ਪੰਜਾਬ ਸਰਕਾਰ ਮੁੜ ਸੁਰਜੀਤ ਕਰ ਰਹੀ ਵਰਾਸਤੀ ਖੇਡਾਂ, ਨੌਜਵਾਨ ਪੀੜ੍ਹੀ ਨੂੰ ਕਰਵਾਇਆ ਜਾਵੇਗਾ ਜਾਣੂ

Updated On: 

11 Jul 2025 19:56 PM IST

ਪੰਜਾਬ ਵਿਧਾਨ ਸਭਾ 'ਚ ਅੱਜ ਇਸ ਬਾਬਤ ਜਾਨਵਰਾਂ ਪ੍ਰਤੀ ਬੇਰਹਿਮੀ ਦੀ ਰੋਕਥਾਮ (ਪੰਜਾਬ ਸੋਧ) ਐਕਟ-2025 ਅਤੇ ਬੈਲ ਗੱਡੀਆਂ ਦੀ ਦੌੜ ਦਾ ਸੰਚਾਲਨ ਨਿਯਮ-2025 ਬਿੱਲ ਸਰਬ-ਸੰਮਤੀ ਨਾਲ ਪਾਸ ਕੀਤਾ ਗਿਆ ਹੈ।

ਪੰਜਾਬ ਸਰਕਾਰ ਮੁੜ ਸੁਰਜੀਤ ਕਰ ਰਹੀ ਵਰਾਸਤੀ ਖੇਡਾਂ, ਨੌਜਵਾਨ ਪੀੜ੍ਹੀ ਨੂੰ ਕਰਵਾਇਆ ਜਾਵੇਗਾ ਜਾਣੂ
Follow Us On

ਪੰਜਾਬ ਦੀ ਭਗਵੰਤ ਮਾਨ ਸਰਕਾਰ ਪੰਜਾਬ ਦੀਆਂ ਵਿਰਾਸਤੀ ਖੇਡਾਂ ਨੂੰ ਮੁੜ ਸੁਰਜੀਤ ਕਰਨ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਾਡੇ ਬਜ਼ੁਰਗਾਂ ਤੋਂ ਚੱਲੀਆਂ ਆ ਰਹੀਆਂ ਇਨ੍ਹਾਂ ਰਿਵਾਇਤੀ ਖੇਡਾਂ ਤੋਂ ਨੌਜਵਾਨ ਪੀੜ੍ਹੀ ਨੂੰ ਜਾਣੂ ਕਰਵਾਇਆ ਜਾ ਸਕੇ। ਇਨ੍ਹਾਂ ਖੇਡਾਂ ‘ਚ ਹਿੱਸਾ ਲੈਣ ਵਾਲੇ ਜਾਨਵਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇਗੀ।

ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਖੇਡਾਂ ‘ਤੇ ਲੱਗੀ ਰੋਕ ਕਾਰਨ ਬੇਰੁਜ਼ਗਾਰ ਹੋਏ ਲੋਕਾਂ ਨੂੰ ਮੁੜ ਰੁਜ਼ਗਾਰ ਮਿਲੇਗਾ। ਸੂਬੇ ‘ਚ ਪੁਰਾਤਨ ਅਤੇ ਰਿਵਾਇਤੀ ਪੇਂਡੂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਅਸੀਂ ਵਚਨਬੱਧ ਹਾਂ।

