ਪੰਜਾਬ ‘ਚ ਸਿਹਤ ਸੇਵਾਵਾਂ ਦਾ ਹੋਵੇਗਾ ਵਿਸਥਾਰ, ਖੁੱਲ੍ਹਣਗੇ 333 ਨਵੇਂ ਪਿੰਡ ਕਲੀਨਿਕ; ਨਕੋਦਰ ਦੇ 2 ਪਿੰਡਾਂ ਨੂੰ ਮਿਲੀ ਸੌਗਾਤ

Published: 

21 Nov 2026 17:12 PM IST

ਪੰਜਾਬ ਸਰਕਾਰ ਸੂਬੇ ਵਿੱਚ ਸਿਹਤ ਸੇਵਾਵਾਂ ਦਾ ਵਿਸਥਾਰ ਕਰਦਿਆਂ 333 ਨਵੇਂ 'ਪਿੰਡ ਕਲੀਨਿਕ' ਖੋਲ੍ਹਣ ਜਾ ਰਹੀ ਹੈ, ਜਿਸ ਨਾਲ ਇਨ੍ਹਾਂ ਦੀ ਕੁੱਲ ਗਿਣਤੀ 591 ਹੋ ਜਾਵੇਗੀ। ਨਕੋਦਰ ਦੇ ਪਿੰਡ ਖੀਵਾ ਤੇ ਗੋਰਸੀਆਂ ਪੀਰਾਂ ਨੂੰ ਵੀ ਇਹ ਸਹੂਲਤ ਮਿਲੇਗੀ। ਇਸ ਤੋਂ ਇਲਾਵਾ ਨਵੰਬਰ ਦੇ ਅੰਤ ਤੱਕ ਸਾਰੇ ਜ਼ਿਲ੍ਹਾ ਹਸਪਤਾਲਾਂ ਵਿੱਚ MRI ਅਤੇ CT ਸਕੈਨ ਮਸ਼ੀਨਾਂ ਲਗਾਈਆਂ ਜਾਣਗੀਆਂ।

ਪੰਜਾਬ ਚ ਸਿਹਤ ਸੇਵਾਵਾਂ ਦਾ ਹੋਵੇਗਾ ਵਿਸਥਾਰ, ਖੁੱਲ੍ਹਣਗੇ 333 ਨਵੇਂ ਪਿੰਡ ਕਲੀਨਿਕ; ਨਕੋਦਰ ਦੇ 2 ਪਿੰਡਾਂ ਨੂੰ ਮਿਲੀ ਸੌਗਾਤ

ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸਿਹਤ ਸਹੂਲਤਾਂ ਦਾ ਵਿਸਥਾਰ ਕਰਨ ਦੇ ਮਕਸਦ ਨਾਲ 333 ਨਵੇਂ ‘ਪਿੰਡ ਕਲੀਨਿਕ’ ਖੋਲ੍ਹੇ ਜਾ ਰਹੇ ਹਨ। ਇਨ੍ਹਾਂ ਨਵੇਂ ਕਲੀਨਿਕਾਂ ਦੇ ਸ਼ੁਰੂ ਹੋਣ ਉਪਰੰਤ ਸੂਬੇ ਭਰ ਵਿੱਚ ਪਿੰਡ ਕਲੀਨਿਕਾਂ ਦੀ ਕੁੱਲ ਗਿਣਤੀ ਵਧ ਕੇ 591 ਹੋ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਕੋਦਰ ਤੋਂ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਦੱਸਿਆ ਕਿ ਉਨ੍ਹਾਂ ਦੇ ਵਿਧਾਨ ਸਭਾ ਹਲਕੇ ਦੇ ਦੋ ਪਿੰਡਾਂ ਵਿੱਚ ਵੀ ਜਲਦ ਹੀ ਇਹ ਸਿਹਤ ਸਹੂਲਤ ਸ਼ੁਰੂ ਹੋਣ ਜਾ ਰਹੀ ਹੈ, ਜਿਨ੍ਹਾਂ ਵਿੱਚ ਪਿੰਡ ਖੀਵਾ ਅਤੇ ਗੋਰਸੀਆਂ ਪੀਰਾਂ ਸ਼ਾਮਲ ਹਨ।

