ਝੋਨੇ ਦੀ ਸਿੱਧੀ ਬਿਜਾਈ ਹੋਈ ਸ਼ੁਰੂ, ਅੱਜ ਤੋਂ ਕਿਸਾਨ ਬੀਜ ਸਕਣਗੇ ਝੋਨਾ, ਸਰਕਾਰ ਨੇ ਰੱਖਿਆ 5 ਲੱਖ ਏਕੜ ਦਾ ਟੀਚਾ

amanpreet-kaur
Updated On: 

15 May 2025 13:37 PM

ਪੰਜਾਬ ਵਿੱਚ ਪਾਣੀ ਦੀ ਘਾਟ ਨੂੰ ਧਿਆਨ ਵਿੱਚ ਰੱਖਦੇ ਹੋਏ, ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਨਾਲ ਪਾਣੀ, ਬਿਜਲੀ ਅਤੇ ਡੀਜ਼ਲ ਦੀ ਬਚਤ ਹੁੰਦੀ ਹੈ। ਸਰਕਾਰ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਸਹਾਇਤਾ ਵੀ ਦੇ ਰਹੀ ਹੈ। ਬਾਸਮਤੀ ਦੀ ਸਿੱਧੀ ਬਿਜਾਈ ਵਾਲੇ ਕਿਸਾਨਾਂ ਨੂੰ ਵੀ ਇਹ ਸਹਾਇਤਾ ਮਿਲੇਗੀ।

ਝੋਨੇ ਦੀ ਸਿੱਧੀ ਬਿਜਾਈ ਹੋਈ ਸ਼ੁਰੂ, ਅੱਜ ਤੋਂ ਕਿਸਾਨ ਬੀਜ ਸਕਣਗੇ ਝੋਨਾ, ਸਰਕਾਰ ਨੇ ਰੱਖਿਆ 5 ਲੱਖ ਏਕੜ ਦਾ ਟੀਚਾ

Pic Credit: Carlos Duarte/Moment/Getty Images

Follow Us On

ਪੰਜਾਬ ਵਿੱਚ ਪਾਣੀ ਦੀ ਕਮੀ ਦੇ ਕਾਰਨ ਪੰਜਾਬ ਸਰਕਾਰ ਨੇ ਝੋਨੇ ਦੀ ਲਗਵਾਈ 1 ਜੂਨ ਤੋਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਜਦੋਂ ਕਿ ਸਿੱਧੀ ਬਿਜਾਈ (Direct Seeded Rice) ਅੱਜ ਤੋਂ ਸ਼ੁਰੂ ਹੋ ਗਈ ਹੈ। ਕਿਸਾਨ ਆਪਣੇ ਖੇਤਾਂ ਵਿੱਚ ਅੱਜ ਤੋਂ ਝੋਨਾ ਬੀਜ ਸਕਣਗੇ। ਸਿੱਧੀ ਬਿਜਾਈ ਦਾ ਸਭ ਤੋਂ ਵੱਡਾ ਫਾਇਦਾ ਇਹ ਹੁੰਦਾ ਹੈ ਕਿ ਇਸ ਨਾਲ ਪਾਣੀ ਦੀ ਬਹੁਤ ਜ਼ਿਆਦਾ ਬਚਤ ਹੁੰਦੀ ਹੈ। ਕਿਉਂਕਿ ਇਸ ਦੇ ਲਈ ਖੇਤ ਨੂੰ ਕੱਦੂ (ਖੇਤ ਵਿੱਚ ਪਾਣੀ ਜ਼ਮ੍ਹਾ) ਨਹੀਂ ਕਰਨਾ ਪੈਂਦਾ। ਇਸ ਨੂੰ ਆਮ ਫ਼ਸਲਾਂ ਵਾਂਗ ਬੀਜਿਆ ਜਾਂਦਾ ਹੈ। ਦੂਜਾ ਇਸ ਦਾ ਫਾਇਦਾ ਇਹ ਹੁੰਦਾ ਹੈ ਕਿ ਮੋਟਰ ਬਹੁਤ ਘੱਟ ਚਲਾਉਣੀ ਪੈਂਦੀ ਹੈ ਜਿਸ ਕਾਰਨ ਬਿਜਲੀ ਅਤੇ ਡੀਜਲ ਦੀ ਵੀ ਕਾਫ਼ੀ ਬੱਚਤ ਹੁੰਦੀ ਹੈ।

ਪੰਜਾਬ ਸਰਕਾਰ ਨੇ ਇਸ ਵਾਰ ਝੋਨੇ ਦੀ ਸਿੱਧੀ ਬਿਜਾਈ ਵਾਲਾ ਰਕਬਾ 5 ਲੱਖ ਏਕੜ ਤੱਕ ਕਰਨ ਦਾ ਫੈਸਲਾ ਕੀਤਾ ਹੈ। ਜਿਸ ਦੇ ਲਈ ਸਰਕਾਰ ਕਿਸਾਨਾਂ ਨੂੰ ਜਾਗਰੂਕ ਅਤੇ ਪ੍ਰੋਤਸਾਹਿਤ (ਕੁੱਝ ਮਦਦ) ਵੀ ਕਰ ਰਹੀ ਹੈ। ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਪੰਜਾਬ ਸਰਕਾਰ ਵੱਲੋਂ 1500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਆਰਥਿਕ ਮਦਦ ਵੀ ਦਿੱਤੀ ਜਾਵੇਗੀ।

ਬਾਸਮਤੀ ਬੀਜਣ ਵਾਲਿਆਂ ਨੂੰ ਵੀ ਮਿਲੇਗਾ ਫਾਇਦਾ

ਪੰਜਾਬ ਸਰਕਾਰ ਨੇ ਬਾਸਮਤੀ ਚਾਵਲ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500 ਰੁਪਏ ਆਰਥਿਕ ਮਦਦ ਕਰਨ ਦਾ ਫੈਸਲਾ ਲਿਆ ਹੈ। ਪਿਛਲੇ ਸਾਲ ਸਿੱਧੀ ਬਿਜਾਈ ਕਰਨ ਵਾਲੇ 21 ਹਜ਼ਾਰ 338 ਕਿਸਾਨਾਂ ਨੂੰ 29 ਕਰੋੜ 2 ਲੱਖ ਰੁਪਏ ਦੀ ਆਰਥਿਕ ਮਦਦ ਦਿੱਤੀ ਗਈ। ਪਿਛਲੇ ਸਾਲ ਕਿਸਾਨਾਂ ਨੇ 2 ਲੱਖ 53 ਹਜ਼ਾਰ ਏਕੜ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਸੀ।

ਸਿੱਧੀ ਬਿਜਾਈ ਦੇ ਫਾਇਦੇ

  • 15-20 ਤੋਂ ਫੀਸਦ ਤੱਕ ਪਾਣੀ ਦੀ ਘੱਟ ਵਰਤੋ
  • ਕਰੀਬ 3,500 ਰੁਪਏ ਪ੍ਰਤੀ ਏਕੜ ਮਜ਼ਦੂਰੀ ਦੀ ਲਾਗਤ ਵਿੱਚ ਕਮੀ
  • ਮੋਟਰ ਘੱਟ ਚੱਲਣ ਕਾਰਨ ਬਿਜਲੀ ਦੀ ਬੱਚਤ
  • ਝੋਨੇ ਲਈ ਖੇਤ ਤਿਆਰ ਕਰਨ ਲਈ ਲੱਗਣ ਵਾਲੇ ਡੀਜਲ ਵਿੱਚ ਕਮੀ