ਪੰਜਾਬ ਸਰਕਾਰ ਵੱਲੋਂ ਨਵਾਂ ਮਤਾ ਪਾਸ

ਪੰਜਾਬ ਵਿਧਾਨ ਸਭਾ ‘ਚ ਅੱਜ ਇਸ ਬਾਬਤ ਜਾਨਵਰਾਂ ਪ੍ਰਤੀ ਬੇਰਹਿਮੀ ਦੀ ਰੋਕਥਾਮ (ਪੰਜਾਬ ਸੋਧ) ਐਕਟ-2025 ਅਤੇ ਬੈਲ ਗੱਡੀਆਂ ਦੀ ਦੌੜ ਦਾ ਸੰਚਾਲਨ ਨਿਯਮ-2025 ਬਿੱਲ ਸਰਬ-ਸੰਮਤੀ ਨਾਲ ਪਾਸ ਕੀਤਾ ਗਿਆ ਹੈ। ਪਸ਼ੂ ਬੇਰਹਿਮੀ ਸੋਧ ਬਿੱਲ ਸਰਬਸੰਮਤੀ ਨਾਲ ਪਾਸ ਹੋ ਗਿਆ ਹੈ। ਇਹ ਬਿੱਲ ਸੱਤਾਧਾਰੀ ਅਤੇ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨਾਲ ਗੱਲਬਾਤ ਤੋਂ ਬਾਅਦ ਪਾਸ ਕੀਤਾ ਗਿਆ।

ਪਹਿਲੀ ਵਾਰ ਬੇਜ਼ੁਬਾਨਾਂ ਦੇ ਹੱਕ ਵਿੱਚ ਚੁੱਕੀ ਆਵਾਜ਼- CM ਮਾਨ

ਪਸ਼ੂ ਬੇਰਹਿਮੀ ਸੋਧ ਬਿੱਲ ‘ਤੇ ਬੋਲਦਿਆਂ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਪਹਿਲੀ ਵਾਰ ਬੇਜ਼ੁਬਾਨਾਂ ਦੇ ਹੱਕ ਵਿੱਚ ਆਵਾਜ਼ ਉਠਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬਲਦਾਂ ਦੀ ਜੋੜੀ ਸਾਡੇ ਲਈ ਵਿਸ਼ੇਸ਼ ਮਹੱਤਵ ਰੱਖਦੀ ਹੈ, ਸਾਡੇ ਗੁਰੂ ਸਾਹਿਬ ਨੇ ਵੀ ਕਰਤਾਰਪੁਰ ਸਾਹਿਬ ਵਿੱਚ 16 ਸਾਲ ਬਲਦਾਂ ਨਾਲ ਖੇਤੀ ਕੀਤੀ।

ਇੱਕ ਘਟਨਾ ਦਾ ਹਵਾਲਾ ਦਿੰਦੇ ਹੋਏ, ਸੀਐਮ ਨੇ ਕਿਹਾ ਕਿ ਉਨ੍ਹਾਂ ਦੇ ਇੱਕ ਦੋਸਤ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਆਪਣੇ ਪੁੱਤਰਾਂ ਵਾਂਗ ਜਾਨਵਰਾਂ ਨੂੰ ਪਾਲਦੇ ਹਨ। ਤਾਮਿਲਨਾਡੂ ਦੇ ਜਲੀਕੱਟੂ ਅਤੇ ਪੰਜਾਬ ਦੀ ਬਲਦਾਂ ਦੀ ਦੌੜ ਦੀ ਤੁਲਨਾ ਕਰਦੇ ਹੋਏ, ਸੀਐਮ ਨੇ ਕਿਹਾ ਕਿ ਦੋਵੇਂ ਇੱਕੋ ਜਿਹੀਆਂ ਪਰੰਪਰਾਵਾਂ ਹਨ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਇਸ ਬਿੱਲ ਵਿੱਚ ਇੱਕ ਮਹੱਤਵਪੂਰਨ ਸ਼ਰਤ ਰੱਖੀ ਗਈ ਹੈ ਕਿ ਦੌੜ ਦੌਰਾਨ, ਜਾਨਵਰਾਂ ਨੂੰ ਸੋਟੀ ਜਾਂ ਕਿਸੇ ਹੋਰ ਚੀਜ਼ ਨਾਲ ਨਹੀਂ ਮਾਰਿਆ ਜਾਵੇਗਾ, ਉਨ੍ਹਾਂ ਨੂੰ ਸਿਰਫ਼ ਹੱਥ ਨਾਲ ਥਪਥਪਾ ਕੇ ਅੱਗੇ ਵਧਾਇਆ ਜਾਵੇਗਾ।