ਇਸ ਤੋਂ ਇਲਾਵਾ ਸੂਬੇ ਦੇ ਸਮੂਹ ਜ਼ਿਲ੍ਹਾ ਸਿਵਲ ਹਸਪਤਾਲਾਂ ਵਿੱਚ MRI ਅਤੇ CT ਸਕੈਨ ਦੀ ਸਹੂਲਤ ਉਪਲਬਧ ਕਰਵਾਉਣ ਦੀਆਂ ਤਿਆਰੀਆਂ ਵੀ ਤੇਜ਼ ਕਰ ਦਿੱਤੀਆਂ ਗਈਆਂ ਹਨ। ਸੂਬਾ ਸਰਕਾਰ ਵੱਲੋਂ ਨਵੰਬਰ ਮਹੀਨੇ ਦੇ ਅੰਤ ਤੱਕ ਇਨ੍ਹਾਂ ਆਧੁਨਿਕ ਮਸ਼ੀਨਾਂ ਨੂੰ ਸਥਾਪਤ ਕਰਨ ਦਾ ਟੀਚਾ ਮਿੱਥਿਆ ਗਿਆ ਹੈ।

ਸੂਬੇ ਵਿੱਚ 258 ਕਲੀਨਿਕ ਪਹਿਲਾਂ ਹੀ ਕਰ ਰਹੇ ਹਨ ਕੰਮ

ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਸੂਬੇ ਵਿੱਚ 333 ਨਵੇਂ ਪਿੰਡ ਕਲੀਨਿਕ ਖੋਲ੍ਹਣ ਦਾ ਐਲਾਨ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਮੌਜੂਦਾ ਸਮੇਂ ਵਿੱਚ ਪੰਜਾਬ ਅੰਦਰ 258 ਪਿੰਡ ਕਲੀਨਿਕ ਸਫ਼ਲਤਾਪੂਰਵਕ ਚੱਲ ਰਹੇ ਹਨ ਅਤੇ ਨਵੇਂ ਕਲੀਨਿਕ ਖੁੱਲ੍ਹਣ ਨਾਲ ਇਨ੍ਹਾਂ ਦੀ ਗਿਣਤੀ 591 ਤੱਕ ਪਹੁੰਚ ਜਾਵੇਗੀ।

ਵਿਧਾਇਕ ਇੰਦਰਜੀਤ ਕੌਰ ਮਾਨ ਨੇ ਦੱਸਿਆ ਕਿ ਹਲਕੇ ਦੇ ਪਿੰਡ ਔਜਲਾ ਵਿਖੇ ਚੱਲ ਰਹੇ ਪਿੰਡ ਕਲੀਨਿਕ ਤੋਂ ਸਥਾਨਕ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦਾ ਭਰਪੂਰ ਲਾਭ ਮਿਲ ਰਿਹਾ ਹੈ। ਇਸੇ ਤਰਜ਼ ‘ਤੇ ਹੁਣ ਪਿੰਡ ਖੀਵਾ ਅਤੇ ਗੋਰਸੀਆਂ ਪੀਰਾਂ ਵਿਖੇ ਵੀ ਜਲਦ ਹੀ ਨਵੇਂ ਕਲੀਨਿਕ ਸ਼ੁਰੂ ਕੀਤੇ ਜਾਣਗੇ।

ਜ਼ਿਲ੍ਹਾ ਹਸਪਤਾਲਾਂ ਵਿੱਚ ਮਿਲੇਗੀ MRI ਅਤੇ CT ਸਕੈਨ ਦੀ ਸਹੂਲਤ

ਵਿਧਾਇਕ ਮਾਨ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਨਵੰਬਰ ਦੇ ਅੰਤ ਤੱਕ ਸੂਬੇ ਦੇ ਸਾਰੇ ਜ਼ਿਲ੍ਹਾ ਸਿਵਲ ਹਸਪਤਾਲਾਂ ਵਿੱਚ MRI ਅਤੇ CT ਸਕੈਨ ਮਸ਼ੀਨਾਂ ਲਗਾਉਣ ਦਾ ਟੀਚਾ ਰੱਖਿਆ ਗਿਆ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਪਿੰਡ ਕਲੀਨਿਕਾਂ ਤੋਂ ਲੈ ਕੇ ਜ਼ਿਲ੍ਹਾ ਪੱਧਰੀ ਹਸਪਤਾਲਾਂ ਤੱਕ ਲੋੜੀਂਦੀਆਂ ਦਵਾਈਆਂ, ਲੈਬ ਟੈਸਟ ਅਤੇ ਲੋੜੀਂਦਾ ਮੈਡੀਕਲ ਸਟਾਫ਼ ਉਪਲਬਧ ਕਰਵਾਉਣ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣਗੇ, ਤਾਂ ਜੋ ਆਮ ਲੋਕਾਂ ਨੂੰ ਇਲਾਜ ਲਈ ਨਿੱਜੀ ਹਸਪਤਾਲਾਂ ਦੀ ਲੁੱਟ ਤੋਂ ਬਚਾਇਆ ਜਾ ਸਕੇ।

Loading...
Unable to load recommendations.
Follow Us