ਡੇਰਾ ਸਚਖੰਡ ਬੱਲਾਂ ਪਹੁੰਚੇ ਵਿੱਤ ਮੰਤਰੀ ਹਰਪਾਲ ਚੀਮਾ, ਗੁਰੂ ਰਵਿਦਾਸ ਬਾਣੀ ਅਧਿਐਨ ਕੇਂਦਰ ਬਣਾਉਣ ਦਾ ਕੀਤਾ ਐਲਾਨ

Published: 

20 Mar 2026 19:41 PM IST

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅੱਜ ਦੋਆਬਾ ਖੇਤਰ ਦੇ ਪ੍ਰਮੁੱਖ ਧਾਰਮਿਕ ਕੇਂਦਰ ਡੇਰਾ ਸ੍ਰੀ ਸਚਖੰਡ ਬੱਲਾਂ ਵਿਖੇ ਨਤਮਸਤਕ ਹੋਣ ਲਈ ਪਹੁੰਚੇ। ਇਸ ਮੌਕੇ ਉਨ੍ਹਾਂ ਦੇ ਨਾਲ ਜਲੰਧਰ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ, ਸੀਨੀਅਰ ਆਗੂ ਪਵਨ ਕੁਮਾਰ ਟੀਨੂੰ ਅਤੇ ਹੋਰ ਕਈ ਪ੍ਰਮੁੱਖ ਸਿਆਸੀ ਆਗੂ ਵੀ ਮੌਜੂਦ ਸਨ।

ਡੇਰਾ ਸਚਖੰਡ ਬੱਲਾਂ ਪਹੁੰਚੇ ਵਿੱਤ ਮੰਤਰੀ ਹਰਪਾਲ ਚੀਮਾ, ਗੁਰੂ ਰਵਿਦਾਸ ਬਾਣੀ ਅਧਿਐਨ ਕੇਂਦਰ ਬਣਾਉਣ ਦਾ ਕੀਤਾ ਐਲਾਨ

ਡੇਰਾ ਬੱਲਾਂ ਪਹੁੰਚੇ ਵਿੱਤ ਮੰਤਰੀ ਚੀਮਾ, ਬਣੇਗਾ ਗੁਰੂ ਰਵਿਦਾਸ ਬਾਣੀ ਅਧਿਐਨ ਕੇਂਦਰ

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅੱਜ ਦੋਆਬਾ ਖੇਤਰ ਦੇ ਪ੍ਰਮੁੱਖ ਧਾਰਮਿਕ ਕੇਂਦਰ ਡੇਰਾ ਸ੍ਰੀ ਸਚਖੰਡ ਬੱਲਾਂ ਵਿਖੇ ਨਤਮਸਤਕ ਹੋਣ ਲਈ ਪਹੁੰਚੇ। ਇਸ ਮੌਕੇ ਉਨ੍ਹਾਂ ਦੇ ਨਾਲ ਜਲੰਧਰ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ, ਸੀਨੀਅਰ ਆਗੂ ਪਵਨ ਕੁਮਾਰ ਟੀਨੂੰ ਅਤੇ ਹੋਰ ਕਈ ਪ੍ਰਮੁੱਖ ਸਿਆਸੀ ਆਗੂ ਵੀ ਮੌਜੂਦ ਸਨ। ਡੇਰਾ ਬੱਲਾਂ ਵਿਖੇ ਮੱਥਾ ਟੇਕਣ ਤੋਂ ਬਾਅਦ ਵਿੱਤ ਮੰਤਰੀ ਨੇ ਡੇਰਾ ਮੁਖੀ ਸੰਤ ਨਿਰੰਜਨ ਦਾਸ ਜੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਆਸ਼ੀਰਵਾਦ ਲਿਆ।

ਗੁਰੂ ਰਵਿਦਾਸ ਬਾਣੀ ਅਧਿਐਨ ਕੇਂਦਰ

ਮੀਡੀਆ ਨਾਲ ਗੱਲਬਾਤ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਇੱਕ ਵੱਡਾ ਖੁਲਾਸਾ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਡੇਰਾ ਸਚਖੰਡ ਬੱਲਾਂ ਦੇ ਨੇੜਲੇ ਦੋ ਪਿੰਡਾਂ, ਫਰੀਦਪੁਰ ਅਤੇ ਨੌਂ ਗਜ਼ਾ ਵਿੱਚ 10 ਏਕੜ ਜ਼ਮੀਨ ਖਰੀਦੀ ਗਈ ਹੈ। ਇਸ ਸਥਾਨ ‘ਤੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦੇ ਅਧਿਐਨ ਲਈ ਇੱਕ ਵਿਸ਼ਾਲ ‘ਬਾਣੀ ਅਧਿਐਨ ਕੇਂਦਰ’ ਦਾ ਨਿਰਮਾਣ ਕੀਤਾ ਜਾਵੇਗਾ।

ਵਿੱਤ ਮੰਤਰੀ ਨੇ ਦੱਸਿਆ ਕਿ ਇਸ ਸੈਂਟਰ ਵਿੱਚ ਲਗਭਗ 500 ਵਿਦਿਆਰਥੀ ਗੁਰੂ ਸਾਹਿਬ ਦੀ ਬਾਣੀ ‘ਤੇ ਖੋਜ ਅਤੇ ਅਧਿਐਨ ਕਰਨਗੇ। ਇੱਥੇ ਪੀਐਚਡੀ ਤੱਕ ਦੀਆਂ ਡਿਗਰੀਆਂ ਕਰਵਾਈਆਂ ਜਾਣਗੀਆਂ, ਜਿਸ ਨਾਲ ਵੱਡੀ ਗਿਣਤੀ ਵਿੱਚ ਵਿਦਵਾਨ ਪੈਦਾ ਹੋਣਗੇ। ਇਸ ਦਾ ਮੁੱਖ ਮਕਸਦ ਗੁਰੂ ਸਾਹਿਬਾਨ ਦੀ ਪਵਿੱਤਰ ਬਾਣੀ ਦੇ ਸੰਦੇਸ਼ ਨੂੰ ਪੂਰੀ ਦੁਨੀਆ ਵਿੱਚ ਪਹੁੰਚਾਉਣਾ ਅਤੇ ਪ੍ਰਚਾਰ ਕਰਨਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਜਲਦ ਹੀ ਇਸ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਜਾਵੇਗੀ ਅਤੇ ਸੰਤ ਨਿਰੰਜਨ ਦਾਸ ਜੀ ਵੱਲੋਂ ਇਸ ਦਾ ਨੀਂਹ ਪੱਥਰ ਰੱਖਿਆ ਜਾਵੇਗਾ।

ਰਾਜਸਥਾਨ ਤੋਂ ਬਕਾਇਆ ਰਾਸ਼ੀ ਅਤੇ ਕਿਸਾਨਾਂ ਨੂੰ ਰਾਹਤ

ਰਾਜਸਥਾਨ ਤੋਂ ਪੰਜਾਬ ਦੀ 1.44 ਲੱਖ ਕਰੋੜ ਰੁਪਏ ਦੀ ਬਕਾਇਆ ਰਾਸ਼ੀ ਦੇ ਮੁੱਦੇ ‘ਤੇ ਬੋਲਦਿਆਂ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਵੱਲੋਂ ਇਹ ਮਾਮਲਾ ਪੂਰੀ ਗੰਭੀਰਤਾ ਨਾਲ ਚੁੱਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਰਾਜਸਥਾਨ ਵਿੱਚ ਭਾਜਪਾ ਦੀ ਸਰਕਾਰ ਹੈ, ਇਸ ਲਈ ਉਨ੍ਹਾਂ ਨੂੰ ਉਮੀਦ ਹੈ ਕਿ ਕੇਂਦਰ ਸਰਕਾਰ ਪੰਜਾਬ ਦਾ ਹੱਕ ਦਿਵਾਉਣ ਵਿੱਚ ਮਦਦ ਕਰੇਗੀ। ਇਸ ਤੋਂ ਇਲਾਵਾ ਉਨ੍ਹਾਂ ਕੰਡੀ ਖੇਤਰ ਵਿੱਚ ਲਿਫਟਿੰਗ ਪੰਪਾਂ ਰਾਹੀਂ 50 ਪਿੰਡਾਂ ਦੇ ਖੇਤਾਂ ਤੱਕ ਪਾਣੀ ਪਹੁੰਚਾਉਣ ਦੇ ਪ੍ਰੋਜੈਕਟ ਦੀ ਵੀ ਸ਼ਲਾਘਾ ਕੀਤੀ, ਜਿਸ ਨਾਲ ਕਿਸਾਨਾਂ ਨੂੰ ਵੱਡੀ ਰਾਹਤ ਮਿਲੇਗੀ।

ਡੇਰਾ ਬੱਲਾਂ ਦਾ ਸਿਆਸੀ ਅਤੇ ਸਮਾਜਿਕ ਮਹੱਤਵ

ਡੇਰਾ ਸਚਖੰਡ ਬੱਲਾਂ ਰਵਿਦਾਸੀਆ ਭਾਈਚਾਰੇ ਦਾ ਸਭ ਤੋਂ ਵੱਡਾ ਧਾਰਮਿਕ ਕੇਂਦਰ ਹੈ। ਪੰਜਾਬ ਵਿੱਚ ਲਗਭਗ 32% ਦਲਿਤ ਆਬਾਦੀ ਹੈ, ਜੋ ਦੇਸ਼ ਵਿੱਚ ਸਭ ਤੋਂ ਵੱਧ ਹੈ, ਅਤੇ ਇਸ ਦਾ 45% ਹਿੱਸਾ ਇਕੱਲੇ ਦੋਆਬਾ ਖੇਤਰ ਵਿੱਚ ਰਹਿੰਦਾ ਹੈ। ਸਿਆਸੀ ਤੌਰ ‘ਤੇ ਦੋਆਬਾ ਦੀਆਂ 23 ਵਿਧਾਨ ਸਭਾ ਸੀਟਾਂ ਵਿੱਚੋਂ 19 ਸੀਟਾਂ ‘ਤੇ ਡੇਰਾ ਬੱਲਾਂ ਦਾ ਸਿੱਧਾ ਪ੍ਰਭਾਵ ਮੰਨਿਆ ਜਾਂਦਾ ਹੈ।

ਜ਼ਿਕਰਯੋਗ ਹੈ ਕਿ 2022 ਦੀਆਂ ਚੋਣਾਂ ਵਿੱਚ ‘ਆਪ’ ਦੀ ਲਹਿਰ ਦੇ ਬਾਵਜੂਦ ਕਾਂਗਰਸ ਨੇ ਇੱਥੇ 10 ਸੀਟਾਂ ਜਿੱਤ ਕੇ ਆਪਣੀ ਮੌਜੂਦਗੀ ਦਰਜ ਕਰਵਾਈ ਸੀ। ਹਾਲ ਹੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਮੌਕੇ ਇੱਥੇ ਨਤਮਸਤਕ ਹੋਣ ਪਹੁੰਚੇ ਸਨ, ਜੋ ਇਸ ਸਥਾਨ ਦੀ ਵਧਦੀ ਧਾਰਮਿਕ ਅਤੇ ਸਿਆਸੀ ਅਹਿਮੀਅਤ ਨੂੰ ਦਰਸਾਉਂਦਾ ਹੈ।

Follow Us