ਇਸ ਦਿਨ ਤੋਂ ਖਾਤਿਆਂ ‘ਚ ਆਉਣਗੇ ‘ਮਾਵਾਂ-ਧੀਆਂ ਯੋਜਨਾ’ ਦੇ ਪੈਸੇ, ਇਹ ਮਹਿਲਾਵਾਂ ਹੋਣਗੀਆਂ ਯੋਗ

Updated On: 

18 Jun 2026 16:55 PM IST

ਪੰਜਾਬ ਸਰਕਾਰ ਵੱਲੋਂ 'ਮਾਵਾਂ-ਧੀਆਂ ਸਤਕਾਰ ਯੋਜਨਾ' ਦੇ ਤਹਿਤ ਸੂਬੇ ਦੀਆਂ ਮਹਿਲਾਵਾਂ ਨੂੰ ਐਡਵਾਂਸ ਰਾਸ਼ੀ ਦੇਣ ਦੀਆਂ ਵੱਡੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਯੋਜਨਾ ਦਾ ਵਿੱਤੀ ਲਾਭ 1 ਜੁਲਾਈ ਤੋਂ ਸ਼ੁਰੂ ਕਰਨ ਲਈ ਵਿੱਤ ਵਿਭਾਗ ਵੱਲੋਂ ਆਖ਼ਰੀ ਪੜਾਅ ਦੀਆਂ ਤਿਆਰੀਆਂ ਨੂੰ ਤੇਜ਼ੀ ਨਾਲ ਨੇਪਰੇ ਚਾੜ੍ਹਿਆ ਜਾ ਰਿਹਾ ਹੈ।

ਇਸ ਦਿਨ ਤੋਂ ਖਾਤਿਆਂ ਚ ਆਉਣਗੇ ਮਾਵਾਂ-ਧੀਆਂ ਯੋਜਨਾ ਦੇ ਪੈਸੇ, ਇਹ ਮਹਿਲਾਵਾਂ ਹੋਣਗੀਆਂ ਯੋਗ

ਪੰਜਾਬ ਸਰਕਾਰ ਵੱਲੋਂ ‘ਮਾਵਾਂ-ਧੀਆਂ ਸਤਕਾਰ ਯੋਜਨਾ’ ਦੇ ਤਹਿਤ ਸੂਬੇ ਦੀਆਂ ਮਹਿਲਾਵਾਂ ਨੂੰ ਐਡਵਾਂਸ ਰਾਸ਼ੀ ਦੇਣ ਦੀਆਂ ਵੱਡੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਯੋਜਨਾ ਦਾ ਵਿੱਤੀ ਲਾਭ 1 ਜੁਲਾਈ ਤੋਂ ਸ਼ੁਰੂ ਕਰਨ ਲਈ ਵਿੱਤ ਵਿਭਾਗ ਵੱਲੋਂ ਆਖ਼ਰੀ ਪੜਾਅ ਦੀਆਂ ਤਿਆਰੀਆਂ ਨੂੰ ਤੇਜ਼ੀ ਨਾਲ ਨੇਪਰੇ ਚਾੜ੍ਹਿਆ ਜਾ ਰਿਹਾ ਹੈ। ਸਰਕਾਰ ਵੱਲੋਂ ਇਸ ਰਾਸ਼ੀ ਦਾ ਭੁਗਤਾਨ ਤਿਮਾਹੀ ਜਾਂ ਛਿਮਾਹੀ ਦੇ ਆਧਾਰ ‘ਤੇ ਕਰਨ ਦੇ ਵੱਖ-ਵੱਖ ਬਦਲਾਂ ‘ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾ ਰਿਹਾ ਹੈ। ਇਸ ਫੈਸਲੇ ਦੇ ਚੱਲਦਿਆਂ ਯੋਗ ਲਾਭਪਾਤਰੀ ਮਹਿਲਾਵਾਂ ਦੇ ਬੈਂਕ ਖਾਤਿਆਂ ਵਿੱਚ ਐਡਵਾਂਸ ਰਾਸ਼ੀ ਦੇ ਨਾਲ-ਨਾਲ ਅਪ੍ਰੈਲ ਮਹੀਨੇ ਤੋਂ ਬਣਦੀ ਬਕਾਇਆ ਰਕਮ ਵੀ ਸਿੱਧੇ ਤੌਰ ‘ਤੇ ਟ੍ਰਾਂਸਫਰ ਕੀਤੀ ਜਾ ਸਕਦੀ ਹੈ।

