ਮਾਲਵੇ ਦੀ ਕਿਸਾਨੀ, ਮਾਝੇ ਦਾ ਬਾਰਡਰ ਤੇ ਦੋਆਬੇ ਦਾ NRI ਫੈਕਟਰ… 2027 ‘ਚ ਕੀ ਰਹੇਗਾ ਸਿਆਸੀ ਏਜੰਡਾ?

Updated On: 

17 Sep 2026 15:17 PM IST

ਪੰਜਾਬ ਦੀਆਂ ਕੁੱਲ 117 ਵਿਧਾਨ ਸਭਾ ਸੀਟਾਂ 'ਚੋਂ ਮਾਲਵਾ ਖੇਤਰ 'ਚ 69, ਮਾਝੇ 'ਚ 25 ਤੇ ਦੋਆਬੇ 'ਚ 23 ਸੀਟਾਂ ਆਉਂਦੀਆਂ ਹਨ। 2022 ਦੀਆਂ ਚੋਣਾਂ 'ਚ ਆਮ ਆਦਮੀ ਪਾਰਟੀ ਨੇ 117 'ਚੋਂ 92 ਸੀਟਾਂ ਜਿੱਤੀਆਂ ਸਨ। ਮਾਲਵੇ ਦੀਆਂ 69 'ਚੋਂ 66, ਮਾਝੇ ਦੀਆਂ 25 'ਚੋਂ 16 ਤੇ ਦੋਆਬੇ ਦੀਆਂ 23 'ਚੋਂ 10 ਸੀਟਾਂ 'ਤੇ 'ਆਪ' ਉਮੀਦਵਾਰ ਜੇਤੂ ਰਹੇ ਸਨ।

ਮਾਲਵੇ ਦੀ ਕਿਸਾਨੀ, ਮਾਝੇ ਦਾ ਬਾਰਡਰ ਤੇ ਦੋਆਬੇ ਦਾ NRI ਫੈਕਟਰ... 2027 ਚ ਕੀ ਰਹੇਗਾ ਸਿਆਸੀ ਏਜੰਡਾ?

ਪੰਜਾਬ ਦੀ ਸਿਆਸਤ ‘ਚ ਮਾਝਾ, ਮਾਲਵਾ ਤੇ ਦੋਆਬਾ ਤਿੰਨ ਅਜਿਹੇ ਖੇਤਰ ਹਨ, ਜਿਨ੍ਹਾਂ ਦੀ ਆਪਣੀ ਵੱਖਰੀ ਸਮਾਜਿਕ ਤੇ ਸਿਆਸੀ ਤਸਵੀਰ ਹੈ। ਆਉਣ ਵਾਲੀਆਂ 2027 ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਪਾਰਟੀਆਂ ਲਈ ਇਨ੍ਹਾਂ ਤਿੰਨਾਂ ਖੇਤਰਾਂ ਦੇ ਸਥਾਨਕ ਮੁੱਦੇ ਤੇ ਵੋਟਰਾਂ ਦੀਆਂ ਤਰਜੀਹਾਂ ਅਹਿਮ ਰਹਿਣਗੀਆਂ। ਹਾਲਾਂਕਿ ਰੁਜ਼ਗਾਰ, ਬਿਜਲੀ, ਪਾਣੀ, ਸੜਕਾਂ, ਸਿਹਤ ਸਹੂਲਤਾਂ ਤੇ ਕਿਸਾਨੀ ਵਰਗੇ ਮੁੱਦੇ ਚੋਣਾਂ ‘ਚ ਅਹਿਮ ਰਹਿੰਦੇ ਹਨ, ਪਰ ਮਾਝਾ, ਮਾਲਵਾ ਤੇ ਦੋਆਬਾ ‘ਚ ਇਨ੍ਹਾਂ ਤੋਂ ਇਲਾਵਾ ਕਈ ਅਜਿਹੇ ਸਥਾਨਕ ਮੁੱਦੇ ਵੀ ਹਨ, ਜੋ ਸਿਆਸੀ ਪਾਰਟੀਆਂ ਦੀ ਰਣਨੀਤੀ ਤੇ ਚੋਣੀ ਮੁਹਿੰਮ ਨੂੰ ਪ੍ਰਭਾਵਿਤ ਕਰ ਸਕਦੇ ਹਨ।

ਪੰਜਾਬ ਦੀਆਂ ਕੁੱਲ 117 ਵਿਧਾਨ ਸਭਾ ਸੀਟਾਂ ‘ਚੋਂ ਮਾਲਵਾ ਖੇਤਰ ‘ਚ 69, ਮਾਝੇ ‘ਚ 25 ਤੇ ਦੋਆਬੇ ‘ਚ 23 ਸੀਟਾਂ ਆਉਂਦੀਆਂ ਹਨ। 2022 ਦੀਆਂ ਚੋਣਾਂ ‘ਚ ਆਮ ਆਦਮੀ ਪਾਰਟੀ ਨੇ 117 ‘ਚੋਂ 92 ਸੀਟਾਂ ਜਿੱਤੀਆਂ ਸਨ। ਮਾਲਵੇ ਦੀਆਂ 69 ‘ਚੋਂ 66, ਮਾਝੇ ਦੀਆਂ 25 ‘ਚੋਂ 16 ਤੇ ਦੋਆਬੇ ਦੀਆਂ 23 ‘ਚੋਂ 10 ਸੀਟਾਂ ‘ਤੇ ‘ਆਪ’ ਉਮੀਦਵਾਰ ਜੇਤੂ ਰਹੇ ਸਨ।

ਮਾਲਵਾ ‘ਚ ਕਿਸਾਨੀ ਤੋਂ ਲੈ ਕੇ ਰੁਜ਼ਗਾਰ ਤੱਕ ਮੁੱਦੇ

ਮਾਲਵਾ ਪੰਜਾਬ ਦਾ ਸਭ ਤੋਂ ਵੱਡਾ ਚੋਣ ਖੇਤਰ ਹੈ। ਇੱਥੇ ਕਿਸਾਨੀ, ਖੇਤੀਬਾੜੀ, ਪਾਣੀ ਦਾ ਡਿੱਗਦਾ ਪੱਧਰ, ਨਸ਼ਾ, ਬੇਰੁਜ਼ਗਾਰੀ ਤੇ ਨੌਜਵਾਨਾਂ ਵਰਗੇ ਮੁੱਦੇ ਲਗਾਤਾਰ ਚਰਚਾ ‘ਚ ਰਹੇ ਹਨ। ਕਪਾਹ ਪੱਟੀ ਵਾਲੇ ਇਲਾਕਿਆਂ ਤੋਂ ਲੈ ਕੇ ਮਾਲਵੇ ਦੇ ਸ਼ਹਿਰੀ ਖੇਤਰਾਂ ਤੱਕ ਮੁੱਦਿਆਂ ‘ਚ ਫਰਕ ਵੀ ਦੇਖਣ ਨੂੰ ਮਿਲਦਾ ਹੈ। ਕਿਸਾਨਾਂ ਲਈ ਫਸਲਾਂ ਦੀ ਕੀਮਤ ਤੇ ਖਰੀਦ, ਪਾਣੀ ਤੇ ਖੇਤੀ ਨਾਲ ਜੁੜੇ ਮਸਲੇ ਅਹਿਮ ਹਨ, ਜਦਕਿ ਨੌਜਵਾਨਾਂ ‘ਚ ਰੁਜ਼ਗਾਰ ਅਤੇ ਵਿਦੇਸ਼ ਜਾਣ ਨਾਲ ਜੁੜੇ ਮੁੱਦੇ ਚੋਣੀ ਚਰਚਾ ਦਾ ਹਿੱਸਾ ਬਣ ਸਕਦੇ ਹਨ। 2022 ‘ਚ ਮਾਲਵੇ ‘ਚ ‘ਆਪ’ ਦਾ ਪ੍ਰਦਰਸ਼ਨ ਖਾਸ ਤੌਰ ਤੇ ਮਜ਼ਬੂਤ ਰਿਹਾ ਸੀ ਅਤੇ ਪਾਰਟੀ ਨੇ 69 ‘ਚੋਂ 66 ਸੀਟਾਂ ਜਿੱਤੀਆਂ ਸਨ। ਜਦਕਿ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਤੇ ਆਜ਼ਾਦ ਉਮੀਦਵਾਰ ਨੇ ਇੱਕ-ਇੱਕ ਸੀਟ ‘ਤੇ ਜਿੱਤ ਹਾਸਲ ਕੀਤੀ ਸੀ।

ਮਾਝਾ ‘ਚ ਸਰਹੱਦ, ਨਸ਼ਾ ਤੇ ਪੰਥਕ ਮੁੱਦੇ

ਅੰਮ੍ਰਿਤਸਰ, ਗੁਰਦਾਸਪੁਰ, ਤਰਨ ਤਾਰਨ ਤੇ ਪਠਾਨਕੋਟ ਮਾਝੇ ਦੇ ਇਹ ਜ਼ਿਲ੍ਹੇ ਪਾਕਿਸਤਾਨ ਸਰਹੱਦ ਨਾਲ ਲੱਗਦੇ ਹਨ। ਇੱਥੇ ਪੰਜਾਬ ਦੀ ਸਿਆਸਤ ਦੇ ਨਾਲ-ਨਾਲ ਸਰਹੱਦੀ ਸੁਰੱਖਿਆ, ਅਪਰਾਧ ਤੇ ਪੰਥਕ ਮਸਲਿਆਂ ਦੀ ਵੀ ਆਪਣੀ ਥਾਂ ਹੈ। ਪਾਕਿਸਤਾਨ ਨਾਲ ਲੱਗਦੀ ਸਰਹੱਦ ਕਾਰਨ ਤਸਕਰੀ, ਨਸ਼ਾ ਤੇ ਸਰਹੱਦੀ ਇਲਾਕਿਆਂ ਦੇ ਲੋਕਾਂ ਦੀਆਂ ਸਮੱਸਿਆਵਾਂ ਚੋਣੀ ਮੁੱਦੇ ਬਣਦੇ ਰਹੇ ਹਨ। ਸਰਹੱਦੀ ਕਿਸਾਨਾਂ ਦੀ ਜ਼ਮੀਨ, ਖੇਤੀ ਤੇ ਸਥਾਨਕ ਕਾਰੋਬਾਰ ਨਾਲ ਜੁੜੇ ਮਸਲੇ ਵੀ ਸਿਆਸੀ ਚਰਚਾ ‘ਚ ਰਹਿੰਦੇ ਹਨ। 2022 ‘ਚ ਮਾਝੇ ਦੀਆਂ 25 ਸੀਟਾਂ ‘ਚੋਂ ‘ਆਪ’ ਨੇ 16, ਕਾਂਗਰਸ ਨੇ 7 ਤੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਨੇ ਇੱਕ-ਇੱਕ ਸੀਟ ਜਿੱਤੀ ਸੀ।

