ਖੇਡ ਦੇ ਮੈਦਾਨ ਤੋਂ ਸਿਆਸੀ ਮੰਚ ਤੱਕ… ਪੰਜਾਬ ‘ਚ ਖਿਡਾਰੀਆਂ ਦਾ ਸਿਆਸਤ ਵੱਲ ਵਧਦਾ ਰੁਝਾਨ

Updated On: 

17 Sep 2026 13:19 PM IST

2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਖਿਡਾਰੀਆਂ ਦੀ ਸਿਆਸੀ ਭੂਮਿਕਾ ਮੁੜ ਚਰਚਾ 'ਚ ਆ ਗਈ ਹੈ। ਪਿਛਲੇ ਕੁਝ ਸਾਲਾਂ ਦੌਰਾਨ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਖੇਡ ਜਗਤ ਦੇ ਚਿਹਰਿਆਂ ਦੀ ਸ਼ਮੂਲੀਅਤ ਵਧੀ ਹੈ। ਹਾਲਾਂਕਿ, ਹਰ ਖਿਡਾਰੀ ਦਾ ਸਿਆਸੀ ਸਫ਼ਰ ਇੱਕੋ ਜਿਹਾ ਨਹੀਂ ਰਿਹਾ।

ਖੇਡ ਦੇ ਮੈਦਾਨ ਤੋਂ ਸਿਆਸੀ ਮੰਚ ਤੱਕ... ਪੰਜਾਬ ਚ ਖਿਡਾਰੀਆਂ ਦਾ ਸਿਆਸਤ ਵੱਲ ਵਧਦਾ ਰੁਝਾਨ

ਖੇਡ ਦੇ ਮੈਦਾਨ ਤੋਂ ਸਿਆਸੀ ਮੰਚ ਤੱਕ... ਪੰਜਾਬ 'ਚ ਖਿਡਾਰੀਆਂ ਦਾ ਸਿਆਸਤ ਵੱਲ ਵਧਦਾ ਰੁਝਾਨ

ਪੰਜਾਬ ‘ਚ ਖੇਡਾਂ ਤੇ ਸਿਆਸਤ ਦਾ ਰਿਸ਼ਤਾ ਕਾਫ਼ੀ ਪੁਰਾਣਾ ਹੈ। ਸੂਬੇ ਦੇ ਕਈ ਨਾਮੀ ਖਿਡਾਰੀ ਖੇਡ ਮੈਦਾਨ ‘ਚ ਆਪਣੀ ਪਛਾਣ ਬਣਾਉਣ ਤੋਂ ਬਾਅਦ ਸਿਆਸੀ ਮੈਦਾਨ ‘ਚ ਵੀ ਉਤਰੇ। ਹਾਕੀ ਤੋਂ ਲੈ ਕੇ ਕ੍ਰਿਕਟ, ਕੁਸ਼ਤੀ, ਕਬੱਡੀ ਤੇ ਬਾਸਕਟਬਾਲ ਤੱਕ, ਕਈ ਖਿਡਾਰੀਆਂ ਨੇ ਚੋਣਾਂ ਲੜੀਆਂ, ਵਿਧਾਇਕ ਬਣੇ ਤੇ ਸੰਸਦ ਤੱਕ ਵੀ ਪਹੁੰਚੇ।

ਹੁਣ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਖਿਡਾਰੀਆਂ ਦੀ ਸਿਆਸੀ ਭੂਮਿਕਾ ਮੁੜ ਚਰਚਾ ‘ਚ ਆ ਗਈ ਹੈ। ਪਿਛਲੇ ਕੁਝ ਸਾਲਾਂ ਦੌਰਾਨ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਖੇਡ ਜਗਤ ਦੇ ਚਿਹਰਿਆਂ ਦੀ ਸ਼ਮੂਲੀਅਤ ਵਧੀ ਹੈ। ਹਾਲਾਂਕਿ, ਹਰ ਖਿਡਾਰੀ ਦਾ ਸਿਆਸੀ ਸਫ਼ਰ ਇੱਕੋ ਜਿਹਾ ਨਹੀਂ ਰਿਹਾ।

ਹਾਕੀ ਦੇ ਮੈਦਾਨ ਤੋਂ ਸਿਆਸਤ ਤੱਕ ਪਰਗਟ ਸਿੰਘ

ਪੰਜਾਬ ਦੇ ਖਿਡਾਰੀਆਂ ‘ਚ ਪਰਗਟ ਸਿੰਘ ਇੱਕ ਪ੍ਰਮੁੱਖ ਨਾਮ ਹੈ। ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਰਹੇ ਪਰਗਟ ਸਿੰਘ ਨੇ ਖੇਡ ਤੋਂ ਬਾਅਦ ਸਿਆਸਤ ‘ਚ ਕਦਮ ਰੱਖਿਆ। ਉਹ ਜਲੰਧਰ ਕੈਂਟ ਤੋਂ ਵਿਧਾਇਕ ਹਨ ਤੇ ਇਸ ਤੋਂ ਪਹਿਲਾਂ ਪੰਜਾਬ ‘ਚ ਸਰਕਾਰ ‘ਚ ਮੰਤਰੀ ਦੀ ਜ਼ਿੰਮੇਵਾਰੀ ਵੀ ਨਿਭਾ ਚੁੱਕੇ ਹਨ।

