New Cabinet Ministers: ਮਾਨ ਕੈਬਨਿਟ ਵਿੱਚ ਸ਼ਾਮਿਲ ਹੋਏ 5 ਨਵੇਂ ਮੰਤਰੀ, ਰਾਜਭਵਨ ਵਿਖੇ ਚੁੱਕੀ ਸਹੁੰ
Punjab Cabinet Reshuffle: ਪੰਚਾਇਤੀ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੈਬਨਿਟ ਵਿੱਚ ਵੱਡਾ ਫੇਰਬਦਲ ਕੀਤਾ ਹੈ। 5 ਵਿਧਾਇਕਾਂ ਨੂੰ ਕੈਬਨਿਟ ਵਿੱਚ ਥਾਂ ਮਿਲ ਗਈ ਹੈ ਤਾਂ ਉੱਥੇ ਹੀ 4 ਮੰਤਰੀਆਂ ਨੂੰ ਕੈਬਨਿਟ ਵਿੱਚੋਂ ਬਾਹਰ ਹੋਣਾ ਪਿਆ ਹੈ। ਨਵੇਂ ਮੰਤਰੀ ਪਹਿਲੀ ਵਾਰ ਵਿਧਾਨ ਸਭਾ ਦੇ ਮੈਂਬਰ ਬਣੇ ਹਨ।
Bhagwant Mann Cabinet: ਪੰਜਾਬ ਕੈਬਨਿਟ ਵਿੱਚ ਵੱਡਾ ਫੇਰਬਦਲ ਕੀਤਾ ਗਿਆ ਹੈ। ਰਾਜ ਭਵਨ ਵਿਖੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ 5 ਵਿਧਾਇਕਾਂ ਨੂੰ ਮੰਤਰੀ ਅਹੁਦੇ ਦੀ ਸਹੁੰ ਚੁਕਾਈ। ਜਿਨ੍ਹਾਂ ਵਿਧਾਇਕਾਂ ਨੂੰ ਮੰਤਰੀ ਮੰਡਲ ਵਿੱਚ ਸ਼ਾਮਿਲ ਕੀਤਾ ਗਿਆ ਹੈ। ਉਹਨਾਂ ਵਿੱਚ ਜਲੰਧਰ ਪੱਛਮੀ ਤੋਂ ਜ਼ਿਮਨੀ ਚੋਣ ਜਿੱਤ ਕੇ ਆਏ ਮੋਹਿੰਦਰ ਭਗਤ, ਲਹਿਰਾਗਾਗਾ ਤੋਂ ਵਿਧਾਇਕ ਬਰਿੰਦਰ ਕੁਮਾਰ ਗੋਇਲ, ਖੰਨਾ ਤੋਂ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ, ਸ਼ਾਮ ਚੁਰਾਸੀ ਤੋਂ ਵਿਧਾਇਕ ਡਾ. ਰਵਜੋਤ ਸਿੰਘ ਅਤੇ ਸਾਹਨੇਵਾਲ ਤੋਂ ਹਰਦੀਪ ਸਿੰਘ ਮੁੰਡੀਆਂ ਸ਼ਾਮਿਲ ਹਨ।
ਮਾਨ ਨੇ ਪੁਗਾਇਆ ਵਾਅਦਾ
ਜਲੰਧਰ ਪੱਛਮੀ ਵਿਧਾਨ ਸਭਾ ਦੀ ਜ਼ਿਮਨੀ ਚੋਣ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਵਾਅਦਾ ਕੀਤਾ ਸੀ ਕਿ ਜੇਕਰ ਵੋਟਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੋਹਿੰਦਰ ਭਗਤ ਨੂੰ ਚੁਣਦੇ ਹਨ ਤਾਂ ਉਹ ਉਹਨਾਂ ਨੂੰ ਕੈਬਨਿਟ ਵਿੱਚ ਥਾਂ ਦੇਣਗੇ। ਹੋਇਆ ਵੀ ਕੁੱਝ ਅਜਿਹਾ ਹੀ ਜਦੋਂ ਕੈਬਨਿਟ ਵਿੱਚ ਫੇਰਬਦਲ ਹੋਇਆ ਹੈ ਤਾਂ ਮੋਹਿੰਦਰ ਭਗਤ ਨੂੰ ਵੀ ਇਸ ਵਿੱਚ ਸ਼ਾਮਿਲ ਕੀਤਾ ਗਿਆ ਹੈ।
ਅੱਜ ਪੰਜਾਬ ਰਾਜਭਵਨ, ਚੰਡੀਗੜ੍ਹ ਵਿਖੇ ਸੂਬੇ ਦੇ ਨਵੇਂ ਮੰਤਰੀਆਂ ਨੇ ਸਹੁੰ ਚੁੱਕੀ ਅਤੇ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਦਾ ਵੀ ਪ੍ਰਣ ਲਿਆ… ਸਾਰੇ ਨਵ-ਨਿਯੁਕਤ ਮੰਤਰੀਆਂ ਨੂੰ ਸ਼ੁੱਭਕਾਮਨਾਵਾਂ…
ਮੈਨੂੰ ਉਮੀਦ ਹੈ ਕਿ ਨਵੇਂ ਮੰਤਰੀ ਸਾਹਿਬਾਨ ਪੰਜਾਬ ਦੇ ਲੋਕਾਂ ਦੀਆਂ ਆਸਾਂ-ਉਮੀਦਾਂ ਤੇ ਖਰੇ ਉਤਰਨਗੇ… ਪੰਜਾਬ ਦੇ 3 ਕਰੋੜ ਲੋਕਾਂ ਲਈ pic.twitter.com/znH1iPvxYC
— Bhagwant Mann (@BhagwantMann) September 23, 2024
ਇਹ ਵੀ ਪੜ੍ਹੋ
ਪਹਿਲੀ ਵਾਰ ਚੁਣੇ ਗਏ ਵਿਧਾਇਕ ਬਣੇ ਮੰਤਰੀ
ਇਸ ਫੇਰਬਦਲ ਵਿੱਚ ਵੱਡੀ ਗੱਲ ਇਹ ਹੈ ਕਿ ਨਵੇਂ ਮੰਤਰੀ ਪਹਿਲੀ ਵਾਰ ਸਾਲ 2022 ਵਿੱਚ ਵਿਧਾਨ ਸਭਾ ਦੇ ਮੈਂਬਰ ਬਣੇ ਹਨ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੀ ਟਿਕਟ ਤੇ ਦੂਜੇ ਵਾਰ ਵਿਧਾਇਕ ਬਣੇ ਲੀਡਰਾਂ ਨੂੰ ਕੈਬਨਿਟ ਵਿੱਚ ਕੋਈ ਥਾਂ ਨਹੀਂ ਮਿਲੀ। ਚਾਹੇ ਉਹਨਾਂ ਵਿੱਚ ਬਲਜਿੰਦਰ ਕੌਰ ਦਾ ਨਾਮ ਹੋਵੇ ਜਾਂ ਸਰਬਜੀਤ ਕੌਰ ਮਾਣੂੰਕੇ।
ਅਹੁਦੇ ਤੋਂ ਹਟਾਏ ਗਏ OSD
ਇਸ ਤੋਂ ਪਹਿਲਾਂ ਐਤਵਾਰ ਨੂੰ 4 ਮੰਤਰੀਆਂ ਨੂੰ ਕੈਬਨਿਟ ਬਰਖਾਸਤ ਕਰ ਦਿੱਤਾ ਗਿਆ ਸੀ। ਇਸ ਫੇਰਬਦਲ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਭਰੋਸੇਮੰਦ OSD ਓਮਕਾਰ ਸਿੰਘ ਨੂੰ ਵੀ ਅਹੁਦੇ ਤੋਂ ਹਟਾ ਦਿੱਤਾ। ਹਾਲਾਂਕਿ ਇਸ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ।
ਪੰਚਾਇਤੀ ਚੋਣਾਂ ਤੇ AAP ਦੀ ਨਜ਼ਰ
ਪੰਜਾਬ ਵਿੱਚ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ 13 ਵਿੱਚੋਂ ਸਿਰਫ਼ 3 ਸੀਟਾਂ ਹੀ ਜਿੱਤ ਸਕੀ। ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਕਈ ਸੰਗਠਨ ਦੀਆਂ ਮੀਟਿੰਗਾਂ ਵੀ ਕੀਤੀ। ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰਾਂ ਵੱਲੋਂ ਪਾਰਟੀ ਦੇ ਪ੍ਰਦਰਸ਼ਨ ਨੂੰ ਚਰਚਾ ਕੀਤੀ ਗਈ। ਹੁਣ ਆਮ ਆਦਮੀ ਪਾਰਟੀ ਦੀ ਨਜ਼ਰ ਅਗਾਮੀ ਪੰਚਾਇਤੀ ਚੋਣਾਂ ਤੇ ਹੈ।
ਨਵੇਂ ਬਣਾਏ ਗਏ ਮੰਤਰੀਆਂ ਨੂੰ ਪੰਚਾਇਤੀ ਚੋਣਾਂ ਦੀ ਅਹਿਮ ਜ਼ਿੰਮੇਵਾਰੀ ਮਿਲ ਸਕਦੀ ਹੈ। ਕਿਉਂਕਿ ਪੰਜਾਬ ਦੀਆਂ ਜ਼ਿਆਦਾਤਰ ਪੰਚਾਇਤਾਂ ਅਤੇ ਨਗਰ ਕੌਂਸਲਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦਾ ਦਬਦਬਾ ਸੀ ਹੁਣ ਸਰਕਾਰ ਬਣਨ ਤੋਂ ਬਾਅਦ ਆਮ ਆਦਮੀ ਪਾਰਟੀ ਐਂਟਰੀ ਮਾਰਨ ਦੀ ਕੋਸ਼ਿਸ ਕਰੇਗੀ।