ਮਹਿਲਾ ਦਿਵਸ ‘ਤੇ ਕੀਤਾ ਗਿਆ ਸੀ ਰਸਮੀ ਐਲਾਨ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਸ ਅਹਿਮ ਯੋਜਨਾ ਦਾ ਰਸਮੀ ਐਲਾਨ ਲੰਘੀ 8 ਮਾਰਚ ਨੂੰ ਕੌਮਾਂਤਰੀ ਮਹਿਲਾ ਦਿਵਸ ਦੇ ਖ਼ਾਸ ਮੌਕੇ ‘ਤੇ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਕੀਤਾ ਗਿਆ ਸੀ। ਇਸ ਤੋਂ ਬਾਅਦ ਵਿੱਤੀ ਵਰ੍ਹੇ 2026-27 ਦੇ ਸਰਕਾਰੀ ਬਜਟ ਵਿੱਚ ਇਸ ਯੋਜਨਾ ਨੂੰ ਸੁਚਾਰੂ ਰੂਪ ਵਿੱਚ ਚਲਾਉਣ ਲਈ 9300 ਕਰੋੜ ਰੁਪਏ ਦਾ ਵੱਡਾ ਬਜਟ ਪ੍ਰਾਵਧਾਨ ਰੱਖਿਆ ਗਿਆ। ਪੰਜਾਬ ਸਰਕਾਰ ਦਾ ਦਾਅਵਾ ਹੈ ਕਿ ਇਸ ਸਕੀਮ ਦੇ ਲਾਗੂ ਹੋਣ ਨਾਲ ਸੂਬੇ ਦੀਆਂ ਕਰੀਬ 97 ਫੀਸਦੀ ਬਾਲਗ ਮਹਿਲਾਵਾਂ ਨੂੰ ਸਿੱਧਾ ਆਰਥਿਕ ਲਾਭ ਮਿਲੇਗਾ।

ਇਸ ਵਿਸ਼ੇਸ਼ ਯੋਜਨਾ ਦੇ ਤਹਿਤ ਅਨੁਸੂਚਿਤ ਜਾਤੀ (SC) ਵਰਗ ਨਾਲ ਸਬੰਧਤ ਮਹਿਲਾਵਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਅਤੇ ਜਨਰਲ ਤੇ ਪੱਛੜਾ ਵਰਗ (OBC) ਦੀਆਂ ਮਹਿਲਾਵਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਗੇ। ਇਹ ਪੂਰੀ ਰਾਸ਼ੀ ਡਾਇਰੈਕਟ ਬੈਨੀਫਿਟ ਟ੍ਰਾਂਸਫਰ (DBT) ਪ੍ਰਣਾਲੀ ਦੇ ਰਾਹੀਂ ਸਿੱਧੇ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਕੀਤੀ ਜਾਵੇਗੀ।

ਐਡਵਾਂਸ ਰਾਸ਼ੀ ਭੇਜੀ ਜਾ ਸਕਦੀ ਹੈ

ਸਰਕਾਰੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਜੇਕਰ ਸਰਕਾਰ ਵੱਲੋਂ ਇਸ ਯੋਜਨਾ ਨੂੰ ਤਿਮਾਹੀ ਆਧਾਰ ‘ਤੇ ਲਾਗੂ ਕੀਤਾ ਜਾਂਦਾ ਹੈ, ਤਾਂ ਮਹਿਲਾਵਾਂ ਦੇ ਖਾਤਿਆਂ ਵਿੱਚ ਇੱਕੋ ਵਾਰ 4,000 ਰੁਪਏ ਤੋਂ ਲੈ ਕੇ 6,000 ਰੁਪਏ ਤੱਕ ਦੀ ਐਡਵਾਂਸ ਰਾਸ਼ੀ ਭੇਜੀ ਜਾ ਸਕਦੀ ਹੈ। ਕਿਉਂਕਿ ਪੰਜਾਬ ਸਰਕਾਰ ਨੇ ਇਸ ਯੋਜਨਾ ਦਾ ਲਾਭ 1 ਅਪ੍ਰੈਲ 2026 ਤੋਂ ਪ੍ਰਭਾਵਸ਼ਾਲੀ ਮੰਨਿਆ ਹੈ, ਇਸ ਲਈ ਅਪ੍ਰੈਲ, ਮਈ ਅਤੇ ਜੂਨ ਮਹੀਨੇ ਦੀ ਪੁਰਾਣੀ ਬਕਾਇਆ ਰਾਸ਼ੀ ਵੀ ਲਾਭਪਾਤਰੀਆਂ ਨੂੰ ਇੱਕਠੀ ਦੇਣ ਦੀ ਪੂਰੀ ਤਿਆਰੀ ਹੈ।

ਮਹਿਲਾਵਾਂ ਦੀ ਸਹੂਲਤ ਅਤੇ ਸਹਾਇਤਾ ਲਈ ਹਰੇਕ ਪਿੰਡ ਅਤੇ ਮੋਹੱਲਿਆਂ ਵਿੱਚ ਵਿਸ਼ੇਸ਼ ‘ਮਹਿਲਾ ਸਤਕਾਰ ਸਖੀਆਂ’ ਤਾਇਨਾਤ ਕੀਤੀਆਂ ਗਈਆਂ ਹਨ। ਇਹ ਸਖੀਆਂ ਘਰ-ਘਰ ਜਾ ਕੇ ਬਿਨੈ-ਪੱਤਰ ਭਰਨ ਦੀ ਪ੍ਰਕਿਰਿਆ ਵਿੱਚ ਮਹਿਲਾਵਾਂ ਦੀ ਮਦਦ ਕਰ ਰਹੀਆਂ ਹਨ, ਤਾਂ ਜੋ ਹਰ ਇੱਕ ਯੋਗ ਮਹਿਲਾ ਤੱਕ ਇਸ ਯੋਜਨਾ ਦਾ ਲਾਭ ਬਿਨਾਂ ਕਿਸੇ ਦੇਰੀ ਦੇ ਸਮੇਂ ਸਿਰ ਪਹੁੰਚ ਸਕੇ।

ਨੁਮਾਇੰਦਿਆਂ ਨੂੰ ਬੈਂਕ ਖਾਤੇ ਖੁਲ੍ਹਵਾਉਣ ਦੇ ਸਖ਼ਤ ਨਿਰਦੇਸ਼

ਆਮ ਆਦਮੀ ਪਾਰਟੀ (AAP) ਦੀ ਹਾਈਕਮਾਂਡ ਵੱਲੋਂ ਆਪਣੇ ਸਾਰੇ ਲੋਕ ਪ੍ਰਤੀਨਿਧੀਆਂ, ਸਰਗਰਮ ਵਰਕਰਾਂ ਅਤੇ ਸਥਾਨਕ ਆਗੂਆਂ ਨੂੰ ਸਖ਼ਤ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਉਹ ਆਪਣੇ-ਆਪਣੇ ਹਲਕਿਆਂ ਵਿੱਚ ਯੋਗ ਮਹਿਲਾਵਾਂ ਦੇ ਬੈਂਕ ਖਾਤੇ ਜਲਦ ਤੋਂ ਜਲਦ ਖੁਲ੍ਹਵਾਉਣੇ ਯਕੀਨੀ ਬਣਾਉਣ। ਦਰਅਸਲ, ਸੂਬੇ ਦੇ ਕਈ ਇਲਾਕਿਆਂ ਵਿੱਚੋਂ ਬੈਂਕ ਖਾਤੇ ਖੁਲ੍ਹਵਾਉਣ ਦੌਰਾਨ ਆ ਰਹੀਆਂ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਸਬੰਧੀ ਸ਼ਿਕਾਇਤਾਂ ਸਿੱਧੇ ਤੌਰ ‘ਤੇ ਮੁੱਖ ਮੰਤਰੀ ਤੱਕ ਪਹੁੰਚੀਆਂ ਸਨ। ਇਸ ਤੋਂ ਤੁਰੰਤ ਬਾਅਦ ਹਰਕਤ ਵਿੱਚ ਆਉਂਦੇ ਹੋਏ ਮੁੱਖ ਮੰਤਰੀ ਨੇ ਸਬੰਧਤ ਵਿਭਾਗੀ ਅਧਿਕਾਰੀਆਂ ਨੂੰ ਵੱਖ-ਵੱਖ ਬੈਂਕਾਂ ਦੇ ਪ੍ਰਤੀਨਿਧੀਆਂ ਨਾਲ ਤਾਲਮੇਲ ਕਰਕੇ ਇਨ੍ਹਾਂ ਸਾਰੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਕੱਢਣ ਦੇ ਆਦੇਸ਼ ਦਿੱਤੇ ਹਨ।

ਯੋਜਨਾ ਨਾਲ ਜੁੜੀਆਂ ਕੁਝ ਅਹਿਮ ਅਤੇ ਜ਼ਰੂਰੀ ਗੱਲਾਂ

ਉਮਰ ਸੀਮਾ: ਯੋਜਨਾ ਦਾ ਲਾਭ ਲੈਣ ਲਈ ਬਿਨੈਕਾਰ ਮਹਿਲਾ ਦੀ ਉਮਰ 18 ਸਾਲ ਜਾਂ ਇਸ ਤੋਂ ਵੱਧ ਹੋਣੀ ਲਾਜ਼ਮੀ ਹੈ।

ਪਛਾਣ ਪੱਤਰ: ਮਹਿਲਾ ਦਾ ਪੰਜਾਬ ਦੀ ਸਥਾਈ ਨਿਵਾਸੀ ਹੋਣਾ ਜ਼ਰੂਰੀ ਹੈ ਅਤੇ ਉਸ ਕੋਲ ਲੋੜੀਂਦੇ ਪਛਾਣ ਦਸਤਾਵੇਜ਼ (ਜਿਵੇਂ ਵੋਟਰ ਕਾਰਡ ਅਤੇ ਪਛਾਣ ਪੱਤਰ) ਹੋਣੇ ਚਾਹੀਦੇ ਹਨ।

ਪਰਿਵਾਰਕ ਮੈਂਬਰ: ਇੱਕੋ ਪਰਿਵਾਰ ਦੀਆਂ ਇੱਕ ਤੋਂ ਵੱਧ ਯੋਗ ਮਹਿਲਾਵਾਂ ਵੀ ਵੱਖਰੇ ਤੌਰ ‘ਤੇ ਇਸ ਯੋਜਨਾ ਦਾ ਪੂਰਾ ਲਾਭ ਪ੍ਰਾਪਤ ਕਰ ਸਕਦੀਆਂ ਹਨ।

ਪੈਨਸ਼ਨ ਧਾਰਕ: ਸਮਾਜਿਕ ਸੁਰੱਖਿਆ ਸਕੀਮਾਂ ਤਹਿਤ ਪਹਿਲਾਂ ਤੋਂ ਪੈਨਸ਼ਨ ਲੈ ਰਹੀਆਂ ਮਹਿਲਾਵਾਂ ਨੂੰ ਵੀ ਆਪਣੀ ਪੈਨਸ਼ਨ ਤੋਂ ਇਲਾਵਾ ਇਹ ਵਾਧੂ ਰਾਸ਼ੀ ਮਿਲੇਗੀ।

ਸਰਕਾਰੀ ਮੁਲਾਜ਼ਮ: ਸਰਕਾਰੀ ਨੌਕਰੀ ਕਰਨ ਵਾਲੀਆਂ ਜਾਂ ਸੇਵਾ-ਮੁਕਤ ਮਹਿਲਾ ਕਰਮਚਾਰੀ ਇਸ ਯੋਜਨਾ ਦੇ ਦਾਇਰੇ ਤੋਂ ਪੂਰੀ ਤਰ੍ਹਾਂ ਬਾਹਰ ਰਹਿਣਗੀਆਂ।

ਟੈਕਸ ਦਾਤਾ ਤੇ ਸਿਆਸੀ ਆਗੂ: ਇਨਕਮ ਟੈਕਸ ਦੇਣ ਵਾਲੀਆਂ ਮਹਿਲਾਵਾਂ ਅਤੇ ਮੌਜੂਦਾ ਜਾਂ ਸਾਬਕਾ ਸੰਸਦ ਮੈਂਬਰ ਤੇ ਵਿਧਾਇਕ ਇਸ ਯੋਜਨਾ ਦਾ ਲਾਭ ਨਹੀਂ ਲੈ ਸਕਣਗੇ।

ਮੁਫ਼ਤ ਰਜਿਸਟ੍ਰੇਸ਼ਨ: ਯੋਜਨਾ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਪੂਰੀ ਤਰ੍ਹਾਂ ਮੁਫ਼ਤ ਹੈ। ਮਹਿਲਾਵਾਂ ਆਪਣੇ ਨਜ਼ਦੀਕੀ ਆਂਗਣਵਾੜੀ ਕੇਂਦਰਾਂ, ਸੇਵਾ ਕੇਂਦਰਾਂ ਅਤੇ ਵਿਸ਼ੇਸ਼ ਤੌਰ ‘ਤੇ ਲਗਾਏ ਜਾ ਰਹੇ ਰਜਿਸਟ੍ਰੇਸ਼ਨ ਕੈਂਪਾਂ ਵਿੱਚ ਜਾ ਕੇ ਆਸਾਨੀ ਨਾਲ ਆਵੇਦਨ ਕਰ ਸਕਦੀਆਂ ਹਨ।

Follow Us
Related Stories
ਕੌਮੀ BJP ਪ੍ਰਧਾਨ ਦਾ ਪੰਜਾਬ ਦੌਰਾ ਫਾਇਨਲ, 20 ਜੂਨ ਨੂੰ ਸ੍ਰੀ ਦਰਬਾਰ ਸਾਹਿਬ ਟੇਕਣਗੇ ਮੱਥਾ; ਲੁਧਿਆਣਾ ‘ਚ ਹੋਣਗੀਆਂ ਵੱਡੀਆਂ ਬੈਠਕਾਂ
ਵਿਰੋਧੀਆਂ ਤੋਂ ਬਰਦਾਸ਼ਤ ਨਹੀਂ ਹੋ ਰਹੀ ਮੇਰੀ ਪ੍ਰਸਿੱਧੀ… ਫੇਕ ਵੀਡੀਓ ਬਣਾ ਕੇ ਬਦਨਾਮ ਕਰਨ ਦੀ ਕੋਸ਼ਿਸ਼…ਕਥਿਤ ਵਾਇਰਲ ਵੀਡੀਓ ‘ਤੇ ਬੋਲੇ ਸੀਐਮ ਮਾਨ
ਪਠਾਨਕੋਟ ਨੈਰੋਗੇਜ ਸੈਕਸ਼ਨ ‘ਤੇ ਹਰ ਸ਼ੁੱਕਰਵਾਰ ਨਹੀਂ ਚੱਲੇਗੀ ਟ੍ਰੇਨ, ਨੂਰਪੁਰ-ਬੈਜਨਾਥ ਰੂਟ ਦੀਆਂ 2 ਜੋੜੀ ਟ੍ਰੇਨਾਂ ਵੀ ਹੋਈਆਂ ਬੰਦ
SAD ਨੇ ਰਚੀ ਪੰਜਾਬ ਨਾਲ ਸਾਜਿਸ਼, CM Mann ਦੀ ਸਾਫ-ਸੁਥਰੀ ਛਵੀ ਨੂੰ ਖਰਾਬ ਕਰਨ ਦੀ ਕੋਸ਼ਿਸ਼, ਕਥਿਤ ਵੀਡੀਓ ਮਾਮਲੇ ‘ਚ DGP ਨੂੰ ਮਿਲਿਆ AAP ਦਾ ਵਫ਼ਦ
ਜਲੰਧਰ: ਸ੍ਰੀ ਰਵਿਦਾਸ ਗੁਰੂ ਘਰ ‘ਚ ਗੁਟਕਾ ਸਾਹਿਬ ਦੀ ਬੇਅਦਬੀ, ਔਰਤ ਗ੍ਰਿਫ਼ਤਾਰ
ਸ਼ਹੀਦੀ ਦਿਵਸ ਮੌਕੇ ਢਿੱਲੋਂ ਤੇ ਚੁੱਘ ਹਰਿਮੰਦਰ ਸਾਹਿਬ ਵਿਖੇ ਨਤਮਸਤਕ, ਬੋਲੇ- ਅਕਾਲ ਤਖ਼ਤ ਦੀ ਮਹੱਤਤਾ ਕਿਸੇ ਵੀ ਰਾਜਨੀਤਿਕ ਪਾਰਟੀ ਤੋਂ ਪਰੇ