1980 ਮਾਸਕੋ ਓਲੰਪਿਕ ਦੀ ਸੋਨ ਤਮਗਾ ਜੇਤੂ ਭਾਰਤੀ ਹਾਕੀ ਟੀਮ ਦੇ ਮੈਂਬਰ ਸੁਰਿੰਦਰ ਸਿੰਘ ਸੋਢੀ ਵੀ ਸਿਆਸਤ ‘ਚ ਆਏ। 2022 ਚੋਣਾਂ ‘ਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੇ ‘ਆਪ’ ਦੀ ਟਿਕਟ ਤੋਂ ਜਲੰਧਰ ਕੈਂਟ ਸੀਟ ‘ਤੇ ਚੋਣ ਲੜੀ ਸੀ।

ਸਿੱਧੂ ਤੋਂ ਹਰਭਜਨ ਤੱਕ ਕ੍ਰਿਕਟਰਾਂ ਦੀ ਸਿਆਸੀ ਪਾਰੀ

ਕ੍ਰਿਕਟ ਦੀ ਦੁਨੀਆ ਤੋਂ ਸਿਆਸਤ ‘ਚ ਆਉਣ ਵਾਲਿਆਂ ਵਿੱਚ ਨਵਜੋਤ ਸਿੰਘ ਸਿੱਧੂ ਦਾ ਨਾਮ ਖਾਸ ਤੌਰ ‘ਤੇ ਜਾਣਿਆ ਜਾਂਦਾ ਹੈ। ਸਾਬਕਾ ਕ੍ਰਿਕਟਰ ਸਿੱਧੂ ਲੋਕ ਸਭਾ ਤੇ ਰਾਜ ਸਭਾ ਦੇ ਮੈਂਬਰ ਰਹੇ। ਇਸ ਤੋਂ ਇਲਾਵਾ ਉਹ ਪੰਜਾਬ ਸਰਕਾਰ ‘ਚ ਮੰਤਰੀ ਵੀ ਰਹੇ ਹਨ। ਫਿਲਹਾਲ ਦੇ ਲਈ ਉਹ ਰਾਜਨੀਤੀ ਤੋਂ ਦੂਰ ਹਨ, ਪਰ ਸੋਸ਼ਲ ਮੀਡੀਆ ‘ਤੇ ਕਾਫ਼ੀ ਐਕਟਿਵ ਨਜ਼ਰ ਆਉਂਦੇ ਹਨ ਤੇ ਵਿੱਚ-ਵਿਚਾਲੇ ਰਾਜਨੀਤਿਕ ਨਿਸ਼ਾਨੇ ਵੀ ਸਾਧਦੇ ਰਹਿੰਦੇ ਹਨ।

ਭਾਰਤੀ ਟੀਮ ਦੇ ਸਾਬਕਾ ਸਪਿਨ ਗੇਂਦਬਾਜ਼ ਹਰਭਜਨ ਸਿੰਘ ਨੇ ਵੀ ਸਿਆਸਤ ‘ਚ ਦਾਖ਼ਲਾ ਲਿਆ। 2022 ‘ਚ ਉਹ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਬਣੇ। ਇਸ ਨਾਲ ਖੇਡਾਂ ਤੋਂ ਸੰਸਦ ਤੱਕ ਪਹੁੰਚਣ ਵਾਲੇ ਪੰਜਾਬੀ ਖਿਡਾਰੀਆਂ ਦੀ ਸੂਚੀ ‘ਚ ਇੱਕ ਹੋਰ ਵੱਡਾ ਨਾਮ ਜੁੜ ਗਿਆ। ਹਾਲਾਂਕਿ, ਇਸੇ ਸਾਲ ‘ਆਪ’ ਨੂੰ ਛੱਡ ਕੇ ਉਹ ਭਾਰਤੀ ਜਨਤਾ ਪਾਰਟੀ ਨਾਲ ਜੁੜ ਗਏ, ਜੋ ਕਿ ਇੱਕ ਵੱਡਾ ਸਿਆਸੀ ਘਟਨਾਕ੍ਰਮ ਰਿਹਾ ਸੀ।

ਕਬੱਡੀ ਤੇ ਕੁਸ਼ਤੀ ਦੇ ਖਿਡਾਰੀ ਵੀ ਪਿੱਛੇ ਨਹੀਂ

ਪੰਜਾਬ ਦੀ ਪੇਂਡੂ ਖੇਡ ਸੰਸਕ੍ਰਿਤੀ ਦਾ ਸਿਆਸਤ ਨਾਲ ਵੀ ਰਿਸ਼ਤਾ ਬਣਿਆ ਹੈ। ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੁਰਲਾਲ ਸਿੰਘ ਘਨੌਰ 2022 ‘ਚ ਘਨੌਰ ਤੋਂ ਵਿਧਾਇਕ ਬਣੇ। ਪਦਮਸ਼੍ਰੀ ਤੇ ਅਰਜੁਨ ਐਵਾਰਡ ਨਾਲ ਸਨਮਾਨਿਤ ਪਹਿਲਵਾਨ ਕਰਤਾਰ ਸਿੰਘ ਨੇ ਵੀ ਸਿਆਸੀ ਪਾਰੀ ਸ਼ੁਰੂ ਕੀਤੀ ਤੇ ‘ਆਪ’ ਦੀ ਟਿਕਟ ਤੋਂ ਤਰਨਤਾਰਨ ਵਿਧਾਨ ਸਭਾ ਚੋਣ ਲੜੀ ਤੇ ਹਾਰ ਦਾ ਸਾਹਮਣਾ ਕਰਨਾ ਪਿਆ।

ਇਸੇ ਕੜੀ ‘ਚ ਪਹਿਲਵਾਨ ਜਸਕੰਵਰ ਸਿੰਘ ਉਰਫ਼ ਜੱਸਾ ਪੱਟੀ ਦਾ ਨਾਮ ਵੀ ਸਾਹਮਣੇ ਆਇਆ। 2026 ‘ਚ ਉਹ ‘ਆਪ’ ‘ਚ ਸ਼ਾਮਲ ਹੋਏ। ਇਸੇ ਤਰ੍ਹਾਂ ਕੁਸ਼ਤੀ ਖਿਡਾਰੀ ਪ੍ਰਿਤਪਾਲ ਸਿੰਘ ਤੇ ਕਬੱਡੀ ਖਿਡਾਰੀ ਪਾਲਾ ਜਲਾਲਪੁਰ ਸਮੇਤ ਹੋਰ ਵੀ ਕਈ ਖਿਡਾਰੀਆਂ ਨੇ ਇਸੇ ਸਾਲ ‘ਆਪ’ ਦਾ ਪੱਲਾ ਫੜਿਆ ਹੈ।

ਖਿਡਾਰੀਆਂ ਨੂੰ ਸਿਆਸਤ ‘ਚ ਕਿਉਂ ਮਿਲ ਰਹੀ ਥਾਂ?

ਇਸ ਦੇ ਪਿੱਛੇ ਕਈ ਕਾਰਨ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਮਸ਼ਹੂਰ ਖਿਡਾਰੀ ਪਹਿਲਾਂ ਹੀ ਜਨਤਾ ‘ਚ ਲੋਕਪ੍ਰਿਯ ਹੁੰਦੇ ਹਨ। ਅੰਤਰਰਾਸ਼ਟਰੀ, ਰਾਸ਼ਟਰੀ ਤੇ ਸੂਬਾ ਪੱਧਰ ‘ਤੇ ਨੁਮਾਇੰਦਗੀ ਕਰ ਚੁੱਕੇ ਖਿਡਾਰੀਆਂ ਨੂੰ ਕਿਸੇ ਨਵੇਂ ਚਿਹਰੇ ਵਾਂਗ ਲੋਕਾਂ ‘ਚ ਆਪਣੀ ਪਛਾਣ ਬਣਾਉਣ ਲਈ ਸ਼ੁਰੂ ਤੋਂ ਮਿਹਨਤ ਨਹੀਂ ਕਰਨੀ ਪੈਂਦੀ।

ਪੰਜਾਬ ‘ਚ ਖੇਡਾਂ ਲੋਕਾਂ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਰਹੀਆਂ ਹਨ। ਇਸ ਕਰਕੇ ਖਿਡਾਰੀਆਂ ਦੀ ਨੌਜਵਾਨਾਂ ਤੇ ਪੇਂਡੂ ਵਰਗ ‘ਚ ਆਪਣੀ ਪਹੁੰਚ ਵੀ ਹੁੰਦੀ ਹੈ। ਸਿਆਸੀ ਪਾਰਟੀਆਂ ਲਈ ਇਹ ਪਛਾਣ ਲੋਕਾਂ ਨਾਲ ਸੰਪਰਕ ਬਣਾਉਣ ‘ਚ ਕੰਮ ਆ ਸਕਦੀ ਹੈ। ਪਰ ਇਹ ਵੀ ਸਾਫ਼ ਹੈ ਕਿ ਖੇਡ ਮੈਦਾਨ ਦੀ ਕਾਮਯਾਬੀ ਸਿੱਧੇ ਤੌਰ ‘ਤੇ ਚੋਣੀ ਕਾਮਯਾਬੀ ਨਹੀਂ ਬਣ ਜਾਂਦੀ। ਕੁਝ ਖਿਡਾਰੀ ਚੋਣਾਂ ਜਿੱਤ ਕੇ ਵਿਧਾਨ ਸਭਾ ਜਾਂ ਸੰਸਦ ਤੱਕ ਪਹੁੰਚੇ, ਜਦਕਿ ਕਈਆਂ ਨੂੰ ਹਾਰ ਵੀ ਦੇਖਣੀ ਪਈ।

Loading...
Unable to load recommendations.
Follow Us