New Ministers Profile: ਕੌਣ ਹਨ ਸੀਐਮ ਭਗਵੰਤ ਮਾਨ ਦੇ ਪੰਜ ਨਵੇਂ ਮੰਤਰੀ? ਕਿੰਨੀ ਪੜਾਈ…ਕਿੰਨੀ ਜਾਇਦਾਦ…? ਜਾਣੋ ਹਰ ਅਪਡੇਟ
Punjab New Cabinet Ministers Profile: ਕੈਬਿਨੇਟ ਵਿੱਚ ਫੇਰਬਦਲ ਵਿੱਚ ਵੱਡੀ ਗੱਲ ਇਹ ਹੈ ਕਿ ਨਵੇਂ ਮੰਤਰੀ ਪਹਿਲੀ ਵਾਰ ਸਾਲ 2022 ਵਿੱਚ ਵਿਧਾਨ ਸਭਾ ਦੇ ਮੈਂਬਰ ਬਣੇ ਹਨ। ਇਸ ਤੋਂ ਇਲਾਵਾ ਵੱਡੀ ਗੱਲ ਇਹ ਵੀ ਹੈ ਕਿ ਆਮ ਆਦਮੀ ਪਾਰਟੀ ਦੀ ਟਿਕਟ ਤੇ ਦੂਜੀ ਵਾਰ ਵਿਧਾਇਕ ਬਣੇ ਲੀਡਰਾਂ ਨੂੰ ਕੈਬਨਿਟ ਵਿੱਚ ਕੋਈ ਥਾਂ ਨਹੀਂ ਮਿਲੀ। ਚਾਹੇ ਉਹਨਾਂ ਵਿੱਚ ਬਲਜਿੰਦਰ ਕੌਰ ਦਾ ਨਾਮ ਹੋਵੇ ਜਾਂ ਫੇਰ ਸਰਬਜੀਤ ਕੌਰ ਮਾਣੂੰਕੇ ਹੋਣ।
ਕੌਣ ਹਨ ਮਾਨ ਦੇ ਪੰਜ ਨਵੇਂ ਮਤੰਰੀ, ਜਾਣੋ ਹਰ ਅਪਡੇਟ
ਪੰਜਾਬ ਕੈਬਨਿਟ ਵਿੱਚ ਫੇਰਬਦਲ ਤੋਂ ਬਾਅਦ ਪੰਜ ਨਵੇਂ ਮੰਤਰੀਆਂ ਨੂੰ ਥਾਂ ਦਿੱਤੀ ਗਈ ਹੈ। ਸੋਮਵਾਰ ਸ਼ਾਮ ਨੂੰ ਚੰਡੀਗੜ੍ਹ ਵਿੱਚ ਸਥਿਤ ਰਾਜ ਭਵਨ ਵਿਖੇ ਸੂਬੇ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਇਨ੍ਹਾਂ ਸਾਰਿਆਂ ਨੂੰ ਮੰਤਰੀ ਦੇ ਅਹੁਦੇ ਦੀ ਸਹੁੰ ਚੁਕਾਈ। ਜਿਹੜ੍ਹੇ ਵਿਧਾਇਕ ਕੈਬਿਨੇਟ ਦਾ ਹਿੱਸਾ ਬਣੇ ਹਨ, ਉਨ੍ਹਾਂ ਵਿੱਚ ਜਲੰਧਰ ਪੱਛਮੀ ਤੋਂ ਜ਼ਿਮਨੀ ਚੋਣ ਜਿੱਤ ਕੇ ਆਏ ਮੋਹਿੰਦਰ ਭਗਤ, ਲਹਿਰਾਗਾਗਾ ਤੋਂ ਵਿਧਾਇਕ ਬਰਿੰਦਰ ਕੁਮਾਰ ਗੋਇਲ, ਖੰਨਾ ਤੋਂ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ, ਸ਼ਾਮ ਚੁਰਾਸੀ ਤੋਂ ਵਿਧਾਇਕ ਡਾ. ਰਵਜੋਤ ਸਿੰਘ ਅਤੇ ਸਾਹਨੇਵਾਲ ਤੋਂ ਹਰਦੀਪ ਸਿੰਘ ਮੁੰਡੀਆਂ ਸ਼ਾਮਿਲ ਹਨ।
ਹੁਣ ਇਹ ਪੰਜੋਂ ਵਿਧਾਇਕ ਮੰਤਰੀ ਬਣ ਚੁੱਕੇ ਹਨ। ਅਜਿਹੇ ਵਿੱਚ ਸਾਨੂੰ ਇਨ੍ਹਾਂ ਬਾਰੇ ਨੇੜਿਓ ਜਾਣਨ ਦੀ ਕਾਫੀ ਉਤਸੁਕਤਾ ਹੈ। ਚੱਲੋ ਤੁਹਾਨੂੰ ਦੱਸਦੇ ਹਾਂ ਕਿ ਇਹ ਸਾਰੇ ਕੌਣ ਹਨ ਅਤੇ ਮੰਤਰੀ ਬਣਨ ਤੋਂ ਬਾਅਦ ਕਿੱਥੋਂ ਅਗੁਵਾਈ ਕਰਨਗੇ।
ਮੋਹਿੰਦਰ ਪਾਲ ਭਗਤ
ਜਲੰਧਰ ਵੈਸਟ ਤੋਂ ਪਾਰਟੀ ਵਿਧਾਇਕ 66 ਸਾਲਾ ਮੋਹਿੰਦਰ ਭਗਤ ਪੇਸ਼ੇ ਤੋਂ ਕਾਰੋਬਾਰੀ ਹਨ। 10 ਤੱਕ ਪੜੇ ਭਗਤ ਦੀ ਕੁੱਲ ਜਾਇਦਾਦ 4 ਕਰੋੜ ਦੇ ਕਰੀਬ ਹੈ। ਮੋਹਿੰਦਰ ਭਗਤ ਨੂੰ ਮੰਤਰੀ ਬਣਾ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਨੂੰ ਰਿਟਰਨ ਗਿਫਟ ਦਿੱਤਾ ਹੈ। ਦਰਅਸਲ, ਉਨ੍ਹਾਂ ਨੇ ਜਲੰਧਰ ਦੀਆਂ ਜਿਮਨੀ ਚੋਣਾਂ ਦੌਰਾਨ ਇਥੋਂ ਦੇ ਲੋਕਾਂ ਨੂੰ ਵਾਅਦਾ ਕੀਤਾ ਸੀ ਕਿ ਤੁਸੀਂ ਇਨ੍ਹਾਂ ਨੂੰ ਵਿਧਾਇਕ ਬਣਾਓ, ਮੰਤਰੀ ਅਸੀਂ ਬਣਾ ਦੇਵਾਂਗੇ।
ਹਰਦੀਪ ਸਿੰਘ ਮੁੰਡੀਆ
ਸਾਹਨੇਵਾਲ ਤੋਂ ਵਿਧਾਇਕ ਹਰਦੀਪ ਸਿੰਘ ਮੁੰਡੀਆ ਵੀ ਪੇਸ਼ੇ ਤੋਂ ਕਾਰੋਬਾਰੀ ਹਨ। 48 ਸਾਲਾ ਮੁੰਡੀਆਂ ਦੇ ਪਰਿਵਾਰ ਵਿੱਚ ਪਤਨੀ ਅਤੇ ਤਿੰਨ ਬੇਟੀਆਂ ਹਨ। ਉਹ ਵੀ 10ਵੀਂ ਪਾਸ ਹਨ। ਉਨ੍ਹਾਂ ਦੀ ਕੁੱਲ ਜਾਇਦਾਦ ਤਕਰੀਬਨ 4.75 ਕਰੋੜ ਦੱਸੀ ਜਾ ਰਹੀ ਹੈ। ਲੁਧਿਆਣਾ ਪੰਜਾਬ ਦਾ ਸਭਤੋਂ ਵੱਡਾ ਜਿਲ੍ਹਾ ਹੈ। ਇੱਥੋਂ ਮੌਜੂਦਾ ਸਰਾਕਰ ਦਾ ਕੋਈ ਮੰਤਰੀ ਨਹੀਂ ਹੈ। ਭਾਜਪਾ ਦੀ ਟਿਕਟ ਤੋਂ ਲੁਧਿਆਣਾ ਤੋਂ ਸਾਂਸਦ ਦੀ ਚੋਣ ਹਾਰਨ ਤੋਂ ਬਾਅਦ ਰਵਨੀਤ ਬਿੱਟੂ ਕੇਂਦਰੀ ਰਾਜ ਮੰਤਰੀ ਬਣ ਚੁੱਕੇ ਹਨ। ਕਾਂਗਰਸ ਪ੍ਰਧਾਨ ਰਾਜਾ ਅਮਰਿੰਦਰ ਸਿੰਘ ਵੜਿੰਗ ਇੱਥੋਂ ਮੌਜੂਦਾ ਸਾਂਸਦ ਹਨ। ਅਜਿਹੇ ਚ ਮੁੰਡੀਆ ਨੂੰ ਮੰਤਰੀ ਬਣਾ ਕੇ ਇੱਥੋਂ ਪਾਰਟੀ ਨੂੰ ਮਜਬੂਤ ਕਰਨ ਦੀ ਕੋਸ਼ਿਸ਼ ਸਮਝੀ ਜਾ ਰਹੀ ਹੈ।
ਨਵੇਂ ਕੈਬਨਿਟ ਮੰਤਰੀਆਂ ਦਾ ਸਹੁੰ ਚੁੱਕ ਸਮਾਗਮ, ਪੰਜਾਬ ਰਾਜਭਵਨ, ਚੰਡੀਗੜ੍ਹ ਤੋਂ Live… https://t.co/yzL13Cnbqi
— Bhagwant Mann (@BhagwantMann) September 23, 2024ਇਹ ਵੀ ਪੜ੍ਹੋ
ਬਰਿੰਦਰ ਕੁਮਾਰ ਗੋਇਲ
ਲਹਿਰਾਗਾਗਾ ਤੋਂ ਵਿਧਾਇਕ ਬਰਿੰਦਰ ਕੁਮਾਰ ਗੋਇਲ ਪੇਸ਼ੇ ਤੋਂ ਐਡਵੋਕੇਟ ਹਨ। 65 ਸਾਲਾਂ ਗੋਇਲ ਦੀ ਪਤਨੀ ਦਾ ਨਾਂ ਸੀਮਾ ਗੋਇਲ ਹੈ। ਬੀਏ ਤੱਕ ਪੜ੍ਹੇ ਗੋਇਲ ਦੀ ਕੱਲ ਜਾਇਦਾਦ 1.57 ਕਰੋੜ ਦੱਸੀ ਜਾ ਰਹੀ ਹੈ। ਬਰਿੰਦਰ ਗੋਇਲ ਸੀਨੀਅਰ ਵਿਧਾਇਕ ਹਨ। ਉਹ ਬਣੀਆ ਭਾਈਚਾਰੇ ਦੀ ਅਗੁਵਾਈ ਕਰਦੇ ਹਨ। ਉਹ ਵਿਧਾਨ ਸਭਾ ਚੋਣਾਂ ਵੇਲੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਅਤੇ ਕਾਂਗਰਸ ਉਮੀਦਵਾਰ ਰਾਜਿੰਦਰ ਕੌਰ ਭੱਠਲ ਨੂੰ ਹਰਾ ਕੇ ਵਿਧਾਨਸਭਾ ਪਹੁੰਚੇ ਸਨ। ਉਨ੍ਹਾਂ ਨੂੰ ਮੰਤਰੀ ਬਣਾਏ ਜਾਣ ਪਿੱਛੇ ਅਹਿਮ ਕਾਰਨ ਬਣੀਆ ਭਾਈਚਾਰੇ ਵਿੱਚ ਪੈਠ ਬਣਾਉਂਣਾ ਮੰਨਿਆ ਜਾ ਰਿਹਾ ਹੈ।
ਤਰੁਣਪ੍ਰੀਤ ਸਿੰਘ ਸੌਂਦ
ਖੰਨਾ ਤੋਂ ਵਿਧਾਇਕ ਤਰੁਣਪ੍ਰੀਤ ਸਿੰਘ ਸੌਂਦ ਦੀ ਉਮਰ 40 ਸਾਲ ਹੈ। ਉਹ 12 ਤੱਕ ਪੜ੍ਹੇ ਹੋਏ ਹਨ। ਉਨ੍ਹਾਂ ਦੇ ਪਰਿਵਾਰ ਵਿੱਚ ਕਮਲਜੀਤ ਕੌਰ, ਬੇਟਾ ਅਤੇ ਬੇਟੀ ਹਨ। ਸੌਂਦ ਵੱਡੇ ਫਰਕ ਨਾਲ ਵਿਧਾਨਸਭਾ ਚੋਣ ਜਿੱਤੇ ਸਨ। ਉਨ੍ਹਾਂ ਦੇ ਵਿਰੋਧੀ ਸਾਬਕਾ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਗੁਰਕੀਰਤ ਸਿੰਘ ਕੋਟਲੀ ਨੂੰ ਆਪਣੀ ਜ਼ਮਾਨਤ ਵੀ ਜ਼ਬਤ ਕਰਵਾਉਣੀ ਪਈ ਸੀ। ਸੌਂਦ ਆਪਣੇ ਦਫ਼ਤਰ ਵਿੱਚ ਇੱਕ ਸਿਲਾਈ ਮਸ਼ੀਨ ਟ੍ਰੇਨਿੰਗ ਸੈਂਟਰ ਦਾ ਉਦਘਾਟਨ ਕਰਨ ਤੋਂ ਬਾਅਦ ਚਰਚਾ ਵਿੱਚ ਆਏ ਸਨ। ਇਸ ਸੈਂਟਰ ਤੋਂ ਤਕਰੀਬਨ 100 ਔਰਤਾਂ ਨੂੰ ਮੁਫਤ ਟ੍ਰੇਨਿੰਗ ਦਿੱਤੀ ਜਾ ਰਹੀ ਹੈ।
ਡਾ. ਰਵਜੋਤ ਸਿੰਘ
ਡਾ. ਰਵਜੋਤ ਸਿੰਘ ਸ਼ਾਮ ਚੌਰਾਸੀ ਤੋਂ ਵਿਧਾਇਕ ਹਨ। ਪੇਸ਼ੇ ਤੋਂ ਡਾਕਟਰ ਸਿੰਘ ਦੀ ਉਮਰ 47 ਸਾਲ ਦੇ ਨੇੜੇ ਹੈ। ਪਰਿਵਾਰ ਵਿੱਚ ਇੱਕ ਬੇਟਾ ਅਤੇ ਬੇਟੀ ਹਨ। ਉਨ੍ਹਾਂ ਨੇ ਐਮਡੀ ਮੈਡੀਸਨ ਦੀ ਪੜ੍ਹਾਈ ਕੀਤੀ ਹੈ। ਇਨ੍ਹਾਂ ਦੀ ਕੁੱਲ ਜਾਇਦਾਦ ਤਕਰੀਬਨ 6 ਕਰੋੜ ਦੱਸੀ ਜਾਂਦੀ ਹੈ। ਡਾ. ਰਵਜੋਤ ਸਿੰਘ ਅਨੁਸੂਚਿਤ ਜਾਤੀ ਨਾਲ ਸਬੰਧਿਤ ਹਨ ਅਤੇ ਪਾਰਟੀ ਦੇ ਪੁਰਾਣੇ ਵਾਲਇੰਟਰਾਂ ਚੋਂ ਇੱਕ ਹਨ। ਉਨ੍ਹਾਂ ਨੂੰ ਮੰਤਰੀ ਬਣਾਉਣ ਪਿੱਛੇ ਕੋਸ਼ਿਸ਼ ਇਹੀ ਹੈ ਕਿ ਵਰਕਰਾਂ ਨੂੰ ਆਮ ਸਰਕਾਰ ਹੋਣ ਦਾ ਸੰਦੇਸ਼ ਜਾਵੇ। ਦੋਆਬੇ ਦੀਆਂ 18 ਸੀਟਾਂ ਚੋਂ ਜਿਆਦਾਤਰ ਅਨੁਸੂਚਿਤ ਜਾਤੀ ਨਾਲ ਸਬੰਧਿਤ ਲੋਕ ਰਹਿੰਦੇ ਹਨ। ਅਜਿਹੇ ਵਿੱਚ ਡਾ. ਰਵਜੋਤ ਸਿੰਘ ਨੂੰ ਮੰਤਰੀ ਬਣਾ ਕੇ ਇਸ ਵੋਟ ਬੈਂਕ ਦੇ ਨੇੜੇ ਜਾਣ ਦੀ ਕੋਸ਼ਿਸ਼ ਵੇਖਿਆ ਜਾ ਰਿਹਾ ਹੈ। ਨਾਲ ਹੀ ਜ਼ਿੰਪਾ ਦੇ ਮੰਤਰੀ ਵੱਜੋ ਹੱਟਣ ਤੋਂ ਬਾਅਦ ਹੁਸ਼ਿਆਰਪੁਰ ਤੋਂ ਹੀ ਅਗੁਵਾਈ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ।
