ ਤੋਂ ਬਾਅਦ ਧਾਲੀਵਾਲ ਦੀ ਚੇਤਾਵਨੀ
ਵਿਧਾਇਕ ਧਾਲੀਵਾਲ ਨੇ ਕਿਹਾ ਕਿ ਕਈ ਤਾਕਤਾਂ ਲੰਮੇ ਸਮੇਂ ਤੋਂ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ, ਪਰ ਭਗਵੰਤ ਮਾਨ ਸਰਕਾਰ ਦਾ ਦ੍ਰਿੜ ਨਿਸ਼ਚਾ ਹੈ ਕਿ ਨਾ ਕੋਈ ਗੈਂਗਸਟਰ, ਨਾ ਡਰੱਗ ਮਾਫੀਆ ਤੇ ਨਾ ਹੀ ਕੋਈ ਗੁੰਡਾ ਪੰਜਾਬ ਦੀ ਧਰਤੀ ਤੇ ਬਾਕੀ ਰਹਿਣ ਦਿੱਤਾ ਜਾਵੇਗਾ। ਧਾਲੀਵਾਲ ਨੇ ਕਿਹਾ ਕਿ ਪੰਜਾਬ ਪੁਲਿਸ ਪੂਰੀ ਤਰ੍ਹਾਂ ਸਖ਼ਤ ਹੈ ਤੇ ਪਿਛਲੇ ਦੋ ਦਿਨਾਂ 'ਚ ਮਿਲੇ ਨਤੀਜੇ ਇਸ ਗੱਲ ਦਾ ਸਬੂਤ ਹਨ ਕਿ ਅਮਨ-ਕਾਨੂੰਨ ਦੀ ਸਥਿਤੀ ਮਜ਼ਬੂਤ ਹੈ।
ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਸਾਬਕਾ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਲੁਧਿਆਣਾ ਤੇ ਅੰਮ੍ਰਿਤਸਰ ਚ ਪਿਛਲੇ ਦੋ ਦਿਨਾਂ ਦੌਰਾਨ ਗੈਂਗਸਟਰਾਂ ਨਾਲ ਪੁਲਿਸ ਵੱਲੋਂ ਕੀਤੀਆਂ ਵੱਡੀਆਂ ਕਾਰਵਾਈਆਂ ਨੂੰ ਕਾਬਿਲ-ਏ-ਤਾਰੀਫ਼ ਕਰਾਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਨਾ ਸਿਰਫ਼ ਗੈਂਗਸਟਰਾਂ ਨੂੰ ਮੁਕਾਬਲੇ ‘ਚ ਚਿਤ ਕੀਤਾ ਹੈ, ਸਗੋਂ ਪੰਜਾਬ ਦੇ ਅਮਨ ਨੂੰ ਖ਼ਰਾਬ ਕਰਨ ਵਾਲੀਆਂ ਤਾਕਤਾਂ ਨੂੰ ਵੀ ਸਪੱਸ਼ਟ ਚੇਤਾਵਨੀ ਦੇ ਦਿੱਤੀ ਹੈ।
ਧਾਲੀਵਾਲ ਨੇ ਦੱਸਿਆ ਕਿ ਅੰਮ੍ਰਿਤਸਰ ‘ਚ ਹੈਰੀ ਨਾਮ ਦੇ ਗੈਂਗਸਟਰ ਨੂੰ ਕੱਲ੍ਹ ਮੁਕਾਬਲੇ ਦੌਰਾਨ ਨਿਪਟਾਇਆ ਗਿਆ, ਜਿਸ ਦਾ ਸਬੰਧ ਦਿਨ ਦਿਹਾੜੇ ਬਾਜ਼ਾਰ ‘ਚ ਹੋਏ ਕਤਲ ਨਾਲ ਸੀ। ਜੋਬਨਪ੍ਰੀਤ ਸਿੰਘ ਨਾਮ ਦਾ ਸ਼ੂਟਰ ਵੀ ਪੁਲਿਸ ਮੁਕਾਬਲੇ ‘ਚ ਜ਼ਖ਼ਮੀ ਹੋਇਆ। ਇਸ ਤੋਂ ਇਲਾਵਾ, ਲੁਧਿਆਣਾ ਨੇੜੇ ਲਾਡੋਵਾਲ ‘ਚ ਹੋਏ ਤਾਜ਼ਾ ਮੁਕਾਬਲੇ ‘ਚ ਦੋ ਹੋਰ ਗੈਂਗਸਟਰ ਜ਼ਖ਼ਮੀ ਹੋਏ ਹਨ। ਧਾਲੀਵਾਲ ਮੁਤਾਬਕ, ਇਹ ਦੋਵੇਂ ਗੈਂਗਸਟਰ ਆਈਐਸਆਈ ਨਾਲ ਜੁੜੀ ਲਾਰੈਂਸ ਬਿਸਨੋਈ ਗਿਰੋਹ ਦੇ ਹਿੱਸੇਦਾਰ ਸਨ। ਪੰਜਾਬ ‘ਚ ਵਸੂਲੀ ਤੇ ਗੈਰ-ਕਾਨੂੰਨੀ ਸਰਗਰਮੀਆਂ ਵਧਾਉਣ ਦੀ ਨੀਅਤ ਨਾਲ ਆਏ ਸਨ।
ਉਨ੍ਹਾਂ ਕਿਹਾ ਕਿ ਕਈ ਤਾਕਤਾਂ ਲੰਮੇ ਸਮੇਂ ਤੋਂ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ, ਪਰ ਭਗਵੰਤ ਮਾਨ ਸਰਕਾਰ ਦਾ ਦ੍ਰਿੜ ਨਿਸ਼ਚਾ ਹੈ ਕਿ ਨਾ ਕੋਈ ਗੈਂਗਸਟਰ, ਨਾ ਡਰੱਗ ਮਾਫੀਆ ਤੇ ਨਾ ਹੀ ਕੋਈ ਗੁੰਡਾ ਪੰਜਾਬ ਦੀ ਧਰਤੀ ਤੇ ਬਾਕੀ ਰਹਿਣ ਦਿੱਤਾ ਜਾਵੇਗਾ। ਧਾਲੀਵਾਲ ਨੇ ਕਿਹਾ ਕਿ ਪੰਜਾਬ ਪੁਲਿਸ ਪੂਰੀ ਤਰ੍ਹਾਂ ਸਖ਼ਤ ਹੈ ਤੇ ਪਿਛਲੇ ਦੋ ਦਿਨਾਂ ‘ਚ ਮਿਲੇ ਨਤੀਜੇ ਇਸ ਗੱਲ ਦਾ ਸਬੂਤ ਹਨ ਕਿ ਅਮਨ-ਕਾਨੂੰਨ ਦੀ ਸਥਿਤੀ ਮਜ਼ਬੂਤ ਹੈ।
ਉਨ੍ਹਾਂ ਨੇ ਗੈਂਗਸਟਰਾਂ ਨੂੰ ਸਿੱਧੀ ਚੇਤਾਵਨੀ ਦਿੰਦਿਆਂ ਕਿਹਾ ਕਿ ਜੇ ਉਹ ਪੰਜਾਬ ਚ ਰਹੇ ਤਾਂ ਆਪਣੇ ਅੰਜਾਮ ਲਈ ਤਿਆਰ ਰਹਿਣ। ਪੰਜਾਬ ‘ਚ ਕਿਸੇ ਨਿਰਦੋਸ਼ ਨਾਗਰਿਕ ਨੂੰ ਧਮਕੀ ਦੇਣ ਜਾਂ ਵਸੂਲੀ ਕਰਨ ਦੀ ਕਿਸੇ ਨੂੰ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਆਖ਼ਰ ‘ਚ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤ ਪੁਲਿਸ ਪੂਰੀ ਤਰ੍ਹਾਂ ਸਚੇਤ ਅਤੇ ਸਮਰਪਿਤ ਹੈ ਤੇ ਕਿਸੇ ਵੀ ਹਾਲਤ ‘ਚ ਪੰਜਾਬ ਦਾ ਅਮਨ ਖਰਾਬ ਨਹੀਂ ਹੋਣ ਦਿੱਤਾ ਜਾਵੇਗਾ।