ਦੋਆਬਾ ‘ਚ ਦਲਿਤ ਵੋਟਰ ਤੇ ਐਨਆਰਆਈ ਅਹਿਮ

ਜਲੰਧਰ, ਹੁਸ਼ਿਆਰਪੁਰ, ਕਪੂਰਥਲਾ ਤੇ ਸ਼ਹੀਦ ਭਗਤ ਸਿੰਘ ਨਗਰ ਵਾਲਾ ਦੋਆਬਾ ਪੰਜਾਬ ਦੀ ਸਿਆਸਤ ‘ਚ ਵੱਖਰੀ ਮਹੱਤਤਾ ਰੱਖਦਾ ਹੈ। ਇਸ ਖੇਤਰ ‘ਚ ਦਲਿਤ ਆਬਾਦੀ ਤੇ ਐਨਆਰਆਈ ਭਾਈਚਾਰੇ ਦੀ ਮੌਜੂਦਗੀ ਕਾਰਨ ਸਿਆਸੀ ਪਾਰਟੀਆਂ ਲਈ ਇੱਥੋਂ ਦੇ ਮੁੱਦੇ ਵੱਖਰੇ ਮਹੱਤਵ ਰੱਖਦੇ ਹਨ। ਵਿਦੇਸ਼ ਜਾਣ ਵਾਲੇ ਨੌਜਵਾਨ, ਇਮੀਗ੍ਰੇਸ਼ਨ ਨਾਲ ਜੁੜੇ ਮੁੱਦੇ, ਉਦਯੋਗ, ਰੁਜ਼ਗਾਰ, ਸੜਕਾਂ ਤੇ ਬੁਨਿਆਦੀ ਢਾਂਚਾ ਤੇ ਗੈਰਕਾਨੂੰਨੀ ਮਾਈਨਿੰਗ ਵਰਗੇ ਮਸਲੇ ਸਿਆਸੀ ਚਰਚਾ ਦਾ ਹਿੱਸਾ ਬਣ ਸਕਦੇ ਹਨ। 2022 ‘ਚ ਦੋਆਬੇ ਦੀਆਂ 23 ਸੀਟਾਂ ‘ਚੋਂ ‘ਆਪ’ ਨੇ 10, ਕਾਂਗਰਸ ਨੇ 9, ਭਾਜਪਾ ਨੇ 2 ਅਤੇ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਨੇ ਇੱਕ-ਇੱਕ ਸੀਟ ਜਿੱਤੀ ਸੀ।

2027 ਤੋਂ ਪਹਿਲਾਂ ਸਥਾਨਕ ਮੁੱਦਿਆਂ ਤੇ ਫੋਕਸ

ਤਿੰਨਾਂ ਖੇਤਰਾਂ ਦੀ ਸਿਆਸੀ ਤਸਵੀਰ ਇੱਕੋ ਜਿਹੀ ਨਹੀਂ ਹੈ। ਮਾਲਵੇ ‘ਚ ਖੇਤੀ ਤੇ ਪਾਣੀ, ਮਾਝੇ ‘ਚ ਸਰਹੱਦ, ਨਸ਼ਾ ਤਸਕਰੀ, ਅਪਰਾਧ ਤੇ ਪੰਥਕ ਮਸਲੇ, ਜਦਕਿ ਦੋਆਬੇ ‘ਚ ਦਲਿਤ ਤੇ ਐਨਆਰਆਈ ਭਾਈਚਾਰੇ ਨਾਲ ਜੁੜੇ ਮੁੱਦੇ ਵਧੇਰੇ ਚਰਚਾ ‘ਚ ਰਹਿੰਦੇ ਹਨ। ਇਸ ਦੇ ਨਾਲ ਹੀ ਪੂਰੇ ਪੰਜਾਬ ‘ਚ ਮਹਿੰਗਾਈ, ਰੁਜ਼ਗਾਰ, ਨਸ਼ਾ, ਸਿੱਖਿਆ, ਸਿਹਤ ਤੇ ਬੁਨਿਆਦੀ ਸਹੂਲਤਾਂ ਵਰਗੇ ਸਾਂਝੇ ਮੁੱਦੇ ਵੀ ਚੋਣੀ ਚਰਚਾ ਦਾ ਹਿੱਸਾ ਰਹਿਣਗੇ। ਇਸ ਦੇ ਨਾਲ-ਨਾਲ ਖੇਤਰੀ ਸਥਾਨਕ ਮਸਲਿਆਂ ‘ਤੇ ਵੀ ਪਾਰਟੀਆਂ ਦੀ ਨਜ਼ਰ ਰਹੇਗੀ।

Loading...
Unable to load recommendations.
